ਬਰਗਾੜੀ ਮੋਰਚੇ ਦੀ ਸਮਾਪਤੀ ਬਾਰੇ ਫੈਸਲਾ ਸਵਾਲਾਂ ਦੇ ਘੇਰੇ ਵਿਚ

ਅੰਮ੍ਰਿਤਸਰ: ਬਰਗਾੜੀ ਇਨਸਾਫ ਮੋਰਚਾ ਦੇ ਲੀਡਰ ਦੋਫਾੜ ਹੋ ਗਏ ਹਨ। ਇਸ ਨਾਲ ਸਿੱਖ ਸੰਗਤਾਂ ਵੀ ਨਿਰਾਸ਼ ਹਨ। ਦਰਅਸਲ, ਬਰਗਾੜੀ ਇਨਸਾਫ਼ ਮੋਰਚਾ ਖਤਮ ਕਰਨ ਬਾਰੇ ਫੈਸਲੇ ਨੂੰ ਲੈ ਕੇ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਤੇ ਭਾਈ ਬਲਜੀਤ ਸਿੰਘ ਦਾਦੂਵਾਲ ਵਿਚਾਲੇ ਮਤਭੇਦ ਹੋ ਗਿਆ ਹੈ। ਜਥੇਦਾਰ ਦਾਦੂਵਾਲ ਨੇ ਰੋਸ ਪ੍ਰਗਟ ਕਰਦਿਆਂ ਜਥੇਦਾਰ ਮੰਡ ਦੇ ਬਰਗਾੜੀ ਮੋਰਚਾ ਖਤਮ ਕਰਨ ਦੇ ਫੈਸਲੇ ਨੂੰ ਨਾਦਰਸ਼ਾਹੀ ਕਰਾਰ ਦਿੱਤਾ ਹੈ।

ਉਨ੍ਹਾਂ ਸੰਕੇਤ ਦਿੱਤਾ ਕਿ ਉਹ ਇਸ ਸੰਘਰਸ਼ ਨੂੰ ਆਪਣੇ ਤੌਰ ‘ਤੇ ਵੱਖ ਰੂਪ ਵਿਚ ਅਗਾਂਹ ਚਲਾਉਣਗੇ। ਹਾਲਾਂ ਕਿ ਇਕ ਸਮਾਂ ਸੀ ਕਿ ਬਰਗਾੜੀ ਮੋਰਚੇ ਦੀ ਚੜ੍ਹਤ ਵਿਚੋਂ ਪੰਜਾਬੀਆਂ ਖਾਸ ਕਰ ਸਿੱਖਾਂ ਦੀਆਂ ਆਸ਼ਾਵਾਂ ਪੂਰੀਆਂ ਕਰਨ ਵਾਲੀ ਕੋਈ ਪਾਰਟੀ ਨਿਕਲਦੀ ਨਜ਼ਰ ਆ ਰਹੀ ਸੀ। ਭਾਈ ਧਿਆਨ ਸਿੰਘ ਮੰਡ ਨੇ ਤਾਂ ਇਥੋਂ ਤੱਕ ਬਿਆਨ ਦੇ ਦਿੱਤਾ ਸੀ ਕਿ ਬਰਗਾੜੀ ਮੋਰਚਾ ਭਾਵੇਂ ਬਿਨਾਂ ਕੋਈ ਜਥੇਬੰਦੀ ਬਣਾਏ 2019 ਦੀਆਂ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦੇਵੇ ਤਾਂ ਲੋਕ ਉਨ੍ਹਾਂ ਨੂੰ ਆਪੇ ਹੀ ਜਿਤਾ ਦੇਣਗੇ। ਪਰ ਹੌਲੀ-ਹੌਲੀ ਬਰਗਾੜੀ ਮੋਰਚੇ ਨੇ ਆਪਣੀ ਚੜ੍ਹਤ ਗੁਆ ਲਈ ਹੈ। ਇਹ ਨਹੀਂ ਕਿ ਬਰਗਾੜੀ ਮੋਰਚੇ ਦੀ ਕੋਈ ਪ੍ਰਾਪਤੀ ਹੀ ਨਹੀਂ।
ਬਰਗਾੜੀ ਮੋਰਚੇ ਕਾਰਨ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਕਰੀਬ 27 ਵਿਅਕਤੀ ਜੇਲ੍ਹਾਂ ਵਿਚ ਪੁੱਜੇ ਹਨ। ਅਜੇ ਇਕ ਭਗੌੜਾ ਹੈ ਤੇ ਕੁਝ ਮਹੱਤਵਪੂਰਨ ਵਿਅਕਤੀਆਂ ਨੂੰ ਪ੍ਰੋਡਕਸ਼ਨ ਵਰੰਟ ‘ਤੇ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਬੇਅਦਬੀ ਦਾ ਵਿਰੋਧ ਕਰਦੇ ਮਾਰੇ ਗਏ ਅਤੇ ਜ਼ਖ਼ਮੀਆਂ ਨੂੰ ਠੀਕ ਮੁਆਵਜ਼ਾ ਮਿਲਿਆ ਹੈ।
ਗੋਲੀ ਚਲਾਉਣ ਵਾਲੇ ਪੁਲਿਸ ਅਧਿਕਾਰੀਆਂ ਦੇ ਨਾਂ ਐਫ਼ਆਈ.ਆਰ. ਵਿਚ ਦਰਜ ਹੋਏ ਹਨ। ਇਸ ਸਬੰਧ ਵਿਚ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਅਕਸ਼ੈ ਕੁਮਾਰ ਅਤੇ ਕੁਝ ਹੋਰ ਨਾਮਵਰ ਵਿਅਕਤੀਆਂ ਨੂੰ ਜਾਂਚ ਦੇ ਘੇਰੇ ਵਿਚ ਲਿਆ ਗਿਆ ਹੈ। ਪਰ ਇਹ ਬਰਗਾੜੀ ਮੋਰਚੇ ਦੀ ਮੁਕੰਮਲ ਜਿੱਤ ਨਹੀਂ। ਮੋਰਚੇ ਨੂੰ ਖਤਮ ਕਰਨ ਸਮੇਂ ਕਾਹਲੀ ਕੀਤੀ ਗਈ ਤੇ ਬਹੁਤ ਸਾਰੀਆਂ ਧਿਰਾਂ ਨੂੰ ਵਿਸ਼ਵਾਸ ਵਿਚ ਵੀ ਨਹੀਂ ਲਿਆ ਗਿਆ। ਮੋਰਚੇ ਦੀ ਤੀਸਰੀ ਮੰਗ ਜੋ ਸਜ਼ਾ ਪੂਰੀ ਕਰ ਚੁੱਕੇ ਸਿੱਖਾਂ ਦੀ ਰਿਹਾਈ ਸਬੰਧੀ ਸੀ, ਉਹ ਵੀ ਅਜੇ ਅਧਵਾਟੇ ਹੀ ਹੈ। ਇਸ ਤਰ੍ਹਾਂ ਦੀ ਸਥਿਤੀ ਨੇ ਮੋਰਚਾ ਚਲਾਉਣ ਵਾਲੀਆਂ ਧਿਰਾਂ ਨੂੰ ਹੀ ਲੋਕ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ ਹੈ। ਉੱਪਰੋਂ ਆਪਸ ਵਿਰੋਧੀ ਬਿਆਨਬਾਜ਼ੀ, ਇਨ੍ਹਾਂ ਮੋਰਚਾ ਚਲਾਉਣ ਵਾਲੀਆਂ ਧਿਰਾਂ ਦੇ ਅਕਸ ਨੂੰ ਖ਼ਰਾਬ ਕਰ ਰਹੀ ਹੈ। ਭਾਵੇਂ ਸਰਕਾਰ ਦੇ ਮੰਤਰੀ ਮੋਰਚਾ ਖ਼ਤਮ ਕਰਵਾਉਣ ਲਈ ਬਰਗਾੜੀ ਆਏ ਪਰ ਅਸਲੀਅਤ ਇਹ ਹੈ ਕਿ ਇਨ੍ਹਾਂ ਨੂੰ ਆਉਣ ਲਈ ਮਨਾਉਣ ਵਾਸਤੇ ਵੀ ਬਰਗਾੜੀ ਮੋਰਚੇ ਦੇ ਪ੍ਰਬੰਧਕਾਂ ਵੱਲੋਂ ਪਹੁੰਚ ਕੀਤੀ ਗਈ ਸੀ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਮੋਰਚਾ ਖ਼ਤਮ ਕਰ ਦਿੱਤਾ ਗਿਆ। ਪਰ ਇਸ ਤੋਂ ਬਾਅਦ ਜਿਸ ਤਰ੍ਹਾਂ ਦੀਆਂ ਸਥਿਤੀਆਂ ਬਣਦੀਆਂ ਦਿਖਾਈ ਦੇ ਰਹੀਆਂ ਹਨ, ਉਹ ਇਹੀ ਪ੍ਰਭਾਵ ਦੇ ਰਹੀਆਂ ਹਨ ਕਿ ਬਰਗਾੜੀ ਮੋਰਚੇ ਵਿਚੋਂ ਸਿੱਖਾਂ ਦੀ ਕਿਸੇ ਸਰਬ ਪ੍ਰਵਾਨਿਤ ਜਥੇਬੰਦੀ ਦੇ ਉੱਭਰਨ ਦੀ ਬਹੁਤੀ ਆਸ ਨਹੀਂ ਹੈ।
_______________________________
ਮੋਰਚਾ ਸਰਕਾਰ ਨੇ ਲਵਾਇਆ ਤੇ ਸਰਕਾਰ ਨੇ ਹੀ ਚੁਕਵਾਇਆ: ਬਾਦਲ
ਮਲੋਟ: ਸਾਬਕਾ ਮੁੱਖ ਮੰਤਰੀ ਤੇ ਅਕਾਲੀ ਦਲ ਪਾਰਟੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਬਰਗਾੜੀ ਸਾਹਿਬ ਦੇ ਮੋਰਚੇ ਬਾਰੇ ਕਿਹਾ ਕਿ ਇਹ ਮੋਰਚਾ ਸਰਕਾਰ ਨੇ ਲਵਾਇਆ ਸੀ ਅਤੇ ਸਰਕਾਰ ਨੇ ਚੁਕਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਰਤਾਰਪੁਰ ਲਾਂਘਾ ਸੰਗਤਾਂ ਦੀ ਅਰਦਾਸ ਨਾਲ ਖੁੱਲ੍ਹ ਰਿਹਾ ਹੈ, ਕਿਸੇ ਨੂੰ ਵੀ ਆਪਣੇ ਸਿਰ ਸਿਹਰਾ ਨਹੀਂ ਲੈਣਾ ਚਾਹੀਦਾ।