ਗਦਰ ਲਹਿਰ ਦਾ ਇਤਿਹਾਸ ਆਪਣੇ ਨਾਵਲਾਂ ਅੰਦਰ ਸਮੋ ਕੇ ਪਾਠਕਾਂ ਅੱਗੇ ਪੇਸ਼ ਕਰਨ ਵਾਲੇ ਉਘੇ ਲੇਖਕ ਕੇਸਰ ਸਿੰਘ ਨਾਵਲਿਸਟ ਨੇ ਬਹੁਤ ਮਿਹਨਤ ਨਾਲ ਗਦਰ ਲਹਿਰ ਦੀ ਵਾਰਤਕ ਲੱਭਣ ਅਤੇ ਸੰਭਾਲਣ ਦਾ ਔਖੇਰਾ ਕਾਰਜ ਵੀ ਨੇਪਰੇ ਚਾੜ੍ਹਿਆ ਸੀ। ਗਦਰ ਲਹਿਰ ਭਾਰਤ ਦੀ ਆਜ਼ਾਦੀ ਦੇ ਇਤਿਹਾਸ ਦਾ ਅਹਿਮ ਪੰਨਾ ਹੈ। ਗਦਰ ਲਹਿਰ ਸ਼ੁਰੂ ਹੋਣ ਤੋਂ ਪਹਿਲਾਂ ਕੈਨੇਡਾ ਵਿਚ ਕਿਸ ਤਰ੍ਹਾਂ ਦੀ ਸਰਗਰਮੀ ਅੰਗਰੇਜ਼ ਹਕੂਮਤ ਖਿਲਾਫ ਹੋ ਰਹੀ ਸੀ,
ਉਸ ਦਾ ਜ਼ਿਕਰ ‘ਪੰਜਾਬ ਟਾਈਮਜ਼’ ਦੇ ਪਾਠਕਾਂ ਨੇ ਉਸ ਵਕਤ ਕੈਨਡਾ ਤੋਂ ਛਪਦੇ ਰਹੇ ਦੋ ਪਰਚਿਆਂ ‘ਸੁਦੇਸ਼ ਸੇਵਕ’ ਤੇ ‘ਸੰਸਾਰ’ ਵਿਚ ਛਪੀਆਂ ਲਿਖਤਾਂ ਰਾਹੀਂ ਪੜ੍ਹਿਆ। ਹੁਣ ਅਮਰੀਕਾ ਤੋਂ ਛਪਦੇ ‘ਗਦਰ’ ਵਿਚ ਛਪੀਆਂ ਲਿਖਤਾਂ ਦੀ ਲੜੀ ਛਾਪੀ ਜਾ ਰਹੀ ਹੈ। ਇਸ ਅੰਕ ਤੋਂ ‘ਗਦਰ’ ਵਿਚ ਛਪੇ ਫੁਟਕਲ ਲੇਖਾਂ ਦੀ ਲੜੀ ਸ਼ੁਰੂ ਕੀਤੀ ਜਾ ਰਹੀ ਹੈ। ਇਨ੍ਹਾਂ ਲੇਖਾਂ ਵਿਚੋਂ ਗਦਰੀਆਂ ਦੇ ਸਿਦਕ, ਸਿਰੜ ਅਤੇ ਸੁੱਚੀ ਸੋਚ ਦੇ ਝਲਕਾਰੇ ਮਿਲਦੇ ਹਨ ਅਤੇ ਉਸ ਵੇਲੇ ਆਜ਼ਾਦੀ ਲਈ ਉਠ ਰਹੇ ਵਲਵਲਿਆਂ ਦਾ ਪਤਾ ਲਗਦਾ ਹੈ। -ਸੰਪਾਦਕ
(ਦਸੰਬਰ 1913 ਨੂੰ ਛਪਿਆ
ਲੇਖਕ ਭਾਰਦਵਾਜ)
ਆਦਮੀ ਤੇ ਡੰਗਰ ਵਿਚ ਕੀ ਫਰਕ ਹੈ? ਆਦਮੀ ਆਪਣੀ ਜਾਤ, ਆਪਣੇ ਕਬੀਲੇ, ਆਪਣੀ ਕੌਮ ਤੇ ਵਤਨ ਦੀ ਇੱਜਤ ਦਾ ਖਿਆਲ ਰੱਖਦਾ ਹੈ, ਪਰੰਤੂ ਪਸ਼ੂ ਮਾਮੂਲੀ ਸਿਰਫ ਰੋਟੀ ਦੀ ਖਾਤਿਰ ਆਪਣੀ ਕੌਮ ਤੋਂ ਘ੍ਰਿਣਾ ਕਰਦਾ ਹੈ। ਨਹੀਂ ਨਹੀਂ ਪਸ਼ੂ ਮਾਮੂਲੀ ਘਾਸ ਫੂਸ ਖਾ ਕੇ ਆਦਮੀ ਦੀ ਖਾਤਿਰ ਕੰਮ ਕਰਦਾ ਹੈ। ਕੀ ਆਦਮੀ ਜਿਹੜਾ ਕੌਮ ਘਾਤੀ ਹੋਵੇ, ਕੌਮ ਖਾਤਿਰ ਕੀੜੀ ਦੀ ਰੀਸ ਕਰ ਸਕਦਾ ਹੈ, ਕਦੇ ਨਹੀਂ? ਬਸ ਉਹ ਆਦਮੀ ਜਿਹੜਾ ਦਸ ਪੰਦਰਾਂ ਡਾਲਰਾਂ ਦੀ ਖਾਤਿਰ ਆਪਣੀ ਕੌਮ ਦੇ ਬਰਖਿਲਾਫ ਆਪਣੀ ਕੌਮ ਦੇ ਦੁਸ਼ਮਣਾਂ ਕੋਲ ਜ਼ਹਿਰ ਉਗਲਦਾ ਹੈ, ਉਹ ਗਧੇ, ਟੱਟੂ, ਊਠ ਅਤੇ ਕੀੜੀਆਂ ਤੋਂ ਭੀ ਬੁਰਾ ਹੈ? ਉਹ ਆਪਣੇ ਮਨੁੱਖ ਜਾਤੀ ਤੇ ਜਾਮੇ ਨੂੰ ਪਲੀਤ ਕਰਦਾ ਹੈ। ਮਨੁੱਖੀ ਜਨਮ ਪਾ ਕੇ ਭੀ ਉਹ ਅਪਰਾਧੀ ਆਪਣੇ ਹੱਥਾਂ ਨਾਲ ਆਪਣੀ ਖਾਤਿਰ ਮੁਸੀਬਤ ਦੇ ਸਾਮਾਨ ਇਕੱਠੇ ਕਰਦਾ ਹੈ।
ਪੈਸਾ ਆਦਮੀ ਦੇ ਹੱਥਾਂ ਦੀ ਮੈਲ ਹੈ। ਫੇਰ ਉਸ ਦੌਲਤ ਦੀ ਖਾਤਿਰ ਆਪਣੀ ਕੌਮ ਦੇ ਮਹਾਂਪੁਰਸ਼ਾਂ ਦੇ ਬਰਖਿਲਾਫ ਚੁਗਲੀ ਕਰਨਾ ਕਿਹੋ ਜਿਹਾ ਨੀਚ ਕੰਮ ਹੈ ਅਤੇ ਗਵਰਨਮੈਂਟ ਤੋਂ ਇਵੇਂ ਫੋਕੇ ਕਿਤਾਬਾਂ ਦੀ ਖਾਤਿਰ ਕੌਮ ਦੇ ਸ਼ਹੀਦਾਂ ਦੀ ਨਿੰਦਿਆ ਕਰਨਾ ਮਹਾਂਪਾਪ ਹੈ। ਦੇਸ਼ਘਾਤੀ ਨੂੰ ਰੁਪਏ ਤਾਂ ਮਿਲ ਜਾਂਦੇ ਹਨ, ਪਰ ਰੁਪਏ ਦੇਣ ਵਾਲੇ, ਦੇਸ਼ਘਾਤੀ ਨੂੰ ਕੁੱਤਾ ਸਮਝਦੇ ਹਨ। ਉਹ ਜਾਣਦੇ ਹਨ ਕਿ ਜਿਸ ਆਦਮੀ ਨੇ ਆਪਣੀ ਕੌਮ ਦਾ ਭਲਾ ਨਹੀਂ ਕੀਤਾ, ਪਰਾਈ ਕੌਮ ਦਾ ਕਿਸ ਤਰ੍ਹਾਂ ਭਲਾ ਕਰ ਸਕਦਾ ਹੈ।
ਉਹ ਸਾਡਾ ਦੋਸਤ ਕਿਸ ਤਰ੍ਹਾਂ ਬਣ ਸਕਦਾ ਹੈ, ਜੋ ਦੇਸ਼ ਨੂੰ ਥੋੜ੍ਹੇ ਰੁਪਏ ਦੇ ਕੇ ਭਾੜੇ ਦੇ ਟੱਟੂ ਵਾਂਗ ਆਪਣਾ ਕੰਮ ਕੱਢ ਲਵੇ? ਮਗਰੋਂ ਛਿੱਤਰ ਮਾਰ ਕੇ ਕੱਢ ਦੇਵੇ। ਸਾਰੇ ਰਾਣੇ ਬਾਂਦਰ ਖਾਣ ਬਾਂਦਰਾਂ ਤੇ ਸਰਦਾਰ ਬਾਂਦਰ। ਜੰਗਲੀ ਬੇਵਕੂਫ ਤੇ ਬੇਸ਼ਹੂਰ ਸਮਝਦੇ ਹਨ। ਰਾਜ ਕਰਨ ਵਾਲੇ ਬੜੇ ਚਾਲਾਕ ਹੁੰਦੇ ਹਨ। ਉਹ ਦੇਸ਼ਘਾਤੀ ਕੁੱਤਿਆਂ ਅੱਗੇ ਰੋਟੀ ਦਾ ਟੁਕੜਾ ਪਾ ਕੇ ਆਪਣਾ ਕੰਮ ਕੱਢਦੇ ਹਨ। ਭਲਾ ਕਿਸੇ ਅੰਗਰੇਜ਼ ਦੇ ਨਾਂ ‘ਬਹਾਦਰ’ ਦੇ ਖਿਤਾਬ ਦੀ ਪੂਛ ਦੇਖੀ ਹੈ? ਫੇਰ ਉਹ ਦੇਸ਼ਘਾਤੀ ਹਿੰਦੁਸਤਾਨੀਆਂ ਨੂੰ ਹੀ ਬਹਾਦਰ ਤੇ ‘ਆਨਰੇਬਲ’ ਦੇ ਨਾਂ ਦਿੰਦੇ ਹਨ। ਅਸਲ ਵਿਚ ਇਹ ਜਾਣਦੇ ਹਨ ਕਿ ‘ਬਹਾਦਰ’ ਨਹੀਂ ਹਨ। ਜੇ ਬਹਾਦਰ ਹੁੰਦੇ ਤਾਂ ਸਾਨੂੰ ਹਿੰਦੁਸਤਾਨ ਵਿਚ ਪੈਰ ਕਿਉਂ ਧਰਨ ਦਿੰਦੇ, ਹਾਂ ਇਹ ‘ਬਾਂਦਰ’ ਹਨ। ਸਾਡੇ ਕਹਿਣ ‘ਤੇ ਨੱਚਦੇ ਹਨ। ਜਿਸ ਤਰ੍ਹਾਂ ਸਾਹਿਬ ਲੋਕ ਹੁਕਮ ਕਰਦਾ ਹੈ, ਉਸੇ ਤਰ੍ਹਾਂ ਇਹ ਲੋਕ ਸਿਰ ਤੇ ਮੱਥਾ ਰਗੜ ਕੇ ਉਸ ਨੂੰ ਮੰਨਦੇ ਹਨ।
ਜਿਹੜੇ ਲੋਕ ਆਪਣੇ ਦੇਸ਼ ਵਿਚ ਆਪਣੀ ਇੱਜ਼ਤ ਨਹੀਂ ਬਚਾ ਸਕਦੇ, ਜਿਨ੍ਹਾਂ ਨੂੰ ਗੋਰੇ ਮਾਰ ਕੇ ਕਹਿ ਦਿੰਦੇ ਹਨ ਕਿ ਆਪੇ ਮਰ ਗਿਆ ਹੈ, ਇਸ ਨੂੰ ਬੁਖਾਰ ਸੀ। ਜਿਨ੍ਹਾਂ ਦੇ ਦੇਸ਼ ਵਿਚ ਉਨ੍ਹਾਂ ਦੀਆਂ ਔਰਤਾਂ ਦੀ ਇੱਜ਼ਤ ਨਹੀਂ ਬਚ ਸਕਦੀ ਅਤੇ ਬਾਹਰ ਉਨ੍ਹਾਂ ਦੇ ਛਿੱਤਰ ਪੈਂਦੇ ਹਨ, ਭਲਾ ਉਹ ਲੋਕ ‘ਆਨਰੇਬਲ’ ਹਨ। ਆਨਰ ਦਾ ਮਤਲਬ ਹੈ ਕਿ ਇੱਜ਼ਤ ਤੇ ਬੈਲ ਜਿਹੜਾ ਬੈਲ ਹੱਥ ਗੱਡੀ ਤੇ ਹੋਰ ਕੰਮਾਂ ਦੀ ਖਾਤਿਰ ਰੱਖਿਆ ਜਾਂਦਾ ਹੈ। ਇਹ ਅੰਗਰੇਜ਼ਾਂ ਦੀ ਇੱਜ਼ਤ ਦੀ ਗੱਡੀ ਨੂੰ ਖਿੱਚਣ ਵਾਲੇ ਹਨ। ਅੰਗਰੇਜ਼ ਹਿੰਦੁਸਤਾਨੀ ਰਹੀਸਾਂ, ਮਰਹੱਟੇ, ਬ੍ਰਾਹਮਣਾਂ, ਪਠਾਣਾਂ ਤੇ ਸਿੱਖ ਸਰਦਾਰਾਂ ਨੂੰ ‘ਬਾਂਦਰ’ ‘ਬੈਲ’ ਆਖਦੇ ਹਨ। ਪਰ ਕਿਸੇ ਦੇ ਵਿਚ ਇਹ ਤਾਕਤ ਨਹੀਂ ਕਿ ਇਨ੍ਹਾਂ ਬਦਮਾਸ਼ਾਂ ਨੂੰ ਕੰਨੋ ਫੜ੍ਹ ਕੇ ਬਾਹਰ ਕੱਢ ਦੇਵੇ ਅਤੇ ਪੂਰੀ ਕੌਮ ਨੂੰ ਜ਼ੁਲਮ ਦੀ ਸਿੱਖਿਆ ਦੇਵੇ।
ਵੇਖੋ, ਇਹ ਮਨਘੜਤ ਗੱਲਾਂ ਨਹੀਂ ਹਨ। ਅੰਗਰੇਜ਼ ਇਨ੍ਹਾਂ ਖਾਨ ਬਹਾਦਰ, ਸਰਦਾਰ ਬਹਾਦਰਾਂ ਨੂੰ ਸਚਮੁੱਚ ਉੱਲੂ ਸਮਝਦੇ ਹਨ। ਲਉ, ਇਕ ਅੰਗਰੇਜ਼ ਦੀ ਜ਼ਬਾਨ ਤੋਂ ਪਬਲਿਕ ਸਰਵਿਸ ਕਮਿਸ਼ਨ ਦਾ ਮੈਂਬਰ ਫਰੰਗੀ ਸੀਲੇ ਕਮਿਸ਼ਨਰ ਪਰੈਜ਼ੀਡੈਂਸੀ ਡਵੀਜ਼ਨ ਦੇ ਛੋਟੇ ਅਫਸਰ ਸਈਅਦ ਅਸ਼ਰਫ ਅਲੀ ਨੂੰ ਇਉਂ ਪੁੱਛਦਾ ਹੈ:
ਫਰੰਗੀ: ਅੱਛਾ ਮਿਸਟਰ; ਕੀ ਤੁਸੀਂ ਭੀ ਆਪਣੀ ਖਿਦਮਤ ਦੇ ਬਦਲੇ ਰਾਏ ਅਤੇ ਖਾਨ ਬਹਾਦਰ ਦੇ ਖਿਤਾਬ ਚਾਹੁੰਦੇ ਹੋ?
ਸਈਅਦ ਅਸ਼ਰਫ: ਹਾਂ ਹਜ਼ੂਰ।
ਫਰੰਗੀ: ਕੀ ਤੂੰ ਸੁਣਿਆ ਨਹੀਂ ਕਿ ਰਾਏ ਤੇ ਖਾਨ ਬਹਾਦਰੀ ਦੇ ਖਿਤਾਬ ਨੂੰ ਅੰਗਰੇਜ਼ਾਂ ਵਿਚ …ਫੂਲ ਯਾਨਿ ਬੇਵਕੂਫ ਤੇ ਬੇਸ਼ਹੂਰ ਆਖਿਆ ਜਾਂਦਾ ਹੈ?
ਸਈਅਦ ਅਸ਼ਰਫ: ਹਾਂ ਅੱਜ ਕਲ੍ਹ ਇਹ ਖਿਤਾਬ ਇਹੋ ਜਿਹਾ ਗਿਰ ਗਿਆ ਹੈ ਕਿ ਅਜਿਹਾ ਹੀ ਹੋਵੇਗਾ।
ਫਰੰਗੀ: ਪਰ ਫੇਰ ਭੀ ਕੀ ਤੂੰ ਆਪਣੇ ਨਾਂ ਨਾਲ ਇਸ ਖਿਤਾਬ ਨੂੰ ਚਾਹੁੰਦਾ ਹੈ?
ਸਈਅਦ ਅਸ਼ਰਫ: ਹਾਂ, ਆਪਣੀ ਖਿਦਮਤ ਦੀ ਖਾਤਿਰ।
ਪਾਠਕੋ ਵਿਚਾਰ ਕਰੋ; ਬੀਸਵੀਂ ਸਦੀ ਦੇ 1913 ਵਰਗੇ ਜੋਸ਼ੀਲੇ ਤੇ ਜ਼ਿੰਦਾ ਸਮੇਂ ਵਿਚ ਸਾਡੀ ਜ਼ਮੀਨ ਤੇ ਸਾਡੇ ਲੋਕਾਂ ਨੂੰ ਬੇਵਕੂਫ ਤੇ ਬੇਸ਼ਹੂਰ ਕਿਹਾ ਜਾਂਦਾ ਹੈ ਅਤੇ ਉਥੇ ਭੀ ਕਹਿੰਦੇ ਹਨ। ਕਿ ਹਾਂ, ਅਸੀਂ ਆਪਣੀ ਖਿਦਮਤ ਦੇ ਬਦਲੇ ਵਿਚ ਬੇਵਕੂਫ ਦਾ ਖਿਤਾਬ ਚਾਹੁੰਦੇ ਹਾਂ। ਬੇਸ਼ਰਮੀ, ਬੇਹਯਾਈ ਤੇ ਬੁਜ਼ਦਿਲੀ ਦੀ ਹੱਦ ਹੋ ਗਈ। ਬੇਵਕੂਫ ਕਹਿਣ ਵਾਲੇ ਅੰਗਰੇਜ਼ ਦੇ ਨਹੀਂ ਤਾਂ ਆਪਣੇ ਸੀਨੇ ਵਿਚ ਗੋਲੀ ਮਾਰ ਲੈਂਦੇ। ਅੰਗਰੇਜ਼ਾਂ ਨੂੰ ਖੁਲ੍ਹੇ ਦਰਬਾਰ ਵਿਚ ਹੱਸਣ ਤੇ ਮਖੌਲ ਕਰਨ ਦਾ ਸਮਾਂ ਤਾਂ ਨਾ ਮਿਲਦਾ। ਇਸ ਲਈ ਆਪ ਹੀ ਇਹ ਲੋਕ ਬੇਸ਼ਹੂਰ ਦਾ ਖਿਤਾਬ ਚਾਹੁੰਦੇ ਹਨ। ਬਸ ਹੁਣ ਪਤਾ ਲਗ ਗਿਆ ਹੈ ਕਿ ਫਰੰਗੀਆਂ ਦੇ ਨੌਕਰ ਡਿਪਟੀ ਥਾਣੇਦਾਰ ‘ਆਨਰੇਬਲ’ ਰਾਏ ਖਾਨ ਅਤੇ ਸਰਦਾਰ ਬਹਾਦਰ ਤੇ ਬੇਵਕੂਫ ਹਨ। ਦੇਸ਼ਘਾਤੀ ਤੇ ਖੁਫੀਆ ਸਿਪਾਹੀ ਕੁੱਤਿਆਂ ਤੋਂ ਵੀ ਬੁਰਾ ਅੰਗਰੇਜ਼ਾਂ ਦੀ ਜ਼ਬਾਨੀ ਮਾਲੂਮ ਹੁੰਦਾ ਹੈ: ਪਰ ਅਸੀਂ ਇਨ੍ਹਾਂ ਨੂੰ ਪਸ਼ੂਆਂ ਤੋਂ ਵੱਧ ਸਮਝਦੇ ਹਾਂ। ਜਿਸ ਤਰ੍ਹਾਂ ਅਸੀਂ ਹੁਣ ਕਹਿ ਚੁਕੇ ਹਾਂ, ਹੁਣ ਤਾਂ ਕੌਮੀ ਪਾਰਟੀ ਭੀ ਹੁਸ਼ਿਆਰ ਹੋ ਗਈ ਹੈ ਅਤੇ ਇਸ ਦਾ ਜਥਾ ਹਵਾ ਵਾਂਗ ਫੈਲ ਗਿਆ ਹੈ। ਅਸੀਂ ਦੇਸ਼ਘਾਤੀਆਂ ਨੂੰ ਇਕਦਮ ਪਛਾਣ ਲੈਂਦੇ ਹਾਂ, ਅਤੇ ਉਨ੍ਹਾਂ ਨੂੰ ਕਹਿ ਦਿੰਦੇ ਹਾਂ ਕਿ ਅਸੀਂ ਤੁਹਾਨੂੰ ਪਛਾਣ ਲਿਆ ਹੈ। ਫੇਰ ਉਹ ਸਾਡੇ ਕੋਲ ਨਹੀਂ ਆਉਂਦੇ, ਬਸ ਦੇਸ਼ਘਾਤੀਆਂ ਦੀ ਮਿੱਟੀ ਪਲੀਤ ਹੈ। ਕੌਮ ਉਨ੍ਹਾਂ ਦੀ ਦੁਸ਼ਮਣ ਹੁੰਦੀ ਹੈ ਜਿਨ੍ਹਾਂ ਦੀ ਖਾਤਿਰ ਉਹ ਧਰਮ ਅਮਾਨ ਵੇਚ ਕੇ ਕੰਮ ਕਰਦੇ ਹਨ। ਕੌਮ ਉਹ ਅੰਗਰੇਜ਼ ਹੈ, ਜਿਨ੍ਹਾਂ ਨੂੰ ਬਾਂਦਰ, ਬੈਲ, ਕੁੱਤੇ ਤੇ ਬੇਵਕੂਫ ਕਹਿੰਦੇ ਹਨ।
ਬਸ ਅਸੀਂ ਦੇਸ਼ਘਾਤੀਆਂ ਉਤੇ ਰਹਿਮ ਕਰਕੇ ਕਹਿੰਦੇ ਹਾਂ ਕਿ ਉਏ ਦੇਸ਼ਘਾਤੀਓ, ਤੁਹਾਡੀ ਮਾਤਾ ਦੁਖ ਭਰੇ ਹਾਲ ਵਿਚ ਹੈ। ਉਸ ਦੇ ਵਾਲ ਬਿਖਰੇ ਹੋਏ ਹਨ, ਉਸ ਦੇ ਬਦਨ ਵਿਚੋਂ ਲਹੂ ਦੇ ਫਵਾਰੇ ਨਿਕਲਦੇ ਹਨ। ਭਾਰਤ ਮਾਤਾ ਦੇ ਸਾਰੇ ਪੁੱਤਰ ਉਸ ਦੀ ਮਦਦ ਦੀ ਖਾਤਰ ਇਕੱਠੇ ਹੋ ਰਹੇ ਹਨ, ਤੁਸੀਂ ਭੀ ਉਸ ਦੇ ਪੁੱਤਰ ਹੋ। ਪਿਛਲੇ ਕੰਮਾਂ ਤੋਂ ਤੌਬਾ ਕਰੋ। ਮਾਤਾ ਦੇ ਚਰਨਾਂ ਵਿਚ ਸਿਰ ਰੱਖੋ। ਉਹ ਤੁਹਾਨੂੰ ਬਖਸ਼ ਦੇਵੇਗੀ ਅਤੇ ਤੁਹਾਡੀ ਦੀਨ ਦੁਨੀਆਂ ਸੁਧਾਰ ਦੇਵੇਗੀ।
ਸਰਕਾਰੀ ਨੌਕਰਾਂ ‘ਤੇ ਲੱਖ ਲਾਹਨਤ
(6 ਜਨਵਰੀ 1914, ਲੇਖਕ ਭਾਰਤ ਦਾਸ)
ਹਿੰਦੁਸਤਾਨ ਤੇ ਹੋਰ ਕਈ ਮੁਲਕਾਂ ਵਿਚ ਕਈ ਕਿਸਮ ਦਾ ਜ਼ਹਿਰੀ ਸੱਪ ਦੇਖਿਆ ਜਾਂਦਾ ਹੈ, ਜੋ ਜ਼ਹਿਰ ਘੋਲਦਾ ਰਹਿੰਦਾ ਹੈ ਅਤੇ ਹਿੰਦੁਸਤਾਨ ਵਿਚ ਬਿੱਛੂ ਤੇ ਕੰਨ ਖਜੂਰੇ ਵੀ ਹਨ, ਜੋ ਦੂਜਿਆਂ ਨੂੰ ਦੁੱਖ ਦੇ ਕੇ ਆਪਣਾ ਪੇਟ ਪਾਲਦੇ ਹਨ। ਇਸ ਕਿਸਮ ਦੇ ਹੋਰ ਭੀ ਕੀੜੇ ਹਨ, ਜੋ ਗੰਦੀਆਂ ਮੋਰੀਆਂ ਤੇ ਅੰਧੇਰੀ ਕੋਠਿਆਂ ਅੰਦਰ ਰਹਿੰਦੇ ਹਨ ਅਤੇ ਚਾਨਣੇ ਵਿਚ ਆਉਣ ਤੋਂ ਡਰਦੇ ਹਨ। ਇਹ ਸਾਰੇ ਕੀੜੇ ਜੋ ਮਨੁੱਖ ਦਾ ਰੂਪ ਧਾਰ ਲੈਂਦੇ ਹਨ, ਫਿਰ ਸਰਕਾਰੀ ਨੌਕਰ ਕਹਾਉਂਦੇ ਹਨ। ਸਰਕਾਰੀ ਨੌਕਰ ਨੂੰ ਤਾਂ ਦੋ ਅੱਖਰ ਤੇ ਇਕ ਨਾਂ ਹੈ, ਪਰ ਸੋਚਣ ਤੋਂ ਮਾਲੂਮ ਹੁੰਦਾ ਹੈ ਕਿ ਇਸ ਪੁੰਛ ਦੇ ਪਿਛੇ ਕਿਤਨੇ ਪਾਪ ਤੇ ਜ਼ੁਲਮ ਛੁਪੇ ਹੋਏ ਹਨ। ਇਹ ਵਡਿਆਈ ਦੀ ਪੁੰਛ ਆਦਮੀ ਦੀ ਭੈੜਕਾਰੀ, ਬੇਸ਼ਰਮੀ ਤੇ ਕਮੀਨੇਪਣ ਦਾ ਪਟਾ ਹੈ। ਇਸ ਆਦਮੀ ਵਿਚ ਲਾਲਚ, ਬੇਹਯਾਈ, ਬਦਖੋਈ ਤੇ ਬਦਮਾਸ਼ੀ ਇਸ ਤਰ੍ਹਾਂ ਭਰੀ ਹੋਈ ਹੈ ਜਿਸ ਤਰ੍ਹਾਂ ਬਗਾਲੇ ਦੇ ਥੈਲੇ ਵਿਚ ਸੱਪ।
ਪਰ ਅਸੀਂ ਵੀ ਇਸ ਭੇਤ ਨੂੰ ਜਾਣਦੇ ਹਾਂ। ਅਸੀਂ ਬੇਪਰਵਾਹੀ ਨਾਲ ਇਤਨੇ ਪਾਗਲ ਹੋ ਗਏ ਹਾਂ ਕਿ ਸਾਡੀ ਮਤ ਮਾਰੀ ਗਈ ਹੈ ਅਤੇ ਅਸੀਂ ਸੱਚ ਤੇ ਝੂਠ, ਨੇਕੀ ਤੇ ਬਦੀ, ਇਨਸਾਫ ਤੇ ਬੇਇਨਸਾਫੀ ਦੇ ਅਸੂਲਾਂ ਨੂੰ ਪਛਾਣ ਨਹੀਂ ਸਕਦੇ ਹਾਂ। ਹੁਣ ਸਾਨੂੰ ਲੋੜ ਹੈ ਕਿ ਸਰਕਾਰੀ ਨੌਕਰਾਂ ਦੀ ਹਾਲਤ ਦੀ ਪੂਰੀ ਤਸਵੀਰ ਖਿੱਚੀ ਜਾਵੇ ਅਤੇ ਆਪਣੇ ਵੀਰਾਂ ਨੂੰ ਸਮਝਾਇਆ ਜਾਵੇ ਕਿ ਇਨ੍ਹਾਂ ਨਾਲ ਕਿਸ ਤਰ੍ਹਾਂ ਦਾ ਵਰਤਾਉ ਕਰਨਾ ਚਾਹੀਦਾ ਹੈ। ਸਰਕਾਰੀ ਨੌਕਰ ਕਿਸ ਤਰ੍ਹਾਂ ਖਾਣ ਨੂੰ ਕਮਾਉਂਦਾ ਹੈ, ਕਿਵੇਂ ਪੈਸੇ ਇਕੱਠੇ ਕਰਦਾ ਹੈ। ਇਹ ਸਭ ਨੂੰ ਮਾਲੂਮ ਹੈ ਕਿ ਉਹ ਕੋਈ ਕੰਮ ਨਹੀਂ ਕਰਦਾ, ਉਹ ਖੇਤੀ ਨਹੀਂ ਕਰਦਾ, ਉਹ ਦਾਣੇ ਕਦੇ ਨਹੀਂ ਪੈਦਾ ਕਰਦਾ, ਪਰ ਖਾਣ ਨੂੰ ਸਭ ਤੋਂ ਅੱਗੇ ਆ ਜਾਂਦਾ ਹੈ। ਇਕ ਕਹਾਵਤ ਹੈ ਕਿ ਖਾਣ ਨੂੰ ਸ਼ੇਰ ਤੇ ਕਮਾਉਣ ਨੂੰ ਗਿਦੜ। ਸੋ ਇਹੀ ਹਾਲ ਸਰਕਾਰੀ ਨੌਕਰ ਦਾ ਹੈ। ਉਹ ਕੱਪੜਾ ਨਹੀਂ ਬੁਣਦਾ, ਪਰ ਪਹਿਨਣ ਨੂੰ ਆਪਣਾ ਗੰਦਾ ਜਿਸਮ ਅੱਗੇ ਕਰ ਦਿੰਦਾ ਹੈ। ਉਹ ਮਕਾਨ ਨਹੀਂ ਬਣਾਉਂਦਾ, ਪਰ ਰਹਿਣ ਨੂੰ ਬੰਗਲਾ ਮੰਗਦਾ ਹੈ। ਬੱਸ ਗੱਲ ਕੀ, ਉਹ ਖਟਮਲ ਹੈ, ਜਿਹੜਾ ਲੋਕਾਂ ਦਾ ਲਹੂ ਚੂਸਦਾ ਹੈ। ਜਦ ਆਦਮੀ ਆਪ ਪੈਸੇ ਮਿਹਨਤ ਕਰਕੇ ਨਹੀਂ ਕਮਾਉਂਦਾ ਤਾਂ ਉਹ ਪੈਸੇ ਲੈਣ ਦਾ ਹੱਕਦਾਰ ਕਿਸ ਤਰ੍ਹਾਂ ਹੈ?
ਸਰਕਾਰੀ ਨੌਕਰ ਕੀ ਕੰਮ ਕਰਦਾ ਹੈ? ਸਰਕਾਰ ਦੀ ਨੌਕਰੀ। ਸਰਕਾਰ ਕੀ ਹੈ? ਗਵਰਨਮੈਂਟ। ਅੰਗਰੇਜ਼ੀ ਗਵਰਨਮੈਂਟ ਕੀ ਹੈ? ਚੋਰਾਂ ਤੇ ਡਾਕੂਆਂ ਦਾ ਜੱਥਾ। ਦੇਸੀ ਸਰਕਾਰੀ ਨੌਕਰ ਚੋਰਾਂ ਤੇ ਬਦਮਾਸ਼ਾਂ ਦੇ ਨੌਕਰ ਹਨ। ਇਨ੍ਹਾਂ ਦਾ ਸਾਥੀ ਤੇ ਸਾਂਝੀ ਇਨ੍ਹਾਂ ਦਾ ਮਦਦਗਾਰ ਹੈ। ਇਸ ਤੋਂ ਵੱਧ ਹੋਰ ਪਾਪ ਕੀ ਹੋ ਸਕਦਾ ਹੈ? ਗਵਰਨਮੈਂਟ ਨੌਕਰਾਂ ਬਿਨਾਂ ਬੇਬਸ ਹੈ। ਅੰਗਰੇਜ਼ ਹਿੰਦੁਸਤਾਨ ਤੇ ਜ਼ੁਲਮ ਨਹੀਂ ਕਰ ਸਕਦਾ, ਜੇ ਹਿੰਦੁਸਤਾਨੀ ਨੌਕਰ ਨਾ ਮਿਲਣ, ਅੰਗਰੇਜ਼ੀ ਗਵਰਨਮੈਂਟ ਲੰਗੜਿਆਂ ਵਾਂਗ ਰਹਿ ਜਾਵੇ। ਸਰਕਾਰੀ ਨੌਕਰ ਗਵਰਨਮੈਂਟ ਦਾ ਹੱਥ ਹੈ, ਪੈਰ ਹੈ, ਜ਼ੁਬਾਨ ਹੈ, ਅੱਖ ਹੈ, ਕੰਨ ਹੈ। ਗਵਰਨਮੈਂਟ ਦੀ ਸਾਰੀ ਤਾਕਤ ਨੌਕਰਾਂ ‘ਤੇ ਹੈ। ਵਿਚਾਰ ਕਰਕੇ ਤੁਸੀਂ ਸਰਕਾਰੀ ਨੌਕਰਾਂ ਦੇ ਕੰਮ ਦਾ ਪੂਰਾ ਪਤਾ ਲਾ ਸਕਦੇ ਹੋ?
ਵਿਚਾਰ ਕਰੋ ਕਿ ਮਾਮਲਾ ਕਿਸ ਤਰ੍ਹਾਂ ਇਕੱਠਾ ਹੁੰਦਾ ਹੈ। ਗਵਰਨਮੈਂਟ ਦਾ ਪਹਿਲਾ ਕੰਮ ਮਾਮਲਾ ਲੈਣਾ ਹੈ। ਰੁਪਏ ਤੋਂ ਬਗੈਰ ਗਵਰਨਮੈਂਟ ਨਹੀਂ ਚਲ ਸਕਦੀ। ਬਸ ਜਿਹੜੇ ਆਦਮੀ ਸਰਕਾਰ ਨੂੰ ਰੁਪਿਆ ਇਕੱਠਾ ਕਰਨ ਵਿਚ ਮਦਦ ਦਿੰਦੇ ਹਨ, ਉਹ ਉਨ੍ਹਾਂ ਦੇ ਰਾਜ ਦੀ ਨੀਂਹ ਦੇ ਪੱਥਰ ਹਨ। ਉਹ ਕਮੂਜ਼ੀ ਜਨੌਰ ਦੇ ਦੰਦ ਪੰਜੇ ਹਨ, ਜਿਨ੍ਹਾਂ ਨਾਲ ਉਹ ਖੁਰਾਕ ਲੈਂਦਾ ਹੈ। ਸਰਕਾਰੀ ਨੇਤਾ ਗਵਰਨਮੈਂਟ ਤਕ ਰੁਪਿਆ ਲੈ ਜਾਣ ਵਾਲੇ ਨਲਕੇ ਹਨ ਜਿਨ੍ਹਾਂ ਦਾ ਇਕ ਮੂੰਹ ਪਿੰਡਾਂ ਵਿਚ ਹੈ ਤੇ ਦੂਜਾ ਖਜ਼ਾਨੇ ਵਿਚ। ਇਹ ਪਟਵਾਰੀ, ਤਹਿਸੀਲਦਾਰ, ਡਿਪਟੀ ਮੈਜਿਸਟਰੇਟ ਤੇ ਕਮਿਸ਼ਨਰ ਸਭ ਸਰਕਾਰੀ ਨੌਕਰ ਹਨ, ਜਿਹੜੇ ਰੁਪਿਆ ਜਮ੍ਹਾਂ ਕਰਦੇ ਹਨ, ਜੋ ਪੈਸਾ ਪੈਸਾ ਇਕੱਠਾ ਕਰਕੇ ਕਰੋੜਾਂ ਰੁਪਿਆ ਦਾ ਢੇਰ ਲਾ ਦਿੰਦੇ ਹਨ।
ਭੀਲਾਂ ਦੀ ਬਹਾਦਰੀ
ਸਲੋਕ:
ਭੀਲ ਬਹਾਦਰ ਹਿੰਦ ਦੇ ਬੜੇ ਸੂਰਮੇ ਬੀਰ।
ਜ਼ਰਾ ਨਾ ਡਰਦੇ ਤੋਪ ਤੋਂ ਮਾਰਨ ਸਿੱਧੇ ਤੀਰ।
ਨਾਲ ਆਜ਼ਾਦੀ ਜੀਵਦੇ ਇਹ ਮਰਦਾਂ ਦੀ ਕਾਰ।
ਨਹੀਂ ਗੁਲਾਮੀ ਝਲਣੀ ਮਰਨਾਂ ਇਕੋ ਵਾਰ।
ਹਿੰਦੁਸਤਾਨ ਦੇ ਵਿਚਕਾਰਲੇ ਸੂਬਿਆਂ ਤੋਂ ਅੰਧੇਰੇ ਵਿਚ ਬਿਜਲੀ ਚਮਕੀ ਹੈ। ਉਥੇ ਭੀਲਾਂ ਨੇ ਲੜਾਈ ਦਾ ਝੰਡਾ ਚੁਕ ਕੇ ਆਪਣੀ ਰਿਆਸਤ ਬਣਾ ਲਈ ਹੈ। ਮਾਨਗੜ੍ਹ ਕਿਲ੍ਹੇ ਉਤੇ ਕਬਜ਼ਾ ਕਰ ਲਿਆ। ਉਨ੍ਹਾਂ ਦੇ ਸਰਦਾਰ ਗੋਬਿੰਦ ਗਿਰੀ ਨੇ ਅੰਗਰੇਜ਼ਾਂ ਦੀ ਫੌਜ ਨਾਲ ਲੜਾਈ ਦੀ ਤਿਆਰੀ ਕਰ ਲਈ। ਜਦ ਅੰਗਰੇਜ਼ ਤੋਪਾਂ ਲੈ ਕੇ ਆਏ ਤਾਂ ਭੀਲਾਂ ਨੇ ਤੀਰਾਂ ਨਾਲ ਸਾਹਮਣੇ ਤੋਂ ਮੁਕਾਬਲਾ ਕੀਤਾ। ਇਨ੍ਹਾਂ ਵਿਚਾਰਿਆਂ ਕੋਲ ਹੋਰ ਹਥਿਆਰ ਕਿਥੇ ਸੀ, ਪਰ ਜਿਹੜੀ ਹੋ ਸਕੀ, ਸੋ ਕੀਤੀ। ਜਦ ਅੰਗਰੇਜ਼ਾਂ ਦੀ ਫੌਜ ਨੇ ਕਿਲ੍ਹਾ ਲੈ ਲਿਆ, ਸੌ ਤੋਂ ਜ਼ਿਆਦਾ ਭੀਲ ਮਾਰੇ ਗਏ ਅਤੇ ਬਹੁਤ ਸਾਰੇ ਫੜ੍ਹੇ ਗਏ, ਪਰ ਫੇਰ ਵੀ ਉਨ੍ਹਾਂ ਦੀ ਹਿੰਮਤ ਸਲਾਹੁਣ ਯੋਗ ਹੈ। ਆਜ਼ਾਦੀ ਦੀ ਮੁਹੱਬਤ ਨਤੀਜੇ ਤੋਂ ਨਹੀਂ ਦੇਖੀ ਜਾਂਦੀ, ਸਗੋਂ ਕੰਮ ਤੋਂ ਦੇਖੀ ਜਾਂਦੀ ਹੈ। ਜੇ ਭੀਲਾਂ ਦੇ ਕੋਲ ਅੱਜ ਕੱਲ੍ਹ ਵਰਗੇ ਹਥਿਆਰ ਹੋਣ ਤਾਂ ਉਹ ਜ਼ਰੂਰ ਪਠਾਣਾਂ ਵਾਂਗ ਆਜ਼ਾਦ ਰਹਿ ਕੇ ਆਪਣੀ ਉਮਰ ਨਿਭਾਣ, ਪਰ ਵੀਹਵੀਂ ਸਦੀ ਵਿਚ ਤੀਰਾਂ ਨਾਲ ਆਜ਼ਾਦੀ ਦੀ ਰਖਿਆ ਨਹੀਂ ਹੋ ਸਕਦੀ, ਪਰ ਫੇਰ ਵੀ ਭੀ ਸ਼ੇਰਦਿਲ, ਭੀਲ ਗੁਲਾਮ, ਬੇ-ਹਿੰਮਤ ਤੇ ਡਰਾਕਲ ਹਿੰਦੂ ਮੁਸਲਮਾਨਾਂ ਨਾਲੋਂ ਹਜ਼ਾਰ ਦਰਜੇ ਅੱਛੇ ਹਨ:
ਸਲੋਕ:
ਮਿਲੇ ਆਜ਼ਾਦੀ ਉਸ ਨੂੰ
ਲੜੇ ਜੋ ਵਾਂਗ ਪਤੰਗ।
ਰੋਸ਼ਨ ਨਾਮ ਜਾਪਾਨ ਦਾ
ਕੀਆ ਰੂਸ ਨਾਲ ਜੰਗ।
ਕੌਮੀ ਪਾਰਟੀ ਨੂੰ ਚਾਹੀਦਾ ਹੈ ਕਿ ਭੀਲਾਂ ਵਿਚ ਜਾ ਕੇ ਬੰਦੂਕਾਂ ਵੰਡੇ ਤੇ ਗਦਰ ਦੀ ਫੌਜ ਵਿਚ ਭਰਤੀ ਕਰੇ। ਇਸ ਵੇਲੇ ਗਵਰਨਮੈਂਟ ਨਾਲ ਲੜਨ ਦਾ ਖਿਆਲ ਹੀ ਅੰਮ੍ਰਿਤ ਹੈ ਅਤੇ ਭੀਲਾਂ ਦੇ ਇਸ ਕੰਮ ਦੀ ਖਬਰ ਬੜੀ ਸ਼ੁੱਧ ਹੈ। ਭੀਲ ਸਾਡੇ ਗੁਲਾਮ ਤੇ ਕਮੀਨੇ ਪੜ੍ਹੇ ਹੋਏ ਆਦਮੀਆਂ ਨਾਲੋਂ ਲੱਖ ਦਰਜੇ ਅੱਛੇ ਹਨ ਕਿਉਂਕਿ ਉਹ ਆਪਣੀ ਆਜ਼ਾਦੀ ਨੂੰ ਸਮਝਦੇ ਹਨ, ਪਰ ਪੜ੍ਹੇ ਲਿਖੇ ਹਿੰਦੂ ਮੁਸਲਮਾਨ ਸਭ ਗੱਲਾਂ ਜਾਣਦਿਆਂ ਵੀ ਡਰਦੇ ਵੜੇ ਰਹਿੰਦੇ ਹਨ। ਇਹ ਗੁਲਾਮੀ ਤੋਂ ਜ਼ਰਾ ਵੀ ਘ੍ਰਿਣਾ ਨਹੀਂ ਕਰਦੇ। ਸਾਨੂੰ ਅਜਿਹੇ ਭੀਲਾਂ ਦੀ ਲੋੜ ਹੈ।
ਮੁਸਲਮਾਨਾਂ ਦੀ ਬੇਇੱਜ਼ਤੀ
ਮੁਸਲਮਾਨਾਂ ਨੂੰ ਅੰਗਰੇਜ਼ੀ ਰਾਜ ਦੀਆਂ ਜੜ੍ਹਾਂ ਪੁੱਟਣ ਦੀ ਡਾਢੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਉਤੇ ਅੰਗਰੇਜ਼ਾਂ ਦਾ ਰਾਜ ਹੋਣ ਕਰਕੇ ਹੋਰ ਮੁਸਲਮਾਨ ਕੌਮਾਂ ਉਨ੍ਹਾਂ ਤੋਂ ਘ੍ਰਿਣਾ ਕਰਦੀਆਂ ਹਨ, ਮੁਸਲਮਾਨ ਕਈ ਵਾਰ ਫਰਾਂਸ ਤੇ ਤੁਰਕੀ, ਮਿਸਰ ਨੂੰ ਵੇਖ ਕੇ ਫੁਲਦੇ ਹਨ, ਪਰ ਇਨ੍ਹਾਂ ਨੂੰ ਫੇਰ ਨਹੀਂ ਪਤਾ ਕਿ ਉਨ੍ਹਾਂ ਆਜ਼ਾਦ ਤੇ ਹਿੰਮਤ ਵਾਲੀ ਕੌਮਾਂ ਅਤੇ ਅੱਗੇ ਇਨ੍ਹਾਂ ਦੇ ਗਦਰ ਦੀ ਕਦਰ ਕੀ ਹੈ। ਇਕ ਮਜ਼੍ਹਬ ਹੋਣ ਕਰ ਕੇ ਦੂਜੀ ਆਜ਼ਾਦੀ ਤੇ ਹਿੰਮਤ ਵਾਲੀਆਂ ਕੌਮਾਂ ਹਿੰਦੁਸਤਾਨ ਤੇ ਮੁਸਲਮਾਨਾਂ ਨੂੰ ਬਰਾਬਰੀ ਦਾ ਦਰਜਾ ਨਹੀਂ ਦੇ ਸਕਦੀਆਂ। ਇਸ ਵਾਰ ਸਾਡੇ ਤੁਰਕ ਦੋਸਤ ਨੇ ਭੀ ਕਿਹਾ ਸੀ ਕਿ ਹਿੰਦੁਸਤਾਨ ਦੇ ਮੁਸਲਮਾਨ ਬੜੇ ਬੇਹਿੰਮਤ ਤੇ ਡਰਾਕਲ ਮਾਲੂਮ ਹੁੰਦੇ ਹਨ। ਆਜ਼ਾਦੀ ਦੀ ਖਾਤਿਰ ਭੀ ਹਿੰਦੂਆਂ ਨਾਲ ਨਹੀਂ ਮਿਲਦੇ। ਸਾਨੂੰ ਚਾਹੀਦਾ ਹੈ ਕਿ ਸਾਰੇ ਮਿਲ ਕੇ ਇਕ ਵੱਡਾ ਗਦਰ ਕਰਕੇ ਸਾਰੇ ਅੰਗਰੇਜ਼ਾਂ ਨੂੰ ਮਾਰ ਸੁਟੀਏ। ਤੁਰਕੀ ਕੌਮ ਗੁਲਾਮ ਮੁਸਲਮਾਨਾਂ ਦੀ ਕੁਝ ਇੱਜ਼ਤ ਨਹੀਂ ਕਰਦੀ ਕਿਉਂਕਿ ਉਹ ਅੰਗਰੇਜ਼ਾਂ ਦੇ ਗੁਲਾਮ ਹਨ। ਅੰਗਰੇਜ਼ ਉਨ੍ਹਾਂ ਤੇ ਇਤਨਾ ਜ਼ੁਲਮ ਕਰਦੇ ਹਨ। ਜਦ ਅੰਗਰੇਜ਼ਾਂ ਨੇ ਉਨ੍ਹਾਂ ਦਾ ਦੇਸ਼ ਲੈ ਲਿਆ ਤਾਂ ਉਨ੍ਹਾਂ ਦਾ ਦੀਨ ਈਮਾਨ ਕਿਥੇ ਰਹਿ ਗਿਆ। ਐਂਵੇਂ ਇਕ ਦੂਜੇ ਨਾਲ ਮਜ਼੍ਹਬ ਦੇ ਪੁਆੜੇ ਪਾਈ ਬੈਠੇ ਹਨ। ਇਸ ਗੱਲ ਨੂੰ ਸਾਰੇ ਹਿੰਦੂ ਮੁਸਲਮਾਨਾਂ ਤੇ ਸਿੱਖਾਂ ਨੂੰ ਵਿਚਾਰਨਾ ਚਾਹੀਦਾ ਹੈ ਅਤੇ ਇਕੱਠ ਕਰਕੇ ਆਪਣੇ ਮੱਥੇ ਤੋਂ ਕਾਲਖ ਦਾ ਟਿੱਕਾ ਧੋਣਾ ਚਾਹੀਦਾ ਹੈ। ਫਿਰ ਦੁਨੀਆਂ ਦੇ ਬਾਜ਼ਾਰਾਂ ਵਿਚ ਇੱਜ਼ਤ ਨਾਲ ਫਿਰ ਸਕਣਗੇ।
ਉਪਦੇਸ਼
(13 ਜਨਵਰੀ 1914 ਨੂੰ ਛਪਿਆ)
ਮੁਲਕ ਦੀ ਆਜ਼ਾਦੀ ਖਾਤਿਰ ਸਾਰੇ ਮੁਲਕ ਵਿਚ ਪੰਡਿਤ, ਮੌਲਵੀ, ਫਕੀਰ ਤੇ ਸੰਨਿਆਸੀ ਉਦੇਸ਼ਕ ਬਣ ਕੇ ਭੇਜੇ ਗਏ। ਬਹੁਤ ਤਿਆਰੀ ਨਾਲ ਗਦਰ ਦੇ ਗੀਤ ਗਾ ਗਾ ਕੇ ਭਿਖਿਆ ਮੰਗਣ ਲਗੇ। ਮੇਲਿਆਂ ਤੇ ਤੀਰਥ ਅਸਥਾਨਾਂ ਤੇ ਉਪਦੇਸ਼ ਦਾ ਅੱਛਾ ਬੰਦੋਬਸਤ ਕਰ ਦਿੱਤਾ। ਹਿੰਦੂ ਮੁਸਲਮਾਨ ਦੇ ਤਿਉਹਾਰਾਂ, ਹੋਲੀ, ਦੀਵਾਲੀ, ਮੁਹੱਰਮ ਵਿਚ ਬਹੁਤ ਕੰਮ ਕੀਤਾ ਹੈ। ਨਾਟਕਾਂ, ਕਠਪੁਤਲੀਆਂ ਤੇ ਹੋਰ ਰਾਸਧਾਰੀਆਂ ਦੇ ਤਮਾਸ਼ਿਆਂ ਵਿਚ ਭੀ ਗਦਰ ਦੀ ਵਾਸ਼ਨਾ ਆਉਣ ਲੱਗ ਪਈ। ਹੱਥ ਦੇਖਣ ਵਾਲੀਆਂ ਔਰਤਾਂ ਉਪਦੇਸ਼ ਕਰਨ ਲਈ ਭੇਜੀਆਂ ਗਈਆਂ, ਮਾਤਾਵਾਂ ਆਪਣੇ ਬੱਚਿਆਂ ਤੋਂ ਫਰੰਗੀਆਂ ਦੇ ਰਾਜ ਦੇ ਨਾਸ਼ ਦੀ ਬੇਨਤੀ ਕਰਨ ਲਈ ਭੇਜੀਆਂ ਗਈਆਂ। ਕਵੀਸ਼ਰ ਕਵੀਸ਼ਰੀਆਂ ਰਾਹੀਂ ਲੋਕਾਂ ਵਿਚ ਹੋਰ ਜੋਸ਼ ਭਰਨ ਲੱਗੇ। ਇਸ ਦਾ ਲੋਕਾਂ ‘ਤੇ ਬੜਾ ਅਸਰ ਪੈਂਦਾ ਸੀ ਅਤੇ ਖਲਕਤ ਸਮਝ ਗਈ ਕਿ ਵੱਡੇ ਵੱਡੇ ਲੋਕ ਵੀ ਗਦਰ ਵਿਚ ਮਿਲੇ ਹੋਏ ਹਨ। ਜਿਥੇ ਜਿਥੇ ਉਪਦੇਸ਼ ਹੋਇਆ, ਲੋਕ ਹੌਸਲੇ ਵਾਲੇ ਹੋ ਗਏ। ਅੰਗਰੇਜ਼ਾਂ ਦੇ ਨੌਕਰ ਕੰਮ ਨਹੀਂ ਕਰਦੇ ਸੀ।
ਔਰਤਾਂ ਗੋਰਿਆਂ ਦੇ ਬੱਚਿਆਂ ਨੂੰ ਉਨ੍ਹਾਂ ਦੇ ਸਾਹਮਣੇ ਜ਼ਮੀਨ ਤੇ ਸੁਟ ਕੇ ਬਾਹਰ ਟਹਿਲਣ ਜਾਣ ਲਗ ਪਈਆਂ। ਬਹਿਰੇ ਪੱਟਾਂ ਤਾਈਂ ਕੱਪੜੇ ਪਾ ਕੇ ਮੇਮ ਦੇ ਅੱਗੇ ਆ ਕੇ ਖੜ੍ਹੇ ਹੋਣ ਲੱਗੇ। ਅੰਗਰੇਜ਼ ਦੇਖ ਕੇ ਦੰਗ ਰਹਿ ਗਏ। ਜੇ ਕਿਸੇ ਨੂੰ ਕੁਝ ਬੋਲੇ ਤਾਂ ਉਹ ਝੱਟ ਨੌਕਰਾਂ ਤੋਂ ਜਵਾਬ ਸੁਣਦੇ ਹਨ। ਹੁਣ ਗਦਰ ਦਾ ਅਖੀਰੀ ਉਪਦੇਸ਼ ਆਇਆ ਯਾਨਿ ਚੁਪਾਤੀਆਂ ਵੰਡਣੀਆਂ ਸ਼ੁਰੂ ਹੋ ਗਈਆਂ। ਇਹ ਰੋਟੀਆਂ ਇਕ ਪਿੰਡ ਦੇ ਨੰਬਰਦਾਰ ਨੂੰ ਦਿੱਤੀਆਂ ਜਾਂਦੀਆਂ ਹਨ। ਉਹ ਆਪਣੇ ਪਿੰਡ ਵਿਚ ਵੰਡ ਕੇ ਦੂਜੇ ਪਿੰਡਾਂ ਵਿਚ ਉਨੀਆਂ ਹੀ ਪੱਕਾ ਭੇਜ ਦਿੰਦਾ ਸੀ। ਜਿਹੜਾ ਇਨ੍ਹਾਂ ਇਨ੍ਹਾਂ ਰੋਟੀਆਂ ਨੂੰ ਲੈ ਲੈਂਦਾ ਸੀ, ਉਹ ਮੁਲਕ ਦੀ ਖਾਤਿਰ ਮਰਨ ਨੂੰ ਤਿਆਰ ਹੋ ਜਾਂਦਾ ਸੀ।