ਲੋਕਾਂ ਨੂੰ ਪਰੇਸ਼ਾਨੀ ਤੇ ਆਰਥਿਕ ਮੰਦੀ ਦੇ ਸਿਵਾਏ ਕੁਝ ਨਾ ਦੇ ਸਕੀ ਨੋਟਬੰਦੀ

ਨਵੀਂ ਦਿੱਲੀ: ਨੋਟਬੰਦੀ ਦੇ ਦੋ ਸਾਲ ਪੂਰੇ ਹੋਣ ‘ਤੇ ਪੂਰੇ ਦੇਸ਼ ਵਿਚ ਵਿਰੋਧੀ ਧਿਰਾਂ ਵੱਲੋਂ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ। 8 ਨਵੰਬਰ, 2016 ਦੀ ਰਾਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 500 ਤੇ 1000 ਰੁਪਏ ਦੇ ਨੋਟ ਬੰਦ ਕਰਨ ਦਾ ਐਲਾਨ ਕੀਤਾ ਸੀ। ਮੋਦੀ ਸਰਕਾਰ ਵੱਲੋਂ ਨੋਟਬੰਦੀ ਨੂੰ ਦੇਸ਼ ਦੇ ਹਿੱਤ ਵਿਚ ਪ੍ਰਚਾਰਿਆ ਗਿਆ ਸੀ ਪਰ ਅੱਜ ਇਸ ਐਲਾਨ ਨੂੰ ਦੋ ਸਾਲ ਹੋ ਗਏ ਹਨ ਤੇ ਇਸ ਦੇ ਨਫ਼ੇ-ਨੁਕਸਾਨ ਬਾਰੇ ਵੱਡੇ ਪੱਧਰ ਉਤੇ ਅੰਕੜੇ ਸਾਹਮਣੇ ਆ ਗਏ ਹਨ।

ਕੁੱਲ ਮਿਲਾ ਕੇ ਇਹ ਅੰਕੜੇ ਮੋਦੀ ਦੀ ਇਸ ਨੀਤੀ ਨੂੰ ਵੱਡੀ ਭੁੱਲ ਵਜੋਂ ਹੀ ਪੇਸ਼ ਕਰ ਰਹੇ ਹਨ, ਜਿਸ ਨੇ ਦੇਸ਼ ਦੀ ਅਰਥ ਵਿਵਸਥਾ ਨੂੰ ਹਿਲਾ ਕੇ ਰੱਖ ਦਿੱਤਾ। ਮੋਦੀ ਦਾ ਇਹ ਫੈਸਲਾ ਲੋਕਾਂ ਨੂੰ ਸਿਰਫ ਪਰੇਸ਼ਾਨੀ ਤੇ ਆਰਥਿਕ ਮੰਦਹਾਲੀ ਹੀ ਦੇ ਸਕਿਆ। ਪੈਸਾ ਲੈਣ ਲਈ ਬੈਂਕਾਂ ਅੱਗੇ ਲੰਮੀਆਂ ਕਤਾਰਾਂ ਲੱਗੀਆਂ ਸਨ ਤੇ ਸਵਾ ਸੌ ਦੇ ਕਰੀਬ ਲੋਕਾਂ ਦੀ ਮੌਤ ਹੋ ਗਈ। ਇਕ ਅੰਦਾਜ਼ੇ ਅਨੁਸਾਰ ਨੋਟਬੰਦੀ ਕਰ ਕੇ ਘੱਟੋ-ਘੱਟ 35 ਲੱਖ ਲੋਕਾਂ ਨੂੰ ਆਪਣੀਆਂ ਨੌਕਰੀਆਂ ਗੁਆਉਣੀਆਂ ਪਈਆਂ ਅਤੇ ਨਵੇਂ ਨੋਟ ਛਾਪਣ ਲਈ ਵੀ 8 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਗਏ ਸਨ। ਬੈਂਕਾਂ ਵਿਚ ਪੁਰਾਣੀ ਕਰੰਸੀ ਦੇ 16.99 ਲੱਖ ਕਰੋੜ ਰੁਪਏ ਦੇ ਨੋਟ ਵਾਪਸ ਆ ਗਏ ਸਨ। ਇਸ ਤਰ੍ਹਾਂ 99 ਫੀਸਦੀ ਤੋਂ ਉਪਰ ਬਾਜ਼ਾਰ ਵਿਚ ਗਏ ਨੋਟ ਵਾਪਸ ਆ ਗਏ ਸਨ।
ਮੱਧ ਵਰਗੀ ਅਤੇ ਗਰੀਬ ਲੋਕਾਂ ਨੂੰ ਇਹ ਪ੍ਰਭਾਵ ਦਿੱਤਾ ਗਿਆ ਸੀ ਕਿ ਇਸ ਦਾ ਹਰ ਪੱਖੋਂ ਅਮੀਰ ਲੋਕਾਂ ਦੇ ਕਾਲੇ ਧਨ ‘ਤੇ ਅਸਰ ਹੋਵੇਗਾ ਪਰ ਅਮਲੀ ਰੂਪ ਵਿਚ ਅਜਿਹਾ ਕੁਝ ਹੋਇਆ ਨਜ਼ਰ ਨਹੀਂ ਆਇਆ। ਇਹ ਵੀ ਕਿਹਾ ਗਿਆ ਸੀ ਕਿ ਇਸ ਨਾਲ ਨਕਲੀ ਨੋਟ ਖਤਮ ਹੋ ਜਾਣਗੇ। ਅਤਿਵਾਦ ਅਤੇ ਨਕਸਲਵਾਦ ਨੂੰ ਵੱਡੀ ਸੱਟ ਲੱਗੇਗੀ। ਕਾਲਾ ਧਨ ਅਤੇ ਭ੍ਰਿਸ਼ਟਾਚਾਰ ਖਤਮ ਹੋ ਜਾਏਗਾ ਅਤੇ ਇਸ ਨਾਲ ਡਿਜੀਟਲ ਭੁਗਤਾਨ ਦਾ ਚਲਣ ਵੀ ਵਧੇਗਾ। ਵਿੱਤ ਮੰਤਰੀ ਨੇ ਨੋਟਬੰਦੀ ਨੂੰ ਹੁਣ ਵੀ ਠੀਕ ਦਰਸਾਉਂਦਿਆਂ ਇਹ ਕਿਹਾ ਹੈ ਕਿ ਹੁਣ ਵਧੇਰੇ ਲੋਕਾਂ ਨੇ ਆਮਦਨ ਕਰ ਦੇਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਮਈ 2014 ਵਿਚ ਉਨ੍ਹਾਂ ਦੀ ਸਰਕਾਰ ਬਣੀ ਸੀ ਤਾਂ ਉਦੋਂ ਕਰਦਾਤਾਵਾਂ ਦੀ ਗਿਣਤੀ 3.8 ਕਰੋੜ ਸੀ, ਜੋ ਹੁਣ ਵਧ ਕੇ 6.86 ਕਰੋੜ ਹੋ ਗਈ ਹੈ।
ਨੋਟਬੰਦੀ ਨੇ ਭਾਰਤੀ ਅਰਥਚਾਰੇ ਦੀ ਜੋ ਤਬਾਹੀ ਕੀਤੀ। ਇਸ ਵਿਚ ਛੋਟੇ ਤੇ ਮੱਧਵਰਗੀ ਸਨਅਤਕਾਰਾਂ ਤੇ ਵਪਾਰੀਆਂ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਉਠਾਉਣਾ ਪਿਆ। ਕੁਝ ਅਰਥ ਸ਼ਾਸਤਰੀਆਂ ਦਾ ਕਹਿਣਾ ਹੈ ਕਿ ਨੋਟਬੰਦੀ ਲਈ ਦੱਸੇ ਗਏ ਆਸ਼ਿਆਂ ਵਿਚੋਂ ਕਿਸੇ ਦੀ ਵੀ ਪੂਰਤੀ ਨਹੀਂ ਹੋਈ ਅਤੇ ਇਸ ਨੇ ਗਰੀਬ ਤਬਕੇ ਦਾ ਸਭ ਤੋਂ ਜ਼ਿਆਦਾ ਨੁਕਸਾਨ ਕੀਤਾ ਹੈ। ਵਰਲਡ ਬੈਂਕ ਦਾ ਅਧਿਐਨ ਦੱਸਦਾ ਹੈ ਕਿ ਦੇਸ਼ ਦੇ ਕੁਝ ਜ਼ਿਲ੍ਹਿਆਂ ਵਿਚ ਇਸ ਦੀ ਮਾਰ ਇੰਨੀ ਭਿਆਨਕ ਸੀ ਕਿ ਜੀ.ਡੀ.ਪੀ. ਦੀ ਦਰ 7.3 ਫੀਸਦੀ ਤੱਕ ਡਿੱਗੀ ਸੀ। ਨੋਟਬੰਦੀ ਕਰ ਕੇ ਮੱਧਵਰਗੀ ਤੇ ਛੋਟੇ ਵਪਾਰੀ ਅਤੇ ਸਨਅਤਕਾਰ ਮਾਨਸਿਕ ਰੂਪ ਵਿਚ ਇਸ ਗੱਲ ਤੋਂ ਉੱਭਰ ਨਹੀਂ ਸਕੇ ਕਿ ਉਹ ਆਪਣੇ ਵਪਾਰ ਤੇ ਸਨਅਤ ਉਸ ਤਰੀਕੇ ਨਾਲ ਕਿਵੇਂ ਚਲਾਉਣ ਜਿਸ ਨੂੰ ਸਰਕਾਰ ਰਸਮੀ (ਫਾਰਮਲ) ਸੈਕਟਰ ਕਹਿੰਦੀ ਹੈ।
___________________________
ਨਹੀਂ ਟੁੱਟਾ ਨਕਲੀ ਨੋਟਾਂ ਦਾ ਮਾਇਆ ਜਾਲ
ਬਠਿੰਡਾ: ਨੋਟਬੰਦੀ ਦੇ 2 ਸਾਲ ਬੀਤਣ ਬਾਅਦ ਵੀ ਨਕਲੀ ਨੋਟਾਂ ਦਾ ਮਾਇਆ ਜਾਲ ਨਹੀਂ ਟੁੱਟ ਸਕਿਆ। ਨੋਟਬੰਦੀ ਦੇ ਪਿੱਛੋਂ ਇਨ੍ਹਾਂ ਦੋ ਸਾਲਾਂ ਦੌਰਾਨ 12 ਲੱਖ 84 ਹਜ਼ਾਰ 856 ਨਕਲੀ ਨੋਟ ਬਰਾਮਦ ਕੀਤੇ ਗਏ ਹਨ, ਜਦਕਿ ਨੋਟਬੰਦੀ ਤੋਂ ਪਹਿਲਾਂ 2 ਸਾਲਾਂ ਦੌਰਾਨ ਫੜੇ ਗਏ ਨਕਲੀ ਨੋਟਾਂ ਦੀ ਗਿਣਤੀ 12 ਲੱਖ 27 ਹਜ਼ਾਰ 372 ਸੀ ਜੋ ਨੋਟਬੰਦੀ ਤੋਂ ਬਾਅਦ ਫੜੇ ਗਏ ਨੋਟਾਂ ਤੋਂ 57 ਹਜ਼ਾਰ 484 ਘੱਟ ਹਨ। ਕੇਂਦਰ ਸਰਕਾਰ ਨੇ ਨੋਟਬੰਦੀ ਕੀਤੇ ਜਾਣ ਪਿੱਛੇ ਕਾਲੇ ਧੰਨ ‘ਤੇ ਰੋਕ ਲੱਗਣ, ਨਕਲੀ ਕਰੰਸੀ ਬੰਦ ਹੋਣ ਅਤੇ ਦਹਿਸ਼ਤਗਰਦਾਂ ਨੂੰ ਮਿਲ ਰਹੀ ਵਿੱਤੀ ਸਹਾਇਤਾ ਬੰਦ ਹੋਣ ਕਾਰਨ ਦਹਿਸ਼ਤਗਰਦੀ ਘਟਣ ਦੇ ਦਾਅਵੇ ਕੀਤੇ ਸਨ ਪਰ ਰਿਜ਼ਰਵ ਬੈਂਕ ਆਫ ਇੰਡੀਆ (ਆਰ.ਬੀ.ਆਈ.) ਦੀ ਅਧਿਕਾਰਤ ਸਾਈਟ ‘ਤੇ ਉਪਲਬਧ ਉਕਤ ਅੰਕੜਿਆਂ ਨੇ ਕੇਂਦਰ ਸਰਕਾਰ ਦੇ ਨਕਲੀ ਕਰੰਸੀ ਨੂੰ ਰੋਕਣ ਵਾਲੇ ਦਾਅਵੇ ਦੀ ਫੂਕ ਕੱਢ ਦਿੱਤੀ ਹੈ।
____________________________
ਨੋਟਬੰਦੀ ਨੇ ਆਰਥਿਕ ਵਿਕਾਸ ਨੂੰ ਸੱਟ ਮਾਰੀ: ਰਾਜਨ
ਵਾਸ਼ਿੰਗਟਨ: ਨੋਟਬੰਦੀ ਅਤੇ ਵਸਤੂ ਤੇ ਸੇਵਾਵਾਂ ਟੈਕਸ (ਜੀ.ਐਸ਼ਟੀ.) ਦੋ ਵੱਡੀਆਂ ਉਲਟ ਚੀਜ਼ਾਂ ਹੋਈਆਂ ਜਿਨ੍ਹਾਂ ਨਾਲ ਪਿਛਲੇ ਸਾਲ ਭਾਰਤ ਦੀ ਆਰਥਿਕ ਤਰੱਕੀ ਨੂੰ ਰੋਕ ਦਿੱਤਾ। ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਇਹ ਗੱਲ ਆਖਦਿਆਂ ਕਿਹਾ ਕਿ ਦੇਸ਼ਾਂ ਦੀਆਂ ਲੋੜਾਂ ਦੀ ਪੂਰਤੀ ਲਈ ਮੌਜੂਦਾ 7 ਫੀਸਦੀ ਵਿਕਾਸ ਦਰ ਕਾਫੀ ਨਹੀਂ। ਰਾਜਨ ਨੇ ਕਿਹਾ ਕਿ ਇਨ੍ਹਾਂ ਦੋ ਵੱਡੀਆਂ ਚੀਜ਼ਾਂ ਵੱਲੋਂ ਸੱਟ ਮਾਰਨ ਤੋਂ ਪਹਿਲਾਂ ਚਾਰ ਸਾਲ 2012-2016 ਤੱਕ ਭਾਰਤ ਦੀ ਵਿਕਾਸ ਦਰ ਤੇਜ਼ ਸੀ।