‘ਆਪ’ ਤੇ ਕਾਂਗਰਸ ਦੇ ਗਠਜੋੜ ਨਾਲ ਖਿੱਲਰ ਸਕਦਾ ਹੈ ਝਾੜੂ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦਾ ਲੋਕ ਸਭਾ ਚੋਣਾਂ ਲਈ ਕਾਂਗਰਸ ਨਾਲ ਗਠਜੋੜ ਹੋਣ ਦੀ ਸੂਰਤ ਵਿਚ ਖਾਸ ਕਰਕੇ ਪੰਜਾਬ ਇਕਾਈ ‘ਚ ਵੱਡਾ ਖਿਲਾਰਾ ਪੈ ਸਕਦਾ ਹੈ। ਸੂਤਰਾਂ ਅਨੁਸਾਰ ਦਿੱਲੀ ਵਿਚ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਕਾਂਗਰਸ ਦੇ ਕੌਮੀ ਨੇਤਾਵਾਂ ਨਾਲ ਚੋਣ ਗਠਜੋੜ ਕਰਨ ਦੇ ਕੀਤੇ ਜਾ ਰਹੇ ਯਤਨਾਂ ਕਾਰਨ ਪੰਜਾਬ ਇਕਾਈ ਦੇ ਨੇਤਾਵਾਂ ਤੇ ਵਾਲੰਟੀਅਰਾਂ ‘ਚ ਬੇਚੈਨੀ ਅਤੇ ਰੋਸ ਦੀ ਭਾਵਨਾ ਤੇਜ਼ ਹੁੰਦੀ ਜਾ ਰਹੀ ਹੈ।

ਸੂਤਰਾਂ ਅਨੁਸਾਰ ਗਠਜੋੜ ਹੋਣ ਦੀ ਸੂਰਤ ਵਿਚ ਦਿੱਲੀ ‘ਚ ‘ਆਪ’ ਨੂੰ 4 ਤੇ ਕਾਂਗਰਸ ਨੂੰ 3 ਸੀਟਾਂ ਅਤੇ ਪੰਜਾਬ ਵਿਚ ‘ਆਪ’ ਨੂੰ ਇਕੱਲੀ ਸੰਗਰੂਰ ਦੀ ਸੀਟ ਅਤੇ ਬਾਕੀ 12 ਸੀਟਾਂ ਕਾਂਗਰਸ ਨੂੰ ਦੇਣ ਦੀ ਤਜਵੀਜ਼ ਉਪਰ ਦੋਵਾਂ ਧਿਰਾਂ ਵਿਚਾਲੇ ਚਰਚਾ ਚੱਲ ਰਹੀ ਹੈ। ਦੱਸਣਯੋਗ ਹੈ ਕਿ ਸੰਗਰੂਰ ਸੀਟ ਤੋਂ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਚੋਣ ਲੜ ਰਹੇ ਹਨ। ਇਸ ਗਠਜੋੜ ਹੋਣ ਦੇ ਰੌਲੇ ਕਾਰਨ ਪਾਰਟੀ ਵੱਲੋਂ ਐਲਾਨੇ ਅੱਠ ਉਮੀਦਵਾਰ ਵੀ ਜੱਕੋਤਕੀ ਵਿਚ ਹਨ ਕਿਉਂਕਿ ਗਠਜੋੜ ਹੋਣ ਦੀ ਸੂਰਤ ‘ਚ ਇਨ੍ਹਾਂ ਉਮੀਦਵਾਰਾਂ ਦੇ ਬਿਸਤਰੇ ਗੋਲ ਹੋਣੇ ਤੈਅ ਹਨ।
ਦਸਣਯੋਗ ਹੈ ਕਿ ‘ਆਪ’ ਪਹਿਲਾਂ ਹੀ ਭਾਜਪਾ ਛੱਡ ਕੇ ਆਏ ਸਾਬਕਾ ਕੇਂਦਰੀ ਮੰਤਰੀ ਹਰਮੋਹਨ ਧਵਨ ਨੂੰ ਚੰਡੀਗੜ੍ਹ ਤੋਂ ਟਿਕਟ ਦੇ ਚੁੱਕੀ ਹੈ। ਪੰਜਾਬ ਦੀ ਲੀਡਰਸ਼ਿਪ ਭਾਵੇਂ ਕਾਂਗਰਸ ਨਾਲ ਸਮਝੌਤਾ ਨਾ ਹੋਣ ਦੇ ਕਈ ਦਿਨਾਂ ਤੋਂ ਬਿਆਨ ਦੇ ਰਹੀ ਹੈ ਪਰ ਇਸ ਦੇ ਬਾਵਜੂਦ ਸ਼ੰਕੇ ਬਰਕਰਾਰ ਹਨ ਅਤੇ ਇਸੇ ਕੜੀ ਤਹਿਤ ਹੀ ਪੰਥ ਰਤਨ ਮਰਹੂਮ ਗੁਰਚਰਨ ਸਿੰਘ ਟੌਹੜਾ ਦੇ ਜਵਾਈ ਹਰਮੇਲ ਸਿੰਘ ਟੌਹੜਾ ਨੇ ਐਲਾਨ ਕਰ ਦਿੱਤਾ ਹੈ ਕਿ ਜੇ ‘ਆਪ’ ਨੇ ਕਾਂਗਰਸ ਨਾਲ ਸਮਝੌਤਾ ਕੀਤਾ ਤਾਂ ਉਹ ਪਾਰਟੀ ਨੂੰ ਅਲਵਿਦਾ ਕਹਿ ਦੇਣਗੇ।
‘ਆਪ’ ਪੰਜਾਬ ਦੀ ਕੋਰ ਕਮੇਟੀ ਤਕਰੀਬਨ ਸਰਬਸੰਮਤੀ ਨਾਲ ਹਾਈ ਕਮਾਂਡ ਨੂੰ ਸਾਫ਼ ਕਰ ਚੁੱਕੀ ਹੈ ਕਿ ਪੰਜਾਬ ‘ਚ ਸਿਆਸੀ ਤੌਰ ‘ਤੇ ਹੁਕਮਰਾਨ ਪਾਰਟੀ ਕਾਂਗਰਸ ਨਾਲ ਚੋਣ ਸਮਝੌਤਾ ਸੰਭਵ ਨਹੀਂ ਹੈ। ਕੇਜਰੀਵਾਲ ਨੇ ਪੰਜਾਬ ਨੂੰ ਛੱਡ ਕੇ ਇਕੱਲਾ ਦਿੱਲੀ ‘ਚ ਹੀ ਕਾਂਗਰਸ ਨਾਲ ਗੱਠਜੋੜ ਕਰ ਲਿਆ ਤਾਂ ਵੀ ਪੰਜਾਬ ਇਕਾਈ ਵਿਚ ਭੂਚਾਲ ਆ ਸਕਦਾ ਹੈ।
__________________________
ਕਾਂਗਰਸ ਨਾਲ ਸਮਝੌਤਾ ਹੋਣ ਦੇ ਆਸਾਰ ਨਹੀਂ: ਆਪ
ਪੰਜਾਬ ਦੀ ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਕੋਰ ਕਮੇਟੀ ਪਹਿਲਾਂ ਹੀ ਹਾਈ ਕਮਾਂਡ ਨੂੰ ਸਾਫ਼ ਕਰ ਚੁੱਕੀ ਹੈ ਕਿ ਪੰਜਾਬ ਵਿਚ ਕਾਂਗਰਸ ਨਾਲ ਚੋਣ ਗੱਠਜੋੜ ਅਸੂਲੀ ਤੌਰ ‘ਤੇ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨਾਲ ਗਠਜੋੜ ਹੋਣ ਦਾ ਭਰਮ ਕਾਂਗਰਸ ਦੇ ਸੂਤਰਾਂ ਵੱਲੋਂ ਹੀ ਪਾਇਆ ਜਾ ਰਿਹਾ ਹੈ ਅਤੇ ਜੇ ਅਜਿਹੀ ਗੱਲ ਹੁੰਦੀ ਤਾਂ ਹਾਈ ਕਮਾਂਡ ਨੇ ਪਿਛਲੇ ਦਿਨੀਂ ਪੰਜਾਬ ਲਈ 3 ਹੋਰ ਉਮੀਦਵਾਰਾਂ ਦੇ ਨਾਵਾਂ ਨੂੰ ਮਨਜ਼ੂਰੀ ਨਹੀਂ ਦੇਣੀ ਸੀ। ਇਸੇ ਤਰਾਂ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਵੀ ਕਿਹਾ ਕਿ ਪੰਜਾਬ ਜਾਂ ਦਿੱਲੀ ਵਿਚ ਕਿਧਰੇ ਵੀ ਕਾਂਗਰਸ ਨਾਲ ਗਠਜੋੜ ਨਹੀਂ ਹੋ ਰਿਹਾ ਕਿਉਂਕਿ ਪਾਰਟੀ ਦਿੱਲੀ ‘ਚ ਵੀ ਆਪਣੇ ਸਾਰੇ 7 ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ।