ਬਰਗਾੜੀ ਦੇ ਗੁਰਪੁਰਬ ਸਮਾਗਮ ‘ਚ ਬੇਅਦਬੀ ਤੇ ਬਾਦਲਾਂ ਨੂੰ ਸਜ਼ਾ ਦਾ ਮੁੱਦਾ ਰਿਹਾ ਭਾਰੂ

ਜੈਤੋ: ਬਰਗਾੜੀ ਵਿਚ ਚੱਲ ਰਹੇ ਇਨਸਾਫ ਮੋਰਚੇ ਦੇ 178ਵੇਂ ਦਿਨ ਗੁਰੂ ਨਾਨਕ ਦੇਵ ਦੇ 550ਵੇਂ ਗੁਰਪੁਰਬ ਨਾਲ ਸਬੰਧਤ ਸਮਾਗਮ ਹੋਇਆ। ਸਮਾਗਮ ਵਿਚ ਪਹੁੰਚੀਆਂ ਧਾਰਮਿਕ ਅਤੇ ਰਾਜਨੀਤਕ ਹਸਤੀਆਂ ਦੀਆਂ ਤਕਰੀਰਾਂ ਵਿਚ ਬੇਅਦਬੀ ਤੇ ਬਾਦਲਾਂ ਨੂੰ ਸਜ਼ਾ ਦਿਵਾਉਣ ਦਾ ਮੁੱਦਾ ਭਾਰੂ ਰਿਹਾ। ਪਿਛਲੇ ਦਿਨੀਂ ਬਾਦਲਾਂ ਦੇ ਦਿੱਲੀ ਸਥਿਤ ਨਿਵਾਸ ‘ਤੇ ਹੋਏ ਗੁਰਪੁਰਬ ਸਮਾਗਮ ਨੂੰ ਲੈ ਕੇ ਬਹੁਤੇ ਬੁਲਾਰਿਆਂ ਨੇ ਸੁਆਲ ਵੀ ਉਠਾਏ।

ਸ੍ਰੀ ਅਕਾਲ ਤਖ਼ਤ ਦੇ ਮੁਤਵਾਜ਼ੀ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਸਮਾਗਮ ਦੀ ਸਮਾਪਤੀ ਮੌਕੇ ਖੁਲਾਸਾ ਕੀਤਾ ਕਿ ਸਿੱਖ ਕੌਮ ਨੇ ਕੇਸਰੀ ਝੰਡੇ ਹੇਠਾਂ ਇਕਮੁੱਠ ਹੋਣ ਦਾ ਮਾਰਿਆ ਹੰਭਲਾ ਤਸੱਲੀਬਖ਼ਸ਼ ਕਦਮ ਹੈ। ਉਨ੍ਹਾਂ ਖ਼ਲਕਤ ਨੂੰ ਸੁਨੇਹਾ ਦਿੱਤਾ ਕਿ ਸਿੱਖ ਕੌਮ ਸਰਬੱਤ ਦਾ ਭਲਾ ਮੰਗਣ ਅਤੇ ਸਭਨਾਂ ਨੂੰ ਪਿਆਰ ਕਰਨ ਵਾਲੀ ਕੌਮ ਹੈ। ਇਸ ਲਈ ਸਮੁੱਚੀ ਲੋਕਾਈ ਨੂੰ ਹਰ ਖੇਤਰ ਦੀ ਬਿਹਤਰੀ ਲਈ ਸਿੱਖ ਕੌਮ ਦਾ ਸਹਿਯੋਗ ਕਰਨਾ ਚਾਹੀਦਾ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਫਰਜ਼ੰਦ ਸੁਖਬੀਰ ਸਿੰਘ ਬਾਦਲ ਦਾ ਨਾਂ ਲੈ ਕੇ ਉਨ੍ਹਾਂ ਕਿਹਾ ਕਿ ਉਹ ਬੇਅਦਬੀ ਦੇ ਦੋਸ਼ੀ ਹਨ ਅਤੇ ਉਨ੍ਹਾਂ ਨੂੰ ਸਜ਼ਾ ਭੁਗਤਣ ਲਈ ਸ੍ਰੀ ਅਕਾਲ ਤਖ਼ਤ ਅੱਗੇ ਇਕ ਦਿਨ ਜ਼ਰੂਰ ਗੋਡੇ ਰਗੜ ਕੇ ਆਉਣਾ ਪਵੇਗਾ।
ਭਾਈ ਮੰਡ ਨੇ ਬਾਦਲਾਂ ‘ਤੇ ਅਕਾਲੀ ਦਲ ਨੂੰ ਭਾਜਪਾ ਵਿਚ ‘ਰਲਾਉਣ’ ਦਾ ਇਲਜ਼ਾਮ ਵੀ ਲਾਇਆ। ਗ੍ਰਨੇਡ ਹਮਲੇ ਦੇ ਸਬੰਧ ‘ਚ ਕੈਪਟਨ ਸਰਕਾਰ ‘ਤੇ ਵਰ੍ਹਦਿਆਂ ਉਨ੍ਹਾਂ ਸਿੱਖ ਨੌਜਵਾਨਾਂ ਨੂੰ ‘ਝੂਠੇ’ ਕੇਸ ਵਿਚ ਉਲਝਾਉਣ ਦਾ ਦੋਸ਼ ਲਾਇਆ। ਉਨ੍ਹਾਂ ਸਰਕਾਰ ਨੂੰ ਤਾੜਨਾ ਕਰਦਿਆਂ ਕਿਹਾ ਕਿ ਪਹਿਲਾਂ ਬਰਗਾੜੀ ਬੇਅਦਬੀ ਕਾਂਡ ਵੇਲੇ ਤਤਕਾਲੀ ਅਕਾਲੀ ਸਰਕਾਰ ਨੇ ਵੀ ਪੰਜਗਰਾਈਂ ਦੇ ਦੋ ਨੌਜਵਾਨ ਭਰਾਵਾਂ ਨੂੰ ਇਸੇ ਤਰ੍ਹਾਂ ਹੀ ਫਸਾਇਆ ਸੀ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਅਮਰੀਕ ਸਿੰਘ ਅਜਨਾਲਾ ਨੇ ਆਪਣਾ ਭਾਸ਼ਣ ਸਿਰਫ ਧਾਰਮਿਕ ਵਿਸ਼ੇ ਤੱਕ ਸੀਮਤ ਰੱਖਦਿਆਂ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਨਾਨਕ ਦੇਵ ਬਾਰੇ ਹੀ ਗੱਲਾਂ ਕੀਤੀਆਂ। ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸਿੱਖਾਂ ਦੀ ਆਜ਼ਾਦੀ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਹੱਕ ‘ਚ ਸੰਗਤਾਂ ਤੋਂ ਨਾਅਰੇ ਲੁਆਏ।
ਪਿਛਲੇ ਦਿਨੀਂ ਦਿੱਲੀ ਵਿਖੇ ਬਾਦਲਾਂ ਦੇ ਗ੍ਰਹਿ ਵਿਖੇ ਹੋਏ ਗੁਰਪੁਰਬ ਸਮਾਗਮ ਵਿਚ ਸ਼ਿਰਕਤ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ ਘਰੇਲੂ ਸਮਾਗਮਾਂ ਵਿਚ ਜਾਣਾ ਵੱਡੇ ਆਗੂਆਂ ਨੂੰ ਸ਼ੋਭਾ ਨਹੀਂ ਦਿੰਦਾ ਹੈ। ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਬੀਰਦਵਿੰਦਰ ਸਿੰਘ ਨੇ ਬਾਦਲਾਂ ਦੇ ਘਰ ਜਾਣ ਲਈ ਡਾ. ਮਨਮੋਹਨ ਸਿੰਘ ਤੋਂ ਮੁਆਫ਼ੀ ਦੀ ਮੰਗ ਕੀਤੀ। ਉਨ੍ਹਾਂ ਆਖਿਆ ਕਿ ਵੋਟਾਂ ਅਤੇ ਨੋਟਾਂ ਲਈ ਡੇਰਾ ਮੁਖੀ ਨਾਲ ਯਾਰੀ ਪੁਗਾਉਣ ਵਾਲੇ ਬਾਦਲਾਂ ਨੇ ਸਿੱਖ ਸੰਗਤ ਨੂੰ ਧੋਖਾ ਦੇਣ ਲਈ ਆਪਣੇ ਘਰ ਵਿਚ ਗੁਰਪੁਰਬ ਸਮਾਗਮ ਕਰਵਾਇਆ।
___________________________
ਨਾਕਾਮੀਆਂ ਨੂੰ ਕੱਜਣ ਲਈ ਮੋਰਚੇ ਨੂੰ ਕੀਤਾ ਜਾ ਰਿਹੈ ਬਦਨਾਮ: ਦਾਦੂਵਾਲ
ਚੰਡੀਗੜ੍ਹ: ਬਰਗਾੜੀ ਇਨਸਾਫ ਮੋਰਚਾ ਦੇ ਸੰਚਾਲਕਾਂ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਹੈ ਕਿ ਉਹ ਖਾਲਿਸਤਾਨ, ਖਾੜਕੂਵਾਦ ਜਾਂ ਅਤਿਵਾਦ ਦੀ ਹਮਾਇਤ ਬਿਲਕੁਲ ਨਹੀਂ ਕਰ ਰਹੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਹ ਪੰਜਾਬ ਵਿਚ ਅਮਨ-ਕਾਨੂੰਨ ਕਾਇਮ ਰੱਖਣ ਦੇ ਹੱਕ ਵਿਚ ਹਨ ਤੇ ਇਸ ਲਈ ਯਤਨਸ਼ੀਲ ਵੀ ਹਨ। ਬੇਅਦਬੀ ਮਾਮਲੇ ‘ਚ ਜ਼ਿੰਮੇਵਾਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਬਾਰੇ ਇਕ ਜੂਨ ਤੋਂ ਬਰਗਾੜੀ ਵਿਚ ਮੋਰਚਾ ਲਾਈ ਬੈਠੇ ਮੁਤਵਾਜ਼ੀ ਜਥੇਦਾਰਾਂ ਭਾਈ ਧਿਆਨ ਸਿੰਘ ਮੰਡ ਅਤੇ ਸੰਤ ਬਲਜੀਤ ਸਿੰਘ ਦਾਦੂਵਾਲ ਨੇ ਦੋਸ਼ ਲਾਇਆ ਕਿ ਬਾਦਲ ਪਰਿਵਾਰ ਦੀ ਭੂਮਿਕਾ ਬਾਰੇ ਹੁਣ ਕੋਈ ਸ਼ੱਕ ਨਹੀਂ ਹੈ। ਉਨ੍ਹਾਂ ਨੂੰ ਲੋਕ ਰੋਹ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਆਪਣੀ ਨਾਕਾਮੀ ‘ਤੇ ਪਰਦਾ ਪਾਉਣ ਲਈ ਹੁਣ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮੋਰਚੇ ਦੇ ਆਗੂਆਂ ਨੂੰ ਆਈ.ਐਸ਼ਆਈ. ਦੇ ਏਜੰਟ ਦੱਸ ਰਹੇ ਹਨ ਤੇ ਸੂਬੇ ਦੇ ਹਾਲਾਤ ਖਰਾਬ ਕਰਨ ਦਾ ਭਾਂਡਾ ਉਨ੍ਹਾਂ ਸਿਰ ਭੰਨ ਰਹੇ ਹਨ।
_________________________________
ਬੇਅਦਬੀ ਕਾਂਡ ‘ਚ ਕਾਂਗਰਸ ਨੂੰ ਭੁਗਤਣਾ ਪੈ ਸਕਦਾ ਖਮਿਆਜਾ: ਨਵਜੋਤ ਕੌਰ
ਚੰਡੀਗੜ੍ਹ: ਪੰਜਾਬ ਦੀ ਸਾਬਕਾ ਮੁੱਖ ਸੰਸਦੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਨੇ ਆਖਿਆ ਕਿ ਜੇਕਰ ਬਰਗਾੜੀ ਵਿਚ ਅਕਾਲੀ-ਭਾਜਪਾ ਗੱਠਜੋੜ ਸਰਕਾਰ ਸਮੇਂ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਦੇ ਕਸੂਰਵਾਰ ਖਿਲਾਫ਼ ਕੋਈ ਕਾਰਵਾਈ ਨਾ ਹੋਈ ਤਾਂ ਕਾਂਗਰਸ ਨੂੰ ਵੀ ਸਿਆਸੀ ਖਮਿਆਜਾ ਭੁਗਤਣਾ ਪੈ ਸਕਦਾ ਹੈ।
ਉਨ੍ਹਾਂ ਕਿਹਾ ਕਿ ਅਕਤੂਬਰ ਮਹੀਨੇ ਵਿਚ ਬਰਗਾੜੀ ਮੋਰਚੇ ਨੂੰ ਲੋਕਾਂ ਵੱਲੋਂ ਦਿੱਤੀ ਆਪਮੁਹਾਰੀ ਹਮਾਇਤ ਦੋਵੇਂ ਸਥਾਪਿਤ ਪਾਰਟੀਆਂ ਲਈ ਖਤਰੇ ਦੀ ਘੰਟੀ ਤੋਂ ਘੱਟ ਨਹੀਂ ਹੈ। ਡਾ. ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਬੇਅਦਬੀ ਅਤੇ ਪੁਲਿਸ ਗੋਲੀ ਕਾਂਡ ਕਾਰਨ ਅਕਾਲੀ ਦਲ ਅਤੇ ਬਾਦਲ ਪਰਿਵਾਰ ਨੂੰ ਲੋਕ ਨਕਾਰ ਚੁੱਕੇ ਹਨ। ਜੇਕਰ ਕੈਪਟਨ ਸਰਕਾਰ ਨੇ ਕਸੂਰਵਾਰਾਂ ਨੂੰ ਸਜ਼ਾ ਨਾ ਦਿੱਤੀ ਤਾਂ ਕਾਂਗਰਸ ਨੂੰ ਵੀ ਇਸ ਦਾ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਸੱਤਾ ਦੇ ਨਸ਼ੇ ਵਿਚ ਸੁਖਬੀਰ ਸਿੰਘ ਬਾਦਲ ਨੇ ਜਿਸ ਤਰ੍ਹਾਂ ਸਰਕਾਰੀ ਸੰਸਥਾਵਾਂ ਨੂੰ ਆਪਣੇ ਹਿੱਤਾਂ ਲਈ ਵਰਤਿਆ ਸੀ, ਉਸ ਦਾ ਨਤੀਜਾ ਸਭ ਦੇ ਸਾਹਮਣੇ ਹੈ ਤੇ ਅਕਾਲੀ ਦਲ ਇਸ ਸਮੇਂ ਪੰਜਾਬ ਵਿਚ ਮੁੱਖ ਵਿਰੋਧੀ ਧਿਰ ਦਾ ਰੁਤਬਾ ਵੀ ਹਾਸਲ ਨਹੀਂ ਕਰ ਸਕਿਆ। ਉਨ੍ਹਾਂ ਕਿਹਾ ਕਿ ਇਹ ਬੇਅਦਬੀ ਕਾਂਡ ਦਾ ਹੀ ਸਿੱਟਾ ਹੈ ਕਿ ਗੈਰਤਮੰਦ ਅਤੇ ਜਾਗਦੀ ਜ਼ਮੀਰ ਵਾਲੇ ਟਕਸਾਲੀ ਨੇਤਾ ਬਾਦਲਾਂ ਦਾ ਸਾਥ ਛੱਡ ਰਹੇ ਹਨ।
ਅਕਸ਼ੈ ਕੁਮਾਰ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਸਿੱਟ ਪਾਸ ਜੇਕਰ ਕੋਈ ਸਬੂਤ ਹੈ ਤਾਂ ਹੀ ਅਕਸ਼ੈ ਕੁਮਾਰ ਨੂੰ ਤਲਬ ਕੀਤਾ ਗਿਆ ਤੇ 100 ਕਰੋੜ ਦੀ ਡੀਲ ਬਾਰੇ ਵੀ ਖੁਲਾਸੇ ਹੋ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਲੋਕ ਰਾਇ ਇਕ ਹੋ ਜਾਵੇ ਤਾਂ ਰਾਜਨੀਤਕਾਂ, ਪੁਲਿਸ ਅਤੇ ਰਾਜਿਆਂ ਮਹਾਰਾਜਿਆਂ ਨੂੰ ਇਨਸਾਫ ਦੇਣਾ ਹੀ ਪਵੇਗਾ। ਜੇਕਰ ਪੰਜਾਬ ਵਰਗੇ ਸੂਬੇ ਵਿਚ ਬੇਅਦਬੀ ਕਾਂਡ ਤੇ ਇਨਸਾਫ ਨਾ ਮਿਲਿਆ ਤਾਂ ਸਮਝੋ ਪੰਜਾਬ ਖਤਮ ਹੈ।