ਕਿਆਮਤ-2

ਇਸਲਾਮਕ ਸਟੇਟ ਆਫ ਇਰਾਕ ਐਂਡ ਸੀਰੀਆ (ਆਈ. ਐਸ਼ ਆਈ. ਐਸ਼) ਦੇ ਦਹਿਸ਼ਤਗਰਦਾਂ ਨੇ ਪਿਛਲੇ ਕੁਝ ਸਮੇਂ ਵਿਚ ਜੋ ਦਹਿਸ਼ਤਗਰਦੀ ਫੈਲਾਈ ਹੈ, ਉਹ ਜੱਗ ਜਾਣਦਾ ਹੈ। ਇਰਾਕ ਅਤੇ ਸੀਰੀਆ ਦੇ ਇੰਤਹਾਪਸੰਦ ਮੁਸਲਮਾਨਾਂ ਦੀ ਇਸ ਜਥੇਬੰਦੀ ਦੇ ਜ਼ੁਲਮਾਂ ਕਰਕੇ ਇਰਾਕ ਅਤੇ ਸੀਰੀਆ ਤੋਂ ਬਹੁਤ ਵੱਡੀ ਗਿਣਤੀ ਵਿਚ ਲੋਕਾਂ ਨੂੰ ਹੋਰਨਾਂ ਮੁਲਕਾਂ ਵਿਚ ਜਾ ਕੇ ਸ਼ਰਨ ਲੈਣੀ ਪਈ। ਇਰਾਕ ਵਿਚ ਇਕ ਛੋਟਾ ਜਿਹਾ ਅਕੀਦਾ ਜਾਂ ਕਬੀਲਾ ਜਾਜ਼ੀਦੀ ਹੈ, ਜਿਸ ਦੇ ਪੈਰੋਕਾਰ ਆਪਣੇ ਅਕੀਦੇ ਦੇ ਬਹੁਤ ਪੱਕੇ ਹਨ। ਸਦੀਆਂ ਤੋਂ ਉਹ ਹੋਰਨਾਂ ਅਕੀਦਿਆਂ ਦੇ ਲੋਕਾਂ, ਖਾਸ ਕਰ ਸੁੰਨੀ ਮੁਸਲਮਾਨਾਂ ਦਾ ਜ਼ੁਲਮ ਸਹਿੰਦੇ ਆ ਰਹੇ ਹਨ। ਸੱਦਾਮ ਹੁਸੈਨ ਦੇ ਜ਼ਮਾਨੇ ਵਿਚ ਉਨ੍ਹਾਂ ‘ਤੇ ਬਹੁਤ ਕਹਿਰ ਵਾਪਰਿਆ, ਪਰ ਆਈ. ਐਸ਼ ਆਈ. ਐਸ਼ ਦੇ ਉਭਾਰ ਪਿਛੋਂ ਤਾਂ ਉਨ੍ਹਾਂ ਉਤੇ ਕਹਿਰ ਦੀ ਹੱਦ ਹੀ ਹੋ ਗਈ ਜਿਸ ਨੂੰ ਪੜ੍ਹ-ਸੁਣ ਕੇ ਕਾਲਜਾ ਮੂੰਹ ਨੂੰ ਆਉਂਦਾ ਹੈ। ਇਸ ਨਾਵਲ ਦੀ ਮੁੱਖ ਪਾਤਰ ਨੇ ਆਈ. ਐਸ਼ ਆਈ. ਐਸ਼ ਦੇ ਦਹਿਸ਼ਤਗਰਦਾਂ ਦੇ ਜ਼ੁਲਮਾਂ ਦੀ ਜੋ ਗਾਥਾ ਸੁਣਾਈ ਹੈ, ਉਹ ਸੁਣ ਕੇ ਤਾਂ ਬੰਦੇ ਦੇ ਮੂੰਹੋਂ ਸਹਿਜੇ ਹੀ ਨਿਕਲ ਜਾਂਦਾ ਹੈ, ਇਹ ਤਾਂ ਕਿਆਮਤ ਹੈ, ਕਿਆਮਤ! ਲੇਖਕ ਹਰਮੋਹਿੰਦਰ ਚਾਹਲ ਨੇ ਜ਼ੁਲਮਾਂ ਦੀ ਇਹ ਗਾਥਾ ਮੁੱਖ ਪਾਤਰ ਆਸਮਾ ਦੀ ਜ਼ੁਬਾਨੀ ਬੜੇ ਮਾਰਮਿਕ ਢੰਗ ਨਾਲ ਬਿਆਨੀ ਹੈ। ਪੰਜਾਬ ਟਾਈਮਜ਼ ਵਿਚ ਕੁਝ ਅਰਸਾ ਪਹਿਲਾਂ ਚਾਹਲ ਦੀ ਛਪੀ ਲਿਖਤ ‘ਆਫੀਆ ਸਿੱਦੀਕੀ ਦਾ ਜੱਹਾਦ’ ਅੱਜ ਵੀ ਪਾਠਕਾਂ ਦੇ ਚੇਤਿਆਂ ਵਿਚ ਉਕਰੀ ਹੋਈ ਹੈ। -ਸੰਪਾਦਕ

ਹਰਮਹਿੰਦਰ ਚਹਿਲ
ਫੋਨ: 703-362-3239

ਤੁਸੀਂ ਪੜ੍ਹ ਚੁਕੇ ਹੋ…
ਜਾਜ਼ੀਦੀ ਕਬੀਲੇ ਦੇ ਉਜਾੜੇ ਪਿਛੋਂ ਅਤਿਵਾਦੀਆਂ ਦੇ ਹੱਥ ਆਈਆਂ ਕੁੜੀਆਂ ਵਿਚੋਂ ਇਕ ਆਸਮਾ ਨੂੰ ਹੋਰ ਕੁੜੀਆਂ ਨਾਲ ਸੀਰੀਆ ਭੇਜਿਆ ਜਾ ਰਿਹਾ ਹੈ ਪਰ ਉਹ ਕਿਸੇ ਤਰੀਕੇ ਉਨ੍ਹਾਂ ਦੀ ਚੁੰਗਲ ਵਿਚੋਂ ਬਚ ਨਿਕਲਦੀ ਹੈ। ਉਸ ਨੂੰ ਆਪਣੇ ਪਿਛੇ ਛੁੱਟ ਗਏ ਘਰ ਅਤੇ ਘਰ ਦੇ ਜੀਆਂ ਦਾ ਚੇਤਾ ਆਉਂਦਾ ਹੈ ਤੇ ਉਹ ਚੇਤਿਆਂ ਵਿਚ ਆਪਣੇ ਪਿੰਡ ਜਾ ਵੜਦੀ ਹੈ। ਹੁਣ ਪੜ੍ਹੋ ਇਸ ਤੋਂ ਅੱਗੇ…

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਇਰਾਕ ਦੇ ਉਤਰ ਵਿਚ ਪੈਂਦਾ ਇਸ ਦਾ ਇਕ ਸੂਬਾ ਹੈ, ਕੁਰਦਸਤਾਨ, ਜੋ ਇਰਾਕ ਦਾ ਇਕੋ ਇਕ ਅਰਧ-ਆਜ਼ਾਦ ਸੂਬਾ ਹੈ। ਬਾਹਰੀ ਸੁਰੱਖਿਆ ਨੂੰ ਛੱਡ ਕੇ ਬਾਕੀ ਸਾਰੇ ਹੱਕ ਸੂਬੇ ਕੋਲ ਹਨ। ਇਕ ਤਰ੍ਹਾਂ ਨਾਲ ਕੁਰਦਸਤਾਨ ਖੁਦ-ਮੁਖਤਿਆਰ ਹੈ। ਇਸੇ ਪਾਸੇ ਇਰਾਕ ਦਾ ਸਰਹੱਦੀ ਸ਼ਹਿਰ ਸਿੰਜਾਰ ਪੈਂਦਾ ਹੈ। ਅੱਗੇ ਸੀਰੀਆ ਨਾਲ ਲੱਗਦੀ ਕੌਮਾਂਤਰੀ ਸਰਹੱਦ ਰਹਿ ਜਾਂਦੀ ਹੈ। ਸਿੰਜਾਰ ਦੇ ਇਲਾਕੇ ਵਿਚ ਹੀ ਇਕ ਦਰਮਿਆਨਾ ਜਿਹਾ ਪਿੰਡ ਹੈ, ਲਗਾਸ਼। ਇਹੀ ਮੇਰਾ ਪਿੰਡ ਹੈ।
ਲਗਾਸ਼ ਦੀ ਆਬਾਦੀ ਉਸ ਵੇਲੇ ਦੋ ਕੁ ਹਜ਼ਾਰ ਸੀ ਅਤੇ ਸਾਰੇ ਲੋਕ ਜਾਜ਼ੀਦੀ ਧਰਮ ਤੋਂ ਸਨ। ਬਹੁਤੇ ਲੋਕ ਗਰੀਬ ਸਨ। ਕੁਝ ਕੁ ਵੱਡੇ ਜ਼ਿਮੀਦਾਰਾਂ ਨੂੰ ਛੱਡ ਕੇ ਬਾਕੀ ਲੋਕ ਬਹੁਤ ਥੋੜ੍ਹੀਆਂ ਜ਼ਮੀਨਾਂ ਵਾਲੇ ਸਨ, ਮੁੱਖ ਕਿੱਤਾ ਖੇਤੀਬਾੜੀ ਹੀ ਸੀ। ਕੁਝ ਘਰ ਕੱਚੇ ਅਤੇ ਕੁਝ ਪੱਕੇ ਸਨ, ਬੀਹੀਆਂ ਉਘੜ ਦੁਗੜੀਆਂ, ਜਿੱਥੇ ਕਿਸੇ ਦਾ ਜੀਅ ਕੀਤਾ, ਘਰ ਪਾ ਲਿਆ। ਇਸ ਕਰਕੇ ਵਿੰਗੀਆਂ-ਟੇਢੀਆਂ ਗਲੀਆਂ ਕਿੱਧਰ ਨੂੰ ਜਾਂਦੀਆਂ ਸਨ, ਇਹ ਸਿਰਫ ਪਿੰਡ ਵਾਲੇ ਹੀ ਜਾਣਦੇ ਸਨ। ਪਿੰਡ ਦੇ ਪੂਰਬ ਵਲ ਸਾਹਮਣੇ ਹੀ ਪਹਾੜ ਦਿੱਸਦਾ ਸੀ ਜਿਸ ਦਾ ਨਾਂ ਮਾਊਂਟ ਸਿੰਜਾਰ ਹੈ, ਪਿੰਡ ਤੋਂ ਕੁਝ ਕੁ ਮੀਲ ਹੀ ਹੋਵੇਗਾ। ਪਿੰਡ ਦੇ ਲੋਕ ਇਸ ਨੂੰ ਸਿੰਜਾਰ ਪਹਾੜ ਹੀ ਕਹਿੰਦੇ ਸਨ। ਜਾਜ਼ੀਦੀ ਲੋਕਾਂ ਦੇ ਵੱਡੇ ਧਾਰਮਕ ਸਥਾਨ ਇਸੇ ਪਹਾੜ ‘ਤੇ ਸਨ। ਪਿੰਡੋਂ ਬਾਹਰ, ਪਹਾੜ ਵਾਲੇ ਪਾਸੇ ਹਾਈ ਸਕੂਲ ਸੀ। ਸਕੂਲ ਤੋਂ ਪਿੰਡ ਵਲ ਨੂੰ ਜਾਂਦਿਆਂ ਵੱਡੀ ਗਲੀ ਸੀ। ਥੋੜ੍ਹਾ ਅੰਦਰ ਜਾਂਦਿਆਂ ਇਸ ਗਲੀ ‘ਚੋਂ ਇਕ ਹੋਰ ਛੋਟੀ ਗਲੀ ਸੱਜੇ ਹੱਥ ਮੁੜ ਜਾਂਦੀ ਸੀ। ਇਸੇ ਛੋਟੀ ਗਲੀ ਵਿਚ ਸਾਡਾ ਘਰ ਸੀ। ਘਰ ‘ਚ ਪਿੱਛੇ ਦੋ ਕਮਰੇ ਸਨ। ਅੱਗੇ ਵਿਹੜਾ ਸੀ। ਇਕ ਬੈਠਕ ਬੀਹੀ ‘ਤੇ ਸੀ, ਨਾਲ ਕੱਚੀ ਰਸੋਈ ਸੀ। ਰਸੋਈ ਤੋਂ ਅੱਗੇ ਕੰਧ ਨਾਲ ਵੱਡਾ ਤੰਦੂਰ ਸੀ। ਦੂਰ ਖੂੰਝੇ ‘ਚ ਪੱਕੀ ਕੰਧ ਦਾ ਬਣਿਆ ਗੁਸਲਖਾਨਾ ਸੀ। ਛੱਤ ਨੂੰ ਪੌੜੀਆਂ ਚੜ੍ਹਦੀਆਂ ਸਨ। ਘਰ ਦੇ ਵਿਹੜੇ ‘ਚ ਸਪਾਈਡਰ ਦਾ ਦਰਖਤ ਸੀ। ਛਾਂ ਤਾਂ ਭਾਵੇਂ ਬਹੁਤੀ ਨਹੀਂ ਸੀ ਪਰ ਉਚਾ ਲੰਮਾ ਇਹ ਰੁੱਖ ਘਰ ਦੀ ਸ਼ੋਭਾ ਵਧਾਉਂਦਾ ਸੀ।
ਉਸ ਦਿਨ ਸਵੇਰੇ ਮੇਰੀ ਮਾਂ, ਤੰਦੂਰ ‘ਤੇ ਰੋਟੀ ਪਕਾਉਣ ਲਈ ਬੈਠੀ ਹੀ ਸੀ ਕਿ ਮੇਰਾ ਬਾਪ ਆ ਗਿਆ ਤੇ ਮੈਨੂੰ ਲਾਡ ਲਡਾਉਣ ਲੱਗਾ। ਮੈਂ ਉਸ ਦੀ ਬੁੱਕਲ ਵਿਚ ਬੈਠ ਕੇ ਮੁੱਛਾਂ ਨਾਲ ਖੇਡਣ ਲੱਗ ਪਈ। ਉਦੋਂ ਮੈਂ ਅੱਠ ਕੁ ਸਾਲ ਦੀ ਸਾਂ। ਇੰਨੇ ਨੂੰ ਉਨ੍ਹਾਂ ਵਿਚਾਲੇ ਹਲਕੀ ਤਕਰਾਰ ਸ਼ੁਰੂ ਹੋ ਗਈ। ਕੁਝ ਦੇਰ ਮਗਰੋਂ ਇਕੱਲੀ ਮਾਂ ਦੀ ਆਵਾਜ਼ ਹੀ ਸੁਣਨ ਲੱਗੀ। ਬਾਪ ਚੁੱਪ ਸੀ ਤੇ ਮਾਂ ਉਲਾਂਭੇ ਦੇਈ ਜਾ ਰਹੀ ਸੀ। ਨਾਲ ਨਾਲ ਅੱਖਾਂ ਵੀ ਪੂੰਝੀ ਜਾ ਰਹੀ ਸੀ। ਬਾਪ ਉਦਾਸ ਸੀ ਤੇ ਉਸ ਦੀ ਚੁੱਪ ਤੋਂ ਜਾਪਦਾ ਸੀ ਕਿ ਉਹ ਸ਼ਾਇਦ ਖੁਦ ਨੂੰ ਦੋਸ਼ੀ ਮਹਿਸੂਸ ਕਰਦਾ ਹੋਵੇ।
ਮਾਂ ਨੇ ਕਿਹਾ, “ਅਹਸਾਨ ਮੀਆਂ, ਤੂੰ ਮੇਰੀ ਸ਼ਰਾਫਤ ਦਾ ਨਾਜਾਇਜ਼ ਫਾਇਦਾ ਉਠਾਇਆ ਐ। ਤੂੰ ਦੱਸ ਮੈਂ ਤੇਰੇ ਲਈ ਕੀ ਨ੍ਹੀਂ ਕੀਤਾ। ਮੈਂ ਤੇਰੇ ਗਿਆਰਾਂ ਬੱਚੇ ਜਣੇ। ਉਨ੍ਹਾਂ ਨੂੰ ਚੰਗੀ ਤਹਿਜ਼ੀਬ ਦਿਤੀ। ਚਾਰ ਬੱਚੇ ਤੇਰੀ ਪਹਿਲੀ ਬੀਵੀ ਦੇ…।”
ਮਾਂ ਨੇ ਗੱਲ ਵਿਚੇ ਛੱਡ ਦਿੱਤੀ। ਚੁੰਨੀ ਨਾਲ ਹੰਝੂ ਪੂੰਝੇ ਤੇ ਛੱਡੀ ਹੋਈ ਗੱਲ ਅੱਗੇ ਤੋਰੀ, “ਖੈਰ! ਉਨ੍ਹਾਂ ਵਿਚਾਰਿਆਂ ਦਾ ਕੀ ਕਸੂਰ ਕਿਉਂਕਿ ਮਾਂ ਤਾਂ ਛੋਟੇ ਜਿਹਿਆਂ ਨੂੰ ਛੱਡ ਕੇ ਚੱਲ ਵੱਸੀ। ਮੈਂ ਸਕੀ ਮਾਂ ਨਾਲੋਂ ਵੀ ਵਧ ਪਿਆਰ ਦਿੱਤਾ। ਪਾਲ ਪੋਸ ਕੇ ਵੱਡੇ ਕੀਤੇ। ਪਰ ਖੌਰੇ ਰੱਬ ਨੂੰ ਕੀ ਮਨਜ਼ੂਰ ਸੀ। ਹਾਏ ਮੇਰਾ ਸਲੀਮ ਪੁੱਤਰ…ਹਾਏ ਉਏ ਰੱਬਾ ਮੈਂ ਤੇਰਾ ਕੀ ਵਿਗਾੜਿਆ ਸੀ ਜੋ ਮੈਥੋਂ ਮੇਰਾ ਸਲੀਮ ਖੋਹ ਲਿਆ…।” ਇੰਨਾ ਆਖ ਉਹ ਹਉਕੇ ਭਰਦੀ ਰੋਣ ਲੱਗੀ। ਵਿਚ ਵਿਚਾਲੇ ਫਿਰ ਬੋਲੀ, “ਬੇੜਾ ਬਹੇ ਸੱਦਾਮ ਹੁਸੈਨ ਦਾ, ਜਿਸ ਨੇ ਮੇਰਾ ਸੋਹਣਾ ਪੁੱਤਰ ਜੰਗ ਦੀ ਭੱਠੀ ‘ਚ ਝੋਕਿਆ। ਹਾਏ ਵੇ ਜ਼ਾਲਮੋਂ ਤੁਹਾਡਾ ਕੱਖ ਨਾ ਰਹੇ…।”
ਇਸ ਤੋਂ ਅੱਗੇ ਉਸ ਤੋਂ ਬੋਲ ਨਾ ਹੋਇਆ ਤੇ ਉਹ ਉਚੀ ਉਚੀ ਰੋਣ ਲੱਗ ਪਈ। ਸਲੀਮ ਨੂੰ ਯਾਦ ਕਰਦਿਆਂ ਮੇਰਾ ਬਾਪ ਵੀ ਹੰਝੂ ਕੇਰਨ ਲੱਗਾ। ਅਸਲ ਵਿਚ ਸਲੀਮ ਮੇਰੇ ਬਾਪ ਦੀ ਪਹਿਲੀ ਘਰ ਵਾਲੀ ਦਾ ਪੁੱਤਰ ਸੀ। ਉਹ ਸਾਰੇ ਪਰਿਵਾਰ ‘ਚੋਂ ਵੱਡਾ ਸੀ। ਜਦੋਂ ਇਰਾਨ-ਇਰਾਕ ਲੜਾਈ ਲੱਗੀ ਤਾਂ ਇਸ ਨੇ ਸਭ ਨੌਜਵਾਨ ਨਿਗਲ ਲਏ। ਜਵਾਨਾਂ ਦੀ ਤੋਟ ਪਈ ਤਾਂ ਸੱਦਾਮ ਹੁਸੈਨ ਨੇ ਘੱਟ-ਗਿਣਤੀਆਂ ਦੇ ਪੁੱਤਰਾਂ ਨੂੰ ਧੱਕੇ ਨਾਲ ਭਰਤੀ ਕਰਕੇ ਇਰਾਨ ਦੇ ਮੁਹਾਜ਼ ਉਤੇ ਜੰਗ ਵਿਚ ਝੋਕ ਦਿੱਤਾ। ਸਲੀਮ ਵੀ ਇਰਾਨੀ ਮੁਹਾਜ਼ ‘ਤੇ ਜੰਗ ਲੜਨ ਗਿਆ ਸੀ, ਜਿੱਥੇ ਉਹ ਮਾਰਿਆ ਗਿਆ। ਮਾਂ ਨੇ ਉਸ ਨੂੰ ਬਹੁਤ ਲਾਡ ਪਿਆਰ ਦਿੱਤਾ। ਉਹ ਵੀ ਘਰ ਚਲਾਉਣ ਲਈ ਮਾਂ ਦੀ ਬਹੁਤ ਮੱਦਦ ਕਰਦਾ। ਉਸ ਦੀ ਮੌਤ ਪਿਛੋਂ ਮਾਂ ਰਾਤਾਂ ਨੂੰ ਉਠ ਉਠ ਕੇ ਕੀਰਨੇ ਪਾਉਣ ਲੱਗ ਜਾਂਦੀ। ਉਸ ਦੀ ਹਾਲਤ ਸ਼ੁਦਾਈਆਂ ਜਿਹੀ ਹੋ ਗਈ ਸੀ। ਹੁਣ ਭਾਵੇਂ ਕੁਝ ਸੰਭਲ ਚੁਕੀ ਸੀ ਪਰ ਜਦੋਂ ਕਦੇ ਬਾਪ ਨਾਲ ਲੜਦੀ ਤਾਂ ਸਲੀਮ ਨੂੰ ਯਾਦ ਕਰਦਿਆਂ ਵਿਲਕਣ ਲੱਗਦੀ। ਸ਼ਾਇਦ ਲੱਗਦਾ ਸੀ, ਸਲੀਮ ਦੇ ਜਾਣ ਨਾਲ ਉਸ ਦੀ ਧਿਰ ਖਤਮ ਹੋ ਗਈ। ਮਾਂ ਰੋਈ ਹੀ ਜਾ ਰਹੀ ਸੀ ਤਾਂ ਬਾਪ ਨੇ ਮੈਨੂੰ ਬੁੱਕਲ ‘ਚੋਂ ਪਾਸੇ ਕੀਤਾ ਤੇ ਤੰਦੂਰ ਨੇੜੇ ਮਾਂ ਕੋਲ ਜਾ ਕੇ ਬਹਿ ਗਿਆ। ਮੈਂ ਵੀ ਭੱਜ ਕੇ ਮਾਂ ਕੋਲ ਚਲੀ ਗਈ ਤੇ ਚੁੰਨੀ ਦਾ ਲੜ ਫੜ੍ਹ ਲਿਆ। ਬਾਪ ਬੋਲਿਆ, “ਬਸ ਕਰ ਸਾਇਰਾ ਬੇਗਮ, ਸਬਰ ਕਰ। ਸਲੀਮ ਨਾਲ ਆਪਣੀ ਇੰਨੀ ਕੁ ਈ ਸਾਂਝ ਸੀ। ਰੱਬ ਸੱਚੇ ਦੀ ਮਰਜ਼ੀ ਜੋ ਉਸ ਨੂੰ ਮਨਜ਼ੂਰ।”
ਮਾਂ ਬਾਪ ਵਲ ਵੇਖੇ ਬਿਨਾ ਰੋਈ ਗਈ। ਫਿਰ ਹੌਲੀ ਹੌਲੀ ਸੰਭਲਦਿਆਂ ਚੁੱਪ ਹੋ ਗਈ। ਬਾਪ ਨੇ ਉਸ ਸੋਗੀ ਚੁੱਪ ਨੂੰ ਤੋੜਦਿਆਂ ਫਿਰ ਕਿਹਾ, “ਸਾਇਰਾ, ਕੀ ਫਾਇਦਾ ਪੁਰਾਣੇ ਜ਼ਖਮ ਕੁਰੇਦਣ ਦਾ। ਬਸ ਕਰ।” ਮਾਂ ਚੁੱਪ ਤਾਂ ਹੋ ਗਈ ਪਰ ਕਹਿਰ ਭਰੀਆਂ ਨਜ਼ਰਾਂ ਨਾਲ ਬਾਪ ਵਲ ਵੇਖਦਿਆਂ ਬੋਲੀ, “ਪੁਰਾਣੇ ਤਾਂ ਚੱਲ ਨ੍ਹੀਂ ਕੁਰੇਦਦੀ। ਪਰ ਜੋ ਤੂੰ ਹੁਣ ਨਵੇਂ ਦੇਣ ਲੱਗਿਐਂ, ਉਨ੍ਹਾਂ ਦਾ ਕੀ ਕਰਾਂ?”
ਬਾਪ ਨੇ ਬੇਵਸ ਜਿਹਾ ਹੋ ਕੇ ਨੀਵੀਂ ਪਾ ਲਈ। ਮਾਂ ਨੂੰ ਸ਼ਾਇਦ ਤਸੱਲੀ ਨਹੀਂ ਸੀ ਹੋਈ, ਬੋਲੀ, “ਇਸ ਘਰ ‘ਚ ਤੇਰੇ ਚੌਦਾਂ ਬੱਚੇ ਨੇ। ਗਿਆਰਾਂ ਨੂੰ ਜਨਮ ਮੈਂ ਦਿੱਤਾ ਤੇ ਤਿੰਨ ਉਸ ਵਿਚਾਰੀ ਪਹਿਲੀ ਦੇ। ਕੀ ਇਹ ਘੱਟ ਨੇ? ਐਡੇ ਵੱਡੇ ਪਰਿਵਾਰ ਨੂੰ ਅੱਖੋਂ ਉਹਲੇ ਕਰਕੇ ਤੂੰ ਉਸ ਦੀਮਾਲ ਚੰਦਰੀ ਨੂੰ ਮੇਰੀ ਹਿੱਕ ‘ਤੇ ਸੌਂਕਣ ਬਣਾ ਕੇ ਬਿਠਾ ਦਿੱਤਾ। ਮੈਂ ਦੱਸ ਇਨ੍ਹਾਂ ਜੁਆਕਾਂ ਨੂੰ ਇਕੱਲੀ ਕਿਵੇਂ ਪਾਲਾਂ?”
ਅਸਲ ਵਿਚ ਬਾਪ ਦੇ ਦਿਲ ‘ਚ ਪਤਾ ਨਹੀਂ ਕੀ ਆਈ ਕਿ ਉਸ ਨੇ ਭਰੇ ਪੂਰੇ ਟੱਬਰ ਨੂੰ ਛੱਡ ਕੇ ਦੀਮਾਲ ਨਾਂ ਦੀ ਇਕ ਜੁਆਨ ਕੁੜੀ ਨਾਲ ਵਿਆਹ ਕਰਾ ਲਿਆ ਸੀ। ਬਾਪ ਦੀ ਉਮਰ ਤਾਂ ਦੀਮਾਲ ਨਾਲੋਂ ਕਾਫੀ ਵੱਡੀ ਸੀ ਪਰ ਉਸ ਦੀ ਖੇਤੀ ਚੰਗੀ ਚੱਲਦੀ ਸੀ। ਸ਼ਾਇਦ ਇਸੇ ਕਰਕੇ ਦੀਮਾਲ ਦੇ ਗਰੀਬ ਪਰਿਵਾਰ ਨੇ ਖੁਸ਼ੀ ਖੁਸ਼ੀ ਉਸ ਨਾਲ ਆਪਣੀ ਕੁੜੀ ਵਿਆਹ ਦਿੱਤੀ। ਕੁਝ ਦੇਰ ਤਾਂ ਉਹ ਇਸ ਵੱਡੇ ਪਰਿਵਾਰ ਵਿਚ ਰਹੀ ਪਰ ਫਿਰ ਉਸ ਨੇ ਬਾਪ ਨੂੰ ਇਕੱਲਿਆਂ ਰਹਿਣ ਲਈ ਮਨਾ ਲਿਆ। ਮੇਰੀ ਮਾਂ ਕੁਝ ਨਾ ਕਰ ਸਕੀ। ਕਿਉਂਕਿ ਬਾਪ ਦੀਮਾਲ ਦੇ ਪਿਆਰ ‘ਚ ਸਭ ਕੁਝ ਭੁੱਲ ਚੁਕਾ ਸੀ। ਹੁਣ ਮਾਂ ਦਾ ਨਿਹੋਰਾ ਸੁਣ ਕੇ ਉਹ ਬੋਲਿਆ, “ਸਾਇਰਾ ਬੇਗਮ, ਜੋ ਕੁਝ ਹੋਣਾ ਸੀ ਉਹ ਤਾਂ ਹੋ ਚੁਕੈ। ਹੁਣ ਤੂੰ ਮੇਰੀ ਗੱਲ ‘ਤੇ ਧਿਆਨ ਦੇਹ?”
“ਕੀ ਕਰਾਂ?”
“ਮੈਂ ਤੈਨੂੰ ਕਈ ਵਾਰ ਦੱਸ ਚੁਕਾਂ ਬਈ ਦੀਮਾਲ ਚਾਹੁੰਦੀ ਐ ਕਿ ਮੈਂ ਆਪਣੀ ਖੇਤੀ ਆਪ ਕਰਾਂ।”
“ਤੇ ਅਸੀਂ ਕਿੱਧਰ ਜਾਈਏ?” ਮਾਂ ਨੇ ਅੱਖਾਂ ਕੱਢਦਿਆਂ ਕਿਹਾ।
“ਥੋਡਾ ਮੈਂ ਇੰਤਜ਼ਾਮ ਕਰ ਦਿਆਂਗਾ। ਤੁਹਾਨੂੰ ਮੈਂ ਕਿਸੇ ਦੀ ਜ਼ਮੀਨ ਹਿੱਸੇ ‘ਤੇ ਦੁਆ ਦਿਆਂਗਾ। ਤੁਸੀਂ ਤਾਂ ਪਰਿਵਾਰ ਦੇ ਬਹੁਤ ਸਾਰੇ ਜੀਅ ਹੋ। ਦੱਬ ਕੇ ਖੇਤੀ ਕਰਿਓ, ਗੁਜ਼ਾਰਾ ਵਧੀਆ ਚੱਲ ਪਊ।”
“ਨਾ ਅਹਸਾਨ ਮੀਆਂ ਨਾ, ਇਹ ਠੀਕ ਨ੍ਹੀਂ। ਮੈਂ ਤੈਨੂੰ ਪਹਿਲਾਂ ਵੀ ਕਈ ਵਾਰ ਜੁਆਬ ਦੇ ਚੁਕੀ ਆਂ ਕਿ ਮੈਂ ਇਕੱਲੀ ਜਣੀ ਇਨ੍ਹਾਂ ਜੁਆਕਾਂ ਨਾਲ ਕਿਵੇਂ ਕੰਮ ਚਲਾਊਂ, ਉਹ ਵੀ ਹਿੱਸੇਦਾਰ ਦੇ ਖੇਤ ਵਿਚ। ਮੈਂ ਔਰਤ ਜ਼ਾਤ, ਜ਼ਰਾ ਇੰਨਾ ਤਾਂ ਸੋਚ ਕਿ ਮੇਰੇ ਲਈ ਇਹ ਕਿੰਨਾ ਔਖਾ ਹੋਊ। ਤੂੰ ਜਿੱਥੇ ਮਰਜ਼ੀ ਰਹਿ ਪਰ ਜ਼ਮੀਨ ਨਾ ਖੋਹ।”
ਬਾਪ ਚੁੱਪ ਕਰ ਗਿਆ। ਉਂਜ ਮਾਂ ਦਾ ਕਹਿਣਾ ਵੀ ਵਾਜਬ ਸੀ। ਸਭ ਤੋਂ ਵੱਡਾ ਭਰਾ ਸੋਲ੍ਹਾਂ ਸਾਲ ਦਾ ਸੀ। ਸਭ ਤੋਂ ਛੋਟਾ ਜੁਆਕ ਅਜੇ ਮਾਂ ਦੀ ਗੋਦੀ ਸੀ। ਸਭ ਦਾ ਇਕ ਦੂਜੇ ਨਾਲੋਂ ਬਸ ਸਾਲ ਸਾਲ ਦਾ ਹੀ ਫਰਕ ਸੀ। ਬਾਪ ਦੇ ਨਾਲ ਹੁੰਦਿਆਂ ਘਰ ਦਾ ਕੰਮ ਵਧੀਆ ਚੱਲਦਾ ਸੀ ਪਰ ਹੁਣ ਮਾਂ ਦੇ ਸਾਹਮਣੇ ਮੁਸੀਬਤ ਖੜ੍ਹੀ ਸੀ। ਰਿਵਾਜ ਮੁਤਾਬਕ ਮਾਂ, ਬਾਪ ਨੂੰ ਦੂਜਾ ਵਿਆਹ ਕਰਵਾਉਣੋਂ ਰੋਕ ਨਹੀਂ ਸੀ ਸਕਦੀ। ਪਰ ਉਹ ਸ਼ਾਇਦ ਸੋਚਦੀ ਸੀ ਕਿ ਜੇ ਉਹ ਅੜੀ ਰਹੇ ਤਾਂ ਬਾਪ ਜ਼ਰੂਰ ਕੁਝ ਜ਼ਮੀਨ ਉਸ ਲਈ ਛੱਡ ਦੇਵੇਗਾ ਤੇ ਉਹ ਜੁਆਕਾਂ ਨੂੰ ਲਾ ਕੇ ਖੇਤੀ ਨਾਲ ਘਰ ਚਲਾ ਸਕੂਗੀ। ਨਹੀਂ ਤਾਂ ਫਿਰ ਫਾਕੇ ਕੱਟਣ ਦੇ ਦਿਨ ਆ ਜਾਣਗੇ।
ਬਾਪ ਨੇ ਕੁਝ ਦੇਰ ਚੁੱਪ ਰਹਿੰਦਿਆਂ ਕਿਹਾ, “ਚੱਲ ਥੋਨੂੰ ਮੈਂ ਤੀਜਾ ਹਿੱਸਾ ਛੱਡ ਦਿੰਨਾਂ। ਬਾਕੀ ਵੱਡੇ ਜ਼ਿਮੀਦਾਰ ਤੋਂ ਅੱਧ ‘ਤੇ ਲੈ ਲਿਆ ਕਰਿਓ।”
“ਨਾ ਅਹਸਾਨ ਮੀਆਂ, ਇਹ ਗੱਲ ਗਲਤ ਐ। ਚਾਹੇਂ ਤਾਂ ਜਾਵੇਤ ‘ਚ ਇਕੱਠ ਕਰ ਲੈ। ਅਹਿਮਦ ਜਾਸੋ ਆਪੇ ਫੈਸਲਾ ਕਰ ਦਊ।”
ਜਾਵੇਤ ਸਾਡਾ ਪੰਚਾਇਤ ਘਰ ਸੀ ਤੇ ਅਹਿਮਦ ਜਾਸੋ ਪਿੰਡ ਦਾ ਮੁਖਤਾਰ ਸੀ। ਸਭ ਤੋਂ ਵੱਧ ਜ਼ਮੀਨ ਉਸੇ ਕੋਲ ਸੀ, ਪਰ ਬੜਾ ਨੇਕ ਇਨਸਾਨ ਸੀ। ਫੈਸਲਾ ਬੜੇ ਵਾਜਬ ਢੰਗ ਨਾਲ ਇਨਸਾਫ ਵਾਲਾ ਕਰਦਾ। ਬਾਪ ਇਸ ਕਰਕੇ ਵੀ ਡਰਦਾ ਸੀ ਕਿ ਕਿਧਰੇ ਮੁਖਤਾਰ, ਵੱਡਾ ਪਰਿਵਾਰ ਵੇਖ ਸਾਰੀ ਜ਼ਮੀਨ ਮਾਂ ਨੂੰ ਦੇਣ ਦਾ ਫੈਸਲਾ ਨਾ ਕਰ ਦੇਵੇ। ਇਸ ਕਰਕੇ ਉਹ ਛੇਤੀ ਦੇਣੇ ਬੋਲਿਆ, “ਚੱਲ ਠੀਕ ਐ, ਤੂੰ ਮੇਰੀ ਗੱਲ ਉਲੱਦੀਂ ਨਾ। ਆਪਾਂ ਇਉਂ ਕਰਦੇ ਆਂ ਕਿ ਮੈਂ ਅੱਧੀ ਜ਼ਮੀਨ ਤੈਨੂੰ ਦੇ ਦਿੰਨਾਂ ਤੇ ਅੱਧੀ ਆਪ ਰੱਖ ਲੈਨਾਂ।” ਇੰਨਾ ਆਖ ਬਾਪ, ਮਾਂ ਵਲ ਵੇਖਣ ਲੱਗਾ। ਮਾਂ ਕੁਝ ਨਾ ਬੋਲੀ। ਸ਼ਾਇਦ ਗੱਲ ਉਸ ਨੂੰ ਵੀ ਜਚ ਗਈ ਸੀ। ਬਾਪ ਫਿਰ ਬੋਲਿਆ, “ਮੈਂ ਇੰਨਾ ਜ਼ਾਲਮ ਨਹੀਂ। ਵਿਚ ਵਿਚਾਲੇ ਆਪਣੇ ਪੁੱਤਰਾਂ ਦੀ ਮੱਦਦ ਕਰਦਾ ਰਹਾਂਗਾ। ਪਰ ਹੁਣ ਤੂੰ ਹਾਮੀ ਭਰ ਦੇਹ।”
ਮਾਂ ਨੇ ਲੰਬਾ ਸਾਹ ਲਿਆ ਤੇ ਕਹਿਣ ਲੱਗੀ, “ਠੀਕ ਐ…ਜੋ ਰੱਬ ਦੀ ਰਜ਼ਾ।” ਉਸ ਦੇ ਇੰਨਾ ਕਹਿਣ ਦੀ ਦੇਰ ਸੀ ਕਿ ਬਾਪ ਖੁਸ਼ ਹੋ ਗਿਆ। ਮੇਰੇ ਸਿਰ ‘ਤੇ ਹੱਥ ਫੇਰਿਆ ਤੇ ਘਰੋਂ ਨਿਕਲ ਗਿਆ। ਮੈਂ ਮਾਂ ਵਲ ਵੇਖਿਆ, ਉਹ ਸੰਤੁਸ਼ਟ ਜਾਪਦੀ ਸੀ। ਫਿਰ ਮਾਂ ਨੇ ਤੰਦੂਰ ਤਪਾ ਲਿਆ ਤੇ ਪੇੜੇ ਕਰਕੇ ਰੋਟੀ ਬਣਾ ਕੇ ਤੰਦੂਰ ‘ਚ ਲਾਉਣ ਲੱਗੀ। ਉਸ ਨੇ ਸਾਰੇ ਪੇੜੇ ਅੰਦਰ ਲਾ ਦਿੱਤੇ, ਜਦੋਂ ਕੋਈ ਰੋਟੀ ਪੱਕਦੀ ਤਾਂ ਮਾਂ ਰਾੜਦੀ ਤੇ ਬਾਹਰ ਕੱਢ ਕੇ ਛਾਬੇ ਵਿਚ ਰੱਖ ਦਿੰਦੀ। ਕੁਝ ਹੀ ਦੇਰ ‘ਚ ਉਸ ਨੇ ਰੋਟੀਆਂ ਪਕਾ ਲਈਆਂ। ਮੈਨੂੰ ਕੋਲ ਬੈਠੀ ਨੂੰ ਮਾਂ ਨੇ ਬੜੇ ਪਿਆਰ ਨਾਲ ਰੋਟੀ ਪਰੋਸੀ। ਇਕ ਪਲੇਟ ‘ਚ ਦਾਲ ਪਾਈ ਤੇ ਨਾਲ ਹੀ ਛੋਟੀ ਪਲੇਟ ਵਿਚ ਬਦਾਮੀ ਰੰਗਾ ਭੇਡ ਦਾ ਘਿਉ ਸੀ। ਮੈਂ ਬੜੇ ਮਜ਼ੇ ਨਾਲ ਰੋਟੀ ਖਾਣ ਲੱਗੀ। ਫਿਰ ਉਹ ਦੂਸਰੇ ਜੁਆਕਾਂ ਨੂੰ ਬੋਲ ਮਾਰਨ ਲੱਗੀ। ਮੇਰੇ ਛੋਟੇ ਵੱਡੇ ਭੈਣ ਭਰਾ ਬਾਹਰੋਂ ਗਲੀ ‘ਚੋਂ ਖੇਡਦੇ ਅੰਦਰ ਨੂੰ ਭੱਜੇ ਤਾਂ ਮਾਂ ਨੇ ਸਭ ਨੂੰ ਰੋਟੀ ਪਾ ਦਿੱਤੀ। ਇੰਨੇ ਨੂੰ ਬਾਰ ਮੂਹਰੇ ਪਿਕਅੱਪ ਟਰੱਕ ਦਾ ਹਾਰਨ ਵੱਜਿਆ ਤਾਂ ਮਾਂ ਬੋਲੀ, “ਲਓ ਮਸੂਦ ਹੋਰੀਂ ਵੀ ਆ ਗਏ। ਜਾਹ ਆਸਮਾ ਦਰਵਾਜਾ ਖੋਲ੍ਹ। ਮੈਂ ਉਨ੍ਹਾਂ ਲਈ ਰੋਟੀ ਪਾਉਂਦੀ ਆਂ।”
ਮੈਂ ਖਾਣਾ ਵਿਚੇ ਛੱਡ ਛੇਤੀ ਦੇਣੇ ਜਾ ਕੇ ਦਰਵਾਜਾ ਖੋਲ੍ਹਿਆ। ਬਾਹਰੋਂ ਮੇਰੇ ਤਿੰਨੋਂ ਭਰਾ ਟਰੱਕ ‘ਚੋਂ ਭੱਜ ਕੇ ਅੰਦਰ ਆ ਗਏ। ਮਾਂ ਨੇ ਸਭ ਨੂੰ ਰੋਟੀ ਦਿੱਤੀ। ਫਿਰ ਮਾਂ ਨੇ ਪੁੱਛਿਆ, “ਮਸੂਦ, ਗੰਢਿਆਂ ਦਾ ਕੀ ਹਾਲ ਐ?”
“ਮਾਂ, ਗੰਢੇ ਤਾਂ ਪੱਕੇ ਪਏ ਨੇ। ਅੱਜ ਪੁੱਟਣੇ ਸ਼ੁਰੂ ਕਰਾਂਗੇ, ਤਾਂ ਹੀ ਮੈਂ ਅੱਜ ਪਿਕਅੱਪ ਟਰੱਕ ਕਿਰਾਏ ‘ਤੇ ਲੈ ਆਇਆਂ। ਫਿਰ ਤੂੰ ਸਿੰਜਾਰ ਜਾ ਕੇ ਗੰਢੇ ਵੇਚ ਆਵੀਂ। ਅਸੀਂ ਪਿਛੋਂ ਸਬਜ਼ੀ ਬੀਜਣ ਦੀ ਤਿਆਰੀ ਕਰਾਂਗੇ।”
“ਨ੍ਹੀਂ, ਐਤਕੀ ਗੰਢੇ ਪਿੰਡ ‘ਚ ਹੀ ਵੇਚਾਂਗੇ। ਕੱਲ੍ਹ ਵਣਜਾਰਾ ਆਇਆ ਸੀ। ਕਹਿੰਦਾ ਸੀ, ਇਸ ਵਾਰ ਇਥੋਂ ਹੀ ਖਰੀਦ ਕੇ ਲੈ ਜਾਵੇਗਾ।”
“ਮਾਂ, ਤੂੰ ਜਾਂਦੀ ਤਾਂ ਸ਼ਹਿਰੋਂ ਕੁਛ ਸਾਮਾਨ ਵੀ ਲੈ ਆਉਂਦੀ।” ਮਸੂਦ ਝਿਜਕਦਾ ਬੋਲਿਆ।
“ਸਾਮਾਨ ਕਿਹੜਾ?”
ਮਸੂਦ ਨੇ ਸਭ ਦੇ ਚਿਹਰਿਆਂ ਵਲ ਵੇਖਦਿਆਂ ਕਿਹਾ, “ਮਾਂ, ਮੇਰੀ ਪੈਂਟ ਬਿਲਕੁਲ ਹੀ ਪਾਟ ਗਈ ਐ…।” ਇੰਨਾ ਕਹਿੰਦਿਆਂ ਮਸੂਦ ਰੁਕਿਆ ਤੇ ਉਸ ਨੇ ਆਪਣੀ ਥਾਂ ਥਾਂ ਟਾਕੀਆਂ ਲੱਗੀ ਪੈਂਟ ਵਲ ਵੇਖਿਆ। ਫਿਰ ਦੂਸਰਿਆਂ ਵਲ ਝਾਕਦਿਆਂ ਕਹਿਣ ਲੱਗਾ, “ਜਿੰਜ਼ਾਲ ਵੀ ਕਿੱਦਣ ਦਾ ਪੈਰੋਂ ਨੰਗਾ ਫਿਰਦੈ। ਹਰੇਕ ਨੂੰ ਈ ਕੁਛ ਨਾ ਕੁਛ ਚਾਹੀਦੈ।”
ਗੱਲ ਸੁਣ ਕੇ ਮਾਂ ਨੇ ਵਿਚਾਰਗੀ ਜਿਹੀ ਨਾਲ ਉਸ ਵਲ ਵੇਖਦਿਆਂ ਕਿਹਾ, “ਐਤਕੀ ਮੈਂ ਕੱਪੜਾ ਵੀ ਵਣਜਾਰੇ ਤੋਂ ਈ ਲੈ ਲਵਾਂਗੀ। ਸਿਉਂਵਾਂਗੀ ਵੀ ਮੈਂ ਘਰੇ ਈ। ਪਰ ਪੁੱਤਰ, ਅਜੇ ਬੂਟ ਖਰੀਦਣ ਦੀ ਆਪਣੀ ਪਹੁੰਚ ਨ੍ਹੀਂ। ਤੁਸੀਂ ਕਿਵੇਂ ਨਾ ਕਿਵੇਂ ਅਗਲੀ ਫਸਲ ਤੱਕ ਉਡੀਕ ਲਵੋ। ਜੇ ਤੇਰਾ ਬਾਪ ਨਾਲ ਹੁੰਦਾ ਤਾਂ…।” ਸ਼ਾਇਦ ਮਸੂਦ ਉਸ ਦੀ ਗੱਲ ਸਮਝ ਗਿਆ ਸੀ, ਇਸ ਕਰਕੇ ਅਗਾਂਹ ਉਸ ਨੇ ਕੁਝ ਨਾ ਕਿਹਾ। ਰੋਟੀ ਖਾਣ ਪਿੱਛੋਂ ਬੋਲਿਆ, “ਮਾਂ, ਤਿੰਨ ਜਣਿਆਂ ਦੀ ਰੋਟੀ ਬੰਨ ਦ੍ਹੇ। ਜਿੰਜ਼ਾਲ ਤਾਂ ਖੇਤ ਈ ਐ। ਅੱਜ ਸ਼ਾਇਦ ਖੈਰੀ ਵੀ ਭੇਡਾਂ ਦਾ ਇੱਜੜ ਲੈ ਕੇ ਮੁੜ ਆਵੇ।”
ਮਾਂ ਬਿਨਾ ਕੁਝ ਕਿਹਾਂ ਰੋਟੀ ਬੰਨ੍ਹਣ ਲੱਗੀ। ਮਸੂਦ ਫਿਰ ਕਿਸੇ ਚਾਅ ਜਿਹੇ ‘ਚ ਬੋਲਿਆ, “ਮਾਂ, ਐਤਕੀਂ ਆਪਣੇ ਗੰਢੇ ਬਹੁਤ ਚੰਗੇ ਨੇ। ਜਿਸ ਦਿਨ ਕੰਮ ਮੁੱਕਾ, ਬੱਕਰਾ ਵੱਢਾਂਗੇ।”
“ਹਾਂ ਜ਼ਰੂਰ ਮਸੂਦ ਪੁੱਤਰ। ਨਾਲੇ ਕੁੜੀਆਂ ਨੂੰ ਵੀ ਲੈ ਜਾ। ਖੇਤ ਕੰਮ ਕਰਵਾਉਣਗੀਆਂ।”
“ਠੀਕ ਐ। ਚਲੋ ਬਈ ਆਸਮਾ, ਜ਼ਾਹਰਾ, ਜ਼ੀਨਤ। ਸਭ ਚੜ੍ਹੋ ਟਰੱਕ ‘ਚ।” ਮਸੂਦ ਨੇ ਸਾਡੇ ਵਲ ਵੇਖਦਿਆਂ ਕਿਹਾ।
“ਹਾਂ ਚੱਲੋ।” ਅਸੀਂ ਇੰਨਾ ਆਖ ਬਚਦੀ ਰੋਟੀ ਹੱਥਾਂ ‘ਚ ਫੜ੍ਹੀ ਬੀਹੀ ਵਲ ਭੱਜੀਆਂ ਤੇ ਟਰੱਕ ‘ਚ ਜਾ ਚੜ੍ਹੀਆਂ। ਇੰਨੇ ਨੂੰ ਭਾਈ ਹੋਰੀਂ ਆ ਗਏ। ਮਸੂਦ ਡਰਾਈਵਰ ਸੀਟ ‘ਤੇ ਬਹਿ ਗਿਆ ਤੇ ਸਈਅਦ ਨੇ ਬਰਾਬਰ ਦੀ ਸੀਟ ਮੱਲ ਲਈ। ਦਾਊਦ ਵੀ ਉਨ੍ਹਾਂ ਨਾਲ ਹੀ ਫਸ ਕੇ ਬੈਠ ਗਿਆ। ਮਸੂਦ ਨੇ ਹੌਲੀ ਜਿਹੀ ਟਰੱਕ ਤੋਰਿਆ। ਗਲੀਆਂ ਦੇ ਮੋੜ ਕੱਟਦਾ ਟਰੱਕ ਪਿੰਡੋਂ ਬਾਹਰ ਆ ਗਿਆ। ਸਕੂਲ ਕੋਲੋਂ ਦੀ ਲੰਘ ਕੇ ਜਿਉਂ ਹੀ ਟਰੱਕ ਪਹਾੜ ਵਾਲੇ ਰਾਹ ਪਿਆ ਤਾਂ ਮਸੂਦ ਨੇ ਟਰੱਕ ਪੂਰੀ ਰਫਤਾਰ ਵਿਚ ਭਜਾ ਦਿੱਤਾ। ਅਸੀਂ ਪਿੱਛੇ ਬੈਠੇ ਜੁਆਕਾਂ ਨੇ ਖੁਸ਼ੀ ‘ਚ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਟਰੱਕ ਕੱਚੇ ਰਾਹ ਭੱਜਿਆ ਜਾ ਰਿਹਾ ਸੀ। ਪਿੱਛੇ ਚੜ੍ਹੇ ਧੂੜ ਦੇ ਗੁਬਾਰ ਨੇ ਆਲਾ ਦੁਆਲਾ ਗਰਦੋ-ਗੋਰ ਕਰ ਦਿੱਤਾ। ਰੇਤਾ ਸਾਡੇ ਉਪਰ ਪੈ ਰਿਹਾ ਸੀ ਪਰ ਅਸੀਂ ਅਨੰਦ ਮਾਣਦੇ ਹੋਰ ਉਚੀ ਚੀਕਾਂ ਮਾਰਨ ਲੱਗ ਪਏ।
ਅੱਧੇ ਕੁ ਘੰਟੇ ਪਿੱਛੋਂ ਟਰੱਕ ਖੇਤ ਪਹੁੰਚ ਗਿਆ। ਖੇਤ ਦੇ ਦੂਸਰੇ ਸਿਰੇ ‘ਤੇ ਖੈਰੀ ਭੇਡਾਂ ਲਈ ਫਿਰਦਾ ਸੀ। ਅਸੀਂ ਟਰੱਕ ‘ਚੋਂ ਉਤਰ ਕੇ ਇਕਦਮ ਉਸ ਵਲ ਭੱਜੀਆਂ ਕਿ ਪਹਿਲਾਂ ਕੌਣ ਉਸ ਕੋਲ ਪਹੁੰਚਦਾ ਹੈ। ਮੈਂ ਭੱਜੀ ਜਾਂਦੀ ਡਿੱਗ ਪਈ ਪਰ ਖੜ੍ਹੀ ਹੋ ਫਿਰ ਭੱਜਣ ਲੱਗੀ। ਜ਼ਾਹਰਾ, ਕੱਦ ‘ਚ ਤੇ ਉਮਰ ਵਿਚ ਵੱਡੀ ਸੀ। ਉਹ ਸਭ ਤੋਂ ਪਹਿਲਾਂ ਖੈਰੀ ਕੋਲ ਪਹੁੰਚ ਗਈ। ਖੈਰੀ ਨੇ ਉਸ ਨੂੰ ਬੁੱਕਲ ‘ਚ ਘੁੱਟ ਲਿਆ। ਫਿਰ ਉਹ ਸਾਡੇ ਵਲ ਆਇਆ ਤੇ ਮੈਨੂੰ ਚੁੱਕ ਕੇ ਹਵਾ ਵਿਚ ਲਹਿਰਾਉਣ ਲੱਗਾ। ਜ਼ੀਨਤ, ਖੈਰੀ ਦੇ ਲੱਕ ਦੁਆਲੇ ਬੰਨ੍ਹੀ ਬਗਲੀ ਲਾਹੁਣ ਲੱਗ ਪਈ। ਇਹ ਵੇਖ ਕੇ ਖੈਰੀ ਨੇ ਆਪ ਹੀ ਲੱਕ ਨਾਲ ਬੰਨ੍ਹੀ ਬਗਲੀ ਖੋਲ੍ਹ ਲਈ। ਅਸੀਂ ਉਤਸੁਕਤਾ ਵੱਸ ਉਸ ਵਲ ਵੇਖ ਰਹੀਆਂ ਸਾਂ। ਇੰਨੇ ਨੂੰ ਖੈਰੀ ਨੇ ਬਗਲੀ ਵਿਚੋਂ ਖਜੂਰਾਂ ਕੱਢੀਆਂ। ਅਸੀਂ ਖੁਸ਼ੀ ‘ਚ ਉਛਲਣ ਲੱਗ ਪਈਆਂ। ਉਸ ਨੇ ਸਾਨੂੰ ਤਿੰਨਾਂ ਨੂੰ ਵੰਡ ਕੇ ਖਜੂਰਾਂ ਦਿੱਤੀਆਂ। ਮੈਂ ਖਜੂਰਾਂ ਖਾਂਦੀ ਨੇ ਪੁੱਛਿਆ, “ਖੈਰੀ, ਐਤਕੀ ਤਾਂ ਤੂੰ ਬੜੇ ਦਿਨਾਂ ਤੋਂ ਮੁੜਿਆ ਐਂ। ਦੱਸ ਨਾ ਫਿਰ ਕਿੱਥੇ ਕਿੱਥੇ ਰਿਹਾ?”
“ਉਹ ਕੁੜੀਓ ਸੁਣੋ ਫਿਰ।” ਏਨਾ ਕਹਿੰਦਿਆਂ ਉਸ ਨੇ ਲੱਕ ਨਾਲੋਂ ਬਗਲੀ ਤੇ ਮੋਢੇ ਤੋਂ ਸਾਫਾ ਲਾਹ ਕੇ ਪਾਸੇ ਰੱਖ ਦਿਤਾ। ਇਕ ਪਾਸੇ ਵੱਟ ‘ਤੇ ਬਹਿੰਦਾ ਬੋਲਿਆ, “ਐਤਕੀ ਤਾਂ ਮੈਂ ਸਾਰਾ ਪਹਾੜ ਛਾਣ ਆਇਆਂ। ਸੀਰੀਆ ਦੀ ਹੱਦ ਤੱਕ ਜਾ ਪਹੁੰਚਿਆ ਸੀ। ਪਰ ਇਸ ਵਾਰ ਸਰਹੱਦ ਤੋਂ ਪਿੱਛੇ ਹੀ ਮੁੜ ਪਿਆ।”
“ਕਿਉਂ? ਅੱਗੇ ਕਿਉਂ ਨਾ ਗਿਆ?” ਜ਼ੀਨਤ ਨੇ ਭੋਲੇਪਣ ਨਾਲ ਪੁੱਛਿਆ।
“ਮੈਨੂੰ ਲੱਗਾ ਕਿ ਅਗਾਂਹ ਖਤਰਾ ਐ। ਦਸ ਦਿਨ ਪਹਿਲਾਂ ਈ ਆਪਣੇ ਲਾਗਲੇ ਪਿੰਡ ਦਾ ਆਜੜੀ ਆਪਣੀਆਂ ਅੱਠ ਦੱਸ ਭੇਡਾਂ ਗੁਆ ਆਇਆ ਸੀ।”
“ਉਹ ਕਿਵੇਂ?”
“ਉਧਰ ਸਰਹੱਦ ‘ਤੇ ਬਾਰੂਦੀ ਸੁਰੰਗਾਂ ਦੱਬੀਆਂ ਰਹਿੰਦੀਆਂ ਨੇ। ਭੇਡਾਂ ਕਿਸੇ ਸੁਰੰਗ ‘ਤੇ ਜਾ ਚੜ੍ਹੀਆਂ ਤੇ ਸੁਰੰਗ ਫਟ ਗਈ। ਵਿਚਾਰੇ ਦਾ ਕਾਫੀ ਨੁਕਸਾਨ ਹੋ ਗਿਆ।”
“ਖੈਰੀ, ਤੈਨੂੰ ਪਤਾ ਐ ਕਿ ਬਾਪ ਨੇ ਆਪਾਂ ਨੂੰ ਅੱਧੀ ਜ਼ਮੀਨ ਛੱਡ ਦਿੱਤੀ ਐ? ਹੁਣ ਸ਼ਾਇਦ ਆਪਣੇ ਦਿਨ ਫਿਰ ਜਾਣ।” ਸਾਡੇ ‘ਚੋਂ ਸਭ ਵੱਡੀ ਜ਼ਾਹਰਾ ਨੇ ਗੱਲ ਹੋਰ ਪਾਸੇ ਮੋੜਦਿਆਂ ਥੋੜ੍ਹੀ ਸਿਆਣੀ ਗੱਲ ਕੀਤੀ।
“ਤੈਨੂੰ ਕਿਵੇਂ ਪਤੈ?” ਖੈਰੀ ਨੇ ਭਵਾਂ ਸਕੋੜਦਿਆਂ ਪੁੱਛਿਆ।
“ਅੱਜ ਸਵੇਰੇ ਬਾਪ ਆਇਆ ਸੀ। ਮੈਨੂੰ ਲੱਗਦੈ, ਉਸ ਦੀਮਾਲ ਮਾਰੀ ਨੇ ਸਿੱਖਾ ਕੇ ਭੇਜਿਆ ਸੀ। ਮਾਂ ਨੂੰ ਕਹਿੰਦਾ, ਥੋਨੂੰ ਜ਼ਮੀਨ ਹਿੱਸੇ ‘ਤੇ ਲੈ ਦਊਂ। ਪਰ ਮਾਂ ਅੜੀ ਰਹੀ ਤੇ ਅੱਧ ਲੈ ਕੇ ਹਟੀ।”
ਸੁਣ ਕੇ ਖੈਰੀ ਉਦਾਸ ਹੋ ਗਿਆ। ਫਿਰ ਲੰਬਾ ਸਾਹ ਲੈਂਦਿਆਂ ਬੋਲਿਆ, “ਜ਼ਾਹਰਾ, ਆਪਣੇ ਦਿਨ ਤਾਂ ਉਦੋਂ ਈ ਫਿਰਨਗੇ ਜਦੋਂ ਅਸੀਂ ਸਾਰੇ ਭਰਾ ਨੌਕਰੀਆਂ ‘ਤੇ ਲੱਗ ਗਏ। ਉਦੋਂ ਤੱਕ ਫਾਕੇ ਈ ਕਟਦੇ ਫਿਰਾਂਗੇ।”
“ਫੇਰ ਤੁਸੀਂ ਨੌਕਰੀਆਂ ‘ਤੇ ਕਿਉਂ ਨ੍ਹੀਂ ਲੱਗਦੇ?” ਮੈਂ ਜਗਿਆਸਾ ਵੱਸ ਪੁੱਛਿਆ।
“ਕਿਉਂਕਿ ਅਸੀਂ ਅਜੇ ਛੋਟੇ ਆਂ। ਸਾਨੂੰ ਕੋਈ ਨੌਕਰੀ ਮਿਲ ਨ੍ਹੀਂ ਸਕਦੀ। ਪਰ ਥੋੜ੍ਹੇ ਸਾਲਾਂ ਨੂੰ ਵੇਖੀਂ, ਅਸੀਂ ਕਮਾਈਆਂ ਕਰਨ ਲੱਗਾਂਗੇ। ਫਿਰ ਤੁਹਾਨੂੰ ਵਧੀਆ ਸੋਹਣੇ ਕੱਪੜੇ ਮਿਲਿਆ ਕਰਨਗੇ। ਖਾਣ ਲਈ ਭਾਂਤ-ਭਾਂਤ ਦੇ ਪਕਵਾਨ ਵੀ।”
“ਖੈਰੀ, ਫੇਰ ਤਾਂ ਮੈਂ ਵਣਜਾਰੇ ਤੋਂ ਪੂਰਾ ਡੱਬਾ ਭਰਿਆ ਆਈਸਕਰੀਮ ਦਾ ਲਿਆ ਕਰੂੰ।” ਜ਼ੀਨਤ ਨੇ ਭੋਲੇਪਣ ‘ਚ ਕਿਹਾ ਤਾਂ ਖੈਰੀ ਉਸ ਨੂੰ ਚੁੱਕ ਕੇ ਉਪਰ ਨੂੰ ਉਛਾਲਦਾ ਬੋਲਿਆ, “ਆਹੋ ਮੇਰੀ ਨਿੱਕੜੀ ਭੈਣ ਜ਼ੀਨਤ, ਜਿੰਨੀ ਮਰਜ਼ੀ ਆਈਸਕਰੀਮ ਖਾਇਆ ਕਰੀਂ ਤੂੰ।”
“ਫਿਰ ਤਾਂ ਆਪਾਂ ਘਰੇ ਪਾਰਟੀਆਂ ਵੀ ਕਰਿਆ ਕਰਾਂਗੇ।” ਖੁਸ਼ੀ ‘ਚ ਖੀਵੀ ਹੋਈ ਜ਼ਾਹਰਾ ਨੇ ਕਿਹਾ।
“ਹਾਂ ਹਾਂ ਕਿਉਂ ਨ੍ਹੀਂ।” ਜ਼ੀਨਤ ਨੂੰ ਹੇਠਾਂ ਉਤਾਰਦਾ ਖੈਰੀ ਬੋਲਿਆ। ਫਿਰ ਅਸੀਂ ਉਸ ਨੂੰ ਉਥੇ ਹੀ ਛੱਡ ਕੇ ਭੇਡਾਂ ਦੇ ਇੱਜੜ ‘ਚ ਵੜ ਗਈਆਂ। ਭੇਡਾਂ ਦੇ ਲੇਲੇ ਚੁੱਕੀ ਅਸੀਂ ਇੱਧਰ-ਉਧਰ ਭੱਜਣ ਲੱਗੀਆਂ। ਭੇਡਾਂ ਵੀ ਖਿੜ ਉਠੀਆਂ ਤੇ ਬੈ ਬੈ ਕਰਨ ਲੱਗੀਆਂ। ਇੰਨੇ ਨੂੰ ਦੂਰੋਂ ਮਸੂਦ ਦੀ ਆਵਾਜ਼ ਆਈ, “ਉਹ ਕੁੜੀਓ। ਆਉ ਸਾਡੇ ਨਾਲ ਕੰਮ ਕਰਵਾਉ।”
ਸੁਣਦਿਆਂ ਹੀ ਅਸੀਂ ਉਧਰ ਵਲ ਭੱਜ ਪਈਆਂ। ਜਾਂਦਿਆਂ ਹੀ ਖੁਰਪੇ ਚੁੱਕ ਲਏ ਤੇ ਗੰਢੇ ਪੁੱਟਣ ਲੱਗੀਆਂ। ਗੰਡਿਆਂ ਦੀ ਅਜੀਬ ਕਿਸਮ ਦੀ ਗੰਧ ਆ ਰਹੀ ਸੀ ਪਰ ਸਾਨੂੰ ਬਹੁਤ ਚੰਗੀ ਲੱਗ ਰਹੀ ਸੀ। ਅਸੀਂ ਇਕ ਦੂਜੀ ਨਾਲ ਜਿਦ ਕੇ ਗੰਢੇ ਪੁੱਟਣ ਲੱਗੀਆਂ ਕਿ ਕੌਣ ਪਹਿਲਾਂ ਗੰਢਿਆਂ ਦੀ ਬਾਲਟੀ ਭਰਦਾ ਹੈ। ਜਿਉਂ ਹੀ ਬਾਲਟੀ ਭਰ ਜਾਂਦੀ, ਮਸੂਦ ਹੋਰੀਂ ਵੱਡੇ ਢੇਰ ‘ਤੇ ਪਲਟ ਦਿੰਦੇ। ਦੁਪਹਿਰਾ ਹੋ ਚੱਲਿਆ ਸੀ, ਗਰਮੀ ਵੱਟ ਕੱਢ ਰਹੀ ਸੀ। ਸਭ ਦੇ ਕੱਪੜੇ ਮੁੜਕੇ ਨਾਲ ਤਰੋ-ਤਰ ਹੋ ਗਏ ਸਨ। ਫਿਰ ਮਸੂਦ ਨੇ ਕੰਮ ਬੰਦ ਕਰਨ ਦਾ ਕਿਹਾ ਤੇ ਉਹ ਝੁੰਬੇ ਵਿਚ ਚਲੇ ਗਏ।
ਸ਼ਾਮ ਵੇਲੇ ਮਸੂਦ ਨੇ ਸਾਰੇ ਗੰਢੇ ਇਕ ਥਾਂ ਇਕੱਠੇ ਕੀਤੇ ਤੇ ਸਾਨੂੰ ਟਰੱਕ ‘ਤੇ ਚੜ੍ਹਨ ਨੂੰ ਕਿਹਾ। ਸਈਅਦ ਹੋਰੀਂ, ਮਸੂਦ ਨਾਲ ਅੱਗੇ ਬੈਠ ਗਏ। ਖੈਰੀ ਨੇ ਕਿਹਾ ਕਿ ਉਹ ਰਾਤ ਵੇਲੇ ਭੇਡਾਂ ਕੋਲ ਖੇਤ ਵਿਚ ਹੀ ਰੁਕੇਗਾ ਤੇ ਉਹ ਉਸ ਦੀ ਰੋਟੀ ਦੇ ਜਾਣ। ਟਰੱਕ ਤੁਰ ਪਿਆ। ਹੁਣ ਟਰੱਕ ਹੌਲੀ ਜਾ ਰਿਹਾ ਸੀ। ਅਸੀਂ ਵੀ ਟਿਕੀਆਂ ਹੋਈਆਂ ਬੈਠੀਆਂ ਸਾਂ। ਇੰਨੇ ਨੂੰ ਘਰ ਦੇ ਬਾਰ ਮੂਹਰੇ ਟਰੱਕ ਰੁਕਿਆ ਤਾਂ ਅਸੀਂ ਭੱਜ ਕੇ ਵਿਹੜੇ ਜਾ ਵੜੀਆਂ। ਮਾਂ ਨੇ ਬਥੇਰਾ ਕਿਹਾ ਕਿ ਨਹਾ ਧੋ ਲਵੋ, ਪਰ ਅਸੀਂ ਭੱਜ ਕੇ ਬੀਹੀ ਵਿਚ ਖੇਡਦੇ ਜੁਆਕਾਂ ਕੋਲ ਚਲੀਆਂ ਗਈਆਂ। ਸ਼ਾਮ ਹੋ ਗਈ ਤੇ ਖਾਣਾ ਖਾ ਕੇ ਅਸੀਂ ਪੌੜੀਆਂ ਚੜ੍ਹ ਕੇ ਛੱਤ ‘ਤੇ ਚਲੀਆਂ ਗਈਆਂ। ਛੱਤ ‘ਤੇ ਧੁਰੋ ਧੁਰ ਗਦੈਲੇ ਵਿਛਾ ਲਏ। ਅਜੇ ਦਿਨ ਦੀ ਲਾਲੀ ਥੋੜ੍ਹੀ ਹੈ ਸੀ। ਮੈਂ ਕੋਠੇ ‘ਤੇ ਖੜ੍ਹ ਕੇ ਮਾਊਂਟ ਸਿੰਜਾਰ ਵਲ ਨਜ਼ਰ ਮਾਰੀ। ਪਹਾੜ ਇਸ ਵੇਲੇ ਕਾਲਸ ਜਿਹੀ ‘ਚ ਘਿਰਦਾ ਜਾ ਰਿਹਾ ਸੀ। ਉਸ ਪਾਸਿਉਂ ਧਿਆਨ ਹਟਾ ਕੇ ਮੈਂ ਉਧਰ ਵੇਖਿਆ ਜਿੱਧਰ ਥੋੜ੍ਹੀ ਦੇਰ ਪਹਿਲਾਂ ਸੂਰਜ ਛਿਪਿਆ ਸੀ। ਇਸ ਪਾਸੇ ਦੂਰ ਦੂਰ ਤੱਕ ਰੇਤਾ ਵਿਛਿਆ ਪਿਆ ਸੀ। ਜਿੱਥੋਂ ਤੱਕ ਨਜ਼ਰ ਜਾਂਦੀ ਸੀ, ਮਾਰੂਥਲ ਹੀ ਮਾਰੂਥਲ ਸੀ। ਸਭ ਖਾ ਪੀ ਚੁਕੇ ਸਨ। ਜਿੰਜ਼ਾਲ, ਖੈਰੀ ਦੀ ਰੋਟੀ ਫੜ੍ਹਾ ਕੇ ਖੇਤੋਂ ਮੁੜ ਆਇਆ ਸੀ। ਮਾਂ ਚੁੱਲਾ ਚੌਂਕਾ ਨਿਪਟਾ ਕੇ ਉਪਰ ਆਈ ਤੇ ਸਾਡੇ ਵਿਚਾਲੇ ਲੇਟ ਗਈ। ਅਸੀਂ ਉਪਰ ਅਸਮਾਨ ਵਿਚ ਚਮਕਦੇ ਤਾਰੇ ਵੇਖ ਰਹੇ ਸਾਂ। ਇੰਨੇ ਨੂੰ ਛਿਪਦੇ ਵਲੋਂ ਠੰਢੀ ਠੰਢੀ ਹਵਾ ਰੁਮਕਣ ਲੱਗੀ। ਪਤਾ ਨਹੀਂ ਕਿਸ ਵੇਲੇ ਨੀਂਦ ਨੇ ਦਬੋਚ ਲਿਆ।
(3)
ਅਗਲੇ ਦਿਨ ਅਜੇ ਮੂੰਹ ਹਨੇਰਾ ਹੀ ਸੀ ਜਦੋਂ ਮੇਰੀ ਅੱਖ ਖੁੱਲ੍ਹ ਗਈ। ਵਿਹੜੇ ‘ਚੋਂ ‘ਥੱਪ ਥੱਪ’ ਦੀ ਆਵਾਜ਼ ਆ ਰਹੀ ਸੀ। ਮੈਂ ਬਨੇਰੇ ਤੋਂ ਹੇਠਾਂ ਝਾਕੀ। ਮਾਂ ਤੰਦੂਰ ਕੋਲ ਬੈਠੀ ਰੋਟੀ ਪਕਾ ਰਹੀ ਸੀ। ਮੈਂ ਦੂਸਰੇ ਭੈਣ-ਭਰਾਵਾਂ ਨੂੰ ਜਗਾਇਆ ਤੇ ਅਸੀਂ ਸਾਰੇ ਹੇਠਾਂ ਉਤਰ ਆਏ। ਜ਼ਾਹਰਾ ਪਹਿਲਾਂ ਹੀ ਮਾਂ ਕੋਲ ਬੈਠੀ ਸੀ। ਮਾਂ ਨੇ ਸਭ ਨੂੰ ਰੋਟੀ ਖੁਆਈ। ਥੋੜ੍ਹਾ ਥੋੜ੍ਹਾ ਭੇਡ ਦਾ ਦੁੱਧ ਵੀ ਮਿਲਿਆ। ਫਿਰ ਮਾਂ ਨੇ ਸਾਨੂੰ ਹਦਾਇਤ ਕੀਤੀ ਕਿ ਅੱਜ ਸਕੂਲ ਲੱਗੇਗਾ ਤੇ ਅਸੀਂ ਤਿਆਰ ਹੋ ਜਾਈਏ। ਅਸੀਂ ਤਿਆਰ ਹੋ ਕੇ ਸਕੂਲ ਪਹੁੰਚ ਗਈਆਂ। ਮੇਰਾ ਅਧਿਆਪਕ ਨਾਲ ਦੇ ਪਿੰਡ ਤੋਂ ਇਕ ਸੁੰਨੀ ਅਰਬ ਸੀ। ਉਹ ਅਰਬੀ ਬੋਲਦਾ ਸੀ ਤੇ ਸਾਨੂੰ ਵੀ ਅਰਬੀ ਸਿੱਖਣ ‘ਤੇ ਜ਼ੋਰ ਦਿੰਦਾ ਰਹਿੰਦਾ। ਉਂਜ ਭਾਵੇਂ ਸਾਡੀ ਮਾਤ-ਭਾਸ਼ਾ ਕੁਰਦਿਸ਼ ਸੀ ਪਰ ਇਹ ਮੇਰੇ ਅਧਿਆਪਕ ਕਰਕੇ ਹੀ ਸੀ ਕਿ ਮੈਂ ਅਰਬੀ ਸਿੱਖ ਗਈ।
ਸਕੂਲੋਂ ਛੁੱਟੀ ਹੁੰਦਿਆਂ ਅਸੀਂ ਸਭ ਘਰ ਮੁੜ ਆਏ। ਮਾਂ ਨੇ ਸਾਨੂੰ ਖਾਣਾ ਦਿੱਤਾ। ਖਾ ਪੀ ਕੇ ਅਸੀਂ ਮਾਂ ਨਾਲ ਵਿਹੜਾ ਸਾਫ ਕਰਵਾਉਣ ਲੱਗੀਆਂ। ਇੰਨੇ ਨੂੰ ਬੀਹੀ ਵਲੋਂ ‘ਖੜੱਪ ਖੜੱਪ’ ਦੀ ਆਵਾਜ਼ ਆਈ। ਮੈਂ ਭੱਜ ਕੇ ਬੀਹੀ ਵਲ ਗਈ। ਸ਼ਾਮੀ ਅੰਮਾ ਆਪਣੀਆਂ ਖਰੌੜੀਆਂ ‘ਤੇ ਤੁਰਦੀ ਆ ਰਹੀ ਸੀ। ਮੈਂ ਪਿਛਲੇ ਕਈ ਦਿਨਾਂ ਤੋਂ ਉਸ ਨੂੰ ਉਡੀਕ ਰਹੀ ਸਾਂ। ਕਿਉਂਕਿ ਸ਼ਾਮੀ ਅੰਮਾ ਕਹਾਣੀਆਂ ਬਹੁਤ ਸੁਣਾਉਂਦੀ ਸੀ। ਉਸ ਦੀਆਂ ਗੱਲਾਂ ਬਹੁਤ ਦਿਲਚਸਪ ਹੁੰਦੀਆਂ। ਸ਼ਾਮੀ ਅੰਮਾ ਦਾ ਘਰ ਸਾਡੀ ਬੀਹੀ ਦੇ ਸਿਰੇ ‘ਤੇ ਸੀ। ਉਹ ਪਿੰਡ ਦੀ ਇਕ ਸਤਿਕਾਰਤ ਔਰਤ ਸੀ ਤੇ ਇਕੱਲੀ ਹੀ ਰਹਿੰਦੀ ਸੀ। ਕਈ ਵਾਰੀ ਪੁੱਛਣਾਂ ਚਾਹਿਆ ਕਿ ਉਹ ਇਕੱਲੀ ਕਿਉਂ ਹੈ, ਪਰ ਕਦੇ ਹੌਸਲਾ ਨਾ ਪਿਆ। ਇੰਨੇ ਨੂੰ ਉਹ ਨੇੜੇ ਆ ਗਈ ਤੇ ਮੇਰਾ ਹੱਥ ਫੜ੍ਹਦਿਆਂ ਬੋਲੀ, “ਓ ਮੇਰੀ ਆਸਮਾ ਬੱਚੀ, ਕਿਵੇਂ ਐਂ ਤੂੰ?”
“ਅੰਮਾ ਮੈਂ ਠੀਕ ਆਂ। ਤੇਰਾ ਕੀ ਹਾਲ ਐ?”
“ਬੱਚੀਏ ਮੈਂ ਸਹੀ ਸਲਾਮਤ ਆਂ। ਪਰ ਹਾਂ ਦੱਸ ਤੇਰਾ ਸਕੂਲ ਕਿਵੇਂ ਰਿਹਾ ਅੱਜ?”
“ਅੰਮਾ ਸਕੂਲ ਠੀਕ ਸੀ। ਪਰ ਅੱਜ ਤੈਥੋਂ ਕਹਾਣੀਆਂ ਸੁਣਨੀਆਂ ਨੇ।”
ਉਸ ਨੇ ਮੇਰੀ ਗੱਲ ‘ਤੇ ਕੋਈ ਧਿਆਨ ਨਾ ਦਿੱਤਾ ਤੇ ਆਪਣੀ ਹੀ ਤੋਰਦਿਆਂ ਬੋਲੀ, “ਅੱਛਾ, ਫੇਰ ਤੂੰ ਕਿਹੜੀ ਜਮਾਤ ਵਿਚ ਹੋ ਗਈ?”
“ਲੈ ਕਿੰਨੀ ਵਾਰੀ ਤਾਂ ਦੱਸਿਐ ਕਿ ਮੈਂ ਚੌਥੀ ਜਮਾਤ ‘ਚ ਆਂ। ਪਰ ਅੰਮਾ ਤੂੰ ਮੇਰੀ ਗੱਲ ਨ੍ਹੀਂ ਸੁਣੀ। ਅੱਜ ਸਾਨੂੰ ਕਹਾਣੀਆਂ ਸੁਣਾ।”
“ਅੱਛਾ ਅੱਛਾ। ਚੱਲ ਘਰੇ ਚੱਲੀਏ।” ਉਹ ਮੇਰਾ ਹੱਥ ਛੱਡ ਘਰ ਵਲ ਤੁਰ ਪਈ। ਮੇਰੀ ਮਾਂ ਕੰਮ ਛੱਡ ਕੇ ਸ਼ਾਮੀ ਅੰਮਾ ਦੇ ਸੁਆਗਤ ਲਈ ਅਗਾਂਹ ਆ ਗਈ। ਇਕ ਕੁਰਸੀ ‘ਤੇ ਬਿਠਾ ਉਸ ਨੇ ਅੰਮਾ ਲਈ ਨਿੰਬੂ ਦੇ ਜੂਸ ਦਾ ਗਲਾਸ ਭਰ ਲਿਆਂਦਾ। ਕੋਲ ਆ ਕੇ ਉਸ ਨੇ ਜੂਸ ‘ਚ ਖੰਡ ਪਾਈ ਤੇ ਘੋਲ ਕੇ ਸ਼ਾਮੀ ਅੰਮਾ ਵਲ ਗਲਾਸ ਵਧਾਇਆ। ਸ਼ਾਮੀ ਅੰਮਾ ਨੇ ਮਾਂ ਦਾ ਸ਼ੁਕਰਾਨਾ ਕਰਦਿਆਂ ਗਲਾਸ ਫੜ੍ਹ ਲਿਆ। ਕੁਝ ਘੁੱਟਾਂ ਭਰ ਬੋਲੀ, “ਸਾਇਰਾ ਬੀਬੀ, ਸੱਚ ਜਾਣੀਂ ਬੜੇ ਦਿਨਾਂ ਪਿੱਛੋਂ ਮਿੱਠੇ ਦਾ ਸਵਾਦ ਚੱਖਿਐ।”
“ਅੰਮਾ, ਮਿੱਠਾ ਕਿੱਥੇ ਲੱਭਦੈ। ਇਹ ਤਾਂ ਬਹੁਤ ਪਹਿਲਾਂ ਖਰੀਦੀ ਖੰਡ ਬਚਾ ਕੇ ਰੱਖੀ ਹੋਈ ਸੀ। ਸੋਚਿਆ ਅੱਜ ਅੰਮਾ ਨੂੰ ਮਿੱਠਾ ਪਿਆ ਦਿਆਂ।”
“ਤੇਰਾ ਸ਼ੁਕਰਾਨਾ ਪੁੱਤਰੀਏ। ਮੈਂ ਬੜੀਆਂ ਕੋਸ਼ਿਸ਼ਾਂ ਕਰ ਹਟੀ ਕਿ ਭੋਰਾ ਖੰਡ ਮਿਲ ਜਾਵੇ, ਪਰ ਕੀ ਕਰਾਂ ਲੱਭਦੀ ਈ ਨ੍ਹੀਂ।”
“ਅੰਮਾ, ਕੱਲ੍ਹ ਸਾਮਾਨ ਵੇਚਣ ਵਾਲਾ ਵਣਜਾਰਾ ਆਇਆ ਸੀ। ਉਸ ਨੇ ਦੱਸਿਆ ਕਿ ਖੰਡ ਵਰਗੀਆਂ ਜ਼ਰੂਰੀ ਵਸਤਾਂ ਸਿੰਜਾਰ ਤਾਂ ਕੀ, ਮੋਸਲ ਤੱਕ ਵੀ ਨ੍ਹੀਂ ਮਿਲਦੀਆਂ। ਕਹਿੰਦਾ ਇਹ ਸਭ, ਸੈਂਕਸ਼ਨਾਂ ਕਰਕੇ ਐ। ਜਦੋਂ ਦੀਆਂ ਅਮਰੀਕਨਾਂ ਨੇ ਇਰਾਕ ‘ਤੇ ਸੈਂਕਸ਼ਨਾਂ ਲਾਈਆਂ ਨੇ ਤਾਂ ਸਭ ਕੁਛ ਬੰਦ ਹੋ ਗਿਆ। ਚੰਗੀ ਚੀਜ਼ ਖਾਣ ਨੂੰ ਤਰਸੇ ਪਏ ਆਂ।”
“ਸਾਇਰਾ ਬੀਬੀ, ਅਮਰੀਕਨ ਚਾਹੁੰਦੇ ਨੇ ਕਿ ਸੱਦਾਮ ਹੁਸੈਨ ਟੁੱਟ ਜਾਵੇ। ਇਸੇ ਕਰਕੇ ਉਨ੍ਹਾਂ ਸੈਂਕਸ਼ਨਾਂ ਲਾਈਆਂ ਨੇ।”
“ਪਰ ਅੰਮਾ, ਸੱਦਾਮ ਬੁੱਚੜ ਤਾਂ ਕਦੇ ਵੀ ਨ੍ਹੀਂ ਟੁੱਟੇਗਾ। ਆਪਾਂ ਤਾਂ ਆਪ ਕਹਿੰਨੇ ਆਂ ਕਿ ਕੁਛ ਵੀ ਹੋ ਜਾਵੇ, ਔਖੇ ਹੋ ਲਵਾਂਗੇ, ਕਿਵੇਂ ਨਾ ਕਿਵੇਂ ਇਸ ਤੋਂ ਸਾਡਾ ਖਹਿੜਾ ਛੁੱਟੇ। ਪਰ ਲੱਗਦਾ ਨ੍ਹੀਂ ਖਹਿੜਾ ਛੁੱਟੂ। ਉਂਜ ਜਦੋਂ ਦੀਆਂ ਸੈਂਕਸ਼ਨਾਂ ਲੱਗੀਆਂ ਨੇ, ਆਪਣੇ ਉਪਰ ਇਸ ਦਾ ਜ਼ੁਲਮ ਘਟ ਗਿਐ। ਉਦੋਂ ਦਾ ਇਹ ਆਪਣੇ ਕੁਰਦਿਸ਼ ਇਲਾਕੇ ਵਲ ਨ੍ਹੀਂ ਆਇਆ। ਪਹਿਲਾਂ ਤਾਂ ਜਿਉਣ ਈ ਨ੍ਹੀਂ ਦਿੰਦਾ ਸੀ।”
“ਸਾਇਰਾ ਪੁੱਤਰੀਏ, ਇਹ ਬੜਾ ਜ਼ਾਲਮ ਹੁਕਮਰਾਨ ਐ। ਵੇਖ ਲੈ ਮੇਰਾ ਤਾਂ ਇਸ ਨੇ ਘਰ ਸੱਖਣਾ ਕਰ ਦਿੱਤਾ। ਅਜੇ ਪਤਾ ਨ੍ਹੀਂ ਹੋਰ ਕੀ ਕੀ ਵੇਖਣਾ ਬਾਕੀ ਐ।”
ਮੈਂ ਬੜੇ ਧਿਆਨ ਨਾਲ ਸ਼ਾਮੀ ਅੰਮਾ ਦੀਆਂ ਗੱਲਾਂ ਸੁਣ ਰਹੀ ਸਾਂ। ਜਦੋਂ ਘਰ ਸੱਖਣਾ ਕਰਨ ਦਾ ਕਹਿੰਦਿਆਂ ਉਸ ਨੇ ਹਉਕਾ ਭਰਿਆ ਤਾਂ ਮੈਂ ਅਣਭੋਲ ਪੁੱਛਿਆ, “ਅੰਮਾ, ਤੇਰਾ ਘਰ ਸੱਖਣਾ ਕਿਉਂ ਹੋ ਗਿਆ?”
ਮਾਂ ਨੇ ਮੇਰੇ ਵਲ ਘੂਰ ਕੇ ਵੇਖਿਆ ਪਰ ਸ਼ਾਮੀ ਅੰਮਾ ਨੇ ਬੁਰਾ ਨਾ ਮੰਨਿਆ, ਕੁੱਝ ਪਲ ਖਾਮੋਸ਼ ਰਹਿਣ ਪਿੱਛੋਂ ਦੱਸਣ ਲੱਗੀ, “ਉਏ ਆਸਮਾ ਬੱਚੀਏ, ਮੇਰੇ ਤਿੰਨ ਪੁੱਤਰ ਸਨ। ਵੱਡਾ ਪਹਿਲਾਂ, ਕੁਰਦਸਤਾਨ ਤੇ ਇਰਾਕ ਝਗੜੇ ‘ਚ ਮਾਰਿਆ ਗਿਆ। ਉਸ ਤੋਂ ਛੋਟਾ ਵੀ ਫੌਜ ਵਿਚ ਸੀ। ਉਸ ਨੂੰ ਇਰਾਨ-ਇਰਾਕ ਜੰਗ ਨੇ ਖਾ ਲਿਆ। ਤੀਸਰਾ ਤੇ ਸਭ ਤੋਂ ਛੋਟਾ ਕੁਵੈਤ ਦੇ ਝਗੜੇ ਵੇਲੇ ਅਮਰੀਕਾ ਵਾਲੀ ਜੰਗ ਵਿਚ ਚਲ ਵਸਿਆ। ਮੇਰਾ ਘਰ ਖਾਲੀ ਹੋ ਗਿਆ।”
“ਅੰਮਾ, ਤੇਰੀ ਲੱਤ ਨੂੰ ਕੀ ਹੋ ਗਿਆ?” ਡਰਦਿਆਂ ਜ਼ਾਹਰਾ ਨੇ ਪੁੱਛਿਆ ਤਾਂ ਸ਼ਾਮੀ ਅੰਮਾ ਦੱਸਣ ਲੱਗੀ, “ਇਹ ਉਸ ਵੇਲੇ ਦੀ ਗੱਲ ਐ ਜਦੋਂ ਕੁਰਦਾਂ ਤੇ ਇਰਾਕੀਆਂ ਦੀ ਜੰਗ ਹੋਈ ਸੀ। ਜੰਗ ਪਿੱਛੋਂ ਆਪਣੀ ਨੇੜਲੀ ਸਰਹੱਦ ‘ਤੇ ਭੇਡਾਂ ਚਾਰਦਿਆਂ ਮੇਰਾ ਪੈਰ ਬਾਰੂਦੀ ਸੁਰੰਗ ‘ਤੇ ਜਾ ਪਿਆ। ਸੁਰੰਗ ਫਟ ਗਈ ਤੇ ਮੇਰੀ ਖੱਬੀ ਲੱਤ ਨੁਕਸਾਨੀ ਗਈ। ਪਿੱਛੋਂ ਡਾਕਟਰ ਨੇ ਗੋਡੇ ਤੋਂ ਉਪਰੋਂ ਲੱਤ ਕੱਟ ਦਿੱਤੀ। ਉਦੋਂ ਤੋਂ ਖਰੌੜੀਆਂ ‘ਤੇ ਤੁਰਦੀ ਆਂ।”
ਸੁਣ ਕੇ ਚੁੱਪ ਪਸਰ ਗਈ। ਫਿਰ ਮਾਂ ਨੇ ਗੱਲ ਅੱਗੇ ਤੋਰੀ, “ਅੰਮਾ, ਇਨ੍ਹਾਂ ਜੰਗਾਂ ਨੇ ਮਾਂਵਾਂ ਨੂੰ ਜਿਉਂਦੀਆਂ ਮਾਰ ਦਿੱਤਾ। ਵੇਖ ਲੈ ਮੇਰਾ ਸਲੀਮ ਪੁੱਤਰ ਵੀ ਘਰੋਂ ਗਿਆ ਨਾ ਮੁੜਿਆ…।” ਇੰਨਾ ਕਹਿੰਦਿਆਂ ਮਾਂ ਹਉਕਾ ਭਰਦਿਆਂ ਹੰਝੂ ਪੂੰਝਣ ਲੱਗੀ। ਉਸ ਵਲ ਵੇਖ ਅੰਮਾ ਬੋਲੀ, “ਜੰਗ ਹੋਵੇ ਜਾਂ ਨਾ, ਪਰ ਆਪਣੇ ਜਾਜ਼ੀਦੀ ਲੋਕਾਂ ‘ਤੇ ਤਾਂ ਮੁਸੀਬਤਾਂ ਦੇ ਪਹਾੜ ਟੁੱਟਦੇ ਈ ਰਹਿੰਦੇ ਨੇ। ਪਿਛਲੇ ਦਿਨੀਂ ਤੁਰਕੀ ਵਲ ਦੀ ਸਰਹੱਦ ‘ਤੇ ਸੱਦਾਮ ਹੁਸੈਨ ਨੇ ਪਤੈ ਕੀ ਜ਼ੁਲਮ ਕੀਤਾ?”
“ਨ੍ਹੀਂ ਅੰਮਾ, ਸਾਨੂੰ ਤਾਂ ਨ੍ਹੀਂ ਪਤਾ। ਤੂੰ ਹੀ ਦੱਸ।”
“ਇਸ ਨੇ ਪੂਰੇ ਦਾ ਪੂਰਾ ਪਿੰਡ ਮਾਰ ਮੁਕਾਇਆ। ਜ਼ਹਿਰੀਲੀ ਗੈਸ ਛੱਡ ਦਿੱਤੀ ਲੋਕਾਂ ‘ਤੇ। ਬਹੁਤੇ ਮਰ ਗਏ ਤੇ ਜੋ ਬਚੇ ਉਹ ਉਮਰ ਭਰ ਲਈ ਨਕਾਰਾ ਹੋ ਗਏ। ਕੋਈ ਅੰਨਾ ਹੋ ਗਿਆ, ਕੋਈ ਗੂੰਗਾ ਤੇ ਕੋਈ ਲੰਗੜਾ ਲੂਲ੍ਹਾ।”
“ਪਰ ਅੰਮਾ ਇਹ ਜ਼ੁਲਮ ਇਸ ਨੇ ਕਿਉਂ ਕੀਤਾ?”
“ਉਹ ਇਕ ਛੋਟਾ ਜਿਹਾ ਪਿੰਡ ਆਪਣੇ ਜਾਜ਼ੀਦੀ ਲੋਕਾਂ ਦਾ ਐ। ਉਨ੍ਹਾਂ ‘ਤੇ ਇਲਜ਼ਾਮ ਲਾਇਆ ਸੀ ਕਿ ਉਹ ਮੁਲਕ ਦੇ ਗੱਦਾਰ ਨੇ ਤੇ ਕੁਰਦਸਤਾਨ ਦਾ ਪੱਖ ਪੂਰਦੇ ਨੇ।”
“ਬੇੜਾ ਗਰਕ ਹੋਵੇ ਇਸ ਚੰਦਰੇ ਹਾਕਮ ਦਾ।” ਮਾਂ ਨੇ ਸੱਦਾਮ ਹੁਸੈਨ ਨੂੰ ਕੋਸਿਆ।
“ਸਾਇਰਾ ਬੀਬੀ, ਆਪਣੇ ਨਾਲ ਤਾਂ ਕਿਸੇ ਨੇ ਵੀ ਸੁੱਖ ਨ੍ਹੀਂ ਗੁਜ਼ਾਰੀ। ਪਿਛੇ ਵਲ ਨਿਗ੍ਹਾ ਮਾਰੀਏ ਤਾਂ ਇਹੀ ਕੁਛ ਹੁੰਦਾ ਆ ਰਿਹੈ।”
ਜ਼ਾਹਰਾ ਛੇਤੀ ਦੇਣੇ ਅੰਮਾ ਨੇੜੇ ਹੁੰਦਿਆਂ ਬੋਲੀ, “ਅੰਮਾ, ਅੱਜ ਸਾਨੂੰ ਆਪਣੇ ਪਿਛੋਕੜ ਦੀਆਂ ਗੱਲਾਂ ਸੁਣਾ। ਬਹੁਤ ਚਿਰ ਹੋ ਗਿਆ ਤੈਥੋਂ ਸੁਣਿਆਂ।”
“ਲੈ ਮੈਂ ਜੂਸ ਮੁਕਾ ਲਵਾਂ। ਫੇਰ ਆਪਾਂ ਕਰਦੇ ਆਂ ਉਹ ਗੱਲਾਂ।” ਉਹ ਖੁਦ ਵੀ ਇਸ ਵਿਸ਼ੇ ‘ਤੇ ਬੜੀ ਰੀਝ ਨਾਲ ਚਰਚਾ ਕਰਦੀ ਹੁੰਦੀ ਸੀ। ਉਸ ਨੂੰ ਵਾਰ ਵਾਰ ਆਪਣੇ ਵਡੇਰਿਆਂ ਦੀਆਂ, ਜਾਜ਼ੀਦੀ ਲੋਕਾਂ ‘ਤੇ ਹੋਏ ਜ਼ੁਲਮਾਂ ਦੀਆਂ ਗੱਲਾਂ ਕਰਨ ਦੀ ਖਿੱਚ ਰਹਿੰਦੀ ਸੀ। ਉਸ ਨੇ ਜੂਸ ਮੁਕਾ ਕੇ ਗਲਾਸ ਪਾਸੇ ਰੱਖ ਦਿੱਤਾ ਤਾਂ ਮਾਂ ਨੇ ਕੁਰਸੀਆਂ ਅਤੇ ਮੂਹੜੇ ਛਾਂ ਹੇਠ ਕਰ ਲਏ। ਅੰਮਾ ਵੀ ਉਠ ਕੇ ਦੂਸਰੇ ਮੂਹੜੇ ‘ਤੇ ਬਹਿ ਗਈ। ਅਸੀਂ ਸਾਰੇ ਉਸ ਦੇ ਆਲੇ-ਦੁਆਲੇ ਝੁਰਮਟ ਪਾ ਕੇ ਬੈਠ ਗਏ। ਸਾਨੂੰ ਲੱਗਾ ਜਿਵੇਂ ਮਨ ਚਾਹੀ ਮੁਰਾਦ ਮਿਲ ਗਈ ਹੋਵੇ।
“ਬੱਚੀਓ, ਆਪਣਾ ਜਾਜ਼ੀਦੀ ਧਰਮ ਬਹੁਤ ਪੁਰਾਣਾ ਐ। ਪਰ ਆਪਣਾ ਵਾਧਾ ਬਹੁਤਾ ਨ੍ਹੀਂ ਹੋਇਆ, ਕਿਉਂਕਿ ਆਪਣੇ ‘ਤੇ ਜ਼ੁਲਮ ਬੜੇ ਹੁੰਦੇ ਰਹੇ। ਜਦੋਂ ਕਿਤੇ ਇਹ ਸਿਲਸਿਲਾ ਚੱਲਦਾ ਤਾਂ ਹਜ਼ਾਰਾਂ ਜਾਜ਼ੀਦੀ ਲੋਕਾਂ ਨੂੰ ਹੋਰ ਧਰਮਾਂ ਵਾਲੇ ਮਾਰ ਮੁਕਾਉਂਦੇ।”
ਇੰਨਾ ਆਖ ਅੰਮਾ ਨੇ ਸਭ ਦੇ ਚਿਹਰਿਆਂ ਵਲ ਵੇਖਿਆ ਤੇ ਫਿਰ ਅਗਾਂਹ ਦੀ ਗੱਲ ਤੋਰੀ, “ਕਿਹਾ ਜਾਂਦਾ ਐ ਕਿ ਪਹਿਲਾਂ ਖੁਦਾ ਨੇ ਬ੍ਰਹਿਮੰਡ ਬਣਾਇਆ। ਫਿਰ ਉਸ ਨੇ ਸੱਤ ਫਰਿਸ਼ਤੇ ਬਣਾਏ ਜੋ ਉਸ ਦਾ ਆਪਣਾ ਹੀ ਰੂਪ ਸਨ। ਉਸ ਪਿੱਛੋਂ ਖੁਦਾ ਨੇ ਇਨ੍ਹਾਂ ਫਰਿਸ਼ਤਿਆਂ ਦੇ ਮੁਖੀ, ਤਾਉਸੀ ਮਲਕ ਨੂੰ ਧਰਤੀ ‘ਤੇ ਭੇਜਿਆ। ਤਾਉਸੀ ਮਲਕ ਮੋਰ ਦੀ ਸ਼ਕਲ ‘ਚ ਧਰਤੀ ‘ਤੇ ਆਇਆ। ਉਸ ਤੋਂ ਹੀ ਜਾਜ਼ੀਦੀ ਧਰਮ ਦੀ ਸ਼ੁਰੂਆਤ ਹੋਈ। ਤਾਉਸੀ ਮਲਕ ਨੇ ਐਡਮ ਨੂੰ ਮੰਨਣ ਤੋਂ ਨਾਂਹ ਕਰ ਦਿੱਤੀ। ਪਰ ਜਿਨ੍ਹਾਂ ਲੋਕਾਂ ਨੇ ਮੋਰ ਨੂੰ ਪਛਾਣ ਲਿਆ ਕਿ ਇਹ ਰੱਬ ਦਾ ਮੁਖੀ ਫਰਿਸ਼ਤਾ ਐ, ਉਹ ਉਸ ਨੂੰ ਮੰਨਣ ਲੱਗੇ ਤੇ ਉਹ ਸਭ ਜਾਜ਼ੀਦੀ ਕਹਾਏ। ਤਾਉਸੀ ਮਲਕ, ਖੁਦਾ ਅਤੇ ਜਾਜ਼ੀਦੀ ਲੋਕਾਂ ਵਿਚਾਲੇ ਕੜੀ ਦਾ ਕੰਮ ਕਰਦੈ। ਜਦੋਂ ਤਾਉਸੀ ਮਲਕ ਮੋਰ ਦੇ ਰੂਪ ਵਿਚ ਪਹਿਲੀ ਵਾਰ ਧਰਤੀ ‘ਤੇ ਆਇਆ ਤਾਂ ਉਹ ਜਾਜ਼ੀਦੀ ਧਰਮ ਦੇ ਸਾਲ ਦੀ ਸ਼ੁਰੂਆਤ ਐ।”
“ਪਰ ਅੰਮਾ, ਮੁਸਲਮਾਨ ਤਾਂ ਇਸ ਨੂੰ ਸਾਡਾ ਪਖੰਡ ਕਹਿੰਦੇ ਨੇ।” ਜ਼ਾਹਰਾ ਨੇ ਸੁਣੀ ਸੁਣਾਈ ਗੱਲ ਕਹੀ ਤਾਂ ਅੰਮਾ ਨੇ ਕਿਹਾ, “ਕਿਉਂਕਿ ਇਸਲਾਮ ਵਿਚ ਮੂਰਤੀ ਜਾਂ ਕਿਸੇ ਵੀ ਜੀਵ ਜੰਤੂ ਨੂੰ ਪੂਜਣ ਦੀ ਮਨਾਹੀ ਐ, ਇਸੇ ਕਰਕੇ ਉਹ ਸਾਨੂੰ ਮਖੌਲ ਕਰਦੇ ਨੇ। ਇੰਨਾ ਈ ਨ੍ਹੀਂ, ਉਹ ਤਾਂ ਸਗੋਂ ਸਾਨੂੰ ਕਾਫਰ ਕਹਿੰਦੇ ਨੇ। ਉਹ ਸਾਡੇ ਧਰਮ ਨੂੰ ਮਾਨਤਾ ਈ ਨ੍ਹੀਂ ਦਿੰਦੇ ਕਿਉਂਕਿ ਬਾਈਬਲ ਜਾਂ ਕੁਰਾਨ ਦੀ ਤਰ੍ਹਾਂ ਸਾਡੀ ਕੋਈ ਧਾਰਮਕ ਕਿਤਾਬ ਨ੍ਹੀਂ ਐ।”
“ਅੰਮਾ ਸਕੂਲ ‘ਚ ਮੇਰੀ ਇਕ ਸਹੇਲੀ ਐ, ਉਹ ਕਹਿੰਦੀ ਐ ਕਿ ਜਾਜ਼ੀਦੀ ਲੋਕ ਗੰਦੇ ਨੇ ਕਿਉਂਕਿ ਉਹ ਨਹਾਉਂਦੇ ਨ੍ਹੀਂ।” ਕੋਲ ਬੈਠੀ ਜ਼ੀਨਤ ਨੇ ਕਿਹਾ।
“ਤਾਉਸੀ ਮਲਕ ਬੁੱਧਵਾਰ ਦੇ ਦਿਨ ਧਰਤੀ ‘ਤੇ ਆਇਆ ਸੀ। ਇਸ ਕਰਕੇ ਇਸ ਦਿਨ ਨੂੰ ਅਸੀਂ ਬਹੁਤ ਪਵਿੱਤਰ ਮੰਨਦੇ ਆਂ। ਇਹ ਸਾਡਾ ਛੁੱਟੀ ਦਾ ਦਿਨ ਐ, ਨਾਲ ਈ ਪ੍ਰਾਰਥਨਾ ਦਾ ਵੀ। ਇਹ ਵੀ ਸਹੀ ਐ ਕਿ ਧਾਰਮਕ ਵਜ੍ਹਾ ਕਰਕੇ ਅਸੀਂ ਇਸ ਦਿਨ ਨਹਾਉਂਦੇ ਨ੍ਹੀਂ। ਇਸੇ ਇਕ ਗੱਲ ਤੋਂ ਉਹ ਸਾਨੂੰ ਗੰਦੇ ਕਹਿੰਦੇ ਨੇ। ਪਰ ਉਹ, ਇਹ ਸਿਰਫ ਨਫਰਤ ਕਰਕੇ ਕਹਿੰਦੇ ਨੇ।”
ਸ਼ਾਮੀ ਅੰਮਾ ਨੇ ਗੱਲ ਮੁਕਾ ਕੇ ਜ਼ੀਨਤ ਵਲ ਵੇਖਿਆ ਤੇ ਅੱਗੇ ਦੱਸਣ ਲੱਗੀ, “ਅਸੀਂ ਜਾਜ਼ੀਦੀ ਲੋਕ ਦੂਸਰੇ ਜਨਮ ‘ਚ ਵਿਸ਼ਵਾਸ ਰੱਖਦੇ ਆਂ ਜਦੋਂ ਕਿ ਇਸਲਾਮ ਵਿਚ ਅਜਿਹਾ ਨ੍ਹੀਂ ਐ। ਇਹ ਵੀ ਇਕ ਵਜ੍ਹਾ ਐ ਕਿ ਉਹ ਸਾਨੂੰ ਨਫਰਤ ਕਰਦੇ ਨੇ। ਜਾਜ਼ੀਦੀ ਲੋਕ ਕਈ ਤਰ੍ਹਾਂ ਦੇ ਖਾਣੇ ਵੀ ਨ੍ਹੀਂ ਖਾਂਦੇ। ਅਤੇ ਮੋਰ ਦੇ ਗੂੜ੍ਹੇ ਰੰਗਾਂ ਕਾਰਨ ਸਾਡੇ ਬਹੁਤੇ ਲੋਕ ਗੂੜ੍ਹੇ ਰੰਗ ਦੇ ਕੱਪੜੇ ਵੀ ਪਹਿਨਦੇ ਨੇ। ਇਸ ਕਰਕੇ ਵੀ ਹੋਰ ਧਰਮਾਂ ਵਾਲੇ ਸਾਨੂੰ ਮਖੌਲ ਕਰਦੇ ਨੇ।”
“ਇਰਾਕ ਦੇ ਸ਼ੈਖਾਨ ਜ਼ਿਲ੍ਹੇ ਵਿਚ ਲਾਲਿਸ਼ ਸ਼ਹਿਰ ਸਾਡਾ ਧਾਰਮਕ ਸ਼ਹਿਰ ਐ। ਉਥੇ ਹੀ ਸਾਡੇ ਮੰਦਿਰ ਨੇ। ਸਾਡੇ ਪੁਜਾਰੀ ਨੂੰ ਸ਼ੇਖ ਕਿਹਾ ਜਾਂਦਾ ਐ ਜੋ ਕਿ ਉਥੇ ਲਾਲਿਸ਼ ਵਿਚ ਈ ਰਹਿੰਦੇ ਨੇ। ਬੱਚਾ ਥੋੜ੍ਹਾ ਵੱਡਾ ਹੋਵੇ ਤਾਂ ਉਸ ਨੂੰ ਪੁਜਾਰੀ ਤੋਂ ਅਸ਼ੀਰਵਾਦ ਲੈਣ ਲਈ ਉਥੇ ਲਿਜਾਇਆ ਜਾਂਦਾ ਐ। ਕੁਛ ਹੋਰ ਗੱਲਾਂ ਨੇ ਜਿਵੇਂ…।” ਇੰਨੇ ਨੂੰ ਸ਼ਾਮੀ ਅੰਮਾ ਨੂੰ ਖੰਘ ਛਿੜ ਪਈ। ਗਲਾ ਸਾਫ ਕਰਦਿਆਂ ਉਸ ਗੱਲ ਤੋਰੀ, “ਜਾਜ਼ੀਦੀ ਧਰਮ ਦੇ ਕੁਝ ਖਾਸ ਅਸੂਲ ਹਨ। ਕੋਈ ਵੀ ਧਰਮ ਤਬਦੀਲੀ ਕਰਕੇ ਜਾਜ਼ੀਦੀ ਨਹੀਂ ਬਣ ਸਕਦਾ। ਨਾ ਹੀ ਇਸ ਧਰਮ ਦਾ ਕੋਈ ਬੰਦਾ ਕਿਸੇ ਹੋਰ ਧਰਮ ‘ਚ ਜਾ ਸਕਦਾ ਐ। ਜੇ ਕੋਈ ਔਰਤ ਜਾਂ ਬੰਦਾ ਕਿਸੇ ਹੋਰ ਧਰਮ ਵਾਲੇ ਨਾਲ ਵਿਆਹ ਕਰਵਾ ਲਵੇ ਤਾਂ ਉਹ ਜਾਜ਼ੀਦੀ ਨ੍ਹੀਂ ਰਹਿੰਦਾ ਤੇ ਨਾ ਹੀ ਮੁੜ ਕੇ ਧਰਮ ‘ਚ ਆ ਸਕਦਾ ਹੈ। ਜਾਜ਼ੀਦੀ ਲੋਕ ਦਿਨ ‘ਚ ਤਿੰਨ ਵਾਰ ਪ੍ਰਾਰਥਨਾ ਕਰਦੇ ਹਨ ਜੋ ਕਿਤੇ ਵੀ ਤੇ ਕਦੇ ਵੀ ਕੀਤੀ ਜਾ ਸਕਦੀ ਹੈ। ਰੋਟੀ ਖਾਂਦਿਆਂ, ਕੰਮ ਕਰਦਿਆਂ, ਪਰ ਆਮ ਤੌਰ ‘ਤੇ ਸਵੇਰੇ ਸੂਰਜ ਅਤੇ ਰਾਤ ਨੂੰ ਚੰਦਰਮਾ ਵਲ ਵੇਖਦਿਆਂ ਹੀ ਪ੍ਰਾਰਥਨਾ ਕੀਤਾ ਜਾਂਦੀ ਹੈ। ਪਹਿਲਾਂ ਬਾਂਹ ‘ਚ ਪਾਏ ਲਾਲ ਅਤੇ ਚਿੱਟੇ ਰੰਗ ਦੇ ਕੰਗਣ ਨੂੰ ਚੁੰਮ ਕੇ ਫਿਰ ਤਾਉਸੀ ਮਲਕ ਨੂੰ ਯਾਦ ਕੀਤਾ ਜਾਂਦਾ ਹੈ। ਉਸ ਨੂੰ ਆਪਣੀਆਂ ਮੁਸ਼ਕਿਲਾਂ ਜਾਂ ਜੋ ਵੀ ਦਿਲ ਵਿਚ ਹੈ, ਦੱਸ ਕੇ ਸੁਖ ਮੰਗੀ ਜਾਂਦੀ ਹੈ। ਪ੍ਰਾਰਥਨਾ ਚੁੱਪ ਚਾਪ ਸਿਰਫ ਮੂੰਹ ‘ਚ ਕੀਤੀ ਜਾਂਦੀ ਹੈ। ਜਾਜ਼ੀਦੀ ਲੋਕਾਂ ਦਾ ਕਿਸੇ ਹੋਰ ਧਰਮ ਨਾਲ ਕੋਈ ਲੈਣ-ਦੇਣ ਨਹੀਂ ਹੈ। ਜਦੋਂ ਹੋਰ ਧਰਮਾਂ ਵਾਲੇ ਜਾਜ਼ਦੀ ਧਰਮ ਅਪਨਾ ਹੀ ਨਹੀਂ ਸਕਦੇ ਤਾਂ ਇਨ੍ਹਾਂ ਵਲੋਂ ਆਪਣੇ ਧਰਮ ਦਾ ਪ੍ਰਚਾਰ ਕਰਨ ਦਾ ਵੀ ਕੋਈ ਅਰਥ ਨਹੀਂ ਰਹਿ ਜਾਂਦਾ। ਜਾਜ਼ੀਦੀ ਲੋਕ ਚੁੱਪ-ਚਾਪ ਆਪਣੇ ‘ਚ ਮਸਤ ਰਹਿੰਦੇ ਸ਼ਾਂਤਮਈ ਜ਼ਿੰਦਗੀ ਜਿਉਂਦੇ ਹਨ। ਪਰ ਫਿਰ ਸੁਆਲ ਪੈਦਾ ਹੁੰਦਾ ਐ ਕਿ ਇਹ ਧਰਮ ਬਚਦਾ ਕਿਵੇਂ ਹੈ? ਕਿਉਂਕਿ ਹੁਣ ਤੱਕ ਜਾਜ਼ੀਦੀਆਂ ਵਿਰੁਧ 73 ਫਰਮਾਨ ਜਾਰੀ ਹੋ ਚੁਕੇ ਹਨ। ਹਰ ਫਰਮਾਨ ਦਾ ਹੁਕਮ ਹੁੰਦਾ ਹੈ ਕਿ ਇਨ੍ਹਾਂ ਲੋਕਾਂ ਨੂੰ ਧਰਤੀ ਤੋਂ ਖਤਮ ਕਰ ਦਿਉ, ਕਿਉਂਕਿ ਇਸਲਾਮ ਵਾਲੇ ਜਾਜ਼ੀਦੀਆਂ ਨੂੰ ਕਾਫਰ ਕਹਿੰਦੇ ਹਨ। ਜਦੋਂ ਹੀ ਕਦੇ ਫਰਮਾਨ ਜਾਰੀ ਹੁੰਦਾ ਤਾਂ ਜਾਜ਼ੀਦੀਆਂ ਦਾ ਵੱਡੇ ਪੱਧਰ ‘ਤੇ ਕਤਲੇਆਮ ਹੁੰਦਾ ਰਿਹਾ। ਗਿਣਤੀ ਹਰ ਵਾਰੀ ਘਟ ਜਾਂਦੀ।”
“ਅੰਮਾ, ਫਿਰ ਆਪਾਂ ਆਪਣੀ ਹਸਤੀ ਕਿਵੇਂ ਕਾਇਮ ਰੱਖ ਸਕਦੇ ਆਂ?” ਸ਼ਾਮੀ ਅੰਮਾ ਦੀ ਲੰਬੀ ਗੱਲ ਸੁਣ ਕੇ ਜ਼ਾਹਰਾ ਨੇ ਪੁੱਛਿਆ ਤਾਂ ਉਹ ਦੱਸਣ ਲੱਗੀ, “ਅਸੀਂ ਆਪਣੀ ਹੋਂਦ ਤਾਂ ਹੀ ਬਰਕਰਾਰ ਰੱਖ ਸਕਦੇ ਆਂ ਜੇ ਅਸੀਂ ਇਕੱਠੇ ਰਹੀਏ। ਕਿਸੇ ਬਾਹਰੀ ਹਮਲੇ ਵੇਲੇ ਇਕਮੁੱਠ ਹੋ ਕੇ ਮੁਕਾਬਲਾ ਕਰੀਏ। ਤੇ ਇਸ ਤੋਂ ਬਿਨਾ ਹਰ ਪਰਿਵਾਰ ‘ਚ ਵੱਧ ਤੋਂ ਵੱਧ ਬੱਚੇ ਪੈਦਾ ਕੀਤੇ ਜਾਣ ਤਾਂ ਕਿ ਸਾਡੀ ਗਿਣਤੀ ਘਟੇ ਨਾ। ਇਸ ਵੇਲੇ ਸਾਰੀ ਦੁਨੀਆਂ ਵਿਚ ਸਿਰਫ ਨੌਂ ਕੁ ਲੱਖ ਜਾਜ਼ੀਦੀ ਲੋਕ ਰਹਿ ਗਏ ਨੇ। ਸਾਨੂੰ ਸਾਵਧਾਨ ਰਹਿਣਾ ਪਵੇਗਾ।”
ਇਹ ਗੱਲਾਂ ਸ਼ਾਮੀ ਅੰਮਾ ਨੇ ਕੋਈ ਪਹਿਲੀ ਵਾਰ ਨਹੀਂ ਸੀ ਦੱਸੀਆਂ। ਪਤਾ ਨਹੀਂ ਕਿੰਨੀ ਵਾਰ ਉਸ ਨੇ ਇਹ ਗੱਲਾਂ ਸੁਣਾਈਆਂ ਸਨ। ਇਸੇ ਕਰਕੇ ਮੈਂ ਬੋਲੀ, “ਅੰਮਾ, ਇਹ ਗੱਲਾਂ ਤਾਂ ਤੂੰ ਪਹਿਲਾਂ ਵੀ ਬਹੁਤ ਵਾਰ ਸੁਣਾਈਆਂ ਨੇ।”
“ਆਸਮਾ ਬੱਚੀਏ, ਸਾਡੇ ਧਰਮ ਦੀ ਇਹ ਪਰੰਪਰਾ ਐ ਕਿ ਵਾਰ ਵਾਰ ਕਹਾਣੀਆਂ ਦੁਹਰਾਓ। ਇਹ ਤਾਂ ਇਸ ਤਰ੍ਹਾਂ ਐ ਜਿਵੇਂ ਧਰਮ ਇਕ ਦਰੱਖਤ ਹੋਵੇ। ਤੇ ਜਿੰਨੇ ਦਰੱਖਤ ਉਪਰ ਪੱਤੇ ਨੇ ਉਹ ਸਭ ਕਹਾਣੀਆਂ ਨੇ। ਸਾਡੀ ਕੋਈ ਧਾਰਮਕ ਕਿਤਾਬ ਤਾਂ ਹੈ ਨ੍ਹੀਂ ਬਸ ਇਹ ਕਹਾਣੀਆਂ ਈ ਨੇ ਜੋ ਸਾਨੂੰ ਚਰਚਾ ਕਰਦੇ ਰਹਿਣਾ ਚਾਹੀਦਾ ਐ।”
ਜਦੋਂ ਜਾਪਿਆ ਕਿ ਸ਼ਾਮੀ ਅੰਮਾ ਦੀ ਗੱਲ ਪੂਰੀ ਹੋ ਗਈ ਹੈ ਤਾਂ ਜ਼ਾਹਰਾ ਨੇ ਕਿਹਾ, “ਅੰਮਾ, ਹੁਣ ਦੱਸ ਕਿ ਆਪਾਂ ਇਸ ਇਲਾਕੇ ‘ਚ ਕਦੋਂ ਤੇ ਕਿਵੇਂ ਆ ਕੇ ਵਸੇ?”
“ਦੱਸਦੀ ਆਂ। ਪਹਿਲਾਂ ਮੈਨੂੰ ਪਾਣੀ ਦਾ ਗਲਾਸ ਦੇਹ।” ਜ਼ਾਹਰਾ ਨੇ ਭੱਜ ਕੇ ਪਾਣੀ ਲਿਆਂਦਾ। ਅੰਮਾ ਬੋਲੀ, “ਪਹਿਲੇ ਵੇਲਿਆਂ ਵਿਚ ਜਾਜ਼ੀਦੀਆਂ ਦਾ ਕੋਈ ਪੱਕਾ ਟਿਕਾਣਾ ਨਹੀਂ ਸੀ। ਉਦੋਂ ਇਹ ਖਾਨਾਬਦੋਸ਼ਾਂ ਵਾਂਗ ਰਹਿੰਦੇ ਸਨ, ਕਦੇ ਕਿਤੇ ਤੇ ਕਦੇ ਕਿਤੇ। ਇਸ ਇਲਾਕੇ ‘ਚ ਇਹ ਉਨੀ ਸੌ ਪੰਜਾਹਵਿਆਂ ਵਿਚ ਆਏ। ਇਹ ਪਿੰਡ ਲਗਾਸ਼, ਉਦੋਂ ਜਿਹੇ ਹੀ ਬੱਝਿਆ। ਪਿੰਡ ਦੇ ਮੋਢੀ ਲੋਕ ਕਬੀਲੇ ਦੇ ਰੂਪ ‘ਚ ਸਿੰਜਾਰ ਪਹਾੜਾਂ ਵਲ ਭੇਡਾਂ ਚਾਰਨ ਆਏ ਸਨ। ਪਰ ਪਹਾੜ ਦੇ ਪੈਰਾਂ ‘ਚ ਗਰਮੀ ਬਹੁਤ ਸੀ। ਸੋ ਵਡੇਰਿਆਂ ਨੇ ਅੱਗ ਲਾਉਂਦੀ ਧੁੱਪ ਤੋਂ ਬਚਣ ਲਈ ਇਸ ਥਾਂ ‘ਤੇ ਝੁੱਗੀਆਂ ਪਾ ਲਈਆਂ। ਉਦੋਂ ਤਾਂ ਸਿਰਫ ਪੰਝੀ ਤੀਹ ਪਰਿਵਾਰ ਹੀ ਸਨ। ਉਸ ਵੇਲੇ ਇੱਥੇ ਦੀਆਂ ਜ਼ਮੀਨਾਂ ਦੇ ਮਾਲਕ, ਮੋਸਲ ਦੇ ਜ਼ਿਮੀਦਾਰ ਸਨ। ਇੱਥੇ ਮੁਜ਼ਾਰੇ ਕੰਮ ਕਰਦੇ ਸਨ। ਜਾਜ਼ੀਦੀ ਲੋਕਾਂ ਨੇ ਪੈਸਾ ਇਕੱਠਾ ਕਰਕੇ ਇਥੇ ਜ਼ਮੀਨਾਂ ਖਰੀਦੀਆਂ ਤੇ ਖੇਤੀਬਾੜੀ ਸ਼ੁਰੂ ਕਰ ਲਈ। ਫਿਰ ਅਗਾਂਹ ਵਾਧਾ ਹੁੰਦਾ ਗਿਆ। ਅੱਜ ਇਸ ਪਿੰਡ ਵਿਚ ਢਾਈ ਸੌ ਦੇ ਕਰੀਬ ਪਰਿਵਾਰ ਹਨ ਅਤੇ ਆਬਾਦੀ ਕੋਈ ਦੋ ਹਜ਼ਾਰ ਹੈ। ਇੱਧਰ ਦੇ ਬਹੁਤੇ ਪਿੰਡ ਜਾਜ਼ੀਦੀ ਲੋਕਾਂ ਦੇ ਹੀ ਹਨ। ਇਰਾਕ ਦਾ ਇਹ ਉਤਰ ਵਲ ਦਾ ਕੋਨਾ, ਦੂਜੇ ਪਾਸਿਉਂ ਸੀਰੀਆ ਤੇ ਉਪਰੋਂ ਤੁਰਕੀ ਵਾਲਾ ਇਲਾਕਾ, ਇਸ ਖੁੰਜ ਜਿਹੀ ‘ਚ ਸਾਰੇ ਜਾਜ਼ੀਦੀ ਲੋਕ ਹੀ ਵਸਦੇ ਹਨ। ਲਗਾਸ਼ ਤੋਂ ਸਿੰਜਾਰ ਵਲ ਵੀ ਜ਼ਿਆਦਾ ਜਾਜ਼ੀਦੀ ਲੋਕ ਹਨ। ਉਧਰ ਮੋਸਲ ਵਲ ਜਾਜ਼ੀਦੀ ਤੇ ਸੁੰਨੀ ਮੁਸਲਮਾਨਾਂ ਦੀ ਮਿਲੀ ਜੁਲੀ ਆਬਾਦੀ ਹੈ। ਉਸ ਤੋਂ ਅੱਗੇ ਸਿਰਫ ਸੁੰਨੀ ਲੋਕ ਹਨ।”
“ਅੰਮਾ, ਆਪਣੇ ਪਿੰਡ ਇੱਥੇ ਇਕੱਠੇ ਈ ਕਿਉਂ ਨੇ?” ਜ਼ਾਹਰਾ ਨੇ ਪੁੱਛਿਆ ਤਾਂ ਸ਼ਾਮੀ ਅੰਮਾ ਬੋਲੀ, “ਆਪਣਿਆਂ ਦੇ ‘ਕੱਠੇ ਰਹਿਣ ਦਾ ਇਕ ਕਾਰਨ ਇਹ ਵੀ ਐ ਕਿ ਆਪਾਂ ਘੱਟ ਗਿਣਤੀ ਆਂ ਤੇ ਘੱਟ ਗਿਣਤੀਆਂ ‘ਤੇ ਹਮੇਸ਼ਾ ਜ਼ੁਲਮ ਹੁੰਦੇ ਨੇ। ਇਸ ਲਈ ਜੇ ਉਹ ‘ਕੱਠੇ ਰਹਿਣਗੇ ਤਾਂ ਆਪਣਾ ਬਚਾ ਕਰ ਸਕਣਗੇ।”
“ਅੰਮਾ, ਜੇ ਸੁੰਨੀ ਆਪਾਂ ਨੂੰ ਨਫਰਤ ਕਰਦੇ ਨੇ ਤਾਂ ਆਪਣੇ ਪਿੰਡਾਂ ‘ਚ ਸਾਮਾਨ ਵੇਚਣ ਕਿਉਂ ਆਉਂਦੇ ਨੇ? ਜ਼ੀਨਤ ਨੇ ਅਣਭੋਲਤਾ ਵੱਸ ਪੁੱਛਿਆ ਤਾਂ ਅੰਮਾ ਦੱਸਣ ਲੱਗੀ, “ਹੈ ਤਾਂ ਉਹ ਸੁੰਨੀ ਈ, ਪਰ ਉਹ ਵਣਜਾਰੇ ਨੇ, ਤੇ ਵਣਜਾਰੇ ਵਪਾਰੀ ਹੁੰਦੇ ਨੇ। ਵਣਜਾਰਿਆਂ ਨੇ ਆਪਣਾ ਸਾਮਾਨ ਵੇਚਣਾ ਹੁੰਦੈ। ਆਮ ਹਾਲਾਤ ਵਿਚ ਆਪਣੇ ਆਲੇ ਦੁਆਲੇ ਦੇ ਸੁੰਨੀ ਅਰਬ ਆਪਾਂ ਨੂੰ ਕੁਛ ਨ੍ਹੀਂ ਕਹਿੰਦੇ। ਉਹ ਤਾਂ ਸਿਆਸੀ ਲੋਕਾਂ ਦੀ ਚੁੱਕ ‘ਤੇ ਆਪਾਂ ਨੂੰ ਨਿਸ਼ਾਨਾ ਬਣਾ ਲੈਂਦੇ ਨੇ। ਪਹਿਲਾਂ ਜਦੋਂ ਤੁਰਕ ਸਲਤਨਤ ਸੀ, ਉਦੋਂ ਉਨ੍ਹਾਂ ਨੇ ਆਪਣੇ ‘ਤੇ ਜ਼ੁਲਮ ਕੀਤੇ। ਫਿਰ ਅੰਗਰੇਜ਼ਾਂ ਵੇਲੇ ਫਸਾਦ ਹੋ ਜਾਂਦੇ ਤਾਂ ਜਾਜ਼ੀਦੀ ਹੀ ਮਾਰੇ ਜਾਂਦੇ। ਜਦੋਂ ਦਾ ਸੱਦਾਮ ਹੁਸੈਨ ਆਇਐ, ਇਹ ਆਪਣਾ ਵੈਰੀ ਬਣਿਆਂ ਹੋਇਐ। ਕਹਿੰਦੈ, ਮੁਸਲਮਾਨ ਹੋ ਜਾਵੋ, ਨਹੀਂ ਤਾਂ ਮਰਨ ਲਈ ਤਿਆਰ ਰਹੋ। ਸਾਡੀ ਤਾਂ ਇਰਾਕ ਦੇ ਇਤਿਹਾਸ ਜਾਂ ਸੰਵਿਧਾਨ ਵਿਚ ਵੀ ਕੋਈ ਥਾਂ ਨ੍ਹੀਂ।”
“ਹਾਂ ਅੰਮਾ, ਸਾਨੂੰ ਉਸਤਾਦ ਇਤਿਹਾਸ ਪੜ੍ਹਾਉਂਦੇ ਨੇ ਤਾਂ ਕਿਤੇ ਵੀ ਜਾਜ਼ੀਦੀ ਲੋਕਾਂ ਦਾ ਜ਼ਿਕਰ ਨ੍ਹੀਂ ਆਉਂਦਾ।” ਜ਼ਾਹਰਾ ਨੇ ਕਿਹਾ।
“ਹਾਂ ਇਹ ਸਹੀ ਐ…।” ਇੰਨਾ ਕਹਿੰਦਿਆਂ ਸ਼ਾਮੀ ਅੰਮਾ ਨੇ ਗੱਲ ਵਿਚਾਲੇ ਹੀ ਛੱਡ ਗਲੀ ਵਲੋਂ ਆਉਂਦੇ ਖੜਕੇ ਵਲ ਧਿਆਨ ਕੀਤਾ। ਇੰਨੇ ਨੂੰ ਬੀਹੀ ਵਿਚ ਕੋਈ ਛੋਟਾ ਟਰੱਕ ਆ ਕੇ ਰੁਕਿਆ ਤੇ ਭੌਂਪੂ ਦਾ ਹਾਰਨ ਵਜਾਇਆ। ਜ਼ੀਨਤ ਛੇਤੀ ਦੇਣੇ ਬੋਲੀ, “ਮਾਂ ਵਣਜਾਰਾ ਆ ਗਿਆ। ਮੈਂ ਤਾਂ ਅੱਜ ਕੈਂਡੀਆਂ ਲਊਂਗੀ।” ਉਸ ਦੀ ਗੱਲ ਵਲ ਧਿਆਨ ਨਾ ਦਿੰਦੀ ਜ਼ਾਹਰਾ ਨੇ ਪੁੱਛਿਆ, “ਅੰਮਾ, ਅੱਜ ਕੱਲ੍ਹ ਤਾਂ ਵਣਜਾਰੇ ਟਰੱਕਾਂ ‘ਤੇ ਸਾਮਾਨ ਵੇਚਣ ਆਉਂਦੇ ਨੇ। ਪਹਿਲੇ ਵੇਲਿਆਂ ਵਿਚ ਕਾਹਦੇ ‘ਤੇ ਆਉਂਦੇ ਸੀ?”
“ਬਹੁਤੇ ਤਾਂ ਤੁਰ ਕੇ ਈ ਆਉਂਦੇ ਸੀ। ਪਰ ਇਕ ਬੁੱਢਾ ਡਾਕਟਰ ਹਮੇਸ਼ਾ ਊਠ ‘ਤੇ ਆਉਂਦਾ ਸੀ।”
ਸਾਰੇ ਉਠਣ ਲੱਗੇ। ਮਾਂ ਨੇ ਸ਼ਾਮੀ ਅੰਮਾ ਨੂੰ ਕਿਹਾ, “ਅੰਮਾ, ਛੋਟੀ ਗੁਡੀਆ ਨੂਰੀ ਨੂੰ ਦਸਤ ਲੱਗ ਜਾਂਦੇ ਨੇ। ਕੋਈ ਦਵਾ ਬਣਾ ਦ੍ਹੇ। ਨਾਲੇ ਉਸ ਤੋਂ ਵੱਡਾ ਹਾਜ਼ਮ, ਰਾਤ ਨੂੰ ਡਰ ਕੇ ਉਠ ਖੜੋਂਦਾ ਐ ਉਸ ਲਈ ਵੀ ਕੋਈ ਧਾਗਾ ਤਵੀਤ ਤਿਆਰ ਕਰ ਦਈਂ।”
“ਹਾਂ ਹਾਂ ਤੂੰ ਆ ਜਾਵੀਂ ਜਾਂ ਕਿਸੇ ਜੁਆਕ ਨੂੰ ਭੇਜ ਦੇਈਂ। ਮੈਂ ਬਣਾ ਛੱਡੂੰ।” ਇੰਨਾ ਆਖ ਸ਼ਾਮੀ ਅੰਮਾ ਨੇ ਖਰੌੜੀਆਂ ਚੁੱਕੀਆਂ ਤੇ ‘ਖੜੱਪ ਖੜੱਪ’ ਕਰਦੀ ਘਰ ਨੂੰ ਤੁਰ ਪਈ। ਉਹ ਜੜ੍ਹੀ ਬੂਟੀ ਦੀ ਦਵਾਈ ਅਤੇ ਥੌਲਾ ਥਾਮਣ ਵੀ ਕਰਦੀ ਸੀ।
(ਚਲਦਾ)