ਬੁਲੰਦਸ਼ਹਿਰ ਕਾਂਡ ਖਤਰਨਾਕ ਸਾਜ਼ਿਸ਼ ਦਾ ਸੰਕੇਤ

ਬੂਟਾ ਸਿੰਘ
ਫੋਨ: 91-94634-74342
ਹਾਲ ਹੀ ਵਿਚ ਯੂ.ਪੀ. ਦੇ ਬੁਲੰਦਸ਼ਹਿਰ ਜ਼ਿਲ੍ਹੇ ਦੇ ਸਿਆਨਾ ਇਲਾਕੇ ਵਿਚ ਜੋ ਵਾਪਰਿਆ, ਉਸ ਨਾਲ ਸੰਘ ਪਰਿਵਾਰ ਵਲੋਂ ਪੂਰੇ ਮੁਲਕ ਵਿਚ ਫਿਰਕੂ ਫਸਾਦਾਂ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਦੀ ਨਵੀਂ ਕੜੀ ਸਾਹਮਣੇ ਆਈ ਹੈ। ਬੁਲੰਦ ਸ਼ਹਿਰ ਦੇ ਬਾਹਰ ‘ਤਬਲੀਗੀ ਇਤਜੀਮਾ’ (ਮੁਸਲਿਮ ਭਾਈਚਾਰੇ ਦਾ ਤਿੰਨ ਰੋਜ਼ਾ ਧਾਰਮਿਕ ਇਕੱਠ) ਮੌਕੇ ਗਊ ਦੇ ਕਰੰਗ ਅਤੇ ਟੁਕੜੇ ਸੁੱਟ ਕੇ ਇਹ ਕਹਾਣੀ ਪ੍ਰਚਾਰੀ ਗਈ ਕਿ ਇਥੇ ਗਊ ਹੱਤਿਆ ਕੀਤੀ ਗਈ ਹੈ।

ਇਸ ਇਲਾਕੇ ਵਿਚ ਸਦਾ ਫਿਰਕੂ ਸਦਭਾਵਨਾ ਦਾ ਮਾਹੌਲ ਰਿਹਾ ਹੈ ਅਤੇ ਉਥੇ ਬਾਬਰੀ ਮਸਜਿਦ ਢਾਹੇ ਜਾਣ ਜਾਂ ਹੋਰ ਵੱਡੇ ਕਾਂਡਾਂ ਸਮੇਂ ਵੀ ਕਦੇ ਫਿਰਕੂ ਤਣਾਓ ਨਹੀਂ ਰਿਹਾ। ਹਿੰਦੂ ਭਾਈਚਾਰੇ ਵਲੋਂ ਮੁਸਲਿਮ ਪੰਜਾਹ ਹਜ਼ਾਰ ਅਕੀਦਤਮੰਦਾਂ ਲਈ ਖਾਣੇ ਦੇ ਉਚੇਚਾ ਇੰਤਜ਼ਾਮ ਕੀਤੇ ਗਏ। ਹਿੰਦੂ ਅਤੇ ਮੁਸਲਿਮ ਭਾਈਚਾਰੇ ਇਕ ਦੂਜੇ ਦੇ ਧਾਰਮਿਕ ਤਿਓਹਾਰਾਂ ਮੌਕੇ ਇਕ ਦੂਸਰੇ ਲਈ ਇਸ ਤਰ੍ਹਾਂ ਖੁਸ਼ੀ ਖੁਸ਼ੀ ਲੰਗਰ ਦਾ ਇੰਤਜ਼ਾਮ ਅਕਸਰ ਹੀ ਕਰਦੇ ਹਨ। ਇਥੋਂ ਤਕ ਕਿ ਹਿੰਦੂ ਮੰਦਰ ਵਿਚ ਮੁਸਲਮਾਨਾਂ ਨੂੰ ਨਮਾਜ ਪੜ੍ਹਨ ਲਈ ਜਗ੍ਹਾ ਮੁਹੱਈਆ ਕਰਨ ਦੀ ਆਹਲਾ ਮਿਸਾਲ ਵੀ ਇਸ ਇਲਾਕੇ ਨੇ ਪੇਸ਼ ਕੀਤੀ ਹੈ। ਲਿਹਾਜ਼ਾ ਇਸ ਇਲਾਕੇ ਨੂੰ ਭੜਕਾਹਟ ਪੈਦਾ ਕਰਨ ਲਈ ਖਾਸ ਤੌਰ ‘ਤੇ ਚੁਣਿਆ ਗਿਆ ਜਾਪਦਾ ਹੈ।
‘ਗਊ ਹੱਤਿਆ’ ਦਾ ਸ਼ਿਕਾਇਤ ਕਰਤਾ ਬਜਰੰਗ ਦਲ ਦਾ ਆਗੂ ਯੋਗੇਸ਼ ਰਾਜ ਹੈ ਜਿਸ ਨੇ ਪਹਿਲਾਂ ਬਿਆਨ ਦਿੱਤਾ ਕਿ ਉਸ ਨੂੰ ਸਵੇਰ ਦੀ ਸੈਰ ਕਰਦੇ ਵਕਤ ਗਊ ਹੱਤਿਆ ਕੀਤੇ ਜਾਣ ਦਾ ਪਤਾ ਲੱਗਿਆ। ਹੁਣ ਜਦੋਂ ਇੰਸਪੈਕਟਰ ਸੁਬੋਧ ਕੁਮਾਰ ਸਿੰਘ ਦੀ ਹੱਤਿਆ ਲਈ ਉਸ ਨੂੰ ਮੁੱਖ ਮੁਲਜ਼ਮ ਨਾਮਜ਼ਦ ਕਰ ਲਿਆ ਗਿਆ ਹੈ ਤਾਂ ਵੀਡੀਓ ਕਲਿੱਪ ਜਾਰੀ ਕਰਕੇ ਉਹ ਆਪਣੇ ਪਹਿਲੇ ਬਿਆਨ ਤੋਂ ਮੁੱਕਰ ਗਿਆ ਹੈ। ਹੁਣ ਉਹ ਕਹਿ ਰਿਹਾ ਹੈ ਕਿ ਉਹ ਮੌਕੇ ‘ਤੇ ਮੌਜੂਦ ਨਹੀਂ ਸੀ, ਉਸ ਨੂੰ ਕਿਸੇ ਹੋਰ ਨੇ ਸੂਚਨਾ ਦਿੱਤੀ ਸੀ ਕਿ ਫਲਾਣੀ ਥਾਂ ਗਊ ਦੇ ਕਰੰਗ ਅਤੇ ਸਰੀਰ ਦੇ ਟੁਕੜੇ ਪਏ ਹਨ।
ਸਥਾਨਕ ਲੋਕਾਂ ਨੇ ਇਸ ਤੋਂ ਬਿਲਕੁਲ ਵੱਖਰੀ ਕਹਾਣੀ ਦੱਸੀ ਹੈ। ਉਨ੍ਹਾਂ ਦਾ ਸਵਾਲ ਇਹ ਹੈ ਕਿ ਜੇ ਇਹ ਫਿਰਕੂ ਝਗੜਾ ਕਰਵਾਉਣ ਦੀ ਤੈਅਸ਼ੁਦਾ ਸਾਜ਼ਿਸ਼ ਨਹੀਂ ਸੀ ਤਾਂ ਉਨ੍ਹਾਂ ਤੋਂ ਵੀ ਪਹਿਲਾਂ ਬਾਹਰਲੇ ਲੋਕ ਉਥੇ ਕਿਵੇਂ ਪਹੁੰਚ ਗਏ ਜੋ ਸੜਕ ਦੇ ਦੂਜੇ ਪਾਸੇ ਰਹਿੰਦੇ ਹਨ? ਤੱਥ ਵੀ ਇਸ ਦੀ ਤਸਦੀਕ ਕਰ ਰਹੇ ਹਨ। ਉਸ ਦਿਨ ਖੇਤ ਦੇ ਮਾਲਕ ਰਾਜ ਕੁਮਾਰ ਚੌਧਰੀ ਨੇ ਆਪਣੇ ਖੇਤ ਵਿਚ ਮਰੇ ਪਸ਼ੂਆਂ ਦੇ ਕੁਝ ਕਰੰਗ ਦੇਖੇ ਅਤੇ ਉਸ ਨੇ ਗਊ ਹੱਤਿਆ ਦੇ ਨਾਂ ਕੀਤੀ ਜਾ ਰਹੀ ਹਜੂਮੀ ਹਿੰਸਾ ਦੇ ਡਰ ਦੇ ਮੱਦੇਨਜ਼ਰ ਖੁਦ ਪੁਲਿਸ ਨੂੰ ਇਤਲਾਹ ਦਿੱਤੀ। ਸਥਾਨਕ ਲੋਕ ਚਾਹੁੰਦੇ ਸਨ ਕਿ ਇਨ੍ਹਾਂ ਨੂੰ ਦਫਨਾ ਦਿੱਤਾ ਜਾਵੇ ਅਤੇ ਪੁਲਿਸ ਇਸ ਦੀ ਜਾਂਚ ਕਰੇ। ਲੇਕਿਨ ਇਸ ਦੌਰਾਨ ਇਹ ਖਬਰ ਬਜਰੰਗ ਦਲ ਦੇ ਆਗੂਆਂ ਨੂੰ ਪਹੁੰਚ ਗਈ ਅਤੇ ਇਨ੍ਹਾਂ ਬਾਹਰਲੇ ਹੁੱਲੜਬਾਜ਼ਾਂ ਨੇ ਉਥੇ ਆ ਕੇ ਹੰਗਾਮਾ ਕਰ ਦਿੱਤਾ। ਉਨ੍ਹਾਂ ਨੇ ਪਿੰਜਰ ਅਤੇ ਹੋਰ ਟੁਕੜੇ ਟਰਾਲੀ ਵਿਚ ਲੱਦ ਕੇ ਥਾਣੇ ਲਿਜਾਣ ਦੀ ਜ਼ਿਦ ਕੀਤੀ ਅਤੇ ਮੁੱਖ ਸੜਕ ਉਪਰ ਜਾਮ ਲਗਾ ਦਿੱਤਾ। ਉਨ੍ਹਾਂ ਨੇ ਉਥੇ ਜੁੜੇ ਹਿੰਦੂ ਹਜੂਮ ਨੂੰ ‘ਤਬਲੀਗੀ ਇਤਜੀਮਾ’ ਤੋਂ ਵਾਪਸ ਆ ਰਹੇ ਮੁਸਲਮਾਨਾਂ ਉਪਰ ਹਮਲਾ ਕਰਨ ਲਈ ਉਕਸਾਇਆ। ਇਹ ਗਿਣੀ-ਮਿਥੀ ਸਾਜ਼ਿਸ਼ ਸੀ। ਉਸ ਵਕਤ ਧਾਰਮਿਕ ਸਮਾਗਮ ਵਿਚ ਲੱਖਾਂ ਦੀ ਤਾਦਾਦ ਵਿਚ ਜੁੜੇ ਮੁਸਲਮਾਨਾਂ ਦੀ ਵਾਪਸੀ ਹੋ ਰਹੀ ਸੀ ਅਤੇ ਕਿਸੇ ਮਾਮੂਲੀ ਤਕਰਾਰ ਨੂੰ ਸੌਖਿਆਂ ਹੀ ਵੱਡੇ ਫਿਰਕੂ ਫਸਾਦ ਵਿਚ ਬਦਲਿਆ ਜਾ ਸਕਦਾ ਸੀ। ਇਸ ਦੀ ਤਸਦੀਕ ਮਰਹੂਮ ਇੰਸਪੈਕਟਰ ਨਾਲ ਡਿਊਟੀ ‘ਤੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਕੀਤੀ ਹੈ।
ਸੂਬੇ ਵਿਚ ਮੁਜ਼ੱਫਰਨਗਰ ਵਰਗੇ ਵੱਡੇ ਫਿਰਕੂ ਕਾਂਡਾਂ ਦੇ ਮੱਦੇਨਜ਼ਰ ਸਥਾਨਕ ਪੁਲਿਸ ਨੇ ਦਖਲ ਦੇ ਕੇ ਮਾਹੌਲ ਸ਼ਾਂਤ ਰੱਖਣ ਦੀ ਕੋਸ਼ਿਸ਼ ਕੀਤੀ ਅਤੇ ਹਿੰਦੂਤਵ ਅਨਸਰਾਂ ਵਲੋਂ ਭੜਕਾਏ ਜਾ ਰਹੇ ਹਜੂਮ ਨੂੰ ਖਿੰਡਾਉਣ ਲਈ ਲਾਠੀਚਾਰਜ ਕੀਤਾ। ਪਹਿਲਾਂ ਹੀ ਤਿਆਰੀ ਨਾਲ ਆਏ ਬਜਰੰਗ ਦਲੀਆਂ ਵਲੋਂ ਚਲਾਈਆਂ ਗੋਲੀਆਂ ਨਾਲ ਪੁਲਿਸ ਇੰਸਪੈਕਟਰ ਅਤੇ ਇਕ ਸਥਾਨਕ ਹਿੰਦੂ ਨੌਜਵਾਨ ਮਾਰੇ ਗਏ ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਬਜਰੰਗ ਦਲ ਦਾ ਹਮਾਇਤੀ ਸੀ। ਪੁਲਿਸ ਇੰਸਪੈਕਟਰ ਸੁਬੋਧ ਕੁਮਾਰ ਸਿੰਘ ਦੇ ਮਾਰੇ ਜਾਣ ਨਾਲ ਹਿੰਦੂਤਵ ਬ੍ਰਿਗੇਡ ਕਸੂਤੀ ਹਾਲਤ ਵਿਚ ਘਿਰ ਗਿਆ ਹੈ। ਵੀਡੀਓ ਸਬੂਤ ਦੇ ਆਧਾਰ ‘ਤੇ ਕਥਿਤ ਗੋਲੀ ਚਲਾਉਣ ਵਾਲੇ ‘ਜੀਤੂ ਫੌਜੀ’ ਨਾਂ ਦੇ ਸ਼ਖਸ ਨੂੰ ਕਸ਼ਮੀਰ ਵਿਚੋਂ ਗ੍ਰਿਫਤਾਰ ਕੀਤਾ ਗਿਆ ਹੈ, ਜਿਥੇ ਉਹ ਡਿਊਟੀ ਕਰਦਾ ਹੈ ਅਤੇ ਵਾਰਦਾਤ ਸਮੇਂ ਉਹ ਆਪਣੇ ਪਿੰਡ ਛੁੱਟੀ ਗਿਆ ਹੋਇਆ ਸੀ। ਸੱਚਮੁੱਚ ਉਸੇ ਨੇ ਗੋਲੀ ਚਲਾਈ, ਇਸ ਦੀ ਤਸਦੀਕ ਤਾਂ ਅਜੇ ਹੋਣੀ ਬਾਕੀ ਹੈ, ਕਿਉਂਕਿ ਇਹ ਹੁਕਮਰਾਨ ਧਿਰ ਦੇ ਰਾਜਸੀ ਦਬਾਓ ਹੇਠ ਪੁਲਿਸ ਦੀ ਅਸਲ ਦੋਸ਼ੀਆਂ ਦੀ ਭੂਮਿਕਾ ਤੋਂ ਧਿਆਨ ਹਟਾਉਣ ਦੀ ਚਾਲ ਵੀ ਹੋ ਸਕਦੀ ਹੈ; ਲੇਕਿਨ ਜੇ ਇਹ ਸੱਚ ਹੈ ਤਾਂ ਇਹ ਖਤਰਨਾਕ ਹਾਲਤ ਵੱਲ ਇਸ਼ਾਰਾ ਕਰਦਾ ਹੈ। ਉਹ ਇਹ ਕਿ ਫੌਜ ਵਰਗੀਆਂ ਅਹਿਮ ਰਾਜਕੀ ਸੰਸਥਾਵਾਂ ਦੇ ਮੁਲਾਜ਼ਮ ਹਿੰਦੂਤਵ ਦੀ ਜ਼ਹਿਰੀਲੀ ਵਿਚਾਰਧਾਰਾ ਤੋਂ ਕਿੰਨਾ ਡੂੰਘੇ ਰੂਪ ਵਿਚ ਪ੍ਰਭਾਵਿਤ ਹਨ।
ਜੇ ਗੋਲੀਆਂ ਚਲਾਉਣ ਵਾਲਿਆਂ ਦੇ ਖਿਲਾਫ ਤੱਥਾਂ ਦੇ ਆਧਾਰ ‘ਤੇ ਪੁਲਿਸ ਕਾਰਵਾਈ ਕੀਤੀ ਜਾਂਦੀ ਹੈ ਤਾਂ ਬਜਰੰਗ ਦਲ ਅਤੇ ਇਸ ਦੇ ਹਿੰਦੂਤਵ ਬੌਸਾਂ ਦੀ ਸਾਜ਼ਿਸ਼ ਨੰਗੀ ਹੁੰਦੀ ਹੈ। ਮਾਮਲੇ ਨੂੰ ਰਫਾ-ਦਫਾ ਕਰਨ ਲਈ ਪੁਲਿਸ ਮੁਖੀ ਵਲੋਂ ਇਸ ਪਿੱਛੇ ‘ਬਹੁਤ ਵੱਡੀ ਸਾਜ਼ਿਸ਼’ ਦੀ ਕਹਾਣੀ ਪਰੋਸੀ ਗਈ ਹੈ ਅਤੇ ਆਲੇ-ਦੁਆਲੇ ਦੇ ਪਿੰਡਾਂ ਨਾਲ ਸਬੰਧਤ ਸੱਤ ਮੁਸਲਮਾਨ ਨੌਜਵਾਨਾਂ ਨੂੰ ਬਜਰੰਗ ਦਲ ਦੇ ਦਬਾਓ ਹੇਠ ਨਾਮਜ਼ਦ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਨ੍ਹਾਂ ਵਿਚੋਂ ਦੋ ਨਾਬਾਲਗ ਹਨ। ਉਨ੍ਹਾਂ ਨੂੰ ਗਊ ਹਤਿਆਰੇ ਦੱਸਿਆ ਜਾ ਰਿਹਾ ਹੈ ਜਦਕਿ ਮੀਡੀਆ ਦੇ ਹਿੱਸਿਆਂ ਵਲੋਂ ਕੀਤੀ ਨਿਰਪੱਖ ਛਾਣਬੀਣ ਤੋਂ ਇਹ ਸਾਹਮਣੇ ਆਇਆ ਹੈ ਕਿ ਇਹ ਸਾਰੇ ਉਸ ਵਕਤ ਧਾਰਮਿਕ ਸਮਾਗਮ ਵਿਚ ਗਏ ਹੋਏ ਸਨ ਅਤੇ ਆਪਣੇ ਪਿੰਡਾਂ ਵਿਚ ਨਹੀਂ ਸਨ। ਉਨ੍ਹਾਂ ਦੀ ਆਪਸ ਵਿਚ ਕੋਈ ਜਾਣ-ਪਛਾਣ ਨਹੀਂ ਹੈ ਅਤੇ ਦੋ ਤਾਂ ਰੋਟੀ-ਰੋਜ਼ੀ ਲਈ ਸਾਲਾਂ ਤੋਂ ਮੁੰਬਈ ਅਤੇ ਹਰਿਆਣਾ ਵਿਚ ਰਹਿ ਰਹੇ ਹਨ।
2014 ਤੋਂ ਬਾਅਦ ਮੋਦੀ ਰਾਜ ਵਿਚ ਅਤੇ ਭਾਜਪਾ ਦੀਆਂ ਸਰਕਾਰਾਂ ਵਾਲੇ ਸੂਬਿਆਂ ਵਿਚ ਲਗਾਤਾਰ ਕੀਤੇ ਜਾ ਰਹੇ ਹਜੂਮ ਕਤਲਾਂ ਦਾ ਨੋਟਿਸ ਲੈ ਕੇ ਸੁਪਰੀਮ ਕੋਰਟ ਵਲੋਂ ਪਿੱਛੇ ਜਹੇ ਹਜੂਮੀ ਹਿੰਸਾ ਨੂੰ ਰੋਕਣ ਲਈ ਠੋਸ ਕਦਮ ਚੁੱਕਣ ਦੇ ਆਦੇਸ਼ ਦਿੱਤੇ ਗਏ ਸਨ। ਬੁਲੰਦ ਸ਼ਹਿਰ ਕਾਂਡ ਇਸ ਦਾ ਗਵਾਹ ਹੈ ਕਿ ਭਗਵੇਂ ਹੁਕਮਰਾਨ ਕਿਵੇਂ ਸੁਪਰੀਮ ਕੋਰਟ ਦੇ ਆਦੇਸ਼ਾਂ ਦੀਆਂ ਧੱਜੀਆਂ ਉਡਾ ਰਹੇ ਹਨ। ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਪੁਲਿਸ ਇੰਸਪੈਕਟਰ ਦਾ ਮਾਰੇ ਜਾਣਾ ਬਾਰੇ ਖਾਮੋਸ਼ ਹਨ। ਲੰਮੀ ਖਾਮੋਸ਼ੀ ਤੋਂ ਬਾਅਦ ਮਹੰਤ ਅਦਿਤਿਆਨਾਥ ਨੇ ਜੋ ਬਿਆਨ ਦਿੱਤਾ, ਉਸ ਤੋਂ ਯੂ.ਪੀ. ਸਰਕਾਰ ਦੇ ਮਨਸ਼ੇ ਸਾਫ ਨਜ਼ਰ ਆਉਂਦੇ ਸਨ। ਮੁੱਖ ਮੰਤਰੀ ਨੇ ਤੱਥਾਂ ਦਾ ਮਜ਼ਾਕ ਉਡਾਉਂਦੇ ਹੋਏ ਬੇਸ਼ਰਮੀ ਨਾਲ ਕਿਹਾ ਕਿ ਇੰਸਪੈਕਟਰ ਅਤੇ ਇਕ ਨੌਜਵਾਨ ਦੀ ਹੱਤਿਆ ਹਜੂਮੀ ਕਤਲ ਨਹੀਂ, ਇਹ ਮਹਿਜ਼ ਸਾਧਾਰਨ ਘਟਨਾ ਸੀ। ਇੰਸਪੈਕਟਰ ਦੀ ਹੱਤਿਆ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰਦੇ ਹੋਏ ਉਸ ਨੇ ਹਿੱਕ ਠੋਕ ਕੇ ਕਿਹਾ ਕਿ ‘ਗਊ ਹਤਿਆਰਿਆਂ’ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣਗੀਆਂ। ਬਾਅਦ ਵਿਚ ਚਾਰ ਚੁਫੇਰਿਓਂ ਜ਼ੋਰਦਾਰ ਫਿਟਕਾਰਾਂ ਕਾਰਨ ਉਸ ਨੇ ਮਾਰੇ ਗਏ ਇੰਸਪੈਕਟਰ ਦੇ ਪਰਿਵਾਰ ਨੂੰ ਮਿਲਣ ਅਤੇ ਇਨਸਾਫ ਦੇਣ ਦਾ ਨਾਟਕ ਜ਼ਰੂਰ ਕੀਤਾ, ਲੇਕਿਨ ਸਮੁੱਚੇ ਰਾਜਕੀ ਵਤੀਰੇ ਤੋਂ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਰਹਿ ਜਾਂਦੀ ਕਿ ਅਦਿਤਿਆਨਾਥ ਨੂੰ ਫਿਰਕੂ ਫਸਾਦ ਕਰਾਉਣ ਦੇ ਆਪਣੇ ਤੈਅਸ਼ੁਦਾ ਏਜੰਡੇ ਦੀ ਪੂਰਤੀ ਲਈ ਨਹਾਇਤ ਬੇਸ਼ਰਮੀ ਨਾਲ ਭਗਵੇਂ ਦਹਿਸ਼ਤੀ ਗਰੋਹਾਂ ਦੀ ਖੁੱਲ੍ਹੇਆਮ ਪੁਸ਼ਤਪਨਾਹੀ ਕਰਨ ਤੋਂ ਕੋਈ ਹਿਚਕ ਨਹੀਂ ਹੈ ਅਤੇ ਯੂ.ਪੀ. ਪ੍ਰਸ਼ਾਸਨ ਤੇ ਪੁਲਿਸ ਅਧਿਕਾਰੀ ਸੰਘ ਬ੍ਰਿਗੇਡ ਦੇ ਇਨ੍ਹਾਂ ਦਹਿਸ਼ਤੀ ਗਰੋਹਾਂ ਨੂੰ ਦੇਖ ਕੇ ਅਣਡਿੱਠ ਕਰ ਰਹੇ ਹਨ। ਜੇ ਕੋਈ ਅਧਿਕਾਰੀ ਮਾਹੌਲ ਨੂੰ ਵਿਗੜਨ ਤੋਂ ਰੋਕਣ ਲਈ ਸੰਜੀਦਗੀ ਨਾਲ ਕੋਸ਼ਿਸ਼ ਕਰੇਗਾ ਤਾਂ ਉਸ ਨੂੰ ਇੰਸਪੈਕਟਰ ਸੁਬੋਧ ਕੁਮਾਰ ਸਿੰਘ ਦੀ ਤਰ੍ਹਾਂ ਜਾਨ ਤੋਂ ਹੱਥ ਧੋਣੇ ਪੈ ਸਕਦੇ ਹਨ। ਇਹ ਆਮ ਹੀ ਚਰਚਾ ਹੈ ਕਿ ਇੰਸਪੈਕਟਰ ਦੀ ਹੱਤਿਆ ਗਿਣ-ਮਿਥ ਕੇ ਕੀਤੀ ਗਈ ਹੈ ਕਿਉਂਕਿ ਉਹ ਦਾਦਰੀ ਕਾਂਡ ਵਿਚ ਮੁੱਢਲਾ ਜਾਂਚ ਅਧਿਕਾਰੀ ਸੀ ਜਿਸ ਨੇ ਅਖਲਾਕ ਦੇ ਕਤਲ ਕਾਂਡ ਦੀ ਜਾਂਚ ਕਰਕੇ ਕਥਿਤ ਗਊ ਹੱਤਿਆ ਦੀ ਕਹਾਣੀ ਦਾ ਸੱਚ ਸਾਹਮਣੇ ਲਿਆਂਦਾ ਸੀ। ਇਸੇ ਕਰਕੇ ਜਾਂਚ ਉਸ ਤੋਂ ਲੈ ਕੇ ਇਕ ਹੋਰ ਅਧਿਕਾਰੀ ਦੇ ਹਵਾਲੇ ਕਰ ਦਿੱਤੀ ਗਈ ਸੀ। ਇਸ ਕਾਰਨ ਸੰਘੀ ਦਹਿਸ਼ਤੀ ਸਰਗਨੇ ਉਸ ਤੋਂ ਖਫਾ ਸਨ।
ਇਸ ਕਾਂਡ ਨਾਲ ਜੁੜੀਆਂ ਦੋ ਹੋਰ ਗੱਲਾਂ ਬਹੁਤ ਮਹੱਤਵਪੂਰਨ ਹਨ। ਹਾਲ ਹੀ ਵਿਚ ਭਾਜਪਾ ਦੀ ਦਲਿਤ ਪਿਛੋਕੜ ਵਾਲੀ ਸੰਸਦ ਮੈਂਬਰ ਸਾਵਿਤਰੀ ਬਾਈ ਫੂਲੇ ਨੇ ਅਸਤੀਫਾ ਦੇ ਦਿੱਤਾ ਹੈ ਜੋ ਮਹੰਤ ਅਦਿਤਿਆਨਾਥ ਵਜ਼ਾਰਤ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਸੀ। 8 ਦਸੰਬਰ ਨੂੰ ਯੋਗੀ ਦੇ ਕੈਬਨਿਟ ਮੰਤਰੀ ਓਮ ਪ੍ਰਕਾਸ਼ ਰਾਜਭਰ ਨੇ ਬਿਆਨ ਦਿੱਤਾ ਹੈ ਕਿ ਸਾਵਿਤਰੀ ਬਾਈ ਫੂਲੇ ਦਾ ਅਸਤੀਫਾ ਦੇਣਾ ਸਹੀ ਫੈਸਲਾ ਹੈ ਕਿਉਂਕਿ ਮੰਤਰੀਆਂ, ਸੰਸਦ ਮੈਂਬਰਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਅਤੇ ਅਦਿਤਿਆਨਾਥ ਮਨਮਾਨੀਆਂ ਕਰ ਰਿਹਾ ਹੈ। ਉਸ ਦੇ ਬਿਆਨ ਦਾ ਅਗਲਾ ਹਿੱਸਾ ਵਧੇਰੇ ਗ਼ੌਰਤਲਬ ਹੈ। ਉਸ ਨੇ ਸਾਫ ਕਿਹਾ ਹੈ ਕਿ ਬੁਲੰਦ ਸ਼ਹਿਰ ਦੀ ਤਾਜ਼ਾ ਹਿੰਸਾ ਭਾਜਪਾ ਵੱਲੋਂ 2019 ਦੀਆਂ ਚੋਣਾਂ ਜਿੱਤਣ ਲਈ ਵੋਟ ਬੈਂਕ ਦੇ ਸਿਲਸਿਲੇ ਵਿਚ ਕਰਵਾਈ ਗਈ ਹੈ। ਭਾਜਪਾ ਦੇ ਇਕ ਵਜ਼ੀਰ ਦਾ ਐਨਾ ਬੇਬਾਕ ਬਿਆਨ ਮਹਿਜ਼ ਨਿੱਜੀ ਕਾਰਨਾਂ ਤੋਂ ਪ੍ਰੇਰਤ ਨਹੀਂ ਹੋ ਸਕਦਾ, ਹੁਕਮਰਾਨ ਧਿਰ ਦੇ ਖਤਰਨਾਕ ਮਨਸੂਬਿਆਂ ਨਾਲ ਅਸਹਿਮਤੀ ਵੀ ਇਸ ਵਿਚ ਲਾਜ਼ਮੀ ਹੋਵੇਗੀ। ਵੈਸੇ ਵੀ ਸੰਘ ਬ੍ਰਿਗੇਡ ਦਾ ਇਤਿਹਾਸ ਦੱਸਦਾ ਹੈ ਕਿ ਕਦੇ-ਕਦੇ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਭਾਜਪਾ ਦੇ ਕੁਝ ਆਗੂ ਮੋਦੀ-ਅਮਿਤ ਸ਼ਾਹ ਦੇ ਇੰਤਹਾ ਤਰੀਕਿਆਂ ਨਾਲ ਅਸਹਿਮਤੀ ਜ਼ਾਹਰ ਕਰਦੇ ਹਨ। ਜਿਵੇਂ ਗੁਜਰਾਤ ਵਿਚ ਮੋਦੀ ਦੀ ਵਜ਼ਾਰਤ ਸਮੇਂ ਹਿੰਦੂਤਵ ਕੈਂਪ ਵੱਲੋਂ ਮੁਸਲਿਮ ਭਾਈਚਾਰੇ ਦੀ ਨਸਲਕੁਸ਼ੀ ਤੋਂ ਸਾਬਕਾ ਗ੍ਰਹਿ ਮੰਤਰੀ ਹਰੇਨ ਪਾਂਡਿਆ ਨੇ ਨਾ ਕੇਵਲ ਨਾਖੁਸ਼ੀ ਜ਼ਾਹਿਰ ਕੀਤੀ ਸੀ ਸਗੋਂ ਜਾਂਚ ਕਮਿਸ਼ਨਾਂ ਅੱਗੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ‘ਤੇ ਗਵਾਹੀ ਵੀ ਦਿੱਤੀ ਸੀ। ਇਹ ਭੇਤ ਖੁੱਲ੍ਹਣ ‘ਤੇ ਉਸ ਦੀ ਹੱਤਿਆ ਕਰਵਾ ਦਿੱਤੀ ਗਈ। ਕਿਹਾ ਜਾਂਦਾ ਹੈ ਕਿ ਉਸ ਦੇ ਹੱਤਿਆ ਦੇ ਸਬੂਤ ਮਿਟਾਉਣ ਲਈ ਹੀ ਮੋਦੀ-ਅਮਿਤ ਸ਼ਾਹ ਦੇ ਨਜ਼ਦੀਕੀ ਪੁਲਿਸ ਅਧਿਕਾਰੀਆਂ ਡੀ.ਜੀ. ਵੰਜਾਰਾ, ਰਾਜ ਕੁਮਾਰ ਪਾਂਡਿਅਨ ਵਲੋਂ ਮਾਮੂਲੀ ਮੁਜਰਿਮ ਸੋਹਰਾਬੂਦੀਨ ਅਤੇ ਉਸ ਦੇ ਸਾਥੀ ਤੁਲਸੀਰਾਮ ਪਰਜਾਪਤੀ ਨੂੰ ਬੱਸ ਵਿਚੋਂ ਅਗਵਾ ਕਰਕੇ ਫਰਜ਼ੀ ਪੁਲਿਸ ਮੁਕਾਬਲੇ ਵਿਚ ਕਤਲ ਕੀਤਾ ਗਿਆ ਅਤੇ ਇਸ ਦੇ ਸਬੂਤ ਖਤਮ ਕਰਨ ਲਈ ਸੋਹਰਾਬੂਦੀਨ ਦੇ ਨਾਲ ਅਗਵਾ ਕੀਤੀ ਉਸ ਦੀ ਪਤਨੀ ਨੂੰ ਕਤਲ ਕਰਕੇ ਉਸ ਦੀ ਲਾਸ਼ ਖਪਾਈ ਗਈ। ਇਸ ਸਿਲਸਿਲੇ ਦੀਆਂ ਤੰਦਾਂ ਇਸ ਮਾਮਲੇ ਦੀ ਸੁਣਵਾਈ ਕਰਨ ਵਾਲੇ ਮਹਰੂਮ ਜਸਟਿਸ ਲੋਇਆ ਦੀ ਸ਼ੱਕੀ ਹਾਲਾਤ ਵਿਚ ਹੋਈ ਮੌਤ ਨਾਲ ਜਾ ਜੁੜਦੀਆਂ ਹਨ। ਇਹ ਆਪਣੇ ਮਨਸੂਬਿਆਂ ਨੂੰ ਅੰਜਾਮ ਦੇਣ ਲਈ ਫਾਸ਼ੀਵਾਦੀ ਸੋਚ ਵਾਲੇ ਹੁਕਮਰਾਨ ਦੇ ਇੰਤਹਾ ਤਰੀਕਿਆਂ ਦੀਆਂ ਚੰਦ ਮਿਸਾਲਾਂ ਹਨ।
ਇਨ੍ਹਾਂ ਖਤਰਨਾਕ ਹਾਲਾਤ ਦੇ ਅੰਦਰ ਮਰਹੂਮ ਇੰਸਪੈਕਟਰ ਦੇ ਬੇਟੇ ਨੇ ਬੇਹੱਦ ਗ਼ਮਗੀਨ ਹੋਣ ਦੇ ਬਾਵਜੂਦ ਫਿਰਕੂ ਸਦਭਾਵਨਾ ਅਤੇ ਮਾਹੌਲ ਨੂੰ ਫਿਰਕੂ ਰੰਗਤ ਦਿੱਤੇ ਜਾਣ ਤੋਂ ਰੋਕਣ ਦਾ ਸੰਦੇਸ਼ ਦਿੱਤਾ ਹੈ ਜੋ ਸੁਖਾਵਾਂ ਸੰਕੇਤ ਹੈ ਕਿ ਫਿਰਕੂ ਤਾਕਤਾਂ ਲਈ ਆਮ ਲੋਕਾਂ ਅੰਦਰਲੀ ਇਨਸਾਨੀਅਤ ਨੂੰ ਖਤਮ ਕਰਨਾ ਐਨਾ ਸੌਖਾ ਨਹੀਂ ਹੈ। ਅੱਜ ਇਸ ਸੰਦੇਸ਼ ਨੂੰ ਪੁਰਜ਼ੋਰ ਮੁਹਿੰਮ ਵਿਚ ਬਦਲਣ ਦੀ ਜ਼ਰੂਰਤ ਹੈ ਕਿਉਂਕਿ 2019 ਦੀਆਂ ਆਮ ਚੋਣਾਂ ਤੋਂ ਪਹਿਲਾਂ ਇਸ ਤਰ੍ਹਾਂ ਦੇ ਕਾਂਡ ਕਰਵਾਏ ਜਾਣ ਦਾ ਵੱਡਾ ਖਦਸ਼ਾ ਬਣਿਆ ਹੋਇਆ ਹੈ।