ਪੰਜਾਬ ਦੀਆਂ ਸਰਕਾਰੀ ਬੱਸਾਂ ਦਾ ਦਿੱਲੀ ਹਵਾਈ ਅੱਡੇ ਵਿਚ ਦਾਖਲਾ ਬੰਦ

ਜਲੰਧਰ: ਦਿੱਲੀ ਹਵਾਈ ਅੱਡੇ ਨੂੰ ਜਾਣ ਵਾਲੀਆਂ ਪੰਜਾਬ ਸਰਕਾਰ ਦੀਆਂ ਲਗਜ਼ਰੀ ਬੱਸਾਂ ਪਿਛਲੇ ਇਕ ਹਫਤੇ ਤੋਂ ਬੰਦ ਪਈਆਂ ਹਨ। ਦਿੱਲੀ ਸਰਕਾਰ ਦੇ ਟਰਾਂਸਪੋਰਟ ਵਿਭਾਗ ਨੇ ਦੋ ਹਫਤੇ ਪਹਿਲਾਂ ਪੰਜਾਬ ਦੀਆਂ ਪੰਜ ਸਰਕਾਰੀ ਬੱਸਾਂ ਚਲਾਨ ਕੱਟ ਕੇ ਜ਼ਬਤ ਕਰ ਲਈਆਂ ਸਨ। ਪਰਵਾਸੀ ਪੰਜਾਬੀਆਂ ਦੀ ਪਹਿਲੀ ਪਸੰਦ ਬਣਦੀਆਂ ਜਾ ਰਹੀਆਂ ਇਨ੍ਹਾਂ ਸਰਕਾਰੀ ਬੱਸਾਂ ਨੇ ਬਾਦਲਾਂ ਦੀਆਂ ਇੰਡੋ-ਕੈਨੇਡੀਅਨ ਬੱਸਾਂ ਨੂੰ ਆਰਥਿਕ ਤੌਰ ‘ਤੇ ਵੱਡੀ ਢਾਹ ਲਾਈ ਸੀ ਪਰ ਹੁਣ ਜਦੋਂ ਸਰਕਾਰ ਦੀਆਂ ਬੱਸਾਂ ਦਿੱਲੀ ਏਅਰਪੋਰਟ ਜਾਣੀਆਂ ਬੰਦ ਹੋ ਗਈਆਂ ਤਾਂ ਇਸ ਰੂਟ ‘ਤੇ ਫਿਰ ਬਾਦਲਾਂ ਦੀਆਂ ਬੱਸਾਂ ਦਾ ਪੂਰੀ ਤਰ੍ਹਾਂ ਗਲਬਾ ਕਾਇਮ ਹੋ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰ ਦੀਆਂ ਬੱਸਾਂ ਖੜ੍ਹੀਆਂ ਹੋਣ ਬਾਰੇ ਮੁੱਖ ਮੰਤਰੀ ਦਾ ਦਫਤਰ ਪੂਰੀ ਤਰ੍ਹਾਂ ਜਾਣੂ ਹੈ। ਪੰਜਾਬ ਸਰਕਾਰ ਦੀਆਂ ਬੱਸਾਂ ਬੰਦ ਹੋਣ ਮਗਰੋਂ ਇਸ ਰੂਟ ‘ਤੇ ਹੁਣ ਸਿਰਫ ਇਕੋ ਹੀ ਨਿੱਜੀ ਕੰਪਨੀ ਇੰਡੋ-ਕੈਨੇਡੀਅਨ ਦੀਆਂ ਬੱਸਾਂ ਚੱਲ ਰਹੀਆਂ ਹਨ, ਜਿਸ ਦੇ ਮਾਲਕ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹਨ। ਸਰਕਾਰੀ ਬੱਸਾਂ ਦਾ ਕਿਰਾਇਆ 1,065 ਰੁਪਏ ਪ੍ਰਤੀ ਸਵਾਰੀ ਹੈ ਜਦ ਕਿ ਬਾਦਲਾਂ ਦੀਆਂ ਇੰਡੋ ਕੈਨੇਡੀਅਨ ਬੱਸਾਂ ਦਾ ਕਿਰਾਇਆ 2,800 ਤੋਂ ਲੈ ਕੇ 3000 ਰੁਪਏ ਪ੍ਰਤੀ ਸਵਾਰੀ ਤੱਕ ਹੈ। ਸਰਕਾਰੀ ਬੱਸਾਂ ਬੰਦ ਹੋਣ ਨਾਲ ਦਿੱਲੀ ਏਅਰਪੋਰਟ ਜਾਣ ਵਾਲਿਆਂ ਨੂੰ ਹੁਣ ਤਿੰਨ ਗੁਣਾਂ ਵੱਧ ਕਿਰਾਇਆ ਖਰਚ ਕੇ ਬਾਦਲਾਂ ਦੀਆਂ ਬੱਸਾਂ ਵਿੱਚ ਬੈਠਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਜਾਣਕਾਰੀ ਅਨੁਸਾਰ ਦਿੱਲੀ ਏਅਰਪੋਰਟ ਨੂੰ ਜਾਂਦੀ ਪੰਜਾਬ ਰੋਡਵੇਜ਼ ਤੇ ਪੀ.ਆਰ.ਟੀ.ਸੀ. ਦੀ ਹਰ ਇਕ ਬੱਸ ਪ੍ਰਤੀ ਗੇੜਾ 55 ਤੋਂ 60 ਹਜ਼ਾਰ ਰੁਪਏ ਕਮਾ ਲੈਂਦੀ ਸੀ ਪਰ ਹੁਣ ਇਹ ਬੱਸਾਂ ਸਿਰਫ ਦਿੱਲੀ ਦੇ ਬੱਸ ਅੱਡੇ ਤੱਕ ਸੀਮਤ ਹੋਣ ਕਾਰਨ ਉਨ੍ਹਾਂ ਦੀ ਕਮਾਈ ਅੱਧੀ ਰਹਿ ਗਈ ਹੈ। ਜਲੰਧਰ ਤੋਂ ਦਿੱਲੀ ਏਅਰਪੋਰਟ ਤੱਕ ਜਾਣ ਵਾਲੀਆਂ ਸਰਕਾਰੀ ਬੱਸਾਂ ਦੇ ਰੋਜ਼ਾਨਾ 15 ਦੇ ਕਰੀਬ ਰੂਟ ਸਨ। ਹੁਣ ਏਅਰਪੋਰਟ ਨੂੰ ਸਿਰਫ ਬਾਦਲਾਂ ਦੀਆਂ ਬੱਸਾਂ ਹੀ ਜਾ ਰਹੀਆਂ ਹਨ। ਦਿੱਲੀ ਦੀ Ḕਆਪ’ ਸਰਕਾਰ ਦੇ ਟਰਾਂਸਪੋਰਟ ਵਿਭਾਗ ਨੇ ਪੰਜਾਬ ਸਰਕਾਰ ਦੀਆਂ ਬੱਸਾਂ ਇਸ ਆਧਾਰ ਉਤੇ ਜ਼ਬਤ ਕੀਤੀਆਂ ਸਨ ਕਿ ਉਨ੍ਹਾਂ ਕੋਲ Ḕਸਟੇਜ ਕੈਰੇਜ ਪਰਮਿਟ’ ਹਨ। ਇਸ ਪਰਮਿਟ ਵਾਲੇ ਸਿਰਫ ਦਿੱਲੀ ਦੇ ਤਿੰਨ ਅੰਤਰਰਾਜੀ ਬੱਸ ਅੱਡਿਆਂ ਤੋਂ ਹੀ ਸਵਾਰੀਆਂ ਚੁੱਕ ਸਕਦੇ ਹਨ। ਦਿੱਲੀ ਸਰਕਾਰ ਨੇ ਬਾਦਲਾਂ ਦੀਆਂ ਬੱਸਾਂ ਦੇ ਚਲਾਨ ਨਹੀਂ ਕੱਟੇ ਜਦਕਿ ਉਨ੍ਹਾਂ ਕੋਲ ਵੀ ਸਟੇਜ ਕੈਰੇਜ ਪਰਮਿਟ ਹੀ ਹਨ। ਇੰਡੋ-ਕੈਨੇਡੀਅਨ ਬੱਸਾਂ ਜਲੰਧਰ ਦਫਤਰ ਤੋਂ ਬਕਾਇਦਾ ਇਕ-ਇਕ ਟਿਕਟ ਕੱਟ ਕੇ ਯਾਤਰੀਆਂ ਨੂੰ ਇਕੱਠੇ ਕਰਦੀ ਹੈ। ਜਦਕਿ ਸਟੇਜ ਕੈਰੇਜ ਪਰਮਿਟ ਅਨੁਸਾਰ ਸਿਰਫ ਇਕ ਥਾਂ ਤੋਂ ਯਾਤਰੀਆਂ ਦੇ ਗਰੁੱਪ ਨੂੰ ਹੀ ਲਿਜਾਇਆ ਜਾ ਸਕਦਾ ਹੈ। ਇਸ ਸਬੰਧੀ ਪੰਜਾਬ ਦੀ ਟਰਾਂਸਪੋਰਟ ਮੰਤਰੀ ਅਰੁਣਾ ਚੌਧਰੀ ਨੇ ਦੱਸਿਆ ਕਿ ਦਿੱਲੀ ਸਰਕਾਰ ਨਾਲ ਇਹ ਮਾਮਲਾ ਵਿਚਾਰਿਆ ਜਾ ਰਿਹਾ ਹੈ ਤੇ ਜਲਦੀ ਹੀ ਇਸ ਦਾ ਹੱਲ ਕੱਢ ਲਿਆ ਜਾਵੇਗਾ।