ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਘਿਰੇ ਜੀæ ਕੇæ ਨੇ ਦਿੱਲੀ ਕਮੇਟੀ ਦੀ ਪ੍ਰਧਾਨਗੀ ਤੋਂ ਦਿੱਤਾ ਅਸਤੀਫਾ

ਨਵੀਂ ਦਿੱਲੀ: ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਘਿਰੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀæ ਕੇæ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ਕਾਰਜਕਾਰਨੀ ਕਮੇਟੀ ਦੀਆਂ ਚੋਣਾਂ ਤਕਰੀਬਨ ਤਿੰਨ ਮਹੀਨੇ ਪਹਿਲਾਂ ਕਰਾਉਣ ਦਾ ਐਲਾਨ ਵੀ ਕਰ ਦਿੱਤਾ। ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਸਮੇਤ ਬਾਦਲ ਧੜੇ ਦੇ 14 ਮੈਂਬਰਾਂ ਨੇ ਆਪਣੇ ਅਸਤੀਫੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਭੇਜ ਦਿੱਤੇ। ਇਹ ਘਟਨਾਕ੍ਰਮ ਉਸ ਸਮੇਂ ਵਾਪਰਿਆ ਜਦੋਂ ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ਾਂ ‘ਤੇ ਸਿਰਸਾ ਨੇ ਕਾਰਜਕਾਰਨੀ ਬੋਰਡ ਦੀ ਬੈਠਕ ਸੱਦੀ ਸੀ।

ਦਿੱਲੀ ਕਮੇਟੀ ਦੇ ਕਾਨਫਰੰਸ ਹਾਲ ਵਿਖੇ ਬੈਠਕ ਦੌਰਾਨ ਮੈਂਬਰਾਂ ਵਿਚਕਾਰ ਤਿੱਖੀ ਬਹਿਸ ਵੀ ਹੋਈ। ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀæ ਕੇæ ਨੇ ਕਿਹਾ ਕਿ ਉਹ ਆਪਣੇ ਉਪਰ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਮੁਕਤ ਹੋਣ ਤੱਕ ਕਮੇਟੀ ਵਿੱਚ ਕੋਈ ਅਹੁਦਾ ਨਹੀਂ ਲੈਣਗੇ। ਉਨ੍ਹਾਂ ਐਲਾਨ ਕੀਤਾ ਕਿ ਕਾਰਜਕਾਰਨੀ ਕਮੇਟੀ ਦੀਆਂ ਚੋਣਾਂ ਤੈਅ ਸਮੇਂ ਤੋਂ ਪਹਿਲਾਂ 27-29 ਦਸੰਬਰ ਜਾਂ ਦਿੱਲੀ ਗੁਰਦੁਆਰਾ ਚੋਣ ਬੋਰਡ ਵੱਲੋਂ ਨਿਰਧਾਰਤ ਕੀਤੀ ਜਾਣ ਵਾਲੀ ਤਰੀਕ ਨੂੰ ਕਰਵਾਈਆਂ ਜਾਣਗੀਆਂ। ਇਸ ਦੌਰਾਨ ਗੁਰਦੁਆਰਾ ਚੋਣ ਬੋਰਡ ਨੂੰ ਚਿੱਠੀ ਲਿਖ ਦਿੱਤੀ ਗਈ ਹੈ। ਉਂਜ ਮੌਜੂਦਾ ਕਾਰਜਕਾਰਨੀ ਦੀ ਮਿਆਦ 29 ਮਾਰਚ 2019 ਤੱਕ ਹੈ। ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਕਮੇਟੀ ਵਿਚ ਤਾਕਤਾਂ ਨੂੰ ਲੈ ਕੇ ਜੀæ ਕੇæ ਨਾਲ ਕੋਈ ਟਕਰਾਅ ਨਹੀਂ ਹੈ।
ਗਹਿਮਾ-ਗਹਿਮੀ ਦੌਰਾਨ ਗੀਤਾ ਕਾਲੋਨੀ ਤੋਂ ਕਮੇਟੀ ਮੈਂਬਰ ਹਰਿੰਦਰਪਾਲ ਸਿੰਘ ਬੈਠਕ ਵਿਚੋਂ ਬਾਈਕਾਟ ਕਰ ਕੇ ਬਾਹਰ ਚਲੇ ਗਏ ਤੇ ਉਨ੍ਹਾਂ ਬਾਹਰ ਆ ਕੇ ਆਪਣਾ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ। ਸ੍ਰੀ ਸਿਰਸਾ, ਕੁਲਵੰਤ ਸਿੰਘ ਬਾਠ ਤੇ ਹੋਰ ਆਗੂ ਉਨ੍ਹਾਂ ਨੂੰ ਮਨਾ ਕੇ ਮੀਟਿੰਗ ਹਾਲ ਵਿਚ ਲੈ ਗਏ।
__________________________
ਨਵੇਂ ਅੰਤ੍ਰਿੰਗ ਬੋਰਡ ਦੀਆਂ ਚੋਣਾਂ ਲਈ ਸਥਿਤੀ ਸਪੱਸ਼ਟ ਨਹੀਂ
ਸਿੱਖ ਸਿਆਸਤ ਨਾਲ ਜੁੜੇ ਕੁਝ ਮਾਹਿਰਾਂ ਮੁਤਾਬਕ 27 ਜਾਂ 29 ਦਸੰਬਰ ਨੂੰ ਨਵੇਂ ਬੋਰਡ ਲਈ ਚੋਣਾਂ ਕਰਵਾਉਣੀਆਂ ਇਸ ਕਰ ਕੇ ਵੀ ਸੰਭਵ ਨਹੀਂ ਹੋਣਗੀਆਂ ਕਿਉਂਕਿ ਦਿੱਲੀ ਕਮੇਟੀ ਦੇ ਮੌਜੂਦਾ ਅੰਤ੍ਰਿੰਗ ਬੋਰਡ ਦੀ ਮਿਆਦ 29 ਮਾਰਚ 2019 ਤੱਕ ਹੈ। ਇਸ ਲਈ ਗੁਰਦੁਆਰਾ ਡਾਇਰੈਕਟਰ ਵੱਲੋਂ ਪਹਿਲਾਂ ਇਹ ਮਾਮਲਾ ਕਾਨੂੰਨੀ ਵਿਭਾਗ ਕੋਲ ਭੇਜ ਕੇ ਇਹ ਸਲਾਹ ਮੰਗੀ ਜਾਵੇਗੀ ਕਿ, ਪਿਛਲੇ ਬੋਰਡ ਦੀ ਮਿਆਦ ਤੋਂ ਤਿੰਨ ਮਹੀਨੇ ਪਹਿਲਾਂ ਹੀ ਨਵੇਂ ਅੰਤ੍ਰਿੰਗ ਬੋਰਡ ਦੀ ਚੋਣ ਕਰਵਾਈ ਜਾ ਸਕਦੀ ਹੈ ਜਾਂ ਨਹੀਂ?
ਜੇਕਰ ਕਰਵਾਈ ਜਾ ਸਕਦੀ ਹੈ ਤਾਂ, ਕੀ ਨਵਾਂ ਅੰਤ੍ਰਿੰਗ ਬੋਰਡ ਅਗਲੇ 2 ਸਾਲ ਲਈ ਕਾਰਜਸ਼ੀਲ ਰਹੇਗਾ ਜਾਂ ਪਿਛਲੇ ਅੰਤ੍ਰਿੰਗ ਬੋਰਡ ਦੇ ਬਾਕੀ ਬਚੇ 3 ਮਹੀਨੇ ਲਈ ਹੀ ਕੰਮ ਕਰ ਸਕੇਗਾ। ਫਿਰ ਗੁਰਦੁਆਰਾ ਡਾਇਰੈਕਟੋਰੇਟ ਵੱਲੋਂ ਮੰਗੀ ਸਲਾਹ ਬਾਰੇ ਕਾਨੂੰਨੀ ਵਿਭਾਗ ਕਦੋਂ ਜਵਾਬ ਦੇਵੇਗਾ, ਇਸ ਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਪਿਛਲੀਆਂ ਆਮ ਚੋਣਾਂ 26 ਫਰਵਰੀ 2017 ਨੂੰ ਹੋਈਆਂ ਸੀ ਜਿਸ ਵਿਚ ਅਕਾਲੀ ਦਲ (ਬਾਦਲ) ਨੇ ਜਿੱਤ ਪ੍ਰਾਪਤ ਕੀਤੀ ਸੀ। ਨਵੀਂ ਕਮੇਟੀ ਦੇ ਗਠਨ ਲਈ ਚੁਣੇ ਹੋਏ ਮੈਂਬਰਾਂ ਦਾ ਪਹਿਲਾ ਜਨਰਲ ਇਜਲਾਸ 24 ਮਾਰਚ ਨੂੰ ਸੱਦਿਆ ਗਿਆ ਸੀ ਜਿਸ ਵਿਚ ਮਨਜੀਤ ਸਿੰਘ ਜੀæਕੇæ ਨੂੰ ਪ੍ਰੋਟੈਮ ਸਪੀਕਰ (ਆਰਜ਼ੀ ਚੇਅਰਮੈਨ) ਚੁਣਿਆ ਅਤੇ ਇਸ ਤੋਂ ਬਾਅਦ ਦਿੱਲੀ ਫ਼ਤਿਹ ਦਿਵਸ ਸਮਾਗਮਾਂ ਦਾ ਹਵਾਲਾ ਦਿੰਦੇ ਹੋਏ ਜਨਰਲ ਹਾਊਸ ਮੁਲਤਵੀ ਕਰ ਦਿੱਤਾ ਗਿਆ ਸੀ।