ਪਿਛਲੇ ਕੁਝ ਸਾਲਾਂ ਤੋਂ ਫਰਜ਼ੀ ਖਬਰਾਂ (ਫੇਕ ਨਿਊਜ਼) ਐਨੀ ਵੱਡੀ ਮੁਸੀਬਤ ਬਣ ਕੇ ਉਭਰੀਆਂ ਹਨ ਕਿ ਇਸ ਕਾਰਨ ਲੋਕਾਂ ਦੀਆਂ ਹੱਤਿਆਵਾਂ, ਹਿੰਸਾ, ਦੰਗੇ ਅਤੇ ਅੱਗਜ਼ਨੀ ਦੇ ਹੌਲਨਾਕ ਕਾਂਡ ਵਾਪਰਦੇ ਹਨ। ਆਲਮੀ ਪੱਧਰ ਦੀ ਨਿਊਜ਼ ਸੰਸਥਾ ਬੀ.ਬੀ.ਸੀ. ਨੇ ਫੇਕ ਨਿਊਜ਼ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਹੈ। ਇਸ ਤਹਿਤ 12 ਨਵੰਬਰ ਨੂੰ ਲਖਨਊ ਤੋਂ ਇਲਾਵਾ ਮੁਲਕ ਦੇ ਛੇ ਹੋਰ ਮੁੱਖ ਸ਼ਹਿਰਾਂ ਵਿਚ ਵਿਸ਼ੇਸ਼ ਪ੍ਰੋਗਰਾਮ ਕੀਤੇ ਗਏ ਜਿਨ੍ਹਾਂ ਵਿਚ
ਸਰਕਾਰੀ ਨੁਮਾਇੰਦਿਆਂ, ਆਗੂਆਂ, ਪੁਲਿਸ, ਮੀਡੀਆ, ਸਾਈਬਰ ਮਾਹਰਾਂ, ਫੇਕ ਨਿਊਜ਼ ਦਾ ਸ਼ਿਕਾਰ ਹੋਏ ਲੋਕਾਂ ਸਮੇਤ ਇਸ ਵਰਤਾਰੇ ਨਾਲ ਸਰੋਕਾਰ ਰੱਖਣ ਵਾਲਿਆਂ ਨੂੰ ਸ਼ਾਮਲ ਕੀਤਾ ਗਿਆ। ਬੀ.ਬੀ.ਸੀ. ਵਲੋਂ ਮੁਹੱਈਆ ਕਰਵਾਈ ਇਹ ਜਾਣਕਾਰੀ ਅਸੀਂ ਪਾਠਕਾਂ ਨਾਲ ਸਾਂਝੀ ਕਰ ਰਹੇ ਹਾਂ। ਇਸ ਦਾ ਅਨੁਵਾਦ ਸਾਡੇ ਕਾਲਮਨਵੀਸ ਬੂਟਾ ਸਿੰਘ (ਫੋਨ: +91-94634-74342) ਨੇ ਕੀਤਾ ਹੈ। -ਸੰਪਾਦਕ
ਰਿਪੋਰਟ ਦੇ ਮੁੱਖ ਨੁਕਤੇ
ਬੀ.ਬੀ.ਸੀ. ਨੇ ਭਾਰਤ, ਕੀਨੀਆ ਅਤੇ ਨਾਈਜੀਰੀਆ ਵਿਚ ਵਿਆਪਕ ਖੋਜ ਕੀਤੀ ਹੈ।
ਇਹ ਰਿਪੋਰਟ ਵਿਸਤਾਰ ਨਾਲ ਸਮਝਾਉਂਦੀ ਹੈ ਕਿ ਕਿਵੇਂ ਇਨਕ੍ਰਿਪਟਿਡ ਚੈਟ ਐਪਸ ਵਿਚ ਫੇਨ ਨਿਊਜ਼ ਫੈਲ ਰਹੀਆਂ ਹਨ।
ਖਬਰਾਂ ਨੂੰ ਸਾਂਝਾ ਕਰਨ ਵਿਚ ਭਾਵਨਾਤਮਕ ਪਹਿਲੂ ਦਾ ਵੱਡਾ ਯੋਗਦਾਨ ਹੈ।
ਤੁਹਾਡੇ ਫੋਨ ਦੇ ਵੱਟਸਐਪ ਗਰੁਪ ਵਿਚ ਵੀ ਐਸੇ ਮੈਸੇਜ ਆਉਂਦੇ ਹੋਣਗੇ- “ਸਾਰੇ ਭਾਰਤੀਆਂ ਨੂੰ ਵਧਾਈ! ਯੂਨੈਸਕੋ ਨੇ ਭਾਰਤੀ ਕਰੰਸੀ ਨੂੰ ਸਰਵ-ਸ੍ਰੇਸ਼ਟ ਕਰੰਸੀ ਐਲਾਨਿਆ ਹੈ ਜੋ ਸਾਰੇ ਭਾਰਤੀ ਲੋਕਾਂ ਲਈ ਮਾਣ ਵਾਲੀ ਗੱਲ ਹੈ।” ਇਹ ਮੈਸੇਜ ਅਤੇ ਇਸ ਤਰ੍ਹਾਂ ਦੇ ਕਈ ਹੋਰ ਮੈਸੇਜ ਫੇਕ ਹੁੰਦੇ ਹਨ ਲੇਕਿਨ ਉਨ੍ਹਾਂ ਨੂੰ ਅੱਗੇ ਸਾਂਝੇ ਕਰਨ ਵਾਲੇ ਲੋਕ ਸੋਚਦੇ ਹਨ ਕਿ ਉਹ ‘ਰਾਸ਼ਟਰ ਉਸਾਰੀ’ ਵਿਚ ਆਪਣੀ ਭੂਮਿਕਾ ਨਿਭਾ ਰਹੇ ਹਨ।
ਬੀ.ਬੀ.ਸੀ. ਦੀ ਨਵੀਂ ਖੋਜ ਵਿਚ ਇਹ ਖੁਲਾਸਾ ਕੀਤਾ ਗਿਆ ਹੈ ਕਿ ਲੋਕ ‘ਰਾਸ਼ਟਰ ਉਸਾਰੀ’ ਦੀ ਭਾਵਨਾ ਨਾਲ ਰਾਸ਼ਟਰਵਾਦੀ ਸੰਦੇਸ਼ਾਂ ਵਾਲੀਆਂ ਫੇਕ ਨਿਊਜ਼ ਸਾਂਝੀਆਂ ਕਰ ਰਹੇ ਹਨ। ਖਬਰਾਂ ਨਾਲ ਜੁੜੇ ਤੱਥਾਂ ਦੀ ਜਾਂਚ ਦੀ ਜ਼ਰੂਰਤ ਉਪਰ ਰਾਸ਼ਟਰੀ ਪਛਾਣ ਭਾਰੂ ਪੈ ਰਹੀ ਹੈ। #ਭਏੋਨਦਾਂਅਕeਂeੱਸ ਗ਼ਲਤ ਸੂਚਨਾਵਾਂ ਫੈਲਾਉਣ ਖਿਲਾਫ ਕੌਮਾਂਤਰੀ ਪਹਿਲ ਹੈ। ਇਸ ਖੋਜ ਵਿਚ ਟਵਿਟਰ ਉਪਰ ਮੌਜੂਦ ਕਈ ਨੈਟਵਰਕਾਂ ਦਾ ਅਧਿਐਨ ਕੀਤਾ ਗਿਆ ਅਤੇ ਇਸ ਦਾ ਵੀ ਵਿਸ਼ਲੇਸ਼ਣ ਕੀਤਾ ਗਿਆ ਹੈ ਕਿ ਇਨਕ੍ਰਿਪਟਿਡ ਮੈਸੇਜਿੰਗ ਐਪਸ ਨਾਲ ਲੋਕ ਕਿਸ ਤਰ੍ਹਾਂ ਦੇ ਸੰਦੇਸ਼ ਫੈਲਾ ਰਹੇ ਹਨ। ਬੀ.ਬੀ.ਸੀ. ਦੀ ਇਸ ਖੋਜ ਵਿਚ ਮਦਦ ਕਰਨ ਲਈ ਕੁਝ ਮੋਬਾਈਲ ਵਰਤੋਂਕਾਰਾਂ ਨੇ ਆਪਣੇ ਫੋਨ ਦੀ ਐਕਸੈੱਸ ਦਿੱਤੀ। ਇਹ ਰਿਸਰਚ ਬੀ.ਬੀ.ਸੀ. ਦੇ ਭਏੋਨਦ ਾਂਅਕe ਂeੱਸ ਪ੍ਰੋਜੈਕਟ ਤਹਿਤ ਕੀਤੀ ਗਈ ਹੈ ਜੋ ਗ਼ਲਤ ਸੂਚਨਾਵਾਂ ਦੇ ਖਿਲਾਫ ਕੌਮਾਂਤਰੀ ਪਹਿਲ ਹੈ।
ਇਸ ਖੋਜ ਨਾਲ ਪਤਾ ਚੱਲਿਆ ਕਿ ਭਾਰਤ ਵਿਚ ਲੋਕ ਉਸ ਤਰ੍ਹਾਂ ਦੇ ਸੰਦੇਸ਼ ਸ਼ੇਅਰ ਕਰਨ ਵਿਚ ਝਿਜਕ ਮਹਿਸੂਸ ਕਰਦੇ ਹਨ ਜੋ ਉਨ੍ਹਾਂ ਮੁਤਾਬਿਕ ਹਿੰਸਾ ਪੈਦਾ ਕਰ ਸਕਦੇ ਹਨ। ਲੇਕਿਨ ਇਹੀ ਲੋਕ ਰਾਸ਼ਟਰਵਾਦੀ ਸੰਦੇਸ਼ ਸਾਂਝਾ ਕਰਨਾ ਆਪਣਾ ਫਰਜ਼ ਸਮਝਦੇ ਹਨ। ਭਾਰਤ ਦੀ ਤਰੱਕੀ, ਹਿੰਦੂ ਸ਼ਕਤੀ ਅਤੇ ਹਿੰਦੂਆਂ ਦੀ ਖੁੱਸ ਗਈ ਸ਼ਾਨ ਦੀ ਮੁੜ ਬਹਾਲੀ ਨਾਲ ਜੁੜੇ ਸੰਦੇਸ਼, ਤੱਥਾਂ ਦੀ ਜਾਂਚ ਕੀਤੇ ਬਿਨਾਂ ਹੀ ਵੱਡੀ ਤਾਦਾਦ ਵਿਚ ਅੱਗੇ ਸਾਂਝੇ ਕੀਤੇ ਜਾ ਰਹੇ ਹਨ। ਐਸੇ ਸੰਦੇਸ਼ਾਂ ਨੂੰ ਭੇਜਣ ਵਾਲਿਆਂ ਨੂੰ ਲੱਗਦਾ ਹੈ ਕਿ ਉਹ ਰਾਸ਼ਟਰ ਉਸਾਰੀ ਵਿਚ ਹਿੱਸਾ ਪਾ ਰਹੇ ਹਨ।
ਕੀਨੀਆ ਅਤੇ ਨਾਈਜੀਰੀਆ ਵਿਚ ਵੀ ਫੇਕ ਨਿਊਜ਼ ਫੈਲਾਉਣ ਪਿੱਛੇ ਲੋਕਾਂ ਦੀ ‘ਫਰਜ਼ ਦੀ ਭਾਵਨਾ’ ਸਾਹਮਣੇ ਆਈ ਹੈ, ਲੇਕਿਨ ਇਨ੍ਹਾਂ ਦੋਨਾਂ ਮੁਲਕਾਂ ਵਿਚ ਰਾਸ਼ਟਰ ਉਸਾਰੀ ਦੀ ਭਾਵਨਾ ਦੀ ਬਜਾਏ ਬ੍ਰੇਕਿੰਗ ਨਿਊਜ਼ ਸਾਂਝੀ ਕਰਨ ਦੀ ਭਾਵਨਾ ਜ਼ਿਆਦਾ ਹੁੰਦੀ ਹੈ ਤਾਂ ਕਿ ਕਿਤੇ ਜੇ ਉਹ ਖਬਰ ਸੱਚੀ ਹੋਈ ਤਾਂ ਉਹ ਉਨ੍ਹਾਂ ਦੇ ਨੈੱਟਵਰਕ ਦੇ ਲੋਕਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਸੂਚਨਾਵਾਂ ਨੂੰ ਹਰ ਕਿਸੇ ਤਕ ਪਹੁੰਚਾਉਣ ਦੀ ਭਾਵਨਾ ਇਥੇ ਨਜ਼ਰ ਆਉਂਦੀ ਹੈ। ਸੰਦੇਸ਼ ਅੱਗੇ ਸਾਂਝੇ ਕਰਨਾ ਫਰਜ਼ ਸਮਝਿਆ ਜਾ ਰਿਹਾ ਹੈ।
ਫੇਕ ਨਿਊਜ਼ ਜਾਂ ਬਿਨਾ ਜਾਂਚੇ-ਪਰਖੇ ਖਬਰਾਂ ਨੂੰ ਅੱਗੇ ਸਾਂਝੀਆਂ ਕਰਨ ਵਾਲੇ ਲੋਕਾਂ ਦੀ ਨਜ਼ਰ ਵਿਚ ਮੈਸੇਜ ਜਾਂ ਖਬਰ ਦੇ ਸਰੋਤ ਨਾਲੋਂ ਜ਼ਿਆਦਾ ਅਹਿਮੀਅਤ ਇਸ ਗੱਲ ਦੀ ਹੈ ਕਿ ਉਸ ਨੂੰ ਉਨ੍ਹਾਂ ਤਕ ਕਿਸ ਨੇ ਭੇਜਿਆ ਹੈ। ਜੇ ਅੱਗੇ ਭੇਜਣ ਵਾਲਾ ਬੰਦਾ ‘ਨਾਮਵਰ’ ਹੈ ਤਾਂ ਉਹ ਜਾਂਚੇ-ਪਰਖੇ ਜਾਂ ਉਸ ਜਾਣਕਾਰੀ ਦੇ ਸਰੋਤ ਦਾ ਪਤਾ ਲਗਾਏ ਬਿਨਾਂ ਉਸ ਨੂੰ ਅੱਗੇ ਸਾਂਝਾ ਕਰਨ ਨੂੰ ਆਪਣਾ ‘ਫਰਜ਼’ ਸਮਝਦੇ ਹਨ। ਜਿਸ ਤਰ੍ਹਾਂ ਦੀਆਂ ਗ਼ਲਤ ਖਬਰਾਂ ਸਭ ਤੋਂ ਜ਼ਿਆਦਾ ਫੈਲਦੀਆਂ ਹਨ, ਉਨ੍ਹਾਂ ਵਿਚ ਸਭ ਤੋਂ ਜ਼ਿਆਦਾ ਇਸ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ ਜਿਵੇਂ, ਭਾਰਤ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ, ਹਿੰਦੂ ਧਰਮ ਮਹਾਨ ਸੀ ਅਤੇ ਹੁਣ ਉਸ ਨੂੰ ਦੁਬਾਰਾ ਮਹਾਨ ਬਣਾਉਣਾ ਹੈ, ਜਾਂ ਭਾਰਤ ਦਾ ਪੁਰਾਤਨ ਗਿਆਨ ਹਰ ਖੇਤਰ ਵਿਚ ਹੁਣ ਵੀ ਸਰਵ ਸ਼੍ਰੇਸ਼ਟ ਹੈ ਜਾਂ ਗਾਂ ਆਕਸੀਜਨ ਹੀ ਅੰਦਰ ਖਿੱਚਦੀ ਹੈ ਅਤੇ ਆਕਸੀਜਨ ਹੀ ਛੱਡਦੀ ਹੈ। ਐਸੀਆਂ ਖਬਰਾਂ ਨੂੰ ਲੋਕ ਹਜ਼ਾਰਾਂ ਦੀ ਤਾਦਾਦ ਵਿਚ ਰੋਜ਼ ਸ਼ੇਅਰ ਕਰਦੇ ਹਨ ਅਤੇ ਇਸ ਵਿਚ ਕੋਈ ਬੁਰਾਈ ਨਹੀਂ ਦੇਖਦੇ ਕਿ ਉਹ ਆਪਣੇ ਮਨ ਦੀ ਗੱਲ ਨੂੰ ਸਹੀ ਸਾਬਤ ਕਰਨ ਲਈ ਤੱਥਾਂ ਦਾ ਨਹੀਂ ਬਲਕਿ ਝੂਠ ਦਾ ਸਹਾਰਾ ਲੈ ਰਹੇ ਹਨ।
ਮੁੱਖਧਾਰਾ ਮੀਡੀਆ ਦਾ ਅਕਸ
ਫੇਕ ਨਿਊਜ਼ ਫੈਲਾਉਣ ਵਿਚ ਮੁੱਖ ਧਾਰਾ ਦੇ ਮੀਡੀਆ ਨੂੰ ਵੀ ਜ਼ਿੰਮੇਦਾਰ ਪਾਇਆ ਗਿਆ ਹੈ। ਖੋਜ ਮੁਤਾਬਿਕ, ਇਸ ਸਮੱਸਿਆ ਨਾਲ ਨਜਿੱਠਣ ਵਿਚ ਮੀਡੀਆ ਇਸ ਲਈ ਬਹੁਤਾ ਕਾਰਗਰ ਨਹੀਂ ਹੋ ਰਿਹਾ ਕਿਉਂਕਿ ਉਸ ਦਾ ਆਪਣਾ ਹੀ ਅਕਸ ਬਹੁਤਾ ਮਜ਼ਬੂਤ ਨਹੀਂ ਹੈ। ਲੋਕਾਂ ਦਾ ਮੰਨਣਾ ਹੈ ਕਿ ਸਿਆਸੀ ਅਤੇ ਕਾਰੋਬਾਰੀ ਹਿਤਾਂ ਦੇ ਦਬਾਓ ਹੇਠ ਮੀਡੀਆ ‘ਵਿਕ ਗਿਆ’ ਹੈ।
ਬੀ.ਬੀ.ਸੀ. ਨੇ ਫੇਕ ਨਿਊਜ਼ ਫੈਲਾਉਣ ਵਾਲਿਆਂ ਦੇ ਵਿਚਾਰਧਾਰਕ ਰੁਝਾਨ ਦੀ ਟਵਿਟਰ ਉਪਰ 16 ਹਜ਼ਾਰ ਅਕਾਊਂਟ ਦੇ ਜ਼ਰੀਏ ਜਾਂਚ ਕੀਤੀ ਤਾਂ ਇਹ ਸਾਹਮਣੇ ਆਇਆ ਕਿ ਮੋਦੀ ਹਮਾਇਤੀਆਂ ਦੇ ਤਾਰ ਆਪਸ ਵਿਚ ਬਿਹਤਰ ਤਰੀਕੇ ਨਾਲ ਜੁੜੇ ਹੋਏ ਹਨ ਅਤੇ ਉਹ ਇਕ ਤਰ੍ਹਾਂ ਨਾਲ ਮਿਲ-ਜੁਲ ਕੇ ਮੁਹਿੰਮ ਵਾਂਗ ਕੰਮ ਕਰ ਰਹੇ ਹਨ। ਹਿੰਦੂਤਵ, ਰਾਸ਼ਟਰਵਾਦ, ਮੋਦੀ, ਸੈਨਾ, ਦੇਸ਼ ਭਗਤੀ, ਪਾਕਿਸਤਾਨ ਦਾ ਵਿਰੋਧ, ਘੱਟ ਗਿਣਤੀਆਂ ਨੂੰ ਦੋਸ਼ੀ ਠਹਿਰਾਉਣ ਵਾਲੇ ਅਕਾਊਂਟ ਆਪਸ ਵਿਚ ਇਕ-ਦੂਜੇ ਨਾਲ ਜੁੜੇ ਹੋਏ ਹਨ। ਉਹ ਖਾਸ ਤਰ੍ਹਾਂ ਨਾਲ ਸਰਗਰਮ ਰਹਿੰਦੇ ਹਨ, ਜਿਵੇਂ ਕੋਈ ਫਰਜ਼ ਪੂਰਾ ਕਰ ਰਹੇ ਹੋਣ। ਇਸ ਦੇ ਉਲਟ, ਵੰਡੇ ਹੋਏ ਸਮਾਜ ਵਿਚ ਇਨ੍ਹਾਂ ਦੇ ਵਿਰੋਧੀਆਂ ਦੀ ਵਿਚਾਰਧਾਰਾ ਵੱਖ-ਵੱਖ ਹੈ, ਜਦਕਿ ਮੋਦੀ ਜਾਂ ਹਿੰਦੂਤਵ ਦੀ ਸਿਆਸਤ ਦਾ ਵਿਰੋਧ ਉਨ੍ਹਾਂ ਨੂੰ ਆਪਸ ਵਿਚ ਜੋੜਦਾ ਹੈ। ਵੱਖੋ-ਵੱਖਰੇ ਵਿਚਾਰਾਂ ਕਾਰਨ ਮੋਦੀ ਵਿਰੋਧੀਆਂ ਦੀ ਆਵਾਜ਼ ਮੋਦੀ ਹਮਾਇਤੀਆਂ ਦੀ ਤਰ੍ਹਾਂ ਇਕਜੁੱਟ ਨਹੀਂ ਹੈ।
ਵੱਟਸਐਪ ਉਪਰ ਹਿੰਦੂ ਰਾਸ਼ਟਰਵਾਦ
ਘੱਟੋ-ਘੱਟ ਇਹੀ ਤਸਵੀਰ ਵੱਟਸਐਪ ਉਪਰ ਵੀ ਉਭਰਦੀ ਹੈ। ਹਿੰਦੂ ਰਾਸ਼ਟਰਵਾਦ ਪ੍ਰਤੀ ਝੁਕਾਅ ਰੱਖਣ ਵਾਲੇ ਲੋਕਾਂ ਨੂੰ ਮੋਟੇ ਤੌਰ ‘ਤੇ ਤਿੰਨ ਵਰਗਾਂ ਵਿਚ ਵੰਡਿਆ ਜਾ ਸਕਦਾ ਹੈ। ਪਹਿਲਾ, ਪੁਰਾਤਨਪੰਥੀ ਹਿੰਦੂ ਜੋ ਕਿਸੇ ਵੀ ਤਰ੍ਹਾਂ ਦੇ ਸਮਾਜੀ ਬਦਲਾਓ ਦੇ ਵਿਰੋਧੀ ਹਨ। ਦੂਸਰਾ, ਅਗਾਂਹਵਧੂ ਹਿੰਦੂ ਜੋ ਅੰਨ੍ਹੇ ਭਗਤ ਨਹੀਂ ਹਨ, ਪਰ ਆਪਣੇ ਧਰਮ ਨੂੰ ਲੈ ਕੇ ਉਨ੍ਹਾਂ ਨੂੰ ਮਾਣ ਹੈ ਅਤੇ ਉਸੇ ਧਰਮ ਦਾ ਝੰਡਾ ਉਚਾ ਰੱਖਣ ਦੀ ਚਿੰਤਾ ਰਹਿੰਦੀ ਹੈ। ਇਹ ਦੋਨੋਂ ਵਰਗ ਮੋਦੀ ਨੂੰ ਆਪਣਾ ਆਗੂ ਮੰਨਦੇ ਹਨ। ਤੀਸਰਾ ਵਰਗ ਸਿੱਧੇ ਤੌਰ ‘ਤੇ ਕੱਟੜਪੰਥੀ ਹੈ ਜੋ ਘੱਟ ਗਿਣਤੀਆਂ ਪ੍ਰਤੀ ਇੰਤਹਾ ਅਤੇ ਹਿੰਸਕ ਵਿਚਾਰਾਂ ਵਾਲਾ ਹੈ।
ਮੋਦੀ ਵਿਰੋਧੀ ਚਾਰ ਵਰਗਾਂ ਵਿਚ ਵੰਡੇ ਹੋਏ ਹਨ। ਇਕ ਵਰਗ ਨੋਟਬੰਦੀ, ਜੀਐਸਟੀ ਵਰਗੀਆਂ ਨੀਤੀਆਂ ਦਾ ਵਿਰੋਧ ਕਰਨ ਵਾਲਾ ਹੈ। ਦੂਸਰਾ ਵਰਗ ਘੱਟ ਗਿਣਤੀਆਂ ਦਾ ਹੈ ਜਿਸ ਦੇ ਵਿਰੋਧ ਦਾ ਕਾਰਨ ਇੰਤਹਾ ਹਿੰਦੂਤਵ ਦੀ ਸਿਆਸਤ ਹੈ। ਤੀਸਰਾ ਵਰਗ ਉਨ੍ਹਾਂ ਲੋਕਾਂ ਦਾ ਹੈ ਜਿਨ੍ਹਾਂ ਨੇ ਮੋਦੀ ਨੂੰ ਵੋਟ ਦਿੱਤੀ ਪਰ ਉਹ ਨਿਰਾਸ਼ ਹਨ। ਚੌਥਾ ਵਰਗ ਕਾਂਗਰਸ ਵਰਗੇ ਸਿਆਸੀ ਵਿਰੋਧੀਆਂ ਦਾ ਹੈ। ਮੋਦੀ ਵਿਰੋਧੀ ਸੋਸ਼ਲ ਮੀਡੀਆ ਉਪਰ ਵੀ ਉਸੇ ਤਰ੍ਹਾਂ ਖਿੰਡੇ ਹੋਏ ਨਜ਼ਰ ਆਉਂਦੇ ਹਨ, ਜਿਵੇਂ ਮੁਲਕ ਦੀ ਸਿਆਸਤ ਵਿਚ।
ਟੀਮ ਵਾਂਗ ਕੰਮ ਕਰ ਰਹੇ ਹਨ ਮੋਦੀ ਹਮਾਇਤੀ
ਟਵਿਟਰ ਦੇ ਅੰਕੜਿਆਂ ਉਪਰ ਗਹਿਰਾਈ ਨਾਲ ਨਜ਼ਰ ਮਾਰਨ ‘ਤੇ ਬੀ.ਬੀ.ਸੀ. ਦੀ ਖੋਜ ਟੀਮ ਨੇ ਦੇਖਿਆ ਕਿ ਟਵਿਟਰ ਉਪਰ ਮੋਦੀ ਹਮਾਇਤੀ ਸਰਗਰਮੀਆਂ ਵਿਚ ਲੱਗੇ ਲੋਕਾਂ ਅਤੇ ਫੇਕ ਨਿਊਜ਼ ਫੈਲਾਉਣ ਵਾਲੇ ਕੁਝ ਅਕਾਊਂਟਾਂ ਦੀਆਂ ਤਾਰਾਂ ਜੁੜੀਆਂ ਹੋਈਆਂ ਹਨ। ਉਹ ਸਮੂਹ ਵਾਂਗ ਕੰਮ ਕਰ ਕਰਦੇ ਹਨ। ਦੂਸਰੇ ਪਾਸੇ, ਮੋਦੀ ਵਿਰੋਧੀ ਸਮੂਹ ਵੀ ਫੇਕ ਨਿਊਜ਼ ਫੈਲਾਉਂਦਾ ਹੈ ਲੇਕਿਨ ਉਨ੍ਹਾਂ ਦੀ ਤਾਦਾਦ ਅਤੇ ਉਨ੍ਹਾਂ ਦੀ ਸਰਗਰਮੀ ਮੁਕਾਬਲਤਨ ਘੱਟ ਹੈ ਅਤੇ ਉਹ ਵਿਰੋਧੀ ਧਿਰ ਦੀ ਸਿਆਸੀ ਅਗਵਾਈ ਨਾਲ ਉਸ ਤਰ੍ਹਾਂ ਜੁੜੇ ਹੋਏ ਨਹੀਂ ਜਿਸ ਤਰ੍ਹਾਂ ਹਿੰਦੂਤਵ ਵਾਲੇ ਲੋਕ ਹਨ।
ਖੋਜ ਤੋਂ ਸਾਹਮਣੇ ਆਇਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਟਵਿਟਰ ਅਕਾਊਂਟ ਕੁਝ ਐਸੇ ਲੋਕਾਂ ਨੂੰ ਫਾਲੋ ਕਰਦਾ ਹੈ ਜੋ ਫੇਕ ਨਿਊਜ਼ ਫੈਲਾਉਂਦੇ ਹਨ। ਪ੍ਰਧਾਨ ਮੰਤਰੀ ਮੋਦੀ ਦਾ ਟਵਿਟਰ ਹੈਂਡਲ @ਨਅਰeਨਦਰਅਮੋਦ ਿਜਿੰਨੇ ਅਕਾਊਂਟ ਫਾਲੋ ਕਰਦਾ ਹੈ, ਉਨ੍ਹਾਂ ਵਿਚੋਂ 56.2% ਤਸਦੀਕਸ਼ੁਦਾ ਨਹੀਂ ਹਨ, ਯਾਨੀ ਇਹ ਉਹ ਲੋਕ ਹਨ ਜਿਨ੍ਹਾਂ ਦੀ ਭਰੋਸੇਯੋਗਤਾ ਉਪਰ ਟਵਿਟਰ ਨੇ ਨੀਲੇ ਨਿਸ਼ਾਨ ਵਾਲੀ ਮੋਹਰ ਲਗਾਈ ਹੋਈ ਹੈ, ਇਹ ਲੋਕ ਕੋਈ ਵੀ ਹੋ ਸਕਦੇ ਹਨ। ਇਨ੍ਹਾਂ ਬਿਨਾਂ ਤਸਦੀਕ ਅਕਾਊਂਟਾਂ ਵਿਚੋਂ 61% ਭਾਜਪਾ ਦਾ ਪ੍ਰਚਾਰ ਕਰਦੇ ਹਨ। ਇਹ ਅਕਾਊਂਟ ਭਾਜਪਾ ਦੇ ਨਜ਼ਰੀਏ ਨੂੰ ਟਵਿਟਰ ਉਪਰ ਪੇਸ਼ ਕਰਦੇ ਹਨ।
ਭਾਜਪਾ ਦਾ ਦਾਅਵਾ ਰਿਹਾ ਹੈ ਕਿ ਟਵਿਟਰ ਉਪਰ ਇਨ੍ਹਾਂ ਅਕਾਊਂਟ ਨੂੰ ਫਾਲੋ ਕਰਕੇ ਪ੍ਰਧਾਨ ਮੰਤਰੀ ਆਮ ਆਦਮੀ ਨਾਲ ਜੁੜਦੇ ਹਨ; ਹਾਲਾਂਕਿ ਇਹ ਅਕਾਊਂਟ ਕੋਈ ਮਾਮੂਲੀ ਨਹੀਂ ਹਨ। ਇਨ੍ਹਾਂ ਅਕਾਊਂਟ ਨਾਲ ਔਸਤ 25,370 ਲੋਕ ਜੁੜੇ ਹੋਏ ਹਨ ਅਤੇ ਇਨ੍ਹਾਂ ਨੇ 48,388 ਟਵੀਟ ਕੀਤੇ ਹਨ। ਪ੍ਰਧਾਨ ਮੰਤਰੀ ਇਨ੍ਹਾਂ ਅਕਾਊਂਟ ਨੂੰ ਫਾਲੋ ਕਰਕੇ ਉਨ੍ਹਾਂ ਨੂੰ ਇਕ ਤਰ੍ਹਾਂ ਦੀ ਮਾਨਤਾ ਦਿੰਦੇ ਹਨ, ਇਨ੍ਹਾਂ ਵਿਚੋਂ ਜ਼ਿਆਦਾਤਰ ਲੋਕ ਜਿਨ੍ਹਾਂ ਨੂੰ ਟਵਿਟਰ ਨੇ ਮਾਨਤਾ ਨਹੀਂ ਦਿੱਤੀ ਹੈ, ਉਹ ਆਪਣੀ ਜਾਣ-ਪਛਾਣ ਵਿਚ ਲਿਖਦੇ ਹਨ ਕਿ ਮੁਲਕ ਦਾ ਪ੍ਰਧਾਨ ਮੰਤਰੀ ਉਨ੍ਹਾਂ ਨੂੰ ਫਾਲੋ ਕਰਦਾ ਹੈ।
ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ 11% ਬਿਨਾਂ ਤਸਦੀਕ ਕੀਤੇ ਅਕਾਊਂਟ ਫਾਲੋ ਕਰਦੇ ਹਨ, ਉਥੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਮਾਮਲੇ ਵਿਚ ਇਹ ਅੰਕੜਾ 37.7% ਹੈ।
ਫੇਕ ਨਿਊਜ਼ ਉਪਰ ਕੀ ਸੋਚਦਾ ਹੈ ਆਮ ਇਨਸਾਨ
ਬੀ.ਬੀ.ਸੀ. ਵਰਲਡ ਸਰਵਿਸ ਵਿਚ ਸਰੋਤਾ ਖੋਜ ਵਿਭਾਗ ਦੇ ਮੁਖੀ ਸ਼ਾਂਤਨੂੰ ਚਕਰਵਰਤੀ ਕਹਿੰਦੇ ਹਨ, “ਇਸ ਖੋਜ ਵਿਚ ਇਹੀ ਸਵਾਲ ਹੈ ਕਿ ਆਮ ਲੋਕ ਫੇਕ ਨਿਊਜ਼ ਨੂੰ ਅਗਾਂਹ ਸਾਂਝੀ ਕਿਉਂ ਕਰਦੇ ਹਨ, ਜਦਕਿ ਉਹ ਫੇਕ ਨਿਊਜ਼ ਫੈਲਾਉਣ ਬਾਰੇ ਫਿਕਰਮੰਦ ਹੋਣ ਦਾ ਦਾਅਵਾ ਕਰਦੇ ਹਨ। ਇਹ ਰਿਪੋਰਟ ਇਨ-ਡੈਪਥ ਕੁਆਲੀਟੇਟਿਵ ਅਤੇ ਐਥਨੋਗ੍ਰਾਫੀ ਦੀਆਂ ਤਕਨੀਕਾਂ ਦੇ ਨਾਲ-ਨਾਲ ਡਿਜੀਟਲ ਨੈੱਟਵਰਕ ਵਿਸ਼ਲੇਸ਼ਣ ਅਤੇ ਬਿੱਗ ਡੇਟਾ ਤਕਨੀਕ ਦੀ ਮਦਦ ਨਾਲ ਭਾਰਤ, ਕੀਨੀਆ ਅਤੇ ਨਾਈਜੀਰੀਆ ਵਿਚ ਕਈ ਤਰ੍ਹਾਂ ਨਾਲ ਫੇਕ ਨਿਊਜ਼ ਨੂੰ ਸਮਝਣ ਦਾ ਯਤਨ ਕਰਦੀ ਹੈ। ਇਨ੍ਹਾਂ ਮੁਲਕਾਂ ਵਿਚ ਫੇਕ ਨਿਊਜ਼ ਦੇ ਤਕਨੀਕ ਕੇਂਦਰਤ ਸਮਾਜਿਕ ਸਰੂਪ ਨੂੰ ਸਮਝਣ ਦੇ ਲਈ ਇਹ ਪਹਿਲਾ ਪ੍ਰੋਜੈਕਟ ਹੈ। ਮੈਂ ਉਮੀਦ ਕਰਦਾ ਹਾਂ ਕਿ ਇਸ ਖੋਜ ਵਿਚ ਸਾਹਮਣੇ ਆਈਆਂ ਜਾਣਕਾਰੀਆਂ ਫੇਕ ਨਿਊਜ਼ ਉਪਰ ਹੋਣ ਵਾਲੀਆਂ ਚਰਚਾਵਾਂ ਵਿਚ ਗਹਿਰਾਈ ਅਤੇ ਸਮਝ ਪੈਦਾ ਕਰਨਗੀਆਂ ਅਤੇ ਖੋਜਕਾਰ, ਵਿਸ਼ੇਲਸ਼ਕ, ਪੱਤਰਕਾਰ ਇਨ੍ਹਾਂ ਜਾਣਕਾਰੀਆਂ ਦਾ ਇਸਤੇਮਾਲ ਕਰ ਸਕਣਗੇ।”
ਬੀ.ਬੀ.ਸੀ. ਵਰਲਡ ਸਰਵਿਸ ਗਰੁੱਪ ਦੇ ਨਿਰਦੇਸ਼ਕ ਜੇਸੀ ਏਂਗਸ ਕਹਿੰਦੇ ਹਨ, “ਮੀਡੀਆ ਵਿਚ ਜ਼ਿਆਦਾਤਰ ਚਰਚਾ ਪੱਛਮੀ ਮੁਲਕਾਂ ਵਿਚ ‘ਫੇਕ ਨਿਊਜ਼’ ਉਪਰ ਹੀ ਹੋਈ ਹੈ, ਇਹ ਖੋਜ ਇਸ ਗੱਲ ਦਾ ਤਕੜਾ ਸਬੂਤ ਹੈ ਕਿ ਬਾਕੀ ਦੁਨੀਆਂ ਵਿਚ ਕਈ ਗੰਭੀਰ ਸਮੱਸਿਆਵਾਂ ਖੜ੍ਹੀਆਂ ਹੋ ਰਹੀਆਂ ਹਨ, ਜਿਥੇ ਸੋਸ਼ਲ ਮੀਡੀਆ ਉਪਰ ਖਬਰਾਂ ਸ਼ੇਅਰ ਕਰਦੇ ਵਕਤ ਰਾਸ਼ਟਰ ਉਸਾਰੀ ਦਾ ਵਿਚਾਰ ਸੱਚ ਉਪਰ ਭਾਰੂ ਪੈ ਰਿਹਾ ਹੈ। ਬੀ.ਬੀ.ਸੀ. ਦੀ ਭਏੋਨਦ ਾਂਅਕe ਨeੱਸ ਪਹਿਲ ਗ਼ਲਤ ਸੂਚਨਾਵਾਂ ਦੇ ਫੈਲਾਓ ਨਾਲ ਨਜਿਠਣ ਵਿਚ ਸਾਡੀ ਵਚਨਬੱਧਤਾ ਵੱਲ ਅਹਿਮ ਕਦਮ ਹੈ। ਇਸ ਕੰਮ ਲਈ ਇਹ ਖੋਜ ਮਹੱਤਵਪੂਰਨ ਜਾਣਕਾਰੀ ਮੁਹੱਈਆ ਕਰਵਾਉਂਦੀ ਹੈ।”
ਫੇਸਬੁੱਕ, ਗੂਗਲ ਅਤੇ ਟਵਿਟਰ ਸੋਮਵਾਰ 12 ਨਵੰਬਰ ਨੂੰ ਆਪੋ-ਆਪਣੇ ਪਲੈਟਫਾਰਮਾਂ ਉਪਰ ਫੇਕ ਨਿਊਜ਼ ਦੇ ਬਾਰੇ ਚਰਚਾ ਕਰਨਗੇ। ਇਸ ਖੋਜ ਰਿਪੋਰਟ ਉਪਰ ਹੀ ਬੀ.ਬੀ.ਸੀ. ਨੇ ਸੋਮਵਾਰ ਨੂੰ ਹੀ ਦਿੱਲੀ ਸਮੇਤ ਮੁਲਕ ਦੇ ਸੱਤ ਸ਼ਹਿਰਾਂ ਵਿਚ ਵੱਖ-ਵੱਖ ਭਾਸ਼ਾਵਾਂ ਵਿਚ ਚਰਚਾ ਕੀਤੀ ਹੈ।