ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਆਰਥਿਕ ਤੇ ਸਮਾਜਕ ਨਿਘਾਰ ਦੇ ਸ਼ਿਕਾਰ ਹੋਏ ਪੰਜਾਬ ਨੂੰ ਮੁੜ ਪੈਰਾਂ ਸਿਰ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗੱਠਜੋੜ ਸਰਕਾਰ ਨੇ ਗੋਆ ਦੀਆਂ ਹੁਸੀਨ ਬੀਚਾਂ ‘ਤੇ ਦੋ ਦਿਨ ‘ਵਿਚਾਰ ਮੰਥਨ’ ਕੀਤਾ ਹੈ। ਇਸ ਪ੍ਰੋਗਰਾਮ ਵਿਚ ਸਰਕਾਰ ਵਿਚ ਭਾਈਵਾਲ ਭਾਰਤੀ ਜਨਤਾ ਪਾਰਟੀ ਦੇ ਮੰਤਰੀ, ਮੁੱਖ ਸੰਸਦੀ ਸਕੱਤਰ, ਸੀਨੀਅਰ ਆਗੂ ਤੇ ਹਲਕਾ ਇੰਚਾਰਜ ਵੀ ਸ਼ਾਮਲ ਹੋਏ। ਕੁੱਲ ਮਿਲਾ ਕੇ ਦੋਵਾਂ ਹਾਕਮ ਪਾਰਟੀਆਂ ਦੇ ਤਕਰੀਬਨ 150 ਆਗੂ ਗੋਆ ਗਏ।
ਹੈਰਾਨੀ ਦੀ ਗੱਲ ਹੈ ਕਿ ਹਜ਼ਾਰਾਂ ਕਿਲੋਮੀਟਰ ਦੂਰ ਦੇਸ਼ ਦੇ ਪ੍ਰਸਿੱਧ ਸੈਲਾਨੀ ਕੇਂਦਰ ‘ਤੇ ਜਾ ਕੇ ਜਥੇਦਾਰਾਂ ਨੇ ਨਾ ਤਾਂ ਪੰਜਾਬ ਦੀ ਕਿਸੇ ਸਮੱਸਿਆ ਨੂੰ ਗੰਭੀਰਤਾ ਨਾਲ ਵਿਚਾਰਿਆ ਅਤੇ ਨਾ ਹੀ ਭਵਿੱਖ ਲਈ ਕੋਈ ਰਣਨੀਤੀ ਉਲੀਕੀ ਜਿਸ ਕਰ ਕੇ ਉਪ ਮੁੱਖ ਮੰਤਰੀ ਦੀ ਇਹ ਮੁਹਿੰਮ ਸੈਰ-ਸਪਾਟਾ ਹੀ ਹੋ ਨਿਬੜੀ। ਅਕਾਲੀ ਹਲਕਿਆਂ ਵਿਚ ਵੀ ਇਹੀ ਚਰਚਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਧਾਇਕਾਂ ਨੂੰ ਖੁਸ਼ ਕਰਨ ਦੇ ਮੰਤਵ ਨਾਲ ਸਮੁੰਦਰ ਕੰਢੇ ‘ਤੇ ਇਹ ਮੀਟਿੰਗ ਰੱਖੀ, ਕਿਉਂਕਿ ਉਹ ਮੁੱਖ ਮੰਤਰੀ ਬਣਨ ਦੇ ਇਛੁੱਕ ਹਨ। ਇਸ ਤੋਂ ਇਲਾਵਾ ਮੀਡੀਆ ਰਿਪੋਰਟਾਂ ਵਿਚ ਇਹ ਵੀ ਆਇਆ ਹੈ ਕਿ ਸੁਖਬੀਰ ਬਾਦਲ ਨੇ ਆਉਂਦੀਆਂ ਪੰਚਾਇਤੀ ਚੋਣਾਂ ਤੇ ਉਸ ਤੋਂ ਬਾਅਦ ਅਗਲੇ ਸਾਲ ਆ ਰਹੀਆਂ ਲੋਕ ਸਭਾ ਚੋਣਾਂ ਲਈ ਜਥੇਦਾਰਾਂ ਨੂੰ ਤਰੋਤਾਜ਼ਾ ਕਰਨ ਲਈ ਇਹ ਪ੍ਰੋਗਰਾਮ ਉਲੀਕਿਆ। ਸੂਤਰਾਂ ਅਨੁਸਾਰ ਇਸ ਵਿਚਾਰ ਮੰਥਨ ਦੇ ਬਹਾਨੇ ਜਿਥੇ ਰੁੱਸਿਆਂ ਦੇ ਗਿਲੇ-ਸ਼ਿਕਵੇ ਦੂਰ ਕਰਨ ਦੀ ਕੋਸ਼ਿਸ਼ ਕੀਤੀ ਗਈ, ਉਥੇ ਬਹੁਤੇ ਖੰਭ ਖਿਲਾਰਨ ਵਾਲਿਆਂ ਦੀ ਖੁੰਭ ਵੀ ਠੱਪੀ ਗਈ।
ਦੂਜੇ ਪਾਸੇ, ਪੁਰਾਣੇ ਟਕਸਾਲੀ ਅਕਾਲੀ ਆਗੂਆਂ ਦਾ ਕਹਿਣਾ ਹੈ ਕਿ ਇਹ ਰੁਝਾਨ ਸਿੱਖ ਸਿਧਾਂਤਾਂ ਤੋਂ ਉਲਟ ਹੈ ਤੇ ਇਸ ਨਵੇਂ ਰੁਝਾਨ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਨੋਟਿਸ ਲੈਣਾ ਚਾਹੀਦਾ ਹੈ। ਸਾਬਕਾ ਸੰਸਦ ਮੈਂਬਰ ਤਰਲੋਚਨ ਸਿੰਘ ਤੁੜ ਨੇ ਆਖਿਆ ਕਿ ਇਹ ਸ਼੍ਰੋਮਣੀ ਅਕਾਲੀ ਦਲ ਦਾ ਆਧੁਨਿਕ ਸਭਿਆਚਾਰ ਹੈ। ਪੁਰਾਣੇ ਟਕਸਾਲੀ ਅਕਾਲੀ ਤਾਂ ਵਧੇਰੇ ਤੇਜਾ ਸਿੰਘ ਸਮੁੰਦਰੀ ਹਾਲ ਜਾਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਬੈਠ ਕੇ ਵਿਚਾਰ ਕਰਦੇ ਸਨ। ਇਨ੍ਹਾਂ ਥਾਂਵਾਂ ‘ਤੇ ਹੀ ਸਿਖਲਾਈ ਕੈਂਪ ਲਾਏ ਜਾਂਦੇ ਸਨ। ਜਥੇਦਾਰਾਂ ਨੇ ਪੰਜ ਤਾਰਾ ਹੋਟਲਾਂ ਤੇ ਸਮੁੰਦਰੀ ਸਾਹਿਲਾਂ ਕੰਢੇ ਬੈਠ ਕੇ ਕੀ ਲੈਣਾ ਹੈ? ਉਨ੍ਹਾਂ ਆਖਿਆ ਕਿ ਜਿਵੇਂ ਇਸ ਵੇਲੇ ਸਰਕਾਰ ਆਰਥਿਕ ਤੰਗੀ ਦੇ ਦੌਰ ਵਿਚੋਂ ਲੰਘ ਰਹੀ ਹੈ, ਅਜਿਹੇ ਸਮੇਂ ਸਰਕਾਰ ਵੱਲੋਂ ਅਜਿਹਾ ਖਰਚ ਕਰਨਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ। ਉਧਰ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਅਕਾਲੀ-ਭਾਜਪਾ ਗਠਜੋੜ ਦਾ ਗੋਆ ਸੰਮੇਲਨ ਪੰਜਾਬ ਦੇ ਲੋਕਾਂ ਨਾਲ ਇੱਕ ਹੋਰ ਕੋਝਾ ਮਜ਼ਾਕ ਹੈ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਜੇ ਸੁਖਬੀਰ ਸਿੰਘ ਬਾਦਲ ਅਜੇ ਵੀ ਇਹ ਸੋਚਦੇ ਹਨ ਕਿ ਉਹ ਗੋਆ ਤੋਂ ਪੰਜਾਬ ਦੀ ਅਰਥ ਵਿਵਸਥਾ ਤੇ ਕਾਨੂੰਨ ਵਿਵਸਥਾ ਤੇ ਹੋਰਾਂ ਸਮੱਸਿਆਵਾਂ ਦਾ ਹੱਲ ਕੱਢ ਲਿਆਉਣਗੇ ਤਾਂ ਉਹ ਸੁਪਨਿਆਂ ਵਿਚ ਜੀਅ ਰਹੇ ਹਨ।
ਵਿਚਾਰ ਮੰਥਨ ਦੌਰਾਨ ਵਿਧਾਇਕਾਂ ਤੇ ਮੰਤਰੀਆਂ ਨੇ ਉਹੀ ਮੁੱਦੇ ਉਭਾਰੇ ਜਿਹੜੇ ਉਹ ਆਮ ਤੌਰ ‘ਤੇ ਸਥਾਨਕ ਇਕੱਠਾਂ ਤੇ ਮੀਡੀਆ ਸਾਹਮਣੇ ਉਭਾਰਦੇ ਹਨ, ਪਰ ਸਰਕਾਰ ਨੇ ਇਨ੍ਹਾਂ ਦੀ ਪੂਰਤੀ ਲਈ ਕੋਈ ਰਣਨੀਤੀ ਨਹੀਂ ਬਣਾਈ। ਸਰਕਾਰ ਦੇ ਆਪਣੇ ਵਿਧਾਇਕਾਂ ਦੀ ਆਮ ਰਾਏ ਹੈ ਕਿ ਬੁਨਿਆਦੀ ਢਾਂਚੇ ਦੇ ਕਈ ਕਾਰਜ ਲੋਕਾਂ ਦੀਆਂ ਉਮੀਦਾਂ ਮੁਤਾਬਕ ਨਹੀਂ ਚੱਲ ਰਹੇ। ਸ਼ਗਨ ਸਕੀਮ ਦੀ ਰਕਮ ਨਵ-ਵਿਆਹੀਆਂ ਲੜਕੀਆਂ ਨੂੰ ਨਹੀਂ ਮਿਲ ਰਹੀ।
ਇਸ ਬਾਰੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਕਹਿਣਾ ਹੈ ਕਿ ਗੋਆ ਵਿਚ ਵਿਚਾਰ ਮੰਥਨ ਦਾ ਪਹਿਲਾਂ ਉਹ ਵਿਰੋਧ ਕਰਦੇ ਸਨ ਪਰ ਇੱਥੇ ਆ ਕੇ ਹੁਣ ਉਹ ਇਸ ਦੇ ਸਭ ਤੋਂ ਵੱਡੇ ਹਮਾਇਤੀ ਬਣ ਗਏ ਹਨ। ਇਹ ਸੰਮੇਲਨ ਬਹੁਤ ਲਾਹੇਵੰਦ ਰਿਹਾ ਤੇ ਇਕ ਦੂਜੇ ਨਾਲ ਘੁਲ-ਮਿਲਣ ਦਾ ਵਧੀਆ ਮੌਕਾ ਮਿਲਿਆ।
ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਅਗਲਾ ਵਿਚਾਰ ਮੰਥਨ ਨਾਂਦੇੜ (ਮਹਾਰਾਸ਼ਟਰ) ਵਿਚ ਹਜ਼ੂਰ ਸਾਹਿਬ ਵਿਚ ਹੋਵੇਗਾ। ਵਿਚਾਰ ਮੰਥਨ ਦੇ ਸਮਾਪਤੀ ਸੈਸ਼ਨ ਵਿਚ ਮੁੱਖ ਮੰਤਰੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਅਨੋਖੇ ਵਿਚਾਰਾਂ ਕਾਰਨ ਹੀ ਪਾਰਟੀ ਨੇ 2012 ਦੀਆਂ ਵਿਧਾਨ ਸਭਾ ਚੋਣਾਂ ਜਿੱਤੀਆਂ ਸਨ। ਉਨ੍ਹਾਂ ਯੂਥ ਅਕਾਲੀ ਦਲ ਦੇ ਪ੍ਰਧਾਨ ਬਿਕਰਮ ਸਿੰਘ ਮਜੀਠੀਆ ਦੀ ਵੀ ਤਾਰੀਫ਼ ਕੀਤੀ। ਸ਼ ਬਾਦਲ ਨੇ ਕਿਹਾ ਕਿ ਦੇਸ਼ ਨੂੰ ਫੌਰੀ ਤੌਰ ‘ਤੇ ਸੰਘੀ ਢਾਂਚੇ ਦੀ ਲੋੜ ਹੈ। ਵਿਕਾਸ ਦਾ ਸਾਰਾ ਜ਼ਿੰਮਾ ਰਾਜਾਂ ‘ਤੇ ਛੱਡ ਦੇਣਾ ਚਾਹੀਦਾ ਹੈ।
Leave a Reply