ਆਮ ਆਦਮੀ ਪਾਰਟੀ ‘ਚ ਏਕੇ ਦੀਆਂ ਕੋਸ਼ਿਸ਼ਾਂ ਨੂੰ ਨਾ ਪਿਆ ਬੂਰ

ਚੰਡੀਗੜ੍ਹ: ਪੰਜਾਬ ਦੇ ਬਦਲੇ ਸਿਆਸੀ ਹਾਲਾਤ ਨੂੰ ਵੇਖਦਿਆਂ ਆਮ ਆਦਮੀ ਪਾਰਟੀ ਅੰਦਰੂਨੀ ਕਲੇਸ਼ ਖਤਮ ਕਰ ਕੇ ਇਕਜੁਟਤਾ ਕਾਇਮ ਕਰਨ ਲਈ ਕਾਹਲੀ ਹੈ। ਇਸ ਲਈ ਭਗਵੰਤ ਮਾਨ ਧੜੇ ਨੇ ਪਹਿਲ ਕਰਦਿਆਂ ਬਕਾਇਦਾ ਸੁਖਪਾਲ ਖਹਿਰਾ ਧੜੇ ਨਾਲ ਮੀਟਿੰਗ ਕੀਤੀ ਹੈ। ਇਸ ਮੀਟਿੰਗ ਮਗਰੋਂ ਚਾਹੇ ਦੋਵਾਂ ਧਿਰਾਂ ਨਰਮ ਨਜ਼ਰ ਆਈਆਂ ਪਰ ਲਕੀਰ ਅਜੇ ਵੀ ਸਪਸ਼ਟ ਨਜ਼ਰ ਆ ਰਹੀ ਹੈ।

ਦੋਵੇਂ ਧਿਰਾਂ ਅਜੇ ਇਕ-ਦੂਜੇ ‘ਤੇ ਯਕੀਨ ਵੀ ਨਹੀਂ ਕਰ ਰਹੀਆਂ। ਪਤਾ ਲੱਗਾ ਹੈ ਕਿ ਸੁਖਪਾਲ ਖਹਿਰਾ ਧੜਾ ਆਪਣੇ ਸਟੈਂਡ ‘ਤੇ ਕਾਇਮ ਹੈ ਜਿਸ ਤੋਂ ਸਪਸ਼ਟ ਹੈ ਕਿ ਪਾਰਟੀ ਵਿਚ ਏਕਾ ਵੱਡੀਆਂ ਸ਼ਰਤਾਂ ਤਹਿਤ ਹੀ ਹੋਏਗਾ। ਖਹਿਰਾ ਧੜਾ ਦੀ ਸਭ ਤੋਂ ਵੱਡੀ ਮੰਗ ਖੁਦਮੁਖਤਿਆਰੀ ਦੀ ਹੈ। ਇਸ ਲਈ ਦਿੱਲੀ ਹਾਈਕਮਾਨ ਕੁਝ ਹੱਦ ਤੱਕ ਸਹਿਮਤ ਵੀ ਹੈ। ਪਿਛਲੇ ਸਮੇਂ ਵਿਚ ਪੰਜਾਬ ਇਕਾਈ ਨੂੰ ਵੱਧ ਅਧਿਕਾਰ ਮਿਲੇ ਹਨ। ਕੇਂਦਰੀ ਦਖਲ ਵੀ ਘਟਿਆ ਹੈ।
ਹੁਣ ਅਗਲਾ ਮਸਲਾ ਇਹ ਹੈ ਕਿ ਖਹਿਰਾ ਧੜੇ ਦੇ ਲੀਡਰਾਂ ਨੂੰ ਪਾਰਟੀ ਢਾਂਚੇ ਵਿਚ ਕਿਵੇਂ ਫਿੱਟ ਕੀਤਾ ਜਾਵੇ। ਦਰਅਸਲ, ਖਹਿਰਾ ਧੜੇ ਦੀ ਬਗਵਾਤ ਮਗਰੋਂ ਆਮ ਆਦਮੀ ਪਾਰਟੀ ਨੇ ਪੂਰਾ ਜਥੇਬੰਧਕ ਢਾਂਚਾ ਨਵੇਂ ਸਿਰੇ ਤੋਂ ਐਲਾਨ ਦਿੱਤਾ ਹੈ। ਇਸ ਵਿਚ ਖਹਿਰਾ ਧੜੇ ਨੂੰ ਕੋਈ ਨੁਮਾਇੰਦਗੀ ਨਹੀਂ ਦਿੱਤੀ ਗਈ। ਹੁਣ ਏਕੇ ਮਗਰੋਂ ਭਗਵੰਤ ਮਾਨ ਧੜੇ ਦੇ ਬਹੁਤ ਸਾਰੇ ਲੀਡਰਾਂ ਦੀ ਛੁੱਟੀ ਕਰ ਕੇ ਹੀ ਖਹਿਰਾ ਧੜੇ ਨੂੰ ਨੁਮਾਇੰਦਗੀ ਦਿੱਤੀ ਜਾ ਸਕਦੀ ਹੈ। ਉਂਜ ਖਹਿਰਾ ਧੜੇ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਸਮਝੌਤਾ ਹੋਣ ‘ਤੇ ਮੌਜੂਦਾ ਢਾਂਚਾ ਭੰਗ ਕਰ ਦਿੱਤਾ ਜਾਵੇਗਾ। ਅਜਿਹੇ ਵਿਚ ਪਾਰਟੀ ਦਾ ਕਲੇਸ਼ ਹੋਰ ਵਧਣ ਦੇ ਆਸਾਰ ਹਨ।
ਸਭ ਤੋਂ ਵੱਡਾ ਮਸਲਾ ਪਾਰਟੀ ਦੀ ਪ੍ਰਧਾਨਗੀ ਤੇ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਦਾ ਹੈ। ਖਹਿਰਾ ਨੂੰ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਹਟਾ ਕੇ ਹਰਪਾਲ ਸਿੰਘ ਚੀਮਾ ਨੂੰ ਅੱਗੇ ਲਿਆਂਦਾ ਗਿਆ ਸੀ। ਮੰਨਿਆ ਜਾਂਦਾ ਹੈ ਕਿ ਪਿਛਲੇ ਸਮੇਂ ਅੰਦਰ ਸੁਖਪਾਲ ਖਹਿਰਾ ਦੀ ਮਕਬੂਲੀਅਤ ਵਧੀ ਹੈ। ਇਸ ਲਈ ਪ੍ਰਧਾਨਗੀ ਦੇ ਅਹੁਦੇ ਲਈ ਉਹ ਦਾਅਵੇਦਾਰ ਜ਼ਰੂਰ ਹੋਣਗੇ। ਇਸ ਤੋਂ ਇਲਾਵਾ ਖਰੜ ਤੋਂ ਵਿਧਾਇਕ ਕੰਵਰ ਸੰਧੂ ਨੇ ਖਹਿਰਾ ਦਾ ਡਟ ਕੇ ਸਾਥ ਦਿੱਤਾ। ਇਸ ਲਈ ਉਨ੍ਹਾਂ ਲਈ ਵੀ ਪਾਰਟੀ ਅੰਦਰ ਵੱਡੀ ਪੁਜ਼ੀਸ਼ਨ ਦੀ ਮੰਗ ਉੱਠੇਗੀ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਏਕੇ ਦਾ ਰਾਹ ਇੰਨਾ ਸੌਖਾ ਨਹੀਂ।
__________________________
ਖਹਿਰਾ ਦੀਆਂ ਸਖਤ ਸ਼ਰਤਾਂ
ਲੁਧਿਆਣਾ: ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ‘ਆਪ’ ਦਾ ਮੌਜੂਦਾ ਢਾਂਚਾ ਭੰਗ ਕਰ ਕੇ ਜਦੋਂ ਤੱਕ ਨਵਾਂ ਪ੍ਰਧਾਨ ਤੇ ਵਿਰੋਧੀ ਧਿਰ ਦਾ ਆਗੂ ਨਹੀਂ ਲਗਾਇਆ ਜਾਂਦਾ, ਉਦੋਂ ਤੱਕ ਉਹ ਦਿੱਲੀ ਦੇ ਇਸ਼ਾਰੇ ‘ਤੇ ਚੱਲਣ ਵਾਲੇ ਧੜੇ ਨਾਲ ਸਮਝੌਤਾ ਨਹੀਂ ਕਰਨਗੇ। ਉਨ੍ਹਾਂ ਸਾਫ ਸ਼ਬਦਾਂ ‘ਚ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਇੰਨਾ ਮੂਰਖ ਨਹੀਂ ਕਿ ਜਿਸ ਪਾਰਟੀ ਨੂੰ ਲੋਕਾਂ ਨੇ ਨਕਾਰ ਦਿੱਤਾ ਹੈ ਤੇ ਜਿਸ ਦਾ ਲਗਭਗ ਸਿਆਸੀ ਪਤਨ ਹੋ ਚੁੱਕਾ ਹੈ, ਮੈਂ ਉਸ ਪਾਰਟੀ ਦਾ ਪ੍ਰਧਾਨ ਬਣਾ।
________________________
ਗਲਤੀਆਂ ਲਈ ਮੁਆਫ਼ੀ ਮੰਗੇ ਹਾਈ ਕਮਾਨ: ਗਾਂਧੀ
ਡਾ. ਧਰਮਵੀਰ ਗਾਂਧੀ ਨੇ ਏਕਤਾ ਬਾਰੇ ਕਿਹਾ ਕਿ ਸਾਰੀਆਂ ਹਵਾਈ ਗੱਲਾਂ ਹਨ। ਜਦੋਂ ਤੱਕ ਪਿਛਲੀਆਂ ਚੋਣਾਂ ਸਮੇਂ ਹੋਈਆਂ ਗਲਤੀਆਂ ਦੀ ਸਮੀਖਿਆ ਕਰ ਕੇ ਹਾਈ ਕਮਾਨ ਮੁਆਫੀ ਨਹੀਂ ਮੰਗਦੀ, ਉਦੋਂ ਤੱਕ ਏਕਤਾ ਕਿਵੇਂ ਹੋ ਸਕਦੀ ਹੈ। ਇਸੇ ਤਰ੍ਹਾਂ ਦੇ ਵਿਚਾਰ ਸਾਬਕਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕਹੇ।