ਕਰਤਾਰਪੁਰ ਲਾਂਘੇ ਬਾਰੇ ਭਾਰਤੀ ਰਵੱਈਏ ਤੋਂ ਪਾਕਿਸਤਾਨ ਖਫਾ

ਅੰਮ੍ਰਿਤਸਰ: ਪਾਕਿਸਤਾਨ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਭਾਰਤ ਨਾਲ 2 ਅਪਰੈਲ ਨੂੰ ਹੋਣ ਵਾਲੀ ਬੈਠਕ ‘ਚ ਖਾਲਿਸਤਾਨ ਪੱਖੀ ਵਿਚਾਰਧਾਰਾ ਵਾਲੇ ਲੋਕਾਂ ਨੂੰ ਸ਼ਾਮਲ ਕੀਤੇ ਜਾਣ ਦੇ ਵਿਰੋਧ ‘ਚ ਭਾਰਤ ਵੱਲੋਂ ਫਿਲਹਾਲ ਬੈਠਕ ਟਾਲਣ ਦੇ ਐਲਾਨ ਬਾਰੇ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਡਾ. ਮੁਹੰਮਦ ਫੈਸਲ ਨੇ ਨਾਰਾਜ਼ਗੀ ਪ੍ਰਗਟ ਕਰਦਿਆਂ ਕਿਹਾ ਕਿ ਪ੍ਰਸਤਾਵਿਤ ਬੈਠਕ ਨੂੰ ਲੈ ਕੇ ਭਾਰਤ ਵੱਲੋਂ ਲਿਆ ਗਿਆ ਫੈਸਲਾ ਸਮਝ ਤੋਂ ਬਾਹਰ ਹੈ ਤੇ ਪਾਕਿਸਤਾਨ ਨਾਲ ਸਲਾਹ ਕੀਤੇ ਬਿਨਾਂ ਇਸ ਬੈਠਕ ਨੂੰ ਇਕਤਰਫਾ ਰੱਦ ਕਰਨਾ ਮੰਦਭਾਗਾ ਹੈ।

ਬੀਤੇ ਦਿਨੀਂ ਪਾਕਿਸਤਾਨ ਦੇ ਸੂਚਨਾ ਮੰਤਰੀ ਫ਼ਵਾਦ ਹੁਸੈਨ ਨੇ ਇਕ ਪ੍ਰੈਸ ਕਾਨਫਰੰਸ ‘ਚ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ਈ.ਟੀ.ਪੀ.ਬੀ.) ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੁਰਾਣੇ ਚੱਲੇ ਆ ਰਹੇ ਨਿਯਮਾਂ ‘ਚ ਤਬਦੀਲੀ ਕਰਨ ਹਿਤ ਨਵੀਂ ਨੀਤੀ ਬਣਾਏ ਜਾਣ ਬਾਰੇ ਗੱਲ ਕਰਦਿਆਂ ਗੁਰਦੁਆਰਾ ਕਮੇਟੀ ਦੇ ਨਵੇਂ ਮੈਂਬਰਾਂ ਬਿਸ਼ਨ ਸਿੰਘ, ਤਾਰਾ ਸਿੰਘ, ਸਾਹਿਬ ਸਿੰਘ, ਮਨਿੰਦਰ ਸਿੰਘ, ਮਹਿੰਦਰਪਾਲ ਸਿੰਘ (ਐਮ.ਪੀ.ਏ.), ਭਗਤ ਸਿੰਘ, ਗੋਪਾਲ ਸਿੰਘ ਚਾਵਲਾ, ਕੁਲਜੀਤ ਸਿੰਘ, ਸੰਤੋਖ ਸਿੰਘ ਅਤੇ ਸ਼ਮਸ਼ੇਰ ਸਿੰਘ ਦੇ ਨਾਂ ਦਾ ਐਲਾਨ ਕੀਤਾ ਸੀ।
ਸੂਚਨਾ ਮੰਤਰੀ ਨੇ ਉਕਤ ਐਲਾਨ ਕਰਦਿਆਂ ਇਹ ਵੀ ਕਿਹਾ ਸੀ ਕਿ ਪਾਕਿਸਤਾਨ ਵਲੋਂ ਨਵੰਬਰ ਮਹੀਨੇ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੇ ਨਾਲ-ਨਾਲ ਵੱਡੇ ਪੱਧਰ ‘ਤੇ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਇਆ ਜਾਣਾ ਹੈ ਅਤੇ ਇਨ੍ਹਾਂ ਸਮਾਰੋਹਾਂ ਦੀਆਂ ਤਿਆਰੀਆਂ ਦੇ ਪ੍ਰਬੰਧਾਂ ‘ਚ ਪਾਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਸ ਨਵੀਂ 10 ਮੈਂਬਰੀ ਕਮੇਟੀ ਦੀ ਵਿਸ਼ੇਸ਼ ਭੂਮਿਕਾ ਰਹੇਗੀ। ਭਾਰਤ ਨੇ ਲਾਂਘੇ ਬਾਰੇ ਉਕਤ ਕਮੇਟੀ ‘ਚ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਦੇ ਨਿਵਾਸੀ ਖਾਲਿਸਤਾਨ ਪੱਖੀ ਵਿਚਾਰਧਾਰਾ ਵਾਲੇ ਗੋਪਾਲ ਸਿੰਘ ਚਾਵਲਾ ਦੀ ਨਿਯੁਕਤੀ ‘ਤੇ ਚਿੰਤਾ ਜਾਹਿਰ ਕਰਦਿਆਂ ਇਸ ਸਬੰਧੀ ਪਾਕਿ ਪਾਸੋਂ ਸਪੱਸ਼ਟੀਕਰਨ ਵੀ ਮੰਗਿਆ ਹੈ।
ਇਸ ਤੋਂ ਪਹਿਲਾਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਅਟਾਰੀ ਵਿਖੇ 14 ਮਾਰਚ ਨੂੰ ਹੋਈ ਬੈਠਕ ‘ਚ ਭਾਵੇਂ ਦੋਵਾਂ ਮੁਲਕਾਂ ਵਿਚਾਲੇ ਲਾਂਘੇ ਬਾਰੇ ਕਾਫ਼ੀ ਨੁਕਤਿਆਂ ‘ਤੇ ਸਹਿਮਤੀ ਬਣ ਗਈ ਸੀ, ਪਰ ਕੁਝ ਮੁੱਦਿਆਂ ‘ਤੇ ਦੋਵਾਂ ਮੁਲਕਾਂ ਵਿਚਕਾਰ ਸਮਝੌਤਾ ਨਹੀਂ ਹੋ ਸਕਿਆ ਸੀ।
ਪ੍ਰਾਪਤ ਵੇਰਵਿਆਂ ਅਨੁਸਾਰ ਪਾਕਿਸਤਾਨ ਦਾ ਕਹਿਣਾ ਸੀ ਕਿ ਭਾਰਤ ਦੇ ਸਭ ਨਾਗਰਿਕ ਨਹੀਂ ਸਗੋਂ ਸਿਰਫ਼ ਸਿੱਖ ਭਾਈਚਾਰੇ ਦੇ ਲੋਕ ਹੀ ਇਸ ਲਾਂਘੇ ਦੀ ਮਾਰਫ਼ਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣਗੇ, ਜਦਕਿ ਭਾਰਤ ਦਾ ਕਹਿਣਾ ਸੀ ਕਿ ਹਰ ਧਰਮ ਦੇ ਲੋਕਾਂ ਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਦੀ ਖੁੱਲ੍ਹ ਹੋਵੇ।
ਇਸ ਦੇ ਇਲਾਵਾ ਭਾਰਤ ਵਲੋਂ ਪਾਕਿਸਤਾਨ ਦੀ ਵੀਜ਼ਾ ਫ਼ੀਸ ਲੈਣ ਦੀ ਸ਼ਰਤ ਨੂੰ ਵੀ ਨਕਾਰਿਆ ਗਿਆ। ਭਾਰਤ ਚਾਹੁੰਦਾ ਹੈ ਕਿ ਪ੍ਰਤੀ ਦਿਨ 5000 ਯਾਤਰੀਆਂ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੀ ਮਨਜ਼ੂਰੀ ਹੋਵੇ ਅਤੇ ਵਿਸਾਖੀ ਤੇ ਹੋਰਨਾਂ ਦਿਨ ਤਿਉਹਾਰਾਂ ਮੌਕੇ ਇਹ ਗਿਣਤੀ 15 ਹਜ਼ਾਰ ਤੱਕ ਨਿਸ਼ਚਿਤ ਕੀਤੀ ਜਾਵੇ, ਜਦਕਿ ਪਾਕਿਸਤਾਨ ਨੇ ਪ੍ਰਤੀ ਦਿਨ ਸਿਰਫ਼ 700 ਸ਼ਰਧਾਲੂਆਂ ਨੂੰ ਦਰਸ਼ਨ ਕਰਨ ਦੀ ਮਨਜ਼ੂਰੀ ਦੇਣ ਬਾਰੇ ਗੱਲ ਕਹੀ ਹੈ। ਕੁਝ ਹੋਰਨਾਂ ਸ਼ਰਤਾਂ ਸਮੇਤ ਭਾਰਤ ਵਲੋਂ ਉਕਤ ਬੈਠਕ ‘ਚ ਇਹ ਵੀ ਕਿਹਾ ਗਿਆ ਸੀ ਕਿ ਪਾਕਿਸਤਾਨ ਗੁਰਦੁਆਰਾ ਸਾਹਿਬ ਦੇ ਨਾਂ ਮਹਾਰਾਜਾ ਰਣਜੀਤ ਸਿੰਘ ਅਤੇ ਕੁੱਝ ਹੋਰਨਾਂ ਸ਼ਰਧਾਲੂਆਂ ਵਲੋਂ ਲਗਾਈ 100 ਏਕੜ ਭੂਮੀ ਦੀ ਵਰਤੋਂ ਨਾ ਕਰੇ ਅਤੇ ਇਸ ਨੂੰ ਸ੍ਰੀ ਕਰਤਾਰਪੁਰ ਸਾਹਿਬ ਟਰੱਸਟ ‘ਚ ਸੁਰੱਖਿਅਤ ਰੱਖਿਆ ਜਾਵੇ, ਪਰ ਪਾਕਿਸਤਾਨ ਵਲੋਂ ਹੋਰਨਾਂ ਸ਼ਰਤਾਂ ਸਮੇਤ ਇਸ ਨੂੰ ਵੀ ਨਕਾਰ ਦਿੱਤਾ ਗਿਆ ਸੀ।