ਚੰਡੀਗੜ੍ਹ: ਪੰਚਾਇਤ ਚੋਣਾਂ ਲਈ ਸਰਗਰਮੀਆਂ ਦੌਰਾਨ 1863 ਸਰਪੰਚ ਤੇ 22203 ਪੰਚ ਬਿਨਾਂ ਮੁਕਾਬਲਾ ਚੁਣ ਲਏ ਗਏ ਹਨ। ਕਾਗ਼ਜ਼ ਰੱਦ ਹੋਣ ਅਤੇ ਵਾਪਸ ਲਏ ਜਾਣ ਤੋਂ ਬਾਅਦ 28375 ਸਰਪੰਚ ਅਤੇ 104027 ਪੰਚ ਚੋਣ ਮੈਦਾਨ ਵਿਚ ਡਟੇ ਹੋਏ ਹਨ। ਬਿਨਾਂ ਮੁਕਾਬਲਾ ਚੁਣੇ ਗਏ ਪੰਚਾਂ ਤੇ ਸਰਪੰਚਾਂ ਵਿਚ ਕੁਝ ਅਜਿਹੇ ਵੀ ਹਨ ਜਿਹੜੇ ਵਿਰੋਧੀ ਉਮੀਦਵਾਰਾਂ ਦੇ ਕਾਗ਼ਜ਼ ਰੱਦ ਹੋਣ ਕਰਕੇ ਚੁਣੇ ਗਏ ਹਨ। ਇਸ ਕਰ ਕੇ ਕਈ ਥਾਵਾਂ ‘ਤੇ ਵਿਰੋਧ ਦੇ ਸੁਰ ਵੀ ਗਰਮ ਹਨ ਅਤੇ ਚੋਣ ਕਮਿਸ਼ਨ ਕੋਲ ਵੱਡੀ ਗਿਣਤੀ ‘ਚ ਸ਼ਿਕਾਇਤਾਂ ਪਹੁੰਚ ਰਹੀਆਂ ਹਨ।
ਸਭ ਤੋਂ ਵੱਧ 329 ਸਰਪੰਚ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਸਰਬਸੰਮਤੀ ਜਾਂ ਬਿਨਾਂ ਮੁਕਾਬਲੇ ਦੇ ਚੁਣੇ ਗਏ ਹਨ। ਇਸ ਤੋਂ ਬਾਅਦ ਗੁਰਦਾਸਪੁਰ ਵਿਚ 274 ਅਤੇ ਪਟਿਆਲਾ ਵਿਚ 266 ਸਰਪੰਚ ਸਰਬਸੰਮਤੀ ਨਾਲ ਚੁਣੇ ਗਏ ਹਨ। ਇਸੇ ਤਰ੍ਹਾਂ ਹੁਸ਼ਿਆਰਪੁਰ ਵਿਚ ਸਭ ਤੋਂ ਵੱਧ 4750 ਪੰਚ, ਪਟਿਆਲਾ ਵਿਚ 3285 ਅਤੇ ਲੁਧਿਆਣਾ ਵਿਚ 3090 ਪੰਚ ਬਿਨਾਂ ਮੁਕਾਬਲਾ ਚੁਣੇ ਗਏ ਹਨ। ਕਈ ਜ਼ਿਲ੍ਹੇ ਅਜਿਹੇ ਵੀ ਹਨ ਜਿਥੇ ਬਹੁਤ ਘੱਟ ਪੰਚ ਤੇ ਸਰਪੰਚ ਸਰਬਸੰਮਤੀ ਜਾਂ ਬਿਨਾਂ ਮੁਕਾਬਲਾ ਚੁਣੇ ਗਏ ਹਨ। ਪੰਚਾਇਤ ਚੋਣਾਂ ਵਿਚ ਔਰਤਾਂ ਲਈ 50 ਫ਼ੀਸਦੀ ਸੀਟਾਂ ਰਾਖਵੀਂਆਂ ਹੋਣ ਕਰਕੇ ਪਿੰਡਾਂ ਵਿਚ ਦਿਲਚਸਪ ਮੁਕਾਬਲੇ ਹੋ ਰਹੇ ਹਨ ਤੇ ਪਹਿਲਾਂ ਵਾਂਗ ਹੀ ਬਹੁਤੀਆਂ ਥਾਵਾਂ ‘ਤੇ ਔਰਤਾਂ ਦੇ ਪਤੀ ਅਤੇ ਪੁੱਤਰ ਚੋਣ ਪ੍ਰਚਾਰ ਕਰ ਰਹੇ ਹਨ। ਸਰਪੰਚੀ ਅਤੇ ਪੰਚੀ ਦੇ ਉਮੀਦਵਾਰਾਂ ਨੇ ਆਪਣੀਆਂ ਫੋਟੋਆਂ ਵਾਲੇ ਪੋਸਟਰ ਛਪਵਾ ਕੇ ਪ੍ਰਚਾਰ ਮਘਾ ਦਿੱਤਾ ਹੈ। ਕੁਝ ਪਿੰਡ ਅਜਿਹੇ ਹਨ ਜਿਥੇ ਸਰਬਸੰਮਤੀ ਇਸ ਕਰਕੇ ਨਹੀਂ ਹੋ ਸਕੀ ਕਿਉਂਕਿ ਕੁਝ ਵਿਅਕਤੀ ਮੁਫ਼ਤ ਦੀ ਦਾਰੂ ਪੀਣਾ ਚਾਹੁੰਦੇ ਸਨ। ਜਿਹੜੇ ਪਿੰਡਾਂ ਵਿਚ ਸ਼ਰਾਬ ਦੇ ਦੌਰ ਸ਼ੁਰੂ ਹੋ ਗਏ ਹਨ, ਉਥੇ ਤੈਅ ਖਰਚੇ ਤੋਂ ਕਿਤੇ ਵੱਧ ਖ਼ਰਚਾ ਹੋਣਾ ਤੈਅ ਹੈ।
_______________________________
ਸਿਆਸੀ ਲੋਕਾਂ ਨੂੰ ਨਹੀਂ ਪਚ ਰਹੀਆਂ ਪੰਚਾਇਤਾਂ ਦੀਆਂ ਸਰਬਸੰਮਤੀਆਂ
ਬਟਾਲਾ: ਕੌਮਾਂਤਰੀ ਕਸਬਾ ਡੇਰਾ ਬਾਬਾ ਨਾਨਕ ਬਲਾਕ ਵਿਚ 146 ਪੰਚਾਇਤਾਂ ‘ਚੋਂ 120 ਪੰਚਾਇਤਾਂ ‘ਤੇ ਸਰਬਸੰਮਤੀ ਬਣੀ ਹੈ, ਜਿਸ ਦੀ ਇਲਾਕੇ ਵਿਚ ਚਰਚਾ ਛਿੜੀ ਹੋਈ ਹੈ ਤੇ ਇਹ ਸਰਬਸੰਮਤੀ ਕਈ ਲੋਕਾਂ ਨੂੰ ਹਜ਼ਮ ਨਹੀਂ ਹੋ ਰਹੀ। ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਨੂੰ ਸਿਰੇ ਦੀ ਧੱਕੇਸ਼ਾਹੀ ਦੱਸਿਆ ਜਾ ਰਿਹਾ ਹੈ। ਰੌਚਕ ਤੱਥ ਇਹ ਹੈ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਜੋ ਦੋਸ਼ ਕਾਂਗਰਸ ਪਾਰਟੀ ਦੇ ਆਗੂ ਤੇ ਸਮਰਥਕ ਅਕਾਲੀਆਂ ‘ਤੇ ਲਾਉਂਦੇ ਰਹੇ, ਉਹੀ ਇਲਜ਼ਾਮ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਵਰਕਰ ਹਾਕਮ ਧਿਰ ਉਤੇ ਲਾ ਰਹੇ ਹਨ। ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਵਿਚ 146 ਪੰਚਾਇਤਾਂ ‘ਚੋਂ 120 ਪੰਚਾਇਤਾਂ ਉਤੇ ਸਰਬਸੰਮਤੀ ਬਣਨ ਨੂੰ ਅਕਾਲੀ ਦਲ ਦੇ ਆਗੂ ਕਾਂਗਰਸ ਦੀ ਧੱਕੇਸ਼ਾਹੀ ਦੱਸ ਰਹੇ ਹਨ। ਇਸ ਤਰ੍ਹਾਂ ਕੌਮਾਂਤਰੀ ਸੀਮਾ ਨਾਲ ਲੱਗਦਾ ਪਿੰਡ ਘਣੀਆਂ ਜੋ ਰਾਵੀ ਤੋਂ ਪਾਰ ਹੈ, ਦੀ ਪੰਚਾਇਤ ਵੀ ਸਰਬਸੰਮਤੀ ਨਾਲ ਚੁਣੀ ਗਈ ਹੈ। ਉਂਜ ਪਿਛਲੇ ਚਾਰ ਦਹਾਕਿਆਂ ਤੋਂ ਇਸ ਪਿੰਡ ਦੀ ਸਰਪੰਚੀ ਦਾ ਤਾਜ ਇਕ ਹੀ ਪਰਿਵਾਰ ਸਿਰ ਸੱਜ ਰਿਹਾ ਹੈ।
_______________________________
ਰਾਖਵੀਂਆਂ ਸੀਟਾਂ ਨੇ ਉਲਝਾਈ ਤਾਣੀ
ਜਲੰਧਰ: ਨਕੋਦਰ ਵਿਧਾਨ ਸਭਾ ਸੀਟ ਵਿਚ ਪੈਂਦੇ ਪਿੰਡ ਬੈਨਾਪੁਰ ਵਿਚ ਸਰਪੰਚੀ ਦੀਆਂ ਚੋਣਾਂ ਦਾ ਕੋਈ ਸ਼ੋਰ ਨਹੀਂ ਹੈ। ਪ੍ਰਸ਼ਾਸਨ ਦੀ ਇਕ ਗਲਤੀ ਕਾਰਨ ਇਥੋਂ ਦੀਆਂ ਚੋਣਾਂ ਹੀ ਟਾਲਨੀਆਂ ਪੈ ਗਈਆਂ ਹਨ। ਸਿਰਫ 50 ਘਰਾਂ ਵਾਲੇ ਇਸ ਪਿੰਡ ਵਿਚ ਕੋਈ ਐਸ਼ਸੀ. ਪਰਿਵਾਰ ਨਹੀਂ ਰਹਿੰਦਾ ਜਦਕਿ ਪ੍ਰਸ਼ਾਸਨ ਨੇ ਇਥੇ ਦੇ ਸਰਪੰਚ ਦੇ ਅਹੁਦੇ ਨੂੰ ਐਸ਼ਸੀ. ਰਿਜ਼ਰਵ ਕਰ ਦਿੱਤਾ ਹੈ। ਹੁਣ ਇਸ ਪਿੰਡ ਵਿਚ ਸਰਪੰਚੀ ਦੀਆਂ ਚੋਣਾਂ ਤੋਂ ਬਾਅਦ ਚੋਣ ਹੋਵੇਗੀ। ਸਰਪੰਚੀ ਦੀ ਚੋਣ ਨਾ ਹੋਣ ਕਾਰਨ ਪਿੰਡ ਦੇ ਪੰਚ ਵੀ ਬੜੇ ਪਰੇਸ਼ਾਨ ਹਨ।
_______________________________
ਸਰਪੰਚਾਂ ਦੇ ਗਲੇ ਦੀ ਹੱਡੀ ਬਣੇ ਪੰਚਾਇਤੀ ਫੰਡ
ਮਲੋਟ: ਅਕਾਲੀ-ਭਾਜਪਾ ਸਰਕਾਰ ਮੌਕੇ ਪਿੰਡਾਂ ਦੇ ਵਿਕਾਸ ਲਈ ਜਾਰੀ ਕੀਤੇ ਕਰੋੜਾਂ ਰੁਪਏ ਦੇ ਫੰਡਾਂ ਦਾ ਹਿਸਾਬ-ਕਿਤਾਬ ਹੁਣ ਸਾਬਕਾ ਸਰਪੰਚਾਂ ਦੇ ਗਲੇ ਦੀ ਹੱਡੀ ਬਣਦਾ ਜਾ ਰਿਹਾ ਹੈ। ਪਿਛਲੇ ਦਿਨੀਂ ਫੰਡ ਖੁਰਦ-ਬੁਰਦ ਕਰਨ ਦੇ ਮਾਮਲੇ ਵਿਚ ਏ.ਡੀ.ਸੀ. (ਵਿਕਾਸ) ਬਠਿੰਡਾ ਵੱਲੋਂ ਕੀਤੀ ਪੜਤਾਲ ਮਗਰੋਂ ਪਿੰਡ ਭੁਲੇਰੀਆਂ ਦੇ ਸਰਪੰਚ ਅਤੇ ਪੰਚਾਇਤ ਸਕੱਤਰ ਖਿਲਾਫ਼ ਕੇਸ ਵੀ ਦਰਜ ਹੋ ਚੁੱਕਾ ਹੈ।
ਹੁਣ ਤਾਜ਼ਾ ਮਾਮਲਾ ਪਿੰਡ ਸ਼ਾਮ ਖੇੜਾ ਦਾ ਹੈ, ਜਿਥੋਂ ਦੇ ਵਸਨੀਕ ਨੇ ਆਰ.ਟੀ.ਆਈ. ਤਹਿਤ ਉਕਤ ਪਿੰਡ ਵਿਚ 2014, 2015 ਤੇ 2016 ਵਿਚ ਸਰਕਾਰ ਵੱਲੋਂ ਜਾਰੀ ਫੰਡਾਂ ਅਤੇ ਖਰਚੇ ਦਾ ਰਿਕਾਰਡ ਮੰਗਿਆ ਸੀ, ਜੋ 50 ਸਫਿਆਂ ਦੇ ਰੂਪ ਵਿਚ ਪ੍ਰਾਪਤ ਹੋਇਆ। ਇਸ ਵਿਚ 18 ਨਵੰਬਰ 2014 ਤੋਂ ਲੈ ਕੇ 31 ਦਸੰਬਰ 2016 ਤੱਕ ਵੇਰਵੇ ਸਣੇ ਖਰਚਾ, ਆਮਦਨੀ ਤੇ ਪ੍ਰਾਪਤ ਫੰਡਾਂ ਦੇ ਵੇਰਵੇ ਦਰਜ ਸਨ। ਮੌਕੇ ‘ਤੇ ਕੀਤੀ ਪੜਤਾਲ ਅਨੁਸਾਰ ਆਰ.ਟੀ.ਆਈ. ਵਿਚ ਦਰਸਾਏ ਬਹੁਤੇ ਕੰਮ ਖਾਨਾਪੂਰਤੀ ਅਤੇ ਅਧੂਰੇ ਸਨ। ਮੁਹੱਈਆ ਕਰਵਾਈ ਸੂਚਨਾ ਦੇ ਅਖੀਰਲੇ ਪੰਨੇ ‘ਤੇ ਦਰਸਾਇਆ ਗਿਆ ਸੀ ਕਿ ਦਸੰਬਰ 2016 ਤੱਕ ਪੰਚਾਇਤ ਦੇ ਵੱਖ-ਵੱਖ ਬੈਂਕ ਖਾਤਿਆਂ ਐਚ.ਡੀ.ਐਫ਼ਸੀ. ਵਿਚ 1849193 ਰੁਪਏ, ਐਕਸਿਸ ਬੈਂਕ ਵਿਚ 2724281, ਓ.ਬੀ.ਸੀ. ਬੈਂਕ ਵਿਚ 358666 ਤੇ 25877, ਪੀ.ਐਨ.ਬੀ. ਵਿਚ 9817 ਤੇ 329406 ਰੁਪਏ ਅਤੇ ਸੈਂਟਰਲ ਬੈਂਕ ‘ਚ 4306 ਰੁਪਏ ਤੇ ਕੁੱਲ 5301546 ਬਕਾਇਆ ਸਨ, ਪਰ ਅੱਜ ਦੀ ਤਰੀਕ ਵਿਚ ਸਿਰਫ 4 ਲੱਖ ਦੇ ਕਰੀਬ ਬਕਾਇਆ ਹੈ।