ਉਚਾ ਦਰ ਬਾਬੇ ਨਾਨਕ ਦਾ

ਐਤਕੀਂ ਬਾਬੇ ਨਾਨਕ ਦਾ ਆਗਮਨ ਪੁਰਬ ਬਹੁਤ ਸੁਭਾਗਾ ਆਇਆ ਹੈ। ਹਰ ਕਿਸਮ ਦੀ ਸਿਆਸਤ ਦੇ ਬਾਵਜੂਦ, ਕਰਤਾਰਪੁਰ ਲਈ ਰਾਹ ਮੋਕਲੇ ਹੋਣ ਲੱਗ ਪਏ ਹਨ। ਚੜ੍ਹਦੇ ਪੰਜਾਬ ਦੇ ਲੋਕਾਂ, ਖਾਸ ਕਰਕੇ ਸਿੱਖਾਂ ਦੀ ਇਹ ਚਿਰੋਕਣੀ ਮੰਗ ਸੀ ਕਿ ਕਰਤਾਰਪੁਰ ਜਿਥੇ ਪਹਿਲੇ ਪਾਤਿਸ਼ਾਹ ਨੇ ਆਪਣੀ ਹਯਾਤੀ ਦੇ ਅਖੀਰਲੇ 18 ਵਰ੍ਹੇ ਕਿਰਤ ਕਰਦਿਆਂ ਅਤੇ ਬਾਣੀ ਰਚਦਿਆਂ ਲੰਘਾਏ ਸਨ, ਉਸ ਸਥਾਨ ਦੇ ਦਰਸ਼ਨਾਂ ਲਈ ਰਾਹ ਸੌਖਾ ਕੀਤਾ ਜਾਵੇ। ਜਾਪਦਾ ਹੈ, ਅੱਜ ਸੱਤ ਦਹਾਕਿਆਂ ਬਾਅਦ ਇਹ ਅਰਦਾਸ ਮਨਜ਼ੂਰ ਹੋਈ ਹੈ, ਜਿਸ ਵਿਚ ਹਰ ਸਿੱਖ ਵਿਛੜੇ ਗੁਰਧਾਮਾਂ ਦੇ ਦਰਸ਼ਨਾਂ-ਦੀਦਾਰਿਆਂ ਲਈ ਅਰਜ਼ੋਈ ਕਰਦਾ ਰਿਹਾ ਹੈ।

ਇਸ ਦਾ ਸਬੱਬ ਬਾਬੇ ਨਾਨਕ ਦਾ ਅਗਲੇ ਸਾਲ ਆ ਰਿਹਾ 550ਵਾਂ ਆਗਮਨ ਪੁਰਬ ਬਣਿਆ ਹੈ। ਹਿੰਦੋਸਤਾਨ ਅਤੇ ਪਾਕਿਸਤਾਨ ਪਿਛਲੇ ਕੁਝ ਸਮੇਂ ਤੋਂ ਇਕ ਖਾਸ ਤਰ੍ਹਾਂ ਦੀ ਸੌੜੀ ਸਿਆਸਤ ਕਾਰਨ ਇਕ-ਦੂਜੇ ਵੱਲ ਪਿੱਠ ਕਰੀ ਖੜ੍ਹੇ ਸਨ ਪਰ ਪਾਕਿਸਤਾਨ ਵਿਚ ਇਸੇ ਸਾਲ ਅਗਸਤ ਮਹੀਨੇ ਇਮਰਾਨ ਖਾਨ ਦੀ ਅਗਵਾਈ ਵਿਚ ਸਰਕਾਰ ਬਣਨ ਵੇਲੇ ਵਕਤ ਨੇ ਅਜਿਹਾ ਗੇੜ ਖਾਧਾ ਕਿ ਅੱਜ ਗੱਲ ਕਰਤਾਰਪੁਰ ਲਾਂਘਾ ਖੁੱਲ੍ਹਣ ਤੱਕ ਜਾ ਅੱਪੜੀ ਹੈ। ਜੇ ਅਸੀਂ ਸਭ ਸਿਆਸਤਾਂ ਇਕ ਪਾਸੇ ਰੱਖ ਕੇ ਪੜਚੋਲ ਕਰੀਏ ਤਾਂ ਇਸ ਦਾ ਸਿਹਰਾ ਬਿਨਾਂ ਸ਼ੱਕ, ਕਾਂਗਰਸੀ ਵਜ਼ੀਰ ਅਤੇ ਸਾਬਕਾ ਕ੍ਰਿਕਟ ਖਿਡਾਰੀ ਨਵਜੋਤ ਸਿੰਘ ਸਿੱਧੂ ਨੂੰ ਜਾਂਦਾ ਹੈ। ਇਮਰਾਨ ਖਾਨ ਨੇ ਉਸ ਵਕਤ ਆਪਣੇ ਹਲਫਦਾਰੀ ਸਮਾਗਮ ਮੌਕੇ ਸਿੱਧੂ ਤੋਂ ਇਲਾਵਾ ਆਪਣੇ ਕੁਝ ਹੋਰ ਕ੍ਰਿਕਟ ਦੋਸਤਾਂ ਨੂੰ ਵੀ ਸੱਦਾ ਭੇਜਿਆ ਸੀ। ਭਾਜਪਾ ਦੀ ਸੌੜੀ ਸਿਆਸਤ ਨੇ ਇਸ ਨੂੰ ਦੇਸ਼ ਧਰੋਹ ਨਾਲ ਜੋੜ ਕੇ ਰਾਹ ਡੱਕਣ ਦੀ ਕੋਸ਼ਿਸ਼ ਕੀਤੀ, ਪਰ ਸਿੱਧੂ ਨੇ ਇਸ ਦੀ ਰੱਤੀ ਭਰ ਵੀ ਪ੍ਰਵਾਹ ਨਾ ਕਰਦਿਆਂ ਇਮਰਾਨ ਖਾਨ ਦੇ ਸਮਾਗਮ ਵਿਚ ਸ਼ਿਰਕਤ ਕੀਤੀ ਅਤੇ ਉਥੇ ਹੀ ਫੌਜ ਮੁਖੀ ਕਮਰ ਜਾਵੇਦ ਬਾਜਵਾ ਨੇ ਉਸ ਨਾਲ ਕਰਤਾਰਪੁਰ ਲਾਂਘਾ ਖੁੱਲ੍ਹਣ ਬਾਰੇ ਇੱਛਾ ਜ਼ਾਹਿਰ ਕੀਤੀ ਸੀ। ਇਹ ਸਮੁੱਚੀ ਕਹਾਣੀ ਉਸ ਵਕਤ ਭਾਵੇਂ ਸਿਆਸਤ ਦੀ ਭੇਟ ਚੜ੍ਹ ਗਈ ਸੀ, ਪਰ ਸਿੱਧੂ ਆਪਣੇ ਸਟੈਂਡ ਉਤੇ ਕਾਇਮ ਰਿਹਾ ਅਤੇ ਹੁਣ ਪਾਕਿਸਤਾਨ ਸਰਕਾਰ ਦੀ ਪਹਿਲਕਦਮੀ ਕਾਰਨ ਹਾਲਾਤ ਉਕਾ ਹੀ ਬਦਲ ਗਏ ਜਾਪਦੇ ਹਨ।
ਅਸਲ ਵਿਚ ਪਾਕਿਸਤਾਨ ਨੇ ਕਰਤਾਰਪੁਰ ਲਾਂਘੇ ਬਾਰੇ ਹਿੰਦੋਸਤਾਨ ਦੀ ਮੋਦੀ ਸਰਕਾਰ ਦਾ ਜਵਾਬ ਉਡੀਕੇ ਬਗੈਰ ਆਪਣੇ ਵਾਲੇ ਪਾਸੇ ਲਾਂਘਾ ਤਿਆਰ ਕਰਨ ਦਾ ਪ੍ਰਾਜੈਕਟ ਤਿਆਰ ਕਰ ਲਿਆ। ਇਹ ਭਾਵੇਂ ਪਾਕਿਸਤਾਨ ਸਰਕਾਰ ਦੀ ਅਣਸਰਦੀ ਲੋੜ ਸੀ ਪਰ ਇਸ ਨਾਲ ਦੋਹਾਂ ਪੰਜਾਬਾਂ ਦੀ ਗਲਵੱਕੜੀ ਲਈ ਮਾਹੌਲ ਬਣ ਗਿਆ। ਉਂਜ, ਪਾਕਿਸਤਾਨ ਦੀ ਇਸ ਤਿਆਰੀ ਬਾਰੇ ਹਿੰਦੋਸਤਾਨ ਦੀਆਂ ਖੁਫੀਆ ਏਜੰਸੀਆਂ ਨੂੰ ਭਿਣਕ ਤਕ ਨਾ ਪਈ। ਜਦੋਂ ਪਤਾ ਲੱਗਿਆ ਤਾਂ ਤੁਰੰਤ ਕੈਬਨਿਟ ਮੀਟਿੰਗ ਬੁਲਾ ਕੇ ਪਾਕਿਸਤਾਨ ਤੋਂ ਪਹਿਲਾਂ ਆਪਣੇ ਵਾਲੇ ਪਾਸੇ ਲਾਂਘੇ ਦਾ ਨੀਂਹ ਪੱਥਰ ਰੱਖਣ ਦਾ ਐਲਾਨ ਕਰ ਦਿੱਤਾ। ਇਹ ਗੱਲ ਐਨ ਵੱਖਰੀ ਹੈ ਕਿ ਉਥੇ ਵੀ ਮੋਦੀ ਸਰਕਾਰ ਨੇ ਆਪਣੀ ਮਰਜ਼ੀ ਚਲਾਉਣ ਦੀ ਕੋਸ਼ਿਸ਼ ਕੀਤੀ ਅਤੇ ਆਪਣੇ ਬਿਨਾਂ ਸ਼ਰਤ, ਪੱਕੇ ਭਾਈਵਾਲ ਬਾਦਲਾਂ ਨੂੰ ਚੁਣਾਵੀ ਫਾਇਦਾ ਪਹੁੰਚਾਉਣ ਲਈ ਪਹਿਲਾਂ ਤਾਂ ਕੇਂਦਰੀ ਵਜ਼ੀਰਾਂ ਹਰਸਿਮਰਤ ਕੌਰ ਬਾਦਲ ਅਤੇ ਹਰਦੀਪ ਸਿੰਘ ਪੁਰੀ ਨੂੰ ਪਾਕਿਸਤਾਨੀ ਸਮਾਗਮ ਲਈ ਚੁਣ ਲਿਆ, ਫਿਰ ਸਭ ਪ੍ਰੋਟੋਕੋਲ ਤੋੜਦਿਆਂ ਬਾਦਲਾਂ ਦੇ ਨਾਂ ਨੀਂਹ ਪੱਥਰ ਉਤੇ ਉਕਰਾਉਣ ਦਾ ਕੋਝਾ ਕਾਰਜ ਕੀਤਾ। ਸਮਾਗਮ ਵਿਚ ਜਿਸ ਤਰ੍ਹਾਂ ਦੀ ਸਿਆਸਤ ਕੀਤੀ ਗਈ, ਉਸ ਤੋਂ ਸਾਰੇ ਜਹਾਨ ਵਿਚ ਦੁਰ-ਦੁਰ ਹੀ ਹੋਈ ਹੈ। ਇਸ ਮਾਮਲੇ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਤੋਂ ਵੀ ਮਾੜਾ ਕਾਰਜ ਕਰ ਦਿਖਾਇਆ ਹੈ। ਜਦੋਂ ਬਾਬੇ ਨਾਨਕ ਦੇ ਆਗਮਨ ਪੁਰਬ ਮੌਕੇ ਦੋ ਪੰਜਾਬ ਗਲਵੱਕੜੀ ਪਾ ਰਹੇ ਹਨ ਤਾਂ ਕੈਪਟਨ ਨੇ ਪਾਕਿਸਤਾਨ ਜਾਣ ਦਾ ਸੱਦਾ ਠੁਕਰਾ ਕੇ ਇਹ ਨਿੱਘ ਹਾਸਲ ਕਰਨ ਦਾ ਮੌਕਾ ਗੁਆ ਲਿਆ ਹੈ। ਸਿਆਸੀ ਚਰਚਾ ਹੈ ਕਿ ਉਸ ਨੇ ਅਜਿਹਾ ਪੰਜਾਬ ਦੀਆਂ ਹਿੰਦੂ ਵੋਟਾਂ ਬਟੋਰਨ ਖਾਤਰ ਕੀਤਾ ਹੈ।
ਜ਼ਾਹਿਰ ਹੈ ਕਿ ਇਸ ਸਿਲਸਿਲੇ ਵਿਚ ਜੋ ਵੀ ਕੋਝਾ ਯਤਨ ਹੋਇਆ ਹੈ, ਉਹ ਵੋਟਾਂ ਦੀ ਸਿਆਸਤ ਕਾਰਨ ਹੀ ਹੋਇਆ ਹੈ, ਜਿਹੜੀ ਹਿੰਦੋਸਤਾਨੀ ਢਾਂਚੇ ਨੂੰ ਬੁਰੀ ਤਰ੍ਹਾਂ ਚਿੰਬੜੀ ਹੋਈ ਹੈ। ਸੋਚਣ ਵਾਲੀ ਗੱਲ ਇਹ ਹੈ ਕਿ ਬਾਬੇ ਨਾਨਕ ਦਾ 550ਵਾਂ ਆਗਮਨ ਪੁਰਬ ਅਗਲੇ ਸਾਲ ਹੋ ਰਹੀਆਂ ਲੋਕ ਸਭਾ ਚੋਣਾਂ ਤੋਂ ਮਗਰੋਂ ਆਉਣਾ ਹੈ। ਹੁਣ ਤਕ ਦਾ ਰਿਕਾਰਡ ਦੱਸਦਾ ਹੈ ਕਿ ਭਾਜਪਾ ਨੇ ਹਰ ਚੋਣ ਵਿਚ ਪਾਕਿਸਤਾਨ ਨੂੰ ਖਾਸ ਏਜੰਡਾ ਜ਼ਰੂਰ ਬਣਾਇਆ ਹੈ ਤਾਂ ਕਿ ਵੋਟਰਾਂ ਨੂੰ ਧਰੁਵੀਕਰਨ ਦੇ ਗੇੜ ਵਿਚ ਪਾ ਕੇ ਵੱਧ ਤੋਂ ਵੱਧ ਵੋਟਾਂ ਫੁੰਡੀਆਂ ਜਾ ਸਕਣ। ਦੇਖਣਾ ਪਵੇਗਾ ਕਿ ਜਦੋਂ ਕਰਤਾਰਪੁਰ ਲਾਂਘਾ ਤਿਆਰ ਹੋ ਰਿਹਾ ਹੋਵੇਗਾ ਤਾਂ ਇਹ ਲੋਕ ਪਾਕਿਸਤਾਨ ਖਿਲਾਫ ਕਿਸ ਤਰ੍ਹਾਂ ਦਾ ਚੋਣ ਪ੍ਰਚਾਰ ਕਰ ਰਹੇ ਹੋਣਗੇ।
ਬਾਬੇ ਨਾਨਕ ਨੇ ਆਵਾਮ ਨੂੰ ਸਰਬੱਤ ਦੇ ਭਲੇ ਦਾ ਸੁਨੇਹਾ ਦਿੱਤਾ ਹੈ ਅਤੇ ਉਨ੍ਹਾਂ ਦਾ ਹਰ ਕਾਰਜ ਇਸ ਪਾਸੇ ਸੇਧਤ ਰਿਹਾ ਹੈ। ਉਨ੍ਹਾਂ ਦਾ ਸਾਂਝ ਦਾ ਇਹ ਸੁਨੇਹਾ ਸੰਸਾਰ ਦੇ ਹਰ ਫਿਰਕੇ ਅਤੇ ਹਰ ਜੀਆ-ਜੰਤ ਲਈ ਹੈ। ਆਪਣੀ ਬਾਣੀ ਵਿਚ ਉਨ੍ਹਾਂ ‘ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣਿਐ ਕਿਛੁ ਕਹੀਐ॥’ ਦਾ ਪ੍ਰਸਾਰ ਕੀਤਾ। ਧਿਆਨ ਦੇਣ ਵਾਲਾ ਨੁਕਤਾ ਇਹ ਹੈ ਕਿ ਇਸ ਬਾਣੀ ਵਿਚ ਉਨ੍ਹਾਂ ਪਹਿਲਾਂ ਅਗਲੇ ਦੀ ਗੱਲ ਸੁਣਨ ਅਤੇ ਆਪਣੀ ਗੱਲ ਬਾਅਦ ਵਿਚ ਕਹਿਣ ਬਾਰੇ ਆਖਿਆ ਹੈ-ਕਿਛੁ ਸੁਣਿਐ ਕਿਛੁ ਕਹੀਐ। ਗੋਸਟਿ, ਭਾਵ ਸੰਵਾਦ ਬਾਰੇ ਉਨ੍ਹਾਂ ਦਾ ਬੰਨ੍ਹਿਆ ਇਹ ਸਿਧਾਂਤ ਅਸਲ ਵਿਚ ਬਹੁਤੀਆਂ ਸਮੱਸਿਆਵਾਂ ਪਹਿਲਾਂ ਹੀ ਹੱਲ ਕਰ ਦਿੰਦਾ ਹੈ। ਜੇ ਤੁਸੀਂ ਅਗਲੇ ਨੂੰ ਪਹਿਲਾਂ ਗੱਲ ਕਰਨ ਦਾ ਮੌਕਾ ਦਿੰਦੇ ਹੋ, ਅਗਲੇ ਦੀ ਗੱਲ ਸੁਣਦੇ ਹੋ ਤਾਂ ਅਗਾਂਹ ਸੰਵਾਦ ਦੀ ਵਧੇਰੇ ਗੁੰਜਾਇਸ਼ ਬਣ ਜਾਂਦੀ ਹੈ। ਬਾਬੇ ਨਾਨਕ ਨੇ ਇਸ ਸਿਧਾਂਤ ਨੂੰ ਆਪਣੇ ਜੀਵਨ ਵਿਚ ਮਿਥ ਕੇ ਲਾਗੂ ਕੀਤਾ ਅਤੇ ਵੱਖ-ਵੱਖ ਥਾਈਂ ਜਾ ਕੇ ਮਾੜੇ ਤੋਂ ਮਾੜੇ ਬੰਦੇ ਨਾਲ ਵੀ ਸੰਵਾਦ ਰਚਾਇਆ ਅਤੇ ਉਨ੍ਹਾਂ ਸਭ ਨੂੰ ਸਹੀ ਰਾਹ ਪਾਇਆ। ਅੱਜ ਆਪਾ-ਧਾਪੀ ਵਾਲੀ ਸਿਆਸਤ ਦੇ ਇਸ ਦੌਰ ਵਿਚ ਬਾਬੇ ਨਾਨਕ ਦਾ ਇਹ ਸੁਨੇਹਾ ਬਹੁਤ ਵੱਡੇ ਅਰਥ ਰੱਖਦਾ ਹੈ।