ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਦੇਣ ਦੇ ਯਾਦਗਾਰੀ ਪਲ

ਹਰਪਾਲ ਸਿੰਘ ਪੰਨੂ
ਫੋਨ: 91-94642-51454
ਗੁਰੂ ਨਾਨਕ ਦੇਵ ਨੇ ਫੈਸਲਾ ਸੁਣਾ ਦਿੱਤਾ ਸੀ ਕਿ ਬਾਣੀ (ਸ਼ਬਦ) ਗੁਰੂ ਹੈ:
ਪਵਨ ਅਰੰਭੁ ਸਤਿਗੁਰ ਮਤਿ ਵੇਲਾ॥

ਸਬਦੁ ਗੁਰੂ ਸੁਰਤਿ ਧੁਨਿ ਚੇਲਾ॥
(ਰਾਮਕਲੀ, ਸਿਧ ਗੋਸਟਿ ਮ. ੧, ਗੁਰੂ ਗ੍ਰੰਥ ਸਾਹਿਬ, ਪੰਨਾ 943)
ਗੁਰੂ ਰਾਮਦਾਸ ਦਾ ਫੁਰਮਾਨ ਹੈ:
ਬਾਣੀ ਗੁਰੂ ਗੁਰੂ ਹੈ ਬਾਣੀ
ਵਿਚਿ ਬਾਣੀ ਅੰਮ੍ਰਿਤ ਸਾਰੇ॥
ਗੁਰਬਾਣੀ ਕਹੈ ਸੇਵਕ ਜਨੁ ਮਾਨੈ
ਪਰਤਖਿ ਗੁਰੂ ਨਿਸਤਾਰੇ॥ (ਪੰਨਾ 982)
ਗੁਰੂ ਅਰਜਨ ਦੇਵ ਨੇ ਗ੍ਰੰਥ ਦੀ ਬੀੜ ਬੰਨ੍ਹ ਕੇ ਹਰਿਮੰਦਰ ਵਿਖੇ ਪ੍ਰਕਾਸ਼ ਕੀਤਾ, ਪਹਿਲੇ ਗ੍ਰੰਥੀ ਬਾਬਾ ਬੁੱਢਾ ਥਾਪੇ। ਗੁਰੂ ਗੋਬਿੰਦ ਸਿੰਘ ਨੇ ਨੌਂਵੇਂ ਪਾਤਸ਼ਾਹ ਦੀ ਬਾਣੀ ਤਲਵੰਡੀ ਸਾਬੋ ਕੀ ਵਿਖੇ ਸ਼ਾਮਲ ਕਰਕੇ ਬੀੜ ਸੰਪੂਰਨ ਕੀਤੀ ਤੇ ਦੱਖਣ ਚਲੇ ਗਏ। ਨਾਂਦੇੜ ਸਨ, ਜਦੋਂ ਹਮਲਾਵਰ ਪਠਾਣ ਨੇ ਛੁਰੇ ਦਾ ਵਾਰ ਕੀਤਾ। ਜਦੋਂ ਸੰਸਾਰ ਤੋਂ ਵਿਦਾਇਗੀ ਲੈਣੀ ਸੀ, ਉਦਾਸ ਸੰਗਤ ਆਲੇ-ਦੁਆਲੇ ਬੈਠੀ ਸੀ।
ਉਸ ਵਕਤ ਉਥੇ ਤਲੌਂਡਾ (ਥਾਨੇਸਰ, ਪਰਗਣਾ ਜੀਂਦ) ਪਿੰਡ ਦਾ ਬ੍ਰਾਹਮਣ ਸਿੱਖ ਨਰਵਦ ਸਿੰਘ ਹਾਜ਼ਰ ਸੀ, ਜਿਸ ਨੇ ਉਕਤ ਅੱਖੀਂ ਡਿਠਾ ਵਾਕਿਆ ਭੱਟ ਵਹੀ ਵਿਚ ਦਰਜ ਕੀਤਾ। ਉਸ ਦੇ ਵਾਕ ਮੂਲ ਰੂਪ ਵਿਚ ਪਾਠਕਾਂ ਸਨਮੁਖ ਹਨ:
“ਗੁਰੂ ਗੋਬਿੰਦ ਸਿੰਘ ਮਹਲ ਦਸਮਾਂ ਬੇਟਾ ਗੁਰੂ ਤੇਗ ਬਹਾਦਰ ਜੀ, ਮੁਕਾਮ ਨਾਂਦੇੜ ਤਟ ਗੋਦਾਵਰੀ, ਦੇਸ ਦੱਖਣ, ਸਤਰਾਂ ਸੈ ਪੈਸਟ, ਕਾਰਤਕ ਮਾਸੇ ਸੁਦੀ ਚਉਥ ਸੁਕਲਾ ਪੱਖੇ ਬੁਧਵਾਰ ਕੇ ਦਿਹੁੰ, ਭਾਈ ਦਯਾ ਸਿੰਘ ਸੇ ਬਚਨ ਹੋਆ- ਸ੍ਰੀ ਗ੍ਰੰਥ ਸਾਹਿਬ ਲੇ ਆਓ॥ ਬਚਨ ਪਾਏ ਦਯਾ ਸਿੰਘ ਸ੍ਰੀ ਗ੍ਰੰਥ ਸਾਹਿਬ ਲੇ ਆਏ॥ ਗੁਰੂ ਜੀ ਨੇ ਪਾਂਚ ਪੈਸੇ ਏਕ ਨਲੀਏਰ ਆਗੇ ਭੇਟਾ ਰੱਖਾ, ਮੱਥਾ ਟੇਕਾ॥ ਸਰਬੱਤ ਸੰਗਤ ਸੇ ਕਹਾ- ਮੇਰਾ ਹੁਕਮ ਹੈ ਮੇਰੀ ਜਗਹ ਸ੍ਰੀ ਗ੍ਰੰਥ ਜੀ ਕੋ ਜਾਣਨਾ॥ ਜੋ ਜਾਨੇਗਾ ਤਿਸ ਕੀ ਘਾਲ ਥਾਇ ਪਏਗੀ॥ ਗੁਰੂ ਤਿਸ ਕੀ ਬਾਹੁੜੀ ਕਰੇਗਾ॥ ਸਤਿ ਕਰ ਮਾਨਣਾ॥”
ਉਸ ਤੋਂ ਬਾਅਦ ਵਡੇਰਿਆਂ ਤੋਂ ਸੁਣ ਕੇ 1762 ਈ. ਵਿਚ ਲਿਖੀ ਸਰੂਪ ਸਿੰਘ ਦੀ ਲਿਖਤ ਸਾਖੀ ਨੰ. 112 ਵਿਚ ਇਹ ਪਾਠ ਦਰਜ ਹੈ:
“ਸਿੱਖਾਂ ਗੁਰੂ ਜੀ ਤਰਫ ਦੇਖਾ-ਮਹਾਰਾਜ ਅਸਾਂ ਕੋ ਕਿਸ ਕੇ ਸਹਾਰੇ ਛੋੜ ਕੇ ਆਗੇ ਜਾ ਰਹੇ ਹੋ॥ ਹਮੇ ਬਤਾਈਏ। ਸਤਿਗੁਰਾਂ ਧੀਰੇ ਸੇ ਕਹਾ-ਸਿਖੋ ਇਹ ਪੰਥ ਅਸਾਂ ਸ੍ਰੀ ਅਕਾਲ ਪੁਰਖ ਕੀ ਆਗਿਆ ਸੇ ਸਾਜਾ ਹੈ, ਉਹ ਇਸਕਾ ਹਰ ਥਾਇ ਹਰ ਮੁਸਕਲ ਮੇ ਸਹਾਈ ਹੋਇਗਾ॥ ਮੈ ਸੀਧਾ ਤੁਸਾਂ ਕੋ ਉਸਕੇ ਲੜ ਲਾਇਆ ਹੈ॥ ਉਹ ਲੜ ਲਾਗਿਆਂ ਕੀ ਲਾਜ ਪਾਲੇ॥ ਗੁਰੂ ਜੀ ਨੇ ਦਯਾ ਸਿੰਘ ਸੇ ਕਹਾ-ਭਾਈ ਸਿੱਖਾ, ਸ੍ਰੀ ਗ੍ਰੰਥ ਸਾਹਿਬ ਲੈ ਆਈਏ, ਅਸਾਂ ਇਸੇ ਗੁਰਤਾ ਦੇਣੀ ਹੈ॥ ਬਚਨ ਪਾਇ ਭਾਈ ਦਯਾ ਸਿੰਘ ਨੇ ਸ੍ਰੀ ਗ੍ਰੰਥ ਜੀ ਲਿਆਏ ਕੇ ਪ੍ਰਕਾਸ ਕੀਆ॥ ਪੰਚਾਮ੍ਰਿਤ ਤਿਆਰ ਕਰਕੇ ਏਕ ਸਿਖ ਨੇ ਚੌਕੀ ਤੇ ਲਿਆਇ ਰਖਾ॥ ਅਰਦਾਸ ਉਪਰੰਤ ਸਤਿਗੁਰੂ ਜੀ ਗੁਰਤਾ ਦੇਨੇ ਲਗੇ॥ ਗੁਰੂ ਸਾਹਿਬ ਪਾਂਚ ਪੈਸੇ ਏਕ ਨਰੀਏਲ ਹਾਥ ਮੇ ਲੈ ਕੇ ਚਾਰਪਾਈ ਤੇ ਬਿਰਾਜਮਾਨ ਹੋਇ॥ ਦਯਾ ਸਿੰਘ ਸੇ ਕਹਾ-ਇਨੇ ਸ੍ਰੀ ਗ੍ਰੰਥ ਸਾਹਿਬ ਜੀ ਕੇ ਆਗੇ ਟਿਕਾਇ ਦੇਓ॥ ਸ੍ਰੀ ਮੁਖ ਜੀ ਇੰਜ ਬੋਲੇ-ਅਕਾਲ ਪੁਰਖ ਕੇ ਬਚਨ ਸਿਉ, ਪ੍ਰਗਟ ਚਲਿਯੋ ਪੰਥ॥ ਸਭ ਸਿਖਨ ਕੋ ਬਚਨ ਹੈ ਗੁਰੂ ਮਾਨਿਓ ਗ੍ਰੰਥ॥ ਗੁਰੂ ਖਾਲਸਾ ਮਾਨਿਐ ਪ੍ਰਗਟ ਗੁਰੂ ਕੀ ਦੇਹ॥ ਜੋ ਸਿਖ ਮੋ ਮਿਲਬੋ ਚਹਹਿ ਖੋਜ ਇਨਹੋਂ ਮੈ ਲੇਹ॥ ਉਪਰੰਤ ਰਬਾਬੀਆਂ ਕੀਰਤਨ ਕੀਆ॥ ਅਰਦਾਸੀਏ ਅਰਦਾਸ ਕਰਕੇ ਤ੍ਰਿਹਾਵਲ ਪ੍ਰਸਾਦ ਕੀ ਦੇਗ ਵਰਤਾਈ॥ ਸ੍ਰੀ ਗ੍ਰੰਥ ਜੀ ਕੋ ਗੁਰਤਾ ਮਿਲਨੇ ਉਪਰੰਤ ਮਹਾਨ ਜਗ ਹੋਆ॥ ਸਭ ਗਰੀਬ ਅਤਿਥਿ, ਸਾਧੂ, ਬ੍ਰਾਹਮਣ ਏਸ ਜਗ ਮੈ ਪ੍ਰਸਾਦ ਪਾਵਣ ਆਏ॥ ਕਾਈ ਪਾਰਾਵਾਰ ਨਾ ਰਹਾ॥”
ਬਿਲਕੁਲ ਇਹੋ ਸੂਚਨਾ ਭਾਈ ਕੋਇਰ ਸਿੰਘ ਆਪਣੇ ਗ੍ਰੰਥ ਗੁਰਬਿਲਾਸ ਪਾਤਸ਼ਾਹੀ ਦਸਵੀਂ ਦੇ 21ਵੇਂ ਅਧਿਆਇ ਵਿਚ ਦਰਜ ਕਰਦੇ ਹਨ। ਬਾਬਾ ਗੁਰਮੁਖ ਸਿੰਘ ਜੀ ਕਿਹਾ ਕਰਦੇ, “ਬੰਦੇ ਦੀ ਪੂਜਾ ਕਰਨੀ ਤਾਂ ਦਰਕਿਨਾਰ, ਅੱਜ ਦਸ਼ਮੇਸ਼ ਪਿਤਾ ਫਰਜ਼ ਕਰੋ ਸਾਡੇ ਸਾਹਮਣੇ ਹਾਜ਼ਰ ਹੋ ਜਾਣ, ਉਨ੍ਹਾ ਨੂੰ ਮੱਥਾ ਟੇਕਣ ਦੀ ਥਾਂ ਅਸੀਂ ਫਤਿਹ ਬੁਲਾਵਾਂਗੇ ਕਿਉਂਕਿ ਉਨ੍ਹਾ ਨੇ ਆਪ ਫੁਰਮਾਇਆ ਕਿ ਅਸਾਂ ਦੀ ਥਾਂ ਅੱਗੇ ਤੋਂ ਗੁਰੂ ਗ੍ਰੰਥ ਸਾਹਿਬ ਸਦੀਵੀ ਗੁਰੂ ਹੋਣਗੇ।”
ਨੋਟ: ਹੁਣ ਗਲਤ ਪਰੰਪਰਾ ਪ੍ਰਚਲਿਤ ਹੋਣ ਕਾਰਨ ਸਿੱਖ ਵਿਗਾੜੀ ਹੋਈ ਪੰਕਤੀ ਪੜ੍ਹਦੇ ਹਨ-ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ। ਦੇਹ ਗ੍ਰੰਥ ਨਹੀਂ ਪੰਥ ਹੈ। ਗ੍ਰੰਥ ਰੂਹ ਹੈ। ਦੀਦਾਰ ਖਾਲਸੇ ਕਾ, ਪਰਚਾ ਸਬਦ ਕਾ।