ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਕੈਪਟਨ ਸਰਕਾਰ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਪੁਲਿਸ ਗੋਲੀ ਕਾਂਡ ਦੀ ਜਾਂਚ ਕਰ ਰਹੀ ਪੁਲਿਸ ਅਧਿਕਾਰੀਆਂ ‘ਤੇ ਆਧਾਰਿਤ ਵਿਸ਼ੇਸ਼ ਜਾਂਚ ਟੀਮ (ਸਿੱਟ) ਨੂੰ ਸਹਿਯੋਗ ਨਾ ਦੇਣ ਦਾ ਐਲਾਨ ਕੀਤਾ ਹੈ। ਅਕਾਲੀ ਦਲ ਦੇ ਸੀਨੀਅਰ ਆਗੂਆਂ ਬਲਵਿੰਦਰ ਸਿੰਘ ਭੂੰਦੜ, ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਡਾ. ਦਲਜੀਤ ਸਿੰਘ ਚੀਮਾ ਨੇ ਸਿੱਟ ਦੀਆਂ ਗਤੀਵਿਧੀਆਂ ਨੂੰ ਸਿਆਸਤ ਤੋਂ ਪ੍ਰੇਰਿਤ ਕਰਾਰ ਦਿੱਤਾ।
ਅਕਾਲੀ ਆਗੂਆਂ ਨੇ ਕਿਹਾ ਕਿ ਸਿੱਟ ਵੱਲੋਂ ਬਿਨਾਂ ਜਾਂਚ ਕੀਤੇ ਹੀ ਅਕਾਲੀ ਆਗੂਆਂ ਨੂੰ ਫਸਾਉਣ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਟ ਵਿਚ ਸ਼ਾਮਲ ਪੁਲਿਸ ਅਧਿਕਾਰੀ ਵੀ ਜਸਟਿਸ (ਸੇਵਾ ਮੁਕਤ) ਰਣਜੀਤ ਸਿੰਘ ‘ਤੇ ਆਧਾਰਿਤ ਕਮਿਸ਼ਨ ਦੇ ਨਕਸ਼ੇ-ਕਦਮਾਂ ਉਤੇ ਚੱਲ ਰਹੇ ਹਨ। ਸਿੱਟ ਅਕਾਲੀ ਦਲ ਨੂੰ ਫਸਾਉਣ ਲਈ ਕਾਂਗਰਸ ਪਾਰਟੀ ਦੇ ਏਜੰਡੇ ਨੂੰ ਲਾਗੂ ਕਰ ਰਹੀ ਹੈ। ਅਕਾਲੀ ਆਗੂਆਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਪਾਰਟੀ ਵੱਲੋਂ ਪੁਲਿਸ ਅਫਸਰਾਂ ‘ਤੇ ਭਰੋਸਾ ਕਰਦਿਆਂ ਸਿੱਟ ਨੂੰ ਸਹਿਯੋਗ ਦਿੱਤਾ ਗਿਆ ਸੀ ਕਿ ਜਾਂਚ ਵਿਚ ਲੱਗੇ ਪੁਲਿਸ ਅਧਿਕਾਰੀ ਪੇਸ਼ੇਵਰ ਤਰੀਕੇ ਨਾਲ ਸਾਰੇ ਮਾਮਲੇ ਦੀ ਜਾਂਚ ਕਰਨਗੇ ਪਰ ਜਿਸ ਤਰੀਕੇ ਨਾਲ ਮੁੱਖ ਮੰਤਰੀ ਅਤੇ ਬਾਕੀ ਮੰਤਰੀਆਂ ਦੇ ਨਿਰਦੇਸ਼ਾਂ ਉਤੇ ਇਹ ਜਾਂਚ ਕੀਤੀ ਜਾ ਰਹੀ ਹੈ, ਉਸ ਨੇ ਸਮੁੱਚੀ ਜਾਂਚ ਨੂੰ ਡਰਾਮਾ ਬਣਾ ਕੇ ਰੱਖ ਦਿੱਤਾ ਹੈ।
ਅਕਾਲੀ ਦਲ ਦੇ ਉਕਤ ਆਗੂਆਂ ਨੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਨੂੰ ਕੋਟਕਪੂਰਾ ਘਟਨਾ ਲਈ ਲਈ ਝੂਠਾ ਫਸਾਉਣ ਦੇ ਦੋਸ਼ ਲਾਉਂਦਿਆਂ ਇਸ ਦੀ ਨਿਖੇਧੀ ਕੀਤੀ। ਦੋਵੇਂ ਕੇਸ ਸੁਪਰੀਮ ਕੋਰਟ ਦੇ ਕਿਸੇ ਮੌਜੂਦਾ ਜੱਜ ਦੀ ਸਿੱਧੀ ਨਿਗਰਾਨੀ ਵਾਲੀ ਕਿਸੇ ਕੇਂਦਰੀ ਜਾਂਚ ਏਜੰਸੀ ਨੂੰ ਸੌਂਪੇ ਜਾਣ।
____________________________
ਝੂਠੇ ਕੇਸ ਦਰਜ ਕਰਵਾਉਣ ਵਾਲਿਆਂ ਨੂੰ ਨਹੀਂ ਬਖਸ਼ਾਂਗੇ: ਸੁਖਬੀਰ
ਨਵਾਂ ਸ਼ਹਿਰ: ਸ਼੍ਰੋਮਣੀ ਅਕਾਲੀ ਦਲ ਦਾ ਰਾਜ ਆਉਣ ‘ਤੇ ਝੂਠੇ ਮੁਕੱਦਮੇ ਦਰਜ ਕਰਵਾਉਣ ਵਾਲਿਆਂ ਅਤੇ ਦਰਜ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਕਿਉਂਕਿ ਸਮਾਂ ਬਦਲਦਿਆਂ ਬਹੁਤੀ ਦੇਰ ਨਹੀਂ ਲੱਗਦੀ। ਇਹ ਐਲਾਨ ਸ਼੍ਰੋਮਣੀ ਅਕਾਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਨੇ ਦੋਸ਼ ਲਾਇਆ ਕਿ ਸੱਤਾ ‘ਤੇ ਕਾਬਜ਼ ਹੋਣ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਾ ਤਸਕਰੀ ਨੂੰ ਨੱਥ ਪਾਉਣ ਦੀ ਸਹੁੰ ਖਾਧੀ ਪਰ 2 ਸਾਲ ਬੀਤਣ ‘ਤੇ ਵੀ ਨਸ਼ਾ ਤਸਕਰੀ ਜਾਰੀ ਹੈ।
____________________________
ਅਕਾਲੀ ਦਲ ਨੇ ਬਾਦਲਾਂ ਨੂੰ ਬਚਾਉਣ ਲਈ ਸਿੱਟ ਦਾ ਬਾਈਕਾਟ ਕੀਤਾ: ਰਣਜੀਤ ਸਿੰਘ
ਫ਼ਤਹਿਗੜ੍ਹ ਸਾਹਿਬ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਕਿਹਾ ਕਿ ਬਾਦਲਾਂ ਦੇ ਸ਼ਿਕੰਜੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ, ਸ੍ਰੀ ਅਕਾਲ ਤਖ਼ਤ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਜ਼ਾਦ ਕਰਵਾਉਣ ਲਈ ਪੰਥਕ ਅਕਾਲੀ ਲਹਿਰ ਰਾਹੀਂ ਸੂਬੇ ਦੇ ਹਰੇਕ ਪਿੰਡ ਵਿੱਚ ਸੰਗਤ ਦਾ ਇਕੱਠ ਕਰ ਕੇ ਸਮਰਥਨ ਜੁਟਾਇਆ ਜਾਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਲੰਬੇ ਸਮੇਂ ਤੋਂ ਬਾਦਲ ਪਰਿਵਾਰ ਵੱਲੋਂ ਐਸ਼ਜੀ.ਪੀ.ਸੀ. ਰਾਹੀਂ ਗੁਰੂ ਘਰ ਦੀਆਂ ਗੋਲਕਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਦਾ ਸਾਲਾਨਾ ਬਜਟ 11 ਸੌ ਕਰੋੜ ਰੁਪਏ ਦਰਸਾਇਆ ਜਾ ਰਿਹਾ ਹੈ ਜਦੋਂ ਕਿ ਅਸਲ ਵਿੱਚ ਇਹ ਰਕਮ ਕਈ ਗੁਣਾ ਵੱਧ ਹੈ। ਉਨ੍ਹਾਂ ਕਿਹਾ ਕਿ ਪੰਥਕ ਅਕਾਲੀ ਲਹਿਰ ਰਾਹੀਂ ਰਾਜ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਜਾਵੇਗੀ ਕਿ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਬਾਦਲਾਂ ਨੂੰ ਛੱਡ ਕੇ ਕਿਸੇ ਵੀ ਹੋਰ ਮਨਪਸੰਦ ਉਮੀਦਵਾਰ ਨੂੰ ਵੋਟ ਦਿੱਤੀ ਜਾਵੇ।
____________________________
ਕੋਟਕਪੂਰਾ ਕਾਂਡ: ਅਕਾਲੀ ਆਗੂ ਮਨਤਾਰ ਸਿੰਘ ਬਰਾੜ ਦੀਆਂ ਮੁਸ਼ਕਲਾਂ ਵਧੀਆਂ
ਫਰੀਦਕੋਟ: ਬਹਿਬਲ ਕਲਾਂ ਕਾਂਡ ਤੋਂ ਕੁਝ ਘੰਟੇ ਪਹਿਲਾਂ ਵਾਪਰੇ ਕੋਟਕਪੂਰਾ ਗੋਲੀ ਕਾਂਡ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਪੰਜਾਬ ਦੇ ਸਾਬਕਾ ਸੰਸਦੀ ਸਕੱਤਰ ਅਤੇ ਕੋਟਕਪੂਰਾ ਦੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਨੂੰ ਕੋਟਕਪੂਰਾ ਗੋਲੀ ਕਾਂਡ ਸਬੰਧੀ ਕੇਸ ਵਿਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਹੈ। ਅਦਾਲਤ ਨੇ ਉਸ ਦੀ ਬਲੈਂਕੇਟ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਹੈ।
ਸੈਸ਼ਨ ਜੱਜ ਹਰਪਾਲ ਸਿੰਘ ਦੀ ਅਦਾਲਤ ਵਿਚ ਜਾਂਚ ਟੀਮ ਨੇ ਸਾਬਕਾ ਸੰਸਦੀ ਸਕੱਤਰ ਦੀ ਜ਼ਮਾਨਤ ‘ਤੇ ਸੁਣਵਾਈ ਸ਼ੁਰੂ ਹੋਣ ਤੋਂ ਪਹਿਲਾਂ ਕਿਹਾ ਕਿ 7 ਅਗਸਤ 2018 ਨੂੰ ਥਾਣਾ ਸਿਟੀ ਕੋਟਕਪੂਰਾ ਵਿਚ ਧਾਰਾ 307, 323, 341, 201, 2018, 120ਬੀ, 34 ਆਈ.ਪੀ.ਸੀ ਅਤੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਦਰਜ ਕੀਤੇ ਕੇਸ ਸਬੰਧੀ ਮਨਤਾਰ ਸਿੰਘ ਬਰਾੜ ਨੂੰ ਕਥਿਤ ਦੋਸ਼ੀ ਨਾਮਜ਼ਦ ਕੀਤਾ ਗਿਆ ਹੈ। ਮਨਤਾਰ ਸਿੰਘ ਬਰਾੜ ਪੰਜਾਬ ਦੇ ਪਹਿਲੇ ਸਿਆਸੀ ਆਗੂ ਹਨ, ਜਿਨ੍ਹਾਂ ਨੂੰ ਕੋਟਕਪੂਰਾ ਗੋਲੀ ਕਾਂਡ ਵਿਚ ਦੋਸ਼ੀ ਨਾਮਜ਼ਦ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਨੂੰ ਕੋਟਕਪੂਰਾ ਗੋਲੀ ਕਾਂਡ ਸਬੰਧੀ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ।
ਜਾਂਚ ਟੀਮ ਨੇ ਦਾਅਵਾ ਕੀਤਾ ਕਿ ਮਨਤਾਰ ਸਿੰਘ ਬਰਾੜ ਨੇ 13 ਅਕਤੂਬਰ 2015 ਦੀ ਰਾਤ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਸਮੇਤ ਕੁਝ ਹੋਰ ਮੰਤਰੀਆਂ ਨਾਲ 157 ਵਾਰ ਮੋਬਾਈਲ ਫੋਨ ‘ਤੇ ਗੱਲਬਾਤ ਕੀਤੀ। ਮਨਤਾਰ ਬਰਾੜ ‘ਤੇ ਦੋਸ਼ ਹੈ ਕਿ ਉਸ ਨੇ ਕੋਟਕਪੂਰਾ ਗੋਲੀ ਕਾਂਡ ਵਿਚ ਅਹਿਮ ਭੂਮਿਕਾ ਨਿਭਾਈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਜਾਂਚ ਟੀਮ ਦੇ ਇਸ ਫੈਸਲੇ ਨੂੰ ਸਿਆਸੀ ਸਟੰਟ ਦੱਸਿਆ ਹੈ। ਦੱਸਣਯੋਗ ਹੈ ਕਿ ਮਨਤਾਰ ਸਿੰਘ ਬਰਾੜ 9 ਨਵੰਬਰ 2018 ਅਤੇ ਹੁਣ 27 ਫਰਵਰੀ ਨੂੰ ਜਾਂਚ ਟੀਮ ਸਾਹਮਣੇ ਪੇਸ਼ ਹੋਏ ਸਨ ਅਤੇ ਜਾਂਚ ਟੀਮ ਨੇ ਉਨ੍ਹਾਂ ਨੂੰ ਕਰੀਬ ਦਸ ਘੰਟੇ ਪੁੱਛ-ਪੜਤਾਲ ਲਈ ਬਿਠਾਈ ਰੱਖਿਆ।