ਬਰਨਾਲਾ: ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਬਰਨਾਲਾ ‘ਚ ਵੱਡੀ ਰੈਲੀ ਕਰਕੇ ਸੂਬੇ ਅੰਦਰ ਲੋਕ ਸਭਾ ਚੋਣਾਂ ਦਾ ਬਿਗਲ ਵਜਾਉਂਦਿਆਂ ਪਾਰਟੀ ਛੱਡ ਕੇ ਗਏ ਆਗੂਆਂ ਨੂੰ ਸਖਤ ਸੁਨੇਹਾ ਵੀ ਦਿੱਤਾ। ਸੰਗਰੂਰ ਸੰਸਦੀ ਸੀਟ ਤੋਂ ਭਗਵੰਤ ਮਾਨ ਨੂੰ ਉਮੀਦਵਾਰ ਬਣਾਉਣ ਦਾ ਰਸਮੀ ਤੌਰ ਉਤੇ ਐਲਾਨ ਕਰਦਿਆਂ ਉਨ੍ਹਾਂ ਪੰਜਾਬੀਆਂ ਨੂੰ ਸਾਰੀਆਂ 13 ਸੀਟਾਂ ‘ਆਪ’ ਦੀ ਝੋਲੀ ‘ਚ ਪਾਉਣ ਦੀ ਅਪੀਲ ਕੀਤੀ।
ਭਗਵੰਤ ਮਾਨ ਦੇ ਸੋਹਲੇ ਗਾਉਂਦਿਆਂ ਸ੍ਰੀ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਸੰਸਦ ਵਿਚ ਪਹਿਲੀ ਵਾਰ ਪੁੱਜ ਕੇ ਅਕਾਲੀ, ਭਾਜਪਾ ਅਤੇ ਕਾਂਗਰਸ ਸੰਸਦ ਮੈਂਬਰਾਂ ਨਾਲੋਂ ਕਿਤੇ ਵੱਧ ਠੋਕਵੀਂ ਆਵਾਜ਼ ‘ਚ ਪੰਜਾਬ ਦੇ ਮੁੱਦਿਆਂ ਨੂੰ ਉਠਾਇਆ। ਉਨ੍ਹਾਂ ਕਿਹਾ ਕਿ ਸਾਰੀਆਂ 13 ਸੀਟਾਂ ਜਿਤਾਉਣ ਨਾਲ ਸੂਬੇ ਦੀਆਂ ਸਮੱਸਿਆਵਾਂ ਦੇ ਹੱਲ ਲਈ ਪੂਰੀ ਸੰਸਦ ਵੀ ਠੱਪ ਕਰਨੀ ਪਈ ਤਾਂ ਭਗਵੰਤ ਮਾਨ ਉਹ ਵੀ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮਾੜੇ ਹਾਲਾਤ ਲਈ ਸਭ ਤੋਂ ਵੱਧ ਜ਼ਿੰਮੇਵਾਰ ਸੁਖਬੀਰ ਬਾਦਲ ਖ਼ਿਲਾਫ਼ ਭਗਵੰਤ ਮਾਨ ਨੇ ਚੋਣ ਲੜੀ ਪਰ ਅਕਾਲੀਆਂ ਅਤੇ ਕਾਂਗਰਸੀਆਂ ਨੇ ਰਲ ਕੇ ਸਾਜ਼ਿਸ਼ ਤਹਿਤ ਉਨ੍ਹਾਂ ਨੂੰ ਹਰਾ ਦਿੱਤਾ। ਉਨ੍ਹਾਂ ਕਿਹਾ ਕਿ ‘ਆਪ’ ਦੇ ਪੰਜਾਬ ਪ੍ਰਧਾਨ ਬਾਰੇ ਛੇਤੀ ਫੈਸਲਾ ਲਿਆ ਜਾਵੇਗਾ। ਸ੍ਰੀ ਕੇਜਰੀਵਾਲ ਨੇ ਕਿਹਾ ਕਿ ਦੇਸ਼ ‘ਚ ਕਿਸੇ ਮਾਈ ਦੇ ਲਾਲ ਦੀ ਹਿੰਮਤ ਨਹੀਂ ਜੋ ‘ਝਾੜੂ’ ਨੂੰ ਤੀਲਾ-ਤੀਲਾ ਕਰ ਦੇਵੇ। ਉਨ੍ਹਾਂ ਕਿਹਾ ਕਿ ਬੀਤੇ ਦੋ ਸਾਲਾਂ ਦੌਰਾਨ ਉਨ੍ਹਾਂ ‘ਤੇ ਚਾਰ ਜਾਨਲੇਵਾ ਹਮਲੇ ਹੋਏ ਅਤੇ ਦਿੱਲੀ ਸਰਕਾਰ ਨੂੰ ਚੱਲਣ ਨਹੀਂ ਦਿੱਤਾ ਜਾ ਰਿਹਾ ਪਰ ‘ਝਾੜੂ’ ਤੀਲਾ ਤੀਲਾ ਨਹੀਂ ਹੋਈ ਬਲਕਿ ਰੱਬ ਨੇ ਪਾਰਟੀ ਵਿਚ ਆਏ ਸੁਆਰਥੀਆਂ, ਅਹੁਦਿਆਂ ਤੇ ਟਿਕਟਾਂ ਦੇ ਲਾਲਚੀ ਤੱਤਾਂ ਨੂੰ ਸਾਫ ਕਰ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨੇ ਲੋਕਾਂ ਦੇ ਮਨਾਂ ਵਿਚ ਜ਼ਹਿਰ ਘੋਲ ਦਿੱਤਾ ਹੈ ਜੇਕਰ ਉਹ ਦੁਬਾਰਾ ਸੱਤਾ ਵਿਚ ਆਏ ਤਾਂ ਦੇਸ਼ ਦੇ ਟੁਕੜੇ ਹੋ ਜਾਣਗੇ। ਦੇਸ਼ ਨੂੰ ਬਚਾਉਣ ਲਈ ਭਾਜਪਾ ਵਿਰੋਧੀ ਪਾਰਟੀਆਂ ਮੋਦੀ ਨੂੰ ਹਰਾਉਣ ਲਈ ਇੱਕਜੁੱਟ ਹੋ ਰਹੀਆਂ ਹਨ।
ਕੈਪਟਨ ਸਰਕਾਰ ‘ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਮੁਕੰਮਲ ਕਰਜ਼ਾ ਮੁਆਫੀ, ਘਰ-ਘਰ ਰੁਜ਼ਗਾਰ, ਸਮਾਰਟ ਫੋਨਾਂ ਤੇ ਪੈਨਸ਼ਨ ਵਾਧੇ ਆਦਿ ਦੇ ਚੋਣਾਂ ‘ਚ ਝੂਠੇ ਵਾਅਦੇ ਕੀਤੇ। ਦੋ ਸਾਲ ਬੀਤਣ ‘ਤੇ ਵੀ ਕੋਈ ਵਾਅਦਾ ਪੂਰਾ ਨਹੀਂ ਕੀਤਾ ਗਿਆ। ਦਲਿਤ ਤੇ ਪੱਛੜੇ ਵਰਗ ਸਭ ਤੋਂ ਵੱਧ ਦੁਖੀ ਹਨ। ਹਸਪਤਾਲ, ਸਕੂਲ, ਸੜਕਾਂ ਪ੍ਰਾਈਵੇਟ ਕੰਪਨੀਆਂ ਹਵਾਲੇ ਕੀਤੀਆਂ ਜਾ ਰਹੀਆਂ ਹਨ। ਆਪਣੀ ਦਿੱਲੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਉਨ੍ਹਾਂ ਕਿਹਾ ਕਿ ‘ਪਾਗਲ’ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਦਿਨ-ਰਾਤ ਮਿਹਨਤ ਕਰਕੇ ਸਰਕਾਰੀ ਸਕੂਲਾਂ ਦੀ ਕਾਇਆ ਪਲਟ ਦਿੱਤੀ ਹੈ। ਇਨ੍ਹਾਂ ਸਰਕਾਰੀ ਸਕੂਲਾਂ ਵਿਚ 90 ਫੀਸਦੀ ਤੋਂ ਜ਼ਿਆਦਾ ਬੱਚੇ ਪਾਸ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ‘ਚ ਏਅਰ ਕੰਡੀਸ਼ਨ ਸਕੂਲ, ਹਸਪਤਾਲ, ਟੈਸਟ ਤੇ ਦਵਾਈਆਂ ਮੁਫਤ ਹਨ। ਇਥੋਂ ਤੱਕ ਕਿ 10-10 ਲੱਖ ਦੀ ਲਾਗਤ ਵਾਲੇ ਅਪਰੇਸ਼ਨ ਵੀ ਮੁਫਤ ਕੀਤੇ ਜਾਂਦੇ ਹਨ ਤੇ ਦਲਿਤ ਬੱਚਿਆਂ ਨੂੰ ਉੱਚ ਵਿੱਦਿਆ ਲਈ ਮੁਫਤ ਕੋਚਿੰਗ ਦਿੱਤੀ ਜਾਂਦੀ ਹੈ। ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਫੰਡਾਂ ਦਾ ਇਕ-ਇਕ ਪੈਸਾ ਸੁਚੱਜੇ ਢੰਗ ਨਾਲ ਖਰਚ ਕੀਤਾ। ਉਨ੍ਹਾਂ ਕੈਪਟਨ ਸਰਕਾਰ ਦੀਆਂ ਵਾਅਦਾ ਖਿਲਾਫ਼ੀਆਂ ਦਾ ਜ਼ਿਕਰ ਵੀ ਕੀਤਾ। ਸ੍ਰੀ ਮਾਨ ਨੇ ਕਿਹਾ ਕਿ ਬਾਦਲ ਕੇ ਨਫਰਤ ਦਾ ਪਾਤਰ ਬਣ ਗਏ ਹਨ, ਲੋਕ ਉਨ੍ਹਾਂ ਨੂੰ ਗੁਰੂ ਘਰਾਂ ਵਿਚੋਂ ਵੀ ਮੋੜੀ ਜਾਂਦੇ ਹਨ।
________________________
ਭਗਵੰਤ ਮਾਨ ਨੇ ਮਾਂ ਦੀ ਹਾਜ਼ਰੀ ‘ਚ ਸ਼ਰਾਬ ਤੋਂ ਕੀਤੀ ਤੌਬਾ
ਰੈਲੀ ‘ਚ ਆਪਣੇ ਭਾਸ਼ਨ ਦੌਰਾਨ ਭਗਵੰਤ ਮਾਨ ਨੇ ਸ਼ਰਾਬ ਤੋਂ ਤੌਬਾ ਕਰ ਲਈ। ਮੰਚ ‘ਤੇ ਬਿਰਾਜਮਾਨ ਆਪਣੀ ਮਾਤਾ ਨੂੰ ਨਾਲ ਖੜ੍ਹਾ ਕਰ ਕੇ ਉਨ੍ਹਾਂ ਐਲਾਨ ਕੀਤਾ ਕਿ ਵਿਰੋਧੀਆਂ ਵੱਲੋਂ ਬਦਨਾਮ ਕਰਨ ਕਰਕੇ ਉਨ੍ਹਾਂ ਪਹਿਲੀ ਜਨਵਰੀ ਤੋਂ ਸ਼ਰਾਬ ਨਾ ਪੀਣ ਦਾ ਸੰਕਲਪ ਲਿਆ ਹੈ। ਇਸ ਸਬੰਧੀ ਉਹ ਗੁਰਦੁਆਰਾ ਮਸਤੂਆਣਾ ਸਾਹਿਬ ਵਿਖੇ ਮੱਥਾ ਟੇਕ ਕੇ ਸਹੁੰ ਵੀ ਚੁੱਕਣਗੇ। ਉਨ੍ਹਾਂ ਕਿਹਾ, “ਮੈਂ ਵਾਅਦਾ ਕਰਦਾ ਹਾਂ ਕਿ ਹੁਣ ਪੰਜਾਬ ਅਤੇ ਪੰਜਾਬ ਦੇ ਲੋਕ ਹੀ ਮੇਰੀ ਦਾਰੂ ਹਨ।” ਇਸ ਮਗਰੋਂ ਅਰਵਿੰਦ ਕੇਜਰੀਵਾਲ ਨੇ ਸ਼ਰਾਬ ਨਾ ਪੀਣ ਦਾ ਸੰਕਲਪ ਲੈਣ ਲਈ ਭਗਵੰਤ ਮਾਨ ਨੂੰ ਵਧਾਈ ਦਿੱਤੀ।
________________________
‘ਆਪ’ ਦਾ ਪੰਜਾਬ ਵਿਚ ਕੋਈ ਆਧਾਰ ਨਹੀਂ: ਖਹਿਰਾ
ਲੁਧਿਆਣਾ: ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਕੇਂਦਰ ਦੀ ਭਾਜਪਾ ਸਰਕਾਰ ‘ਤੇ ਜ਼ੋਰਦਾਰ ਸ਼ਬਦੀ ਹਮਲੇ ਕੀਤੇ। ਉਨ੍ਹਾਂ ‘ਆਪ’ ਉਤੇ ਵੀ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਪਾਰਟੀ ਦਾ ਪੰਜਾਬ ਵਿਚ ਕੋਈ ਆਧਾਰ ਨਹੀਂ। ਸ੍ਰੀ ਖਹਿਰਾ ਨੇ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਹਰ ਫਰੰਟ ‘ਤੇ ਫੇਲ੍ਹ ਹੋ ਗਈ ਹੈ। ਸਰਕਾਰ ਦਾ ‘ਕੈਪਟਨ’ ਆਪਣਿਆਂ ਨੂੰ ਬਚਾਉਣ ਅਤੇ ਕੇਂਦਰ ਨੂੰ ਖੁਸ਼ ਰੱਖਣ ਲਈ ਆਏ ਦਿਨ ਬੇਤੁਕੇ ਬਿਆਨ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਕਰਤਾਰਪੁਰ ਲਾਂਘੇ ਸਬੰਧੀ ਕੈਪਟਨ ਵੱਲੋਂ ਦਿੱਤੇ ਬਿਆਨ ਕਿਸੇ ਤੋਂ ਭੁੱਲੇ ਨਹੀਂ ਹਨ।
________________________
ਕੇਜਰੀਵਾਲ ਵੱਲੋਂ ਪੰਜਾਬ ਦੇ ਆਗੂਆਂ ਨੂੰ ਗੱਠਜੋੜ ਲਈ ਹਰੀ ਝੰਡੀ
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀ ਕੋਰ ਕਮੇਟੀ ਨੂੰ ਲੋਕ ਸਭਾ ਚੋਣਾਂ ਲਈ ਸੂਬੇ ਵਿਚ ਹਮਖਿਆਲੀ ਪਾਰਟੀਆਂ ਨਾਲ ਗੱਠਜੋੜ ਕਰਨ ਲਈ ਹਰੀ ਝੰਡੀ ਦੇ ਦਿੱਤੀ ਹੈ। ‘ਆਪ’ ਲੀਡਰਸ਼ਿਪ ਵੱਲੋਂ ਬਹੁਜਨ ਸਮਾਜ ਪਾਰਟੀ (ਬਸਪਾ) ਨਾਲ ਤਾਲਮੇਲ ਕਰਨ ਦੀ ਜਾਣਕਾਰੀ ਮਿਲੀ ਹੈ ਅਤੇ ਅਗਲੇ ਦਿਨਾਂ ‘ਚ ਕਈ ਨਵੇਂ ਸਿਆਸੀ ਸਮੀਕਰਨ ਸਾਹਮਣੇ ਆ ਸਕਦੇ ਹਨ। ਸੂਤਰਾਂ ਅਨੁਸਾਰ ਸ੍ਰੀ ਕੇਜਰੀਵਾਲ ਨੇ ਪੰਜਾਬ ਦੀ ਲੀਡਰਸ਼ਿਪ ਨੂੰ ਕਾਂਗਰਸ, ਅਕਾਲੀ ਦਲ, ਭਾਜਪਾ ਅਤੇ ਸੁਖਪਾਲ ਖਹਿਰਾ ਦੀ ਪੰਜਾਬੀ ਏਕਤਾ ਪਾਰਟੀ ਨੂੰ ਛੱਡ ਕੇ ਹੋਰ ਹਮਖਿਆਲੀ ਪਾਰਟੀਆਂ ਨਾਲ ਆਪਣੇ ਪੱਧਰ ‘ਤੇ ਗੱਠਜੋੜ ਕਰਨ ਦੀ ਹਰੀ ਝੰਡੀ ਦੇ ਦਿੱਤੀ ਹੈ। ਕੋਰ ਕਮੇਟੀ ਦੀ ਮੀਟਿੰਗ ਵਿਚ ਸ੍ਰੀ ਖਹਿਰਾ ਤੋਂ ਦੂਰੀਆਂ ਬਣਾ ਚੁੱਕੇ ਬਾਗ਼ੀ ਵਿਧਾਇਕਾਂ ਬਾਰੇ ਵੀ ਚਰਚਾ ਹੋਈ ਅਤੇ ‘ਆਪ’ ਸੁਪਰੀਮੋ ਨੇ ਉਨ੍ਹਾਂ ਨੂੰ ਪਾਰਟੀ ਨਾਲ ਜੋੜਨ ਲਈ ਸੀਨੀਅਰ ਆਗੂਆਂ ਨੂੰ ਕਿਹਾ ਹੈ।