’84 ਕਤਲੇਆਮ: ਮੁਸੀਬਤਾਂ ਦੇ ਪਹਾੜ ਅੱਗੇ ਵੀ ਨਾ ਡੋਲੇ ਗਵਾਹ

ਨਵੀਂ ਦਿੱਲੀ: ਨਵੰਬਰ 1984 ਵਿਚ ਦਿੱਲੀ ਵਿਚ ਹੋਏ ਸਿੱਖਾਂ ਦੇ ਕਤਲੇਆਮ ਦੌਰਾਨ ਨਿਰਪ੍ਰੀਤ ਦੀਆਂ ਅੱਖਾਂ ਸਾਹਮਣੇ ਉਸੇ ਦੇ ਪਿਤਾ ਨੂੰ ਜ਼ਿੰਦਾ ਸਾੜ ਦਿੱਤਾ ਗਿਆ ਸੀ ਅਤੇ ਉਨ੍ਹਾਂ ਦਾ ਕਾਰੋਬਾਰ ਬੁਰੀ ਤਰ੍ਹਾਂ ਤਬਾਹ ਹੋ ਗਿਆ ਸੀ। ਨਿਰਪ੍ਰੀਤ ਦੀ ਜਾਨ ਨੂੰ ਖ਼ਤਰਾ ਵੇਖ ਘਰਦਿਆਂ ਨੇ ਉਸ ਨੂੰ ਜਲੰਧਰ ਦੇ ਕਾਲਜ ਵਿਚ ਪੜ੍ਹਾਈ ਲਈ ਭੇਜ ਦਿੱਤਾ ਸੀ। ਨਿਰਪ੍ਰੀਤ ਨੇ ਦੱਸਿਆ ਕਿ ਜਲੰਧਰ ਉਹ ਆ ਤਾਂ ਗਈ ਪਰ ਅੰਦਰੋਂ-ਅੰਦਰੀ ਪਿਤਾ ਦੀ ਮੌਤ ਦਾ ਬਦਲਾ ਉਸ ਦੇ ਦਿਮਾਗ਼ ਵਿਚ ਹਰ ਸਮੇਂ ਘੁੰਮਦਾ ਰਹਿੰਦਾ। ਬਦਲੇ ਦੀ ਅੱਗ ਤੇ ਇਨਸਾਫ ਲੈਣ ਲਈ ਇੱਕ ਖਾੜਕੂ ਲਹਿਰ ਦੇ ਕਾਰਕੁਨ ਨਾਲ ਵਿਆਹ ਕਰਵਾ ਲਿਆ।

ਨਿਰਪ੍ਰੀਤ ਮੁਤਾਬਕ ਇਸ ਤੋਂ ਪਹਿਲਾਂ ਉਹ ਪਿਤਾ ਦੀ ਮੌਤ ਦਾ ਬਦਲਾ ਲੈਂਦੀ, ਵਿਆਹ ਤੋਂ ਠੀਕ 12 ਦਿਨ ਬਾਅਦ ਉਸ ਦੇ ਪਤੀ ਦੀ ਪੁਲਿਸ ਮੁਕਾਬਲੇ ਦੌਰਾਨ ਮੌਤ ਹੋ ਗਈ। ਨਿਰਪ੍ਰੀਤ ਇਸ ਮੁਕਾਬਲੇ ਉੱਤੇ ਵੀ ਸਵਾਲ ਚੁੱਕਦੀ ਹੈ। ਨਿਰਪ੍ਰੀਤ ਮੁਤਾਬਕ ਜਿਸ ਰਸਤੇ ਉੱਤੇ ਉਹ ਤੁਰ ਪਈ ਸੀ ਬਿਨਾਂ ਮਕਸਦ ਪੂਰਾਂ ਕੀਤੇ ਉਹ ਉੱਥੋਂ ਵਾਪਸ ਨਹੀਂ ਪਰਤ ਸਕਦੀ ਸੀ। ਇਸ ਲਈ ਉਸ ਨੇ ਆਪਣੀ ਲੜਾਈ ਹੁਣ ਖ਼ੁਦ ਲੜਨ ਦਾ ਫੈਸਲਾ ਕੀਤਾ। ਉਦੋਂ ਤੱਕ ਨਿਰਪ੍ਰੀਤ ਨੂੰ ਪੁਲਿਸ ਨੇ ਭਗੌੜਾ ਕਰਾਰ ਦੇ ਦਿੱਤਾ ਸੀ। ਇਸ ਦੌਰਾਨ ਨਿਰਪ੍ਰੀਤ ਇੱਕ ਬੱਚੇ ਦੀ ਮਾਂ ਵੀ ਬਣਨ ਚੁੱਕੀ ਸੀ। ਨਿਰਪ੍ਰੀਤ ਨੇ ਦੱਸਿਆ ਕਿ ਕਈ ਵਾਰ ਉਸ ਨੇ ਬਦਲਾ ਲੈਣ ਦੀ ਕੋਸ਼ਿਸ਼ ਕੀਤੀ ਪਰ ਸਫਲਤਾ ਨਹੀਂ ਮਿਲੀ। 1988 ਵਿਚ ਅਪਰੇਸ਼ਨ ਬਲੈਕ ਥੰਡਰ ਦੌਰਾਨ ਉਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਗਿਆ ਸੀ। ਉਸ ਦੇ ਮੁੰਡੇ ਨਾਲ ਉਸ ਨੂੰ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਰੱਖਿਆ ਗਿਆ। ਪੰਜਾਬ ਤੋਂ ਬਾਅਦ ਉਹ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਵੀ ਰਹੀ। ਉਸ ਦਾ ਮੁੰਡਾ ਵੀ ਜੇਲ੍ਹ ਵਿਚ ਉਸ ਦੇ ਨਾਲ ਸੀ। ਜੇਲ੍ਹ ਦੀ ਜ਼ਿੰਦਗੀ ਦੌਰਾਨ ਨਿਰਪ੍ਰੀਤ ਨੇ ਆਪਣੀ ਲੜਾਈ ਜਾਰੀ ਰੱਖਣ ਦਾ ਫੈਸਲਾ ਕੀਤਾ ਪਰ ਉਹ ਹੁਣ ਹਥਿਆਰਬੰਦ ਤਰੀਕੇ ਨਾਲ ਨਹੀਂ, ਕਾਨੂੰਨੀ ਤਰੀਕੇ ਨਾਲ ਲੜਾਈ ਲੜਨਾ ਚਾਹੁੰਦੀ ਸੀ।
1990 ਵਿਚ ਜ਼ਮਾਨਤ ਉੱਤੇ ਰਿਹਾਅ ਹੋਈ। ਇਸ ਤੋ ਬਾਅਦ ਨਿਰਪ੍ਰੀਤ ਕੌਰ ਨੂੰ ਫਿਰ ਗ੍ਰਿਫਤਾਰ ਕਰ ਲਿਆ ਗਿਆ। 1996 ਵਿਚ ਉਹ ਮੁੜ ਬਰੀ ਹੋ ਗਈ। ਜੇਲ੍ਹ ਵਿਚੋਂ ਬਾਹਰ ਆਉਣ ਤੋਂ ਬਾਅਦ ਨਿਰਪ੍ਰੀਤ ਲਈ ਸਭ ਤੋਂ ਔਖਾ ਸੀ ਜ਼ਿੰਦਗੀ ਨੂੰ ਮੁੜ ਤੋਂ ਸ਼ੁਰੂ ਕਰਨਾ ਇਸ ਲਈ ਉਸ ਨੂੰ ਕਾਫੀ ਮਿਹਨਤ ਵੀ ਕਰਨੀ ਪਈ। ਨਿਰਪ੍ਰੀਤ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਹੈ ਕਿ ਉਸ ਨੇ ਸਬੂਤਾਂ ਨਾਲ ਅਦਾਲਤ ਵਿਚ ਜਾ ਕੇ ਆਪਣੇ ਪਰਿਵਾਰ ਨਾਲ ਹੋਈ ਵਧੀਕੀ ਖ਼ਿਲਾਫ ਲੜਾਈ ਲੜਨ ਦਾ ਫੈਸਲਾ ਕੀਤਾ। ਪਿਛਲੇ ਕਈ ਸਾਲਾਂ ਤੋਂ ਨਿਰਪ੍ਰੀਤ ਕਾਨੂੰਨੀ ਲੜਾਈ ਲੜ ਰਹੀ ਹੈ। ਉਸ ਦਾ ਕਹਿਣਾ ਹੈ ਕਿ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਲੜਾਈ ਲੜਨੀ ਲੰਬੀ ਅਤੇ ਔਖੀ ਤਾਂ ਜ਼ਰੂਰ ਹੈ ਪਰ ਉਸ ਨੂੰ ਉਮੀਦ ਹੈ ਕਿ ਇਨਸਾਫ ਜ਼ਰੂਰ ਮਿਲੇਗਾ।
ਨਿਰਪ੍ਰੀਤ ਕੌਰ ਦਾ ਕਹਿਣਾ ਹੈ ਕਿ ਉਸ ਦੀਆਂ ਅੱਖਾਂ ਸਾਹਮਣੇ ਪਿਤਾ ਨੂੰ ਜ਼ਿੰਦਾ ਸਾੜਿਆ ਗਿਆ ਸੀ। ਬਲਵਾਨ ਖੋਖਰ ਸਮਝੌਤੇ ਦੇ ਬਹਾਨੇ ਸਾਬਕਾ ਐਮ.ਐਲ਼ਏ .ਮਹਿੰਦਰ ਯਾਦਵ ਕੋਲ ਲੈ ਕੇ ਗਏ ਸੀ, ਜਿਥੇ ਉਸ ਦੇ ਪਿਤਾ ਨੂੰ ਜ਼ਿੰਦਾ ਸਾੜ ਦਿੱਤਾ ਸੀ। ਉਸ ਨੇ ਸੱਜਣ ਕੁਮਾਰ ਨੂੰ ਭਾਸ਼ਣ ਦਿੰਦੇ ਦੇਖਿਆ ਸੀ ਕਿ ਇੱਕ ਵੀ ਸਰਦਾਰ ਬਚਣਾ ਨਹੀਂ ਚਾਹੀਦਾ, ਇਨ੍ਹਾਂ ਨੇ ਇੰਦਰਾ ਗਾਂਧੀ ਨੂੰ ਮਾਰਿਆ ਹੈ, ਇਹ ਸੱਪ ਦੇ ਬੱਚੇ ਹਨ। ਸੱਜਣ ਕੁਮਾਰ ਉਸ ਵੇਲੇ ਪੁਲਿਸ ਦੀ ਜੀਪ ਵਿਚ ਸੀ। ਉਨ੍ਹਾਂ ਕਿਹਾ ਕਿ ਮੇਰੀ ਜ਼ਿੰਦਗੀ ਤਬਾਹ ਕਰ ਦਿੱਤੀ ਗਈ। ਮੇਰੇ ਉੱਤੇ ਝੂਠੇ ਕੇਸ ਪਾ ਕੇ ਟਾਡਾ ਵਿਚ ਫਸਾਇਆ ਗਿਆ। ਇੱਥੇ ਤੱਕ ਉਨ੍ਹਾਂ ਨੇ ਮੇਰੀ ਮਾਂ ਨੂੰ ਵੀ ਨਹੀਂ ਛੱਡਿਆ। ਉਸ ਦੀ ਮਾਂ ਤਿੰਨ ਸਾਲ ਇੱਕ ਮਹੀਨੇ ਜੇਲ੍ਹ ਕੱਟ ਕੇ ਆਈ ਹੈ। ਸਿਰਫ ਇੱਕ ਗਵਾਈ ਦੇ ਚੱਕਰ ਵਿਚ ਉਸ ਦੀ ਸਾਰੀ ਜਿੰਦਗੀ ਤਬਾਹ ਹੋ ਗਈ। ਹਰ ਕਮਿਸ਼ਨ ਕਮੇਟੀ ਵਿਚ ਇਹ ਬਚਦਾ ਹੀ ਰਿਹਾ।
_________________________
ਸੱਜਣ ਨੂੰ ਗੁਨਾਹ ਦੇ ਮੁਕਾਬਲੇ ਘੱਟ ਸਜ਼ਾ ਮਿਲੀ: ਜਗਦੀਸ਼ ਕੌਰ
ਨਵੀਂ ਦਿੱਲੀ: ਪਹਿਲੀ ਨਵੰਬਰ 1984 ਨੂੰ ਆਪਣੇ ਪਤੀ ਤੇ ਪੁੱਤ ਦੀ ਮੌਤ ਦਾ ਦਰਦ ਸਹਿਣ ਵਾਲੀ ਜਗਦੀਸ਼ ਕੌਰ ਨੂੰ 34 ਸਾਲ ਬਾਅਦ ਆਏ ਹਾਈ ਕੋਰਟ ਦੇ ਫੈਸਲੇ ਤੋਂ ਥੋੜੀ ਜਿਹੀ ਰਾਹਤ ਤਾਂ ਜ਼ਰੂਰ ਮਿਲੀ ਪਰ ਸੰਤੁਸ਼ਟੀ ਨਹੀਂ। ਜਿਸ ਮਾਮਲੇ ‘ਚ ਕਾਂਗਰਸੀ ਲੀਡਰ ਸੱਜਣ ਕੁਮਾਰ ਨੂੰ ਸਜ਼ਾ ਹੋਈ ਹੈ, ਜਗਦੀਸ਼ ਕੌਰ ਉਸ ਮਾਮਲੇ ਵਿਚ ਮੁੱਖ ਗਵਾਹ ਹੈ।
ਜਗਦੀਸ਼ ਕੌਰ ਦਾ ਕਹਿਣਾ ਹੈ ਕਿ ਉਸ ਨੇ ਇਸ ਕਤਲੇਆਮ ‘ਚ ਆਪਣਾ ਪਰਿਵਾਰ ਗਵਾਇਆ। ਉਸ ਦੇ ਪਿਤਾ ਨੇ ਆਜ਼ਾਦੀ ਦੀ ਲੜਾਈ ਲੜੀ ਤੇ ਪਤੀ ਨੇ ਦੇਸ਼ ਦੀ ਸੇਵਾ ਕੀਤੀ ਪਰ ਇਸ ਦੇ ਬਾਵਜੂਦ ਨਾ ਪਿਤਾ ਦੀ ਕੁਰਬਾਨੀ ਕੰਮ ਆਈ ਤੇ ਨਾ ਪਤੀ ਵੱਲੋਂ ਕੀਤੀ ਦੇਸ਼ ਸੇਵਾ। ਉਸ ਨੇ ਕਿਹਾ ਕਿ ਸੱਜਣ ਕੁਮਾਰ ਨੂੰ ਜੋ ਸਜ਼ਾ ਮਿਲੀ ਹੈ, ਉਸ ਦੇ ਗੁਨਾਹ ਦੇ ਮੁਕਾਬਲੇ ਉਹ ਬਹੁਤ ਘੱਟ ਹੈ। ਜਗਦੀਸ਼ ਕੌਰ ਨੇ ਇਹ ਵੀ ਖੁਲਾਸਾ ਕੀਤਾ ਕਿ ਉਸ ਨੂੰ ਕਰੋੜਾਂ ਰੁਪਏ ਤੇ ਵਿਦੇਸ਼ਾਂ ‘ਚ ਸੈੱਟ ਕਰਨ ਦਾ ਲਾਲਚ ਵੀ ਦਿੱਤੇ ਗਏ ਤਾਂ ਜੋ ਉਹ ਗਵਾਹੀ ਤੋਂ ਮੁੱਕਰ ਜਾਵੇ ਪਰ ਉਹ ਆਪਣੇ ਫੈਸਲੇ ‘ਤੇ ਡਟੀ ਰਹੀ। ਇਸ ਤੋਂ ਇਲਾਵਾ ਉਸ ਨੂੰ ਤੇ ਉਸ ਦੇ ਪੁੱਤਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ।