ਚੰਡੀਗੜ੍ਹ: ਬਾਲੀਵੁੱਡ ਸਟਾਰ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦੇ ਇਟਲੀ ਵਿਚ ਹੋਏ ਵਿਆਹ ਦੌਰਾਨ ਰਹਿਤ ਮਰਿਆਦਾ ਭੰਗ ਕੀਤੇ ਜਾਣ ਉਤੇ ਸਿੱਖਾਂ ਨੇ ਇਤਰਾਜ਼ ਜਤਾਇਆ ਹੈ। ਇਟਲੀ ਦੇ ਸ਼ਹਿਰ ਬ੍ਰੇਸ਼ੀਆ ਦੇ ਗੁਰੂ ਘਰ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਹੋਟਲ ਵਿਚ ਪ੍ਰਕਾਸ਼ ਕਰਨ ਉਤੇ ਸਥਾਨਕ ਸਿੱਖਾਂ ਨੇ ਸਖਤ ਨੋਟਿਸ ਲਿਆ ਹੈ। ਇਹ ਸਭ ਉਸ ਸਮੇਂ ਵਾਪਰਿਆ ਜਦ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਸਿੰਘਾਂ ਵੱਲੋਂ ਉਥੇ ਕੀਰਤਨ ਵੀ ਕੀਤਾ ਜਾ ਰਿਹਾ ਸੀ। ਸਥਾਨਕ ਸਿੱਖਾਂ ਨੇ ਬ੍ਰੇਸ਼ੀਆ ਗੁਰਦੁਆਰਾ ਦੇ ਪ੍ਰਬੰਧਕਾਂ ਉਤੇ ਇਹ ਸਭ ਕਾਰਵਾਈ ਪੜਦੇ ਨਾਲ ਕਰਨ ਦੇ ਇਲਜ਼ਾਮ ਲਾਏ ਹਨ।
ਦੀਪਿਕਾ ਪਾਦੂਕੋਣ ਤੇ ਰਣਵੀਰ ਕਪੂਰ ਦਾ ਵਿਆਹ 14 ਤੇ 15 ਨਵੰਬਰ ਨੂੰ ਇਟਲੀ ਦੇ ਸ਼ਹਿਰ ਲੇਕ ਕੋਮੋ ਵਿਚ ਵਿਲਾ ਦੇਲ ਬਲਬਿਆਨੇਲੋ ਨਾਂ ਦੇ ਇਕ ਮਹਿਲਨੁਮਾ ਹੋਟਲ ਵਿਚ ਕੋਂਕਣੀ ਅਤੇ ਸਿੰਧੀ ਰਵਾਇਤਾਂ ਮੁਤਾਬਕ ਕੀਤਾ ਗਿਆ ਸੀ। ਫਿਲਮੀ ਜੋੜੀ ਦੇ ਪਰਿਵਾਰਾਂ ਅਤੇ ਚੋਣਵੇਂ ਮਹਿਮਾਨ ਇਸ ਵਿਆਹ ਵਿਚ ਸ਼ਾਮਲ ਹੋਣ ਲਈ ਇਟਲੀ ਪੁੱਜੇ ਸਨ। ਸਿੰਧੀ ਰਿਵਾਜ਼ ਮੁਤਾਬਕ ਦੋਵਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਲਾਵਾਂ ਲਈਆਂ ਅਤੇ ਸਿੱਖ ਰਹੁ ਰੀਤਾਂ ਮੁਤਾਬਕ ਆਨੰਦ ਕਾਰਜ ਹੋਇਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਵਿਆਹ ਸਮਾਗਮ ਤੋਂ ਬਾਅਦ ਜਦੋਂ ਇਟਲੀ ਵਸਦੇ ਕੁਝ ਸਿੱਖਾਂ ਨੂੰ ਇਸ ਬਾਰੇ ਜਾਣਕਾਰੀ ਮਿਲੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਵਿਆਹ ਸਮਾਗਮ ਲਈ ਹੋਟਲ ਵਿਚ ਲਿਜਾਇਆ ਗਿਆ ਹੈ ਤਾਂ ਉਨ੍ਹਾਂ ਸ੍ਰੀ ਅਕਾਲ ਤਖ਼ਤ ਤੋਂ ਜਾਰੀ ਹੁਕਮਨਾਮੇ ਮੁਤਾਬਕ ਇਸ ਨੂੰ ਮਰਿਆਦਾ ਦੀ ਉਲੰਘਣਾ ਕਰਾਰ ਦਿੰਦਿਆਂ ਇਸ ‘ਤੇ ਇਤਰਾਜ਼ ਕੀਤਾ। ਇਸ ਸਬੰਧੀ ਇਟਲੀ ਵਿਚ ‘ਇੰਡੀਅਨ ਸਿੱਖ ਕਮਿਊਨਿਟੀ’ ਜਥੇਬੰਦੀ ਦੇ ਪ੍ਰਧਾਨ ਸੁਖਦੇਵ ਸਿੰਘ ਕੰਗ ਨੇ ਦੱਸਿਆ ਕਿ ਇਸ ਵਿਆਹ ਸਮਾਗਮ ਲਈ ਸ਼ਹਿਰ ਬ੍ਰੇਸ਼ੀਆ ਸਥਿਤ ਗੁਰਦੁਆਰਾ ਸਿੰਘ ਸਭਾ, ਫਲੈਰੋ ਤੋਂ ਪਾਵਨ ਸਰੂਪ ਲਿਜਾਇਆ ਗਿਆ ਸੀ। ਲੇਕ ਕੋਮੋ ਸ਼ਹਿਰ ਲਗਭਗ 150 ਕਿਲੋਮੀਟਰ ਦੂਰ ਹੈ।
ਉਨ੍ਹਾਂ ਦੱਸਿਆ ਕਿ ਵਿਆਹ ਸਮਾਗਮ ਦਾ ਪ੍ਰਬੰਧ ਕਰਨ ਵਾਲੇ ਪ੍ਰਬੰਧਕਾਂ ਵੱਲੋਂ ਇਸ ਸਬੰਧੀ ਗੁਰਦੁਆਰੇ ਦੇ ਪ੍ਰਬੰਧਕਾਂ ਨਾਲ ਸੰਪਰਕ ਕੀਤਾ ਗਿਆ ਅਤੇ ਪ੍ਰਬੰਧਕਾਂ ਵਲੋਂ ਪਾਵਨ ਸਰੂਪ ਉਥੇ ਹੋਟਲ ਵਿਚ ਪਹੁੰਚਾਇਆ ਗਿਆ ਅਤੇ ਦੋਵਾਂ ਕਲਾਕਾਰਾਂ ਨੇ ਸਿੱਖ ਰੀਤੀ ਰਿਵਾਜ਼ ਮੁਤਾਬਕ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਲਾਵਾਂ ਫੇਰੇ ਲਏ। ਉਨ੍ਹਾਂ ਕਿਹਾ ਕਿ ਪ੍ਰਬੰਧਕਾਂ ਨੇ ਇਸ ਰਸਮ ਨੂੰ ਸਿੰਧੀ ਰੀਤੀ ਰਿਵਾਜ਼ ਦੱਸ ਕੇ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇਹ ਆਨੰਦ ਕਾਰਜ ਹੈ। ਕੰਗ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਲਈ ਨੂੰ ਉਹ ਸ੍ਰੀ ਅਕਾਲ ਤਖਤ ਦੇ ਜਥੇਦਾਰ ਨੂੰ ਵੀ ਲਿਖਣਗੇ।
ਆਨੰਦ ਕਾਰਜ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਨਰਿੰਦਰ ਸਿੰਘ ਜਥੇ ਵੱਲੋਂ ਲਾਵਾਂ ਦਾ ਕੀਰਤਨ ਵੀ ਕੀਤਾ ਗਿਆ ਹੈ। ਇਨ੍ਹਾਂ ਦੱਸਿਆ ਕਿ ਆਨੰਦ ਕਾਰਜ ਸਮੇਂ ਸ਼ਬਦ ਕੀਰਤਨ ਵੀ ਹੋਇਆ ਅਤੇ ਸਿੱਖ ਰੀਤੀ ਰਿਵਾਜਾਂ ਮੁਤਾਬਕ ਬਕਾਇਦਾ ਪੱਲਾ ਫੜਾਈ ਦੀ ਰਸਮ ਵੀ ਹੋਈ ਹੈ। ਉਧਰ, ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੇ ਪ੍ਰਕਾਸ਼ ਮੌਕੇ ਮਰਿਆਦਾ ਦੀ ਉਲੰਘਣਾ ਸਬੰਧੀ ਹਾਲੇ ਤੱਕ ਕੋਈ ਜਾਣਕਾਰੀ ਨਹੀਂ ਹੈ। ਇਟਲੀ ਦੇ ਗੁਰਦੁਆਰਾ ਸਿੰਘ ਸਭਾ ਫਲੈਰੋ ਦੇ ਪ੍ਰਬੰਧਕ ਇਸ ਮਾਮਲੇ ਉਤੇ ਚੁੱਪ ਹਨ।