ਚੰਡੀਗੜ੍ਹ: ਪੰਜਾਬ ਦੀਆਂ ਸਿਆਸੀ ਧਿਰਾਂ ਦਾ ਅੰਦਰੂਨੀ ਸੰਕਟ ਮੁੱਕ ਨਹੀਂ ਰਿਹਾ। ਮਾਫੀਆ ਨੂੰ ਖ਼ਤਮ ਕਰਨ ਦੇ ਵਾਅਦੇ ਨਾਲ ਸੱਤਾ ਵਿਚ ਆਏ ਕੈਪਟਨ ਅਮਰਿੰਦਰ ਸਿੰਘ ਨੂੰ ਰੇਤ ਦੀਆਂ ਖੱਡਾਂ ਦੀ ਨਿਲਾਮੀ ਦੇ ਮਾਮਲੇ ਵਿਚ ਆਪਣੇ ਨਜ਼ਦੀਕੀ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਅਸਤੀਫਾ ਵੀ ਲੈਣਾ ਪਿਆ ਸੀ। ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ (ਆਪ) ਇਸ ਸਾਲ ਦੋਫਾੜ ਹੋ ਗਈਆਂ ਹਨ। ਕਰਜ਼ੇ ਦੇ ਬੋਝ ਹੇਠ ਕਿਸਾਨ ਮਜ਼ਦੂਰ ਦੀਆਂ ਖੁਦਕੁਸ਼ੀਆਂ, ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨਾਂ ਦੀਆਂ ਮੌਤਾਂ, ਰੁਜ਼ਗਾਰ ਦੀ ਤਲਾਸ਼ ਵਿੱਚ ਵਿਦੇਸ਼ ਦੌੜ ਰਹੇ ਨੌਜਵਾਨ, ਆਪਣੀਆਂ ਮੰਗਾਂ ਦੇ ਹੱਕ ਵਿੱਚ ਸੰਘਰਸ਼ ਕਰਦੇ ਕਿਸਾਨ ਮਜ਼ਦੂਰ ਅਤੇ ਮੁਲਾਜ਼ਮਾਂ ਨਾਲ ਮੁੱਖ ਧਾਰਾ ਦੀ ਸਿਆਸਤ ਨੇ ਕੇਵਲ ਬਿਆਨਬਾਜ਼ੀ ਤੱਕ ਦਾ ਨਾਤਾ ਰੱਖਿਆ। ਬਰਗਾੜੀ ਮੋਰਚਾ ਤੇ ਕਰਤਾਰਪੁਰ ਲਾਂਘਾ ਸੂਬੇ ਦੀ ਸਿਆਸਤ ਦੇ ਕੇਂਦਰ ਵਿੱਚ ਰਹੇ।
ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਅਤੇ ਘਰ-ਘਰ ਰੁਜ਼ਗਾਰ ਵਰਗੇ ਮੁੱਦਿਆਂ ਦੇ ਦਬਾਅ ਵਿੱਚ ਘਿਰੀ ਕੈਪਟਨ ਸਰਕਾਰ ਨੂੰ ਬੇਅਦਬੀ ਅਤੇ ਗੋਲੀ ਕਾਂਡ ਦੇ ਕਸੂਰਵਾਰਾਂ ਨੂੰ ਸਜ਼ਾ ਦਿਵਾਉਣ ਬਾਰੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੇ ਸਰਕਾਰ ਦਾ ਕੰਮ ਆਸਾਨ ਕਰ ਦਿੱਤਾ। ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਮੇਤ ਬਹੁਤ ਸਾਰੇ ਅਫਸਰਾਂ ਦੀ ਕਾਰਗੁਜ਼ਾਰੀ ਉੱਤੇ ਉਂਗਲ ਉੱਠੀ ਹੈ ਪਰ ਬਾਦਲਾਂ ਦੇ ਜਵਾਬ ਨਾਲ ਲੋਕਾਂ ਦੀ ਤਸੱਲੀ ਨਹੀਂ ਹੋਈ। ਆਪ ਵੱਲੋਂ ਸੁਖਪਾਲ ਖਹਿਰਾ ਨੂੰ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਹਟਾ ਕੇ ਹਰਪਾਲ ਸਿੰਘ ਚੀਮਾ ਨੂੰ ਲਗਾਉਣ ਨਾਲ ਖਹਿਰਾ ਦੀ ਅਗਵਾਈ ਵਿੱਚ ਅੱਠ ਵਿਧਾਇਕਾਂ ਨੇ ਵੱਖਰਾ ਰਾਹ ਫੜ ਲਿਆ ਅਤੇ ਪੰਜਾਬ ਦੀ ਖੁਦਮੁਖਤਿਆਰ ਲੀਡਰਸ਼ਿਪ ਪੈਦਾ ਕਰਨ ਦਾ ਐਲਾਨ ਕਰ ਦਿੱਤਾ। ਤਲਵੰਡੀ ਸਾਬੋ ਤੋਂ ਅੱਠ ਦਸੰਬਰ ਤੋਂ 16 ਦਸੰਬਰ ਤੱਕ ਪਟਿਆਲਾ ਪਹੁੰਚਿਆ ਇਨਸਾਫ ਮਾਰਚ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਬਣਾ ਕੇ ਖ਼ਤਮ ਹੋ ਗਿਆ। ਪਰ ਫਿਰ ਵੀ ਕੈਪਟਨ ਲਈ ਕੋਈ ਵੱਡੀ ਸਿਆਸੀ ਚੁਣੌਤੀ ਖੜ੍ਹੀ ਨਹੀਂ ਹੋ ਸਕੀ।
ਅਕਾਲੀ ਦਲ ਵਿਚ ਬਾਦਲ ਪਰਿਵਾਰ ਨਾਲ ਲੋਕਾਂ ਦੀ ਨਫਰਤ ਵੱਧ ਗਈ ਹੈ। ਪਾਰਟੀ ਦੇ ਟਕਸਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਸੁਖਬੀਰ ਬਾਦਲ ਦੀ ਪ੍ਰਧਾਨਗੀ ਨੂੰ ਚੁਣੌਤੀ ਦੇ ਕੇ ਹਲਚਲ ਮਚਾ ਦਿੱਤੀ। ਮਾਝੇ ਦੇ ਜਰਨੈਲ ਕਹੇ ਜਾਂਦੇ ਰਣਜੀਤ ਸਿੰਘ ਬ੍ਰਹਮਪੁਰਾ, ਰਤਨ ਸਿੰਘ ਅਜਨਾਲਾ ਅਤੇ ਸੇਵਾ ਸਿੰਘ ਸੇਖਵਾਂ ਨੇ ਨਵੀਂ ਪਾਰਟੀ ਬਣਾ ਲਈ। ਵੱਡੇ ਬਾਦਲ ਵੱਲੋਂ ਲੋਕਾਂ ਦੇ ਇਕੱਠ ਕਰ ਕੇ ਮਾਮਲੇ ਨੂੰ ਨਵਾਂ ਰੁਖ ਦੇਣ ਦੀ ਕੋਸ਼ਿਸ਼ ਨਾਕਾਮ ਹੋਣ ਤੋਂ ਬਾਅਦ ਸਮੁੱਚੇ ਅਕਾਲੀ ਦਲ ਨੇ ਅਕਾਲ ਤਖ਼ਤ ਉੱਤੇ ਪੇਸ਼ ਹੋਣ ਦੀ ਬਜਾਏ ਖੁਦ ਹੀ ਲਾਈ ਸੇਵਾ ਤਹਿਤ ਅਖੰਡ ਪਾਠ ਕਰਵਾ ਕੇ ਭੁੱਲਾਂ ਬਖ਼ਸ਼ਾ ਲਈਆਂ। ਦੂਜੇ ਪਾਸੇ ਛੇ ਮਹੀਨੇ ਚੱਲੇ ਬਰਗਾੜੀ ਮੋਰਚੇ ਦੀ ਬਗੈਰ ਕਿਸੇ ਨਤੀਜੇ ਦੇ ਸਮਾਪਤੀ ਕਾਰਨ ਮੁਤਵਾਜ਼ੀ ਜਥੇਦਾਰਾਂ ਵਿੱਚ ਮਤਭੇਦ ਉਭਰ ਆਏ ਹਨ।
ਪਾਕਿਸਤਾਨ ਵਿੱਚ ਅਗਸਤ ਮਹੀਨੇ ਇਮਰਾਨ ਖਾਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਸਹੁੰ ਚੁੱਕ ਸਮਾਗਮ ਵਿੱਚ ਪਹੁੰਚੇ ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨੀ ਫੌਜ ਦੇ ਮੁਖੀ ਕਮਰ ਬਾਜਵਾ ਨਾਲ ਜੱਫੀ ਮਹੀਨਿਆਂ ਤੱਕ ਦੇਸ਼ ਅਤੇ ਪੰਜਾਬ ਵਿਚ ਚਰਚਾ ਦਾ ਕਾਰਨ ਬਣੀ ਰਹੀ। ਇਸ ਸਮਾਰੋਹ ਮੌਕੇ ਬਾਜਵਾ ਨੇ ਸਿੱਧੂ ਨੂੰ ਗੁਰੂ ਨਾਨਕ ਸਾਹਿਬ ਦੇ ਸਾਢੇ ਪੰਜ ਸੌ ਸਾਲਾ ਪ੍ਰਕਾਸ਼ ਦਿਹਾੜੇ ਮੌਕੇ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੇ ਇਰਾਦੇ ਵਾਲੇ ਪ੍ਰਗਟਾਵੇ ਨੇ ਪੰਜਾਬ ਦੀ ਸਿਆਸਤ ਦਾ ਏਜੰਡਾ ਬਦਲ ਦਿੱਤਾ। ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਤਾਰਪੁਰ ਲਾਂਘੇ ਨੂੰ ਖੋਲ੍ਹਣਾ ਪਾਕਿਸਤਾਨ ਦੀ ਫੌਜ ਅਤੇ ਆਈ.ਐਸ਼ਆਈ. ਦੀ ਸਾਜਿਸ਼ ਤੱਕ ਕਰਾਰ ਦੇਣ ਨਾਲ ਸਿੱਧੂ ਦੇ ਪੱਖ ਵਿਚ ਹੋਰ ਲੋਕ ਰਾਇ ਬਣਾਉਣ ਵਿਚ ਹੀ ਸਹਾਈ ਹੋਈ। 26 ਨਵੰਬਰ ਨੂੰ ਡੇਰਾ ਬਾਬਾ ਨਾਨਕ ਵਿਖੇ ਲਾਂਘੇ ਦੇ ਰੱਖੇ ਨੀਂਹ ਪੱਥਰ ਦੌਰਾਨ ਹੀ ਅਮਰਿੰਦਰ ਨੇ ਪਾਕਿਸਤਾਨ ਜਾਣ ਤੋਂ ਜਵਾਬ ਦੇ ਦਿੱਤਾ। 28 ਨਵੰਬਰ ਨੂੰ ਪਾਕਿਸਤਾਨ ਵਾਲੇ ਪਾਸੇ ਕਰਤਾਰਪੁਰ ਸਾਹਿਬ ਵਿਖੇ ਰੱਖੇ ਨੀਂਹ ਪੱਥਰ ਵਿੱਚ ਸਿੱਧੂ ਸਮੇਤ ਦੋ ਕੇਂਦਰੀ ਮੰਤਰੀ ਹਰਸਿਮਰਤ ਕੌਰ ਅਤੇ ਹਰਦੀਪ ਪੁਰੀ ਵੀ ਸ਼ਾਮਲ ਹੋਏ। ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਦੀਆਂ ਚੋਣਾਂ ਹੋਈਆਂ ਨੂੰ ਤਿੰਨ ਮਹੀਨੇ ਦਾ ਸਮਾਂ ਬੀਤ ਚੁੱਕਾ ਹੈ ਪਰ ਅਜੇ ਤੱਕ ਇਨ੍ਹਾਂ ਦੇ ਚੇਅਰਮੈਨ ਲਗਾਉਣ ਦੀ ਲੋੜ ਨਹੀਂ ਸਮਝੀ ਗਈ। ਪੰਚਾਇਤਾਂ ਕਰੀਬ ਛੇ ਮਹੀਨੇ ਪਹਿਲਾਂ ਭੰਗ ਕਰਕੇ ਚੋਣਾਂ ਹੁਣ ਹੋ ਰਹੀਆਂ ਹਨ। ਪਹਿਲਾਂ ਅਕਾਲੀ-ਭਾਜਪਾ ਸਰਕਾਰ ਦੀ ਤਰ੍ਹਾਂ ਹੀ ਇਸ ਵਾਰ ਵੀ ਵਿਰੋਧੀਆਂ ਦੇ ਕਾਗਜ਼ ਰੱਦ ਕਰਨ ਅਤੇ ਜ਼ੋਰ ਜਬਰਦਸਤੀ ਦੇ ਦੋਸ਼ ਲੱਗ ਰਹੇ ਹਨ।
ਸਰਕਾਰ ਵੱਲੋਂ ਘਰ-ਘਰ ਰੁਜ਼ਗਾਰ ਦੇ ਵਾਅਦੇ ਨੂੰ ਸੀਮਤ ਕਰਕੇ ਨਿੱਜੀ ਸੰਸਥਾਵਾਂ ਰਾਹੀਂ ਲਗਵਾਏ ਗਏ ਰੁਜ਼ਗਾਰ ਮੇਲੇ ਨੌਜਵਾਨਾਂ ਦੀ ਖੱਜਲ ਖੁਆਰੀ ਦਾ ਕਾਰਨ ਜ਼ਿਆਦਾ ਬਣੇ। ਹਰਿਆਣਾ ਆਪਣੇ ਕਾਲਜਾਂ ਵਿੱਚ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਕਰਵਾ ਚੁੱਕਾ ਹੈ ਪਰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਕਰਵਾਉਣ ਦੇ ਮੰਤਰੀ ਮੰਡਲ ਦੇ ਫੈਸਲੇ ਉੱਤੇ ਅਮਲ ਕਰਨ ਦੀ ਖੇਚਲ ਨਹੀਂ ਕੀਤੀ। ਹੁਣ ਸਾਲ 2019 ਵੀ ਲੋਕ ਸਭਾ ਚੋਣਾਂ ਦੇ ਲੇਖੇ ਲੱਗਣ ਵਾਲਾ ਹੈ।
______________________________
ਬਾਦਲਾਂ ਲਈ ਖੜ੍ਹੀਆਂ ਹੋਈਆਂ ਵੱਡੀਆਂ ਚੁਣੌਤੀਆਂ
ਚੰਡੀਗੜ੍ਹ: ਪੰਜਾਬ ਦੀ ਸਿਆਸਤ ਵਿਚ ਸਾਲ 2018 ਭਾਰੀ ਉੱਥਲ ਪੁੱਥਲ ਵਾਲਾ ਮੰਨਿਆ ਜਾ ਰਿਹਾ ਹੈ। ਖਾਸ ਕਰ ਕੇ ਅਕਾਲੀਆਂ ਲਈ ਤਾਂ ਇਹ ਵਰ੍ਹਾਂ ਬੜੀਆਂ ਹੀ ਕੌੜੀਆਂ ਤੇ ਲੰਮਾ ਸਮਾਂ ਤਕਲੀਫ ਦੇਣ ਵਾਲੀਆਂ ਯਾਦਾਂ ਛੱਡ ਕੇ ਜਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਦੀ ਕੁਰਸੀ ‘ਤੇ ਬਿਰਾਜਮਾਨ ਹੋਣ ਤੋਂ ਬਾਅਦ ਇਹ ਪ੍ਰਭਾਵ ਜਾਣ ਲੱਗਿਆ ਸੀ ਕਿ ਬਾਦਲ ਪਰਿਵਾਰ ਅਤੇ ਅਕਾਲੀ ਦਲ ਦੇ ਵਿਵਾਦਤ ਆਗੂਆਂ ਦੇ ‘ਨਿੱਜੀ ਕਸ਼ਟ’ ਕੱਟੇ ਗਏ ਪਰ ਸਿਆਸੀ ਤੌਰ ਉਤੇ ਚੁਣੌਤੀਆਂ ਪਹਿਲਾਂ ਨਾਲੋਂ ਵੀ ਜ਼ਿਆਦਾ ਵੱਡੀਆਂ ਹੁੰਦੀਆਂ ਜਾ ਰਹੀਆਂ ਹਨ। ਪੰਜਾਬ ਦੇ ਸਭ ਤੋਂ ਬਜ਼ੁਰਗ ਸਿਆਸਤਦਾਨ ਅਤੇ 5 ਵਾਰੀ ਸੂਬੇ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸਰਗਰਮ ਸਿਆਸਤ ਤੋਂ ਕਿਨਾਰਾ ਕਰਕੇ ਸਰਗਰਮੀਆਂ ਸੀਮਤ ਕਰਨ ਤੋਂ ਬਾਅਦ ਆਪਣੇ ਪੁੱਤਰ ਸੁਖਬੀਰ ਸਿੰਘ ਬਾਦਲ ਦੀ ਪੁਸ਼ਤਪਨਾਹੀ ਲਈ ਫਿਰ ਤੋਂ ਅੱਗੇ ਆਉਣਾ ਪਿਆ। ਵੱਡੇ ਬਾਦਲ ਲਈ ਇਹ ਵਰ੍ਹਾ ਇਸ ਲਈ ਵੀ ਬਹੁਤ ਜ਼ਿਆਦਾ ਸੰਕਟ ਵਾਲਾ ਸੀ ਕਿਉਂਕਿ ਉਨ੍ਹਾਂ ਦੇ ਦੋ ਪੁਰਾਣੇ ਸਾਥੀਆਂ ਸੁਖਦੇਵ ਸਿੰਘ ਢੀਂਡਸਾ ਅਤੇ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਬਗਾਵਤ ਦਾ ਬਿਗੁਲ ਵਜਾ ਦਿੱਤਾ। ਪੰਜਾਬ ਵਿਚ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਸਾਲ 2015 ਦੌਰਾਨ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬਰਗਾੜੀ ‘ਚ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਅਤੇ ਉਸ ਤੋਂ ਬਾਅਦ ਕੋਟਕਪੂਰਾ ਤੇ ਬਹਿਬਲ ਕਲਾਂ ਪੁਲਿਸ ਗੋਲੀ ਕਾਂਡ ਦੇ ਸੇਕ ਨੇ ਅਕਾਲੀ ਦਲ ਦੀ ਹਾਲਤ ਬੇਹੱਦ ਪਤਲੀ ਬਣਾ ਦਿੱਤੀ ਹੈ। ਪੰਜਾਬ ਦੀ ਸੱਤਾ ਤੋਂ ਲਾਂਭੇ ਹੋਣ ਤੋਂ ਬਾਅਦ ਅਕਾਲੀ ਆਪਣੇ ਆਪ ਨੂੰ ਬਰਗਾੜੀ ਕਾਂਡ ਤੋਂ ਸੁਰਖੁਰੂ ਸਮਝ ਬੈਠੇ ਸਨ ਪਰ ਸੱਤਾ ਤਬਦੀਲੀ ਤੋਂ ਬਾਅਦ ਮਾਮਲਾ ਜ਼ਿਆਦਾ ਭਖਦਾ ਮੁੱਦਾ ਬਣ ਗਿਆ। ਸ਼੍ਰੋਮਣੀ ਅਕਾਲੀ ਦਲ ਨੂੰ ਇਸ ਸਾਲ ਦੌਰਾਨ ਜਿਹੜੀਆਂ ਹੋਰ ਸਿਆਸੀ ਮਾਰਾਂ ਪਈਆਂ ਉਨ੍ਹਾਂ ਵਿਚ ਵਿਸ਼ੇਸ਼ ਤੌਰ ‘ਤੇ ਸ਼ਾਹਕੋਟ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਵੀ ਸ਼ਾਮਲ ਹੈ। ਅਕਾਲੀ ਦਲ ਇਸ ਹਲਕੇ ਉਤੇ ਕਈ ਦਹਾਕੇ ਕਾਬਜ਼ ਰਿਹਾ ਪਰ ਅਜੀਤ ਸਿੰਘ ਕੋਹਾੜ ਦੀ ਮੌਤ ਤੋਂ ਬਾਅਦ ਇਹ ਸੀਟ ਅਕਾਲੀ ਦਲ ਦੇ ਹੱਥੋਂ ਨਿਕਲ ਗਈ। ਇਸੇ ਤਰ੍ਹਾਂ ਪੰਜਾਬ ਦੀਆਂ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀਆਂ ‘ਤੇ ਵੀ ਅਕਾਲੀ ਦਲ ਦਾ ਪਿਛਲੇ 10 ਸਾਲਾਂ ਤੋਂ ਕਬਜ਼ਾ ਚੱਲਿਆ ਆ ਰਿਹਾ ਸੀ ਤੇ ਇਸ ਸਾਲ ਇਨ੍ਹਾਂ ਸੰਸਥਾਵਾਂ ਦੀਆਂ ਚੋਣਾਂ ਦੌਰਾਨ ਬਹੁ ਗਿਣਤੀ ਸੰਸਥਾਵਾਂ ਉਤੇ ਕਾਂਗਰਸ ਦਾ ਕਬਜ਼ਾ ਹੋ ਗਿਆ ਹੈ।