ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ‘ਚ ਮੀਂਹ ਤੇ ਗੜੇਮਾਰੀ ਨਾਲ ਕਿਸਾਨਾਂ ਦੀਆਂ ਫਸਲਾਂ ਨੂੰ ਭਾਰੀ ਨੁਕਸਾਨ ਪੁੱਜਾ ਹੈ। ਕਣਕ ਅਤੇ ਹਾੜੂ ਦੀ ਫਸਲ ਦੇ ਖੇਤ ਪਾਣੀ ਨਾਲ ਨੱਕੋ-ਨੱਕ ਭਰੇ ਪਏ ਹਨ, ਜਿਸ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾਏ ਪਏ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰੀ ਮੀਂਹ ਅਤੇ ਗੜੇਮਾਰੀ ਕਾਰਨ ਨੁਕਸਾਨੀਆਂ ਗਈਆਂ ਫਸਲਾਂ ਦੀ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਦਿੱਤੇ ਹਨ। ਤੇਜ਼ ਗੜੇਮਾਰੀ ਨਾਲ ਧਰਤੀ ‘ਤੇ ਬਰਫ ਦੀ ਚਿੱਟੀ ਚਾਦਰ ਵਿਛ ਗਈ। ਹੁਸ਼ਿਆਰਪੁਰ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਆਲੂਆਂ ਦੀ ਫਸਲ ਨੂੰ ਭਾਰੀ ਨੁਕਸਾਨ ਪੁੱਜਾ ਹੈ।
ਜ਼ਿਲ੍ਹੇ ‘ਚ 52 ਐਮ.ਐਮ. ਮੀਂਹ ਰਿਕਾਰਡ ਕੀਤਾ ਗਿਆ। ਰੁਕ-ਰੁਕ ਕੇ ਪਏ ਮੀਂਹ ਕਾਰਨ ਨੀਵੇਂ ਖੇਤ ਪਾਣੀ ਨਾਲ ਨੱਕੋ-ਨੱਕ ਭਰ ਗਏ। ਪਹਿਲਾਂ ਹੀ ਆਰਥਿਕ ਤੰਗੀ ਦੀ ਮਾਰ ਝੱਲ ਰਹੇ ਕਿਸਾਨਾਂ ਲਈ ਰਾਹਤ ਦੇ ਨਾਲ-ਨਾਲ ਇਸ ਮੀਂਹ ਨੇ ਮੁਸ਼ਕਲਾਂ ‘ਚ ਹੋਰ ਵੀ ਵਾਧਾ ਕਰ ਦਿੱਤਾ। ਗੁਰਦਾਸਪੁਰ ਜਿਥੇ ਆਮ ਜਨਜੀਵਨ ਨੂੰ ਨੁਕਸਾਨ ਪਹੁੰਚਿਆ ਹੈ, ਉਥੇ ਫਸਲਾਂ ਅਤੇ ਸਬਜ਼ੀਆਂ ਦਾ ਵੀ ਨੁਕਸਾਨ ਹੋਇਆ ਹੈ। ਮੀਂਹ ਕਾਰਨ ਸਬਜ਼ੀਆਂ ਦੀ ਕਾਸ਼ਤ ‘ਚ ਹੋਰ ਦੇਰੀ ਹੋਣ ਦੀ ਸੰਭਾਵਨਾ ਹੈ। ਰਾਜਮਾਂਹ, ਮੱਕੀ, ਸੂਰਜਮੁਖੀ ਸਮੇਤ ਵੇਲਾਂ ਨੂੰ ਲੱਗਣ ਵਾਲੀਆਂ ਸਬਜ਼ੀਆਂ ਦੀ ਕਾਸ਼ਤ ‘ਚ ਵੀ ਦੇਰੀ ਹੋਵੇਗੀ। ਸਭ ਤੋਂ ਵੱਧ ਨੁਕਸਾਨ ਗੰਨਾ ਕਾਸ਼ਤਕਾਰਾਂ ਨੂੰ ਹੋਣ ਦੀ ਸੰਭਾਵਨਾ ਹੈ, ਕਿਉਂਕਿ ਮੀਂਹ ਅਤੇ ਗੜੇਮਾਰੀ ਕਾਰਨ ਜਿਥੇ ਗੰਨੇ ਦੀ ਛਿਲਾਈ ਹੋਣ ਵਿਚ ਰੁਕਾਵਟ ਬਣੇਗੀ, ਉਥੇ ਖੇਤ ਪੋਲੇ ਹੋ ਜਾਣ ਕਾਰਨ ਕਿਸਾਨਾਂ ਨੂੰ ਟਰੈਕਟਰ-ਟਰਾਲੀ ਖੇਤਾਂ ਵਿਚ ਲਿਜਾਉਣ ਲਈ ਵੀ ਮੁਸ਼ਕਿਲ ਆਵੇਗੀ।
ਪਿੰਡ ਮਗਰਮੂਧੀਆਂ, ਸੱਦਾ, ਸੇਖਾ, ਦੋਰਾਂਗਲਾ, ਮੱਦੇਪੁਰ ਤੋਂ ਅੱਗੇ ਪਿੰਡ ਚੱਗੂਵਾਲ ਤੱਕ ਪੈਂਦੀਆਂ ਹਜ਼ਾਰਾਂ ਏਕੜ ਨੀਵੀਂਆਂ ਜ਼ਮੀਨਾਂ ‘ਚ ਪਾਣੀ ਖੜ੍ਹਨ ਕਾਰਨ ਪਹਿਲਾਂ ਹੀ ਕਣਕ ਪੀਲੀ ਹੋ ਚੁੱਕੀ ਹੈ ਪਰ ਹੁਣ ਉੱਪਰੋਂ ਪਏ ਭਾਰੀ ਮੀਂਹ ਨਾਲ ਕਣਕਾਂ ਪਾਣੀ ‘ਚ ਪੂਰੀ ਤਰ੍ਹਾਂ ਡੁੱਬ ਚੁੱਕੀਆਂ ਹਨ। ਚੰਡੀਗੜ੍ਹ ਸ਼ਹਿਰ ਦੇ ਕੁਝ ਹਿੱਸਿਆਂ ‘ਚ ਗੜੇਮਾਰੀ ਵੀ ਹੋਈ ਜਿਸ ਕਾਰਨ ਤਾਪਮਾਨ ‘ਚ 7 ਡਿਗਰੀ ਗਿਰਾਵਟ ਦਰਜ ਕੀਤੀ ਗਈ ਹੈ। ਖੰਨਾ, ਸਮਰਾਲਾ, ਮਾਛੀਵਾੜਾ, ਦੋਰਾਹਾ, ਪਾਇਲ, ਮਲੌਦ, ਰਾੜਾ ਸਾਹਿਬ, ਬੀਜਾ, ਜੌੜੇਪੁਲ ਜਰਗ, ਕੁਹਾੜਾ ਆਦਿ ‘ਚ ਬਰਸਾਤ ਨੇ ਲੋਕਾਂ ਨੂੰ ਬਹੁਤ ਪਰੇਸ਼ਾਨ ਕੀਤਾ। ਅੰਮ੍ਰਿਤਸਰ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਕਿਸਾਨਾਂ ਦੇ ਸਾਹ ਸੂਤੇ ਗਏ ਹਨ। ਤਿੰਨ ਸਾਲ ਤੋਂ ਆਲੂਆਂ ਦੇ ਭਾਅ ‘ਚ ਆਈ ਮੰਦੀ ਤੇ ਬਾਹਰਲੇ ਰਾਜਾਂ ‘ਚ ਆਲੂਆਂ ਦੀ ਮੰਗ ਘਟਣ ਨਾਲ ਪੰਜਾਬ ਖਾਸ ਕਰ ਦੁਆਬਾ ਖੇਤਰ ਦੇ ਆਲੂ ਪਹਿਲਾਂ ਹੀ ਮੰਦਹਾਲੀ ਦਾ ਸ਼ਿਕਾਰ ਸਨ, ਪਰ ਹੁਣ ਜਦ ਆਲੂ ਦੀ ਨਵੀਂ ਫਸਲ ਪੁਟਾਈ ਲਈ ਐਨ ਤਿਆਰ ਹੈ ਤਾਂ ਹਫਤੇ ਵਿਚ ਹੀ ਦੂਜੀ ਵਾਰ ਪਏ ਭਾਰੀ ਮੀਂਹ ਤੇ ਗੜੇਮਾਰੀ ਨੇ ਆਲੂਆਂ ਦੀ ਫਸਲ ਦਾ ਵੱਡੀ ਪੱਧਰ ‘ਤੇ ਨੁਕਸਾਨ ਕਰ ਦਿੱਤਾ ਹੈ। ਆਲੂ ਉਤਪਾਦਕਾਂ ਦਾ ਕਹਿਣਾ ਹੈ ਕਿ ਪਿਛਲੇ ਹਫਤੇ ਪਏ ਮੀਂਹ ਕਾਰਨ ਵੱਟਾਂ ‘ਚ ਪਏ ਆਲੂ ਨੰਗੇ ਹੋਣੇ ਸ਼ੁਰੂ ਹੋ ਗਏ ਸਨ, ਪਰ ਹੁਣ ਮੁੜ ਭਾਰੀ ਬਾਰਿਸ਼ ਤੇ ਗੜੇਮਾਰੀ ਕਾਰਨ ਵੱਟਾਂ ‘ਚ ਪਈ ਆਲੂ ਦੀ ਫਸਲ ਉਪਰ ਆ ਗਈ ਹੈ ਤੇ ਖੇਤਾਂ ਵਿਚ ਪਾਣੀ ਖੜ੍ਹਨ ਕਾਰਨ ਆਲੂਆਂ ਨੂੰ ਉੱਲੀ ਲੱਗਣ ਦਾ ਖਤਰਾ ਵਧ ਗਿਆ ਹੈ।
¬¬¬¬¬¬¬¬¬¬¬¬¬¬¬¬¬¬¬¬¬¬¬¬¬__________________________________
ਮੀਂਹ ਦਾ 50 ਸਾਲ ਦਾ ਰਿਕਾਰਡ ਟੁੱਟਾ
ਲੁਧਿਆਣਾ: ਮੋਹਲੇਧਾਰ ਮੀਂਹ ਨਾਲ ਪੰਜਾਬ ‘ਚ ਫਰਵਰੀ ਮਹੀਨੇ ਦੇ ਪਹਿਲੇ ਹਫਤੇ ਪੈਣ ਵਾਲੇ ਮੀਂਹ ਦਾ ਪਿਛਲੇ ਲਗਭਗ 50 ਸਾਲਾਂ ਦਾ ਰਿਕਾਰਡ ਟੁੱਟ ਗਿਆ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨ ਵਿਭਾਗ ਦੇ ਵਿਗਿਆਨੀ ਡਾ. ਕੇ. ਕੇ. ਗਿੱਲ ਨੇ ਦੱਸਿਆ ਕਿ ਆਮ ਤੌਰ ‘ਤੇ ਪੰਜਾਬ ਵਿਚ ਪੂਰੇ ਫਰਵਰੀ ਮਹੀਨੇ ਦੌਰਾਨ 25 ਤੋਂ 35 ਮਿਲੀਮੀਟਰ ਮੀਂਹ ਪੈਂਦਾ ਹੈ ਪਰ ਐਤਕੀਂ 59 ਮਿਲੀਲੀਟਰ ਤੋਂ ਵੱਧ ਮੀਂਹ ਪਿਛਲੇ 24 ਘੰਟਿਆਂ ਦੌਰਾਨ ਹੀ ਲੁਧਿਆਣਾ ਵਿਚ ਦਰਜ ਕੀਤਾ ਗਿਆ ਹੈ ਜੋ ਕਿ ਆਮ ਹਾਲਾਤ ਤੋਂ ਲਗਭਗ ਦੁੱਗਣਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਦੁਆਬਾ ਅਤੇ ਮਾਝਾ ਖੇਤਰਾਂ ਵਿਚ ਇਸ ਮਹੀਨੇ ਮੀਂਹ ਪੈਣ ਦੀ ਮਾਤਰਾ ਕੁਝ ਵੱਧ ਹੁੰਦੀ ਹੈ ਜਦਕਿ ਮਾਲਵਾ ਖੇਤਰ ਵਿਚ ਮੋਗਾ, ਮੁਕਤਸਰ, ਬਠਿੰਡਾ, ਅਬੋਹਰ ਫਾਜ਼ਿਲਕਾ ਆਦਿ ਇਲਾਕਿਆਂ ਵਿਚ ਮੀਂਹ ਆਮ ਤੌਰ ‘ਤੇ ਘੱਟ ਪੈਂਦਾ ਹੈ। ਲੁਧਿਆਣਾ ਵਿਚ 1972 ਤੋਂ ਦਰਜ ਕੀਤੇ ਜਾ ਰਹੇ ਮੀਂਹ ਦੇ ਅੰਕੜਿਆਂ ਵਿਚ ਹੁਣ ਤੱਕ ਕਦੇ ਵੀ ਫਰਵਰੀ ਦੇ ਪਹਿਲੇ ਹਫਤੇ 30 ਮਿਲੀਮੀਟਰ ਤੋਂ ਵੱਧ ਮੀਂਹ ਨਹੀਂ ਪਿਆ।
