ਸੁਰਜੀਤ ਜੱਸਲ
ਫੋਨ: 91-98146-07737
ਦੀਪ ਸਿੱਧੂ ਦੀ ਅੱਜ ਦੇ ਸਿਨਮੇ ਵਿਚ ਇੱਕ ਖਾਸ ਪਛਾਣ ਬਣ ਚੁਕੀ ਹੈ। ਆਪਣੀ ਪਹਿਲੀ ਹੀ ਫਿਲਮ ‘ਜ਼ੋਰਾ ਦਸ ਨੰਬਰੀਆ’ ਨਾਲ ਚਰਚਿਤ ਹੋਇਆ ਦੀਪ ਸਿੱਧੂ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦਾ ਜੰਮਪਲ ਹੈ। ਅਦਾਕਾਰੀ ਦੇ ਖੇਤਰ ਵਿਚ ਆਉਣ ਤੋਂ ਪਹਿਲਾਂ ਦੀਪ ਨੇ ਕੁਝ ਸਮਾਂ ਵਕਾਲਤ ਵੀ ਕੀਤੀ ਪਰ ਹੁਣ ਪਿਛਲੇ ਕਈ ਸਾਲਾਂ ਤੋਂ ਫਿਲਮ ਖੇਤਰ ਵਿਚ ਸਰਗਰਮ ਹੈ। ਮੁੰਬਈ ਫਿਲਮ ਨਗਰੀ ਨੂੰ ਹੀ ਆਪਣਾ ਕੈਰੀਅਰ ਬਣਾਉਂਦਿਆਂ ਉਸ ਨੇ ਗੁੱਡੂ ਧਨੋਆ ਦੇ ਨਿਰਦੇਸ਼ਨ ਵਿਚ ਫਿਲਮ ‘ਰਮਤਾ ਜੋਗੀ’ ਨਾਲ ਆਪਣਾ ਫਿਲਮੀ ਸਫਰ ਸ਼ੁਰੂ ਕੀਤਾ। ਇਹ ਫਿਲਮ ਇੱਕ ਲਵ ਸਟੋਰੀ ‘ਤੇ ਆਧਾਰਤ ਸੀ। ਦੀਪ ਸਿੱਧੂ ਆਪਣੀ ਜ਼ਿੰਦਗੀ ਵਿਚ ਦਿਉਲ ਫਿਲਮ ਪਰਿਵਾਰ ਦਾ ਵਡਮੁੱਲਾ ਸਹਿਯੋਗ ਮੰਨਦਾ ਹੈ।
ਫਿਰ ਕੁਝ ਸਮੇਂ ਦੇ ਵਕਫੇ ਮਗਰੋਂ ਨਿਰਦੇਸ਼ਕ ਅਮਰਦੀਪ ਗਿੱਲ ਨੇ ਦੀਪ ਸਿੱਧੂ ਨੂੰ ‘ਜ਼ੋਰਾ ਦਸ ਨੰਬਰੀਆਂ’ ਬਣਾ ਕੇ ਇੱਕ ਨਵੀਂ ਪਛਾਣ ਨਾਲ ਪੰਜਾਬੀ ਪਰਦੇ ‘ਤੇ ਉਤਾਰਿਆ। ਪੰਜਾਬ ਦੀ ਸਿਆਸਤ ਅਤੇ ਭਖਦੇ ਮਸਲਿਆਂ ‘ਤੇ ਆਧਾਰਤ ਇਸ ਫਿਲਮ ਦੀ ਚਰਚਾ ਨੇ ਫਿਲਮੀ ਗਲਿਆਰਿਆਂ ਵਿਚ ਹਰ ਛੋਟੇ ਵੱਡੇ ਕਲਾਕਾਰ, ਨਿਰਮਾਤਾ ਨਿਰਦੇਸ਼ਕ ਦਾ ਧਿਆਨ ਖਿੱਚਿਆ। ਜਿਸ ਨੇ ਵੀ ਇਹ ਫਿਲਮ ਵੇਖੀ, ਉਹ ਦੀਪ ਸਿੱਧੂ ਦੀ ਅਦਾਕਾਰੀ ਦਾ ਦੀਵਾਨਾ ਹੋ ਗਿਆ। ਅਦਾਕਾਰੀ ਅਤੇ ਡਾਇਲਾਗ ਬੋਲਣ ਦੇ ਇੱਕ ਖਾਸ ਅੰਦਾਜ਼ ਦੀ ਤਾਰੀਫ ਹਰ ਕਿਸੇ ਦੇ ਮੂੰਹੋਂ ਆਪ ਮੁਹਾਰੇ ਹੋਈ। ‘ਜੋਰਾ ਦਸ ਨੰਬਰੀਆ’ ਫਿਲਮ ਤੋਂ ਬਾਅਦ ਦੀਪ ਪੰਜਾਬੀ ਸਿਨਮੇ ਲਈ ਸਰਗਰਮ ਹੋ ਗਿਆ। ਉਸ ਕੋਲ ਇਸ ਵੇਲੇ ਕਈ ਫਿਲਮਾਂ ਹਨ, ਜਿਨ੍ਹਾਂ ਰਾਹੀਂ ਉਹ ਪੰਜਾਬੀ ਸਿਨਮੇ ਨੂੰ ਇੱਕ ਨਵੀਂ ਦਿਸ਼ਾ ਦੇਵੇਗਾ।
ਅੱਜ ਦੇ ਕਾਮੇਡੀ ਤੇ ਵਿਆਹਾਂ ਵਾਲੇ ਸਿਨਮੇ ਨੂੰ ਨਵਾਂ ਮੋੜ ਦੇਣ ਲਈ ਇਨ੍ਹੀਂ ਦਿਨੀਂ ਦੀਪ ਸਿੱਧੂ ਪੰਜਾਬੀ ਫਿਲਮ ‘ਰੰਗ ਪੰਜਾਬ’ ਲੈ ਕੇ ਆ ਰਿਹਾ ਹੈ, ਜਿਸ ਵਿਚ ਦਰਸ਼ਕ ਉਸ ਨੂੰ ਪਹਿਲਾਂ ਵਾਂਗ ਗੈਂਗਸਟਰ ਨਹੀਂ, ਸਗੋਂ ਗੈਂਗਸਟਰਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਦੇਣ ਵਾਲਾ ਇੱਕ ਜਾਂਬਾਜ਼ ਪੁਲਿਸ ਅਫਸਰ ਬਣਿਆ ਵੇਖਣਗੇ। ਦੀਪ ਦੀ ਅਦਾਕਾਰੀ ਦੇ ਕਈ ਨਵੇਂ ਰੰਗ ਇਸ ਫਿਲਮ ਰਾਹੀਂ ਨਜ਼ਰ ਆਉਣਗੇ। ਇਸ ਬਾਰੇ ਦੀਪ ਸਿੱਧੂ ਦਾ ਕਹਿਣਾ ਹੈ ਕਿ ਉਹ ਕਿਸੇ ਇੱਕ ਕਿਰਦਾਰ ‘ਚ ਹੀ ਨਹੀਂ ਬੱਝਣਾ ਚਾਹੁੰਦਾ ਬਲਕਿ ਹਰ ਤਰ੍ਹਾਂ ਦੇ ਕਿਰਦਾਰ ਨਿਭਾਉਣ ਦਾ ਇਛੁੱਕ ਹੈ, ਬਸ਼ਰਤੇ ਕਿਰਦਾਰ ਉਸ ਦੇ ਲੈਵਲ ਦਾ ਜਾਨਦਾਰ ਹੋਵੇ। ਹਲਕੇ ਕਿਰਦਾਰਾਂ ਤੋਂ ਉਹ ਪਰਹੇਜ ਕਰਦਾ ਹੈ।
ਇਹ ਨਵੀਂ ਫਿਲਮ ‘ਰੰਗ ਪੰਜਾਬ’ ਪੁਲਿਸ ਅਤੇ ਗੈਂਗਸਟਰਾਂ ਨਾਲ ਜੁੜੀ ਕਹਾਣੀ ‘ਤੇ ਆਧਾਰਤ ਹੈ। ਪਹਿਲੀ ਫਿਲਮ ਵਾਂਗ ਇਹ ਫਿਲਮ ਵੀ ਦਰਸ਼ਕਾਂ ਨੂੰ ਜਰੂਰ ਪਸੰਦ ਆਵੇਗੀ। ਫਿਲਮ ਦਾ ਟਰੇਲਰ ਕੁਝ ਦਿਨ ਪਹਿਲਾਂ ਹੀ ਰਿਲੀਜ ਹੋਇਆ ਹੈ, ਜਿਸ ਨੂੰ ਦਰਸ਼ਕਾਂ ਦਾ ਬਹੁਤ ਪਿਆਰ ਮਿਲ ਰਿਹਾ ਹੈ। ਉਸ ਨੇ ਦੱਸਿਆ ਕਿ ਛੇਤੀ ਹੀ ‘ਜ਼ੋਰਾ ਦਸ ਨੰਬਰੀਆ’ ਦੇ ਦੂਸਰੇ ਭਾਗ ਦੀ ਸ਼ੂਟਿੰਗ ਵੀ ਸ਼ੁਰੂ ਕਰਨ ਜਾ ਰਿਹਾ ਹੈ। ਇਸੇ ਦੌਰਾਨ ਕੁਝ ਹੋਰ ਫਿਲਮਾਂ ਵੀ ਦਰਸ਼ਕ ਵੇਖਣਗੇ।
‘ਬਠਿੰਡੇ ਵਾਲੇ ਬਾਈ ਫਿਲਮਜ਼’ ਅਤੇ ਸਿਨੇ ਮੋਸ਼ਨ ਮੀਡੀਆ ਪ੍ਰਾਈਵੇਟ ਲਿਮਟਿਡ ਦੇ ਬੈਨਰ ਹੇਠ ਨਿਰਮਾਤਾ ਮਨਦੀਪ ਸਿੰਘ ਸਿੱਧੂ ਦੀ 23 ਨਵੰਬਰ ਨੂੰ ਰਿਲੀਜ਼ ਹੋਣ ਵਾਲੀ ਫਿਲਮ ‘ਰੰਗ ਪੰਜਾਬ’ ਦੀ ਕਹਾਣੀ ਗੁਰਪ੍ਰੀਤ ਭੁੱਲਰ ਨੇ ਲਿਖੀ ਹੈ। ਫਿਲਮ ਵਿਚ ਦੀਪ ਸਿੱਧੂ, ਰੀਨਾ ਰਾਏ, ਕਰਤਾਰ ਚੀਮਾ, ਕਮਲ ਵਿਰਕ, ਆਸ਼ੀਸ ਦੁੱਗਲ, ਹੌਬੀ ਧਾਲੀਵਾਲ, ਜਗਜੀਤ ਸਿੱਧੂ, ਮਹਾਂਬੀਰ ਭੁੱਲਰ ਤੇ ਬਨਿੰਦਰ ਬਨੀ ਨੇ ਅਹਿਮ ਕਿਰਦਾਰ ਨਿਭਾਏ ਹਨ। ਇਹ ਫਿਲਮ ਕਾਮੇਡੀ ਤੇ ਵਿਆਹ ਕਲਚਰ ਦੇ ਮਾਹੌਲ ਵਾਲੀਆਂ ਫਿਲਮਾਂ ਵੇਖ ਅੱਕ ਚੁਕੇ ਦਰਸ਼ਕਾਂ ਨੂੰ ਨਵੇਂ ਤੇ ਤਾਜ਼ੇ ਮਨੋਰੰਜਨ ਦੀ ਸੌਗਾਤ ਹੋਵੇਗੀ।