ਔਰਤਾਂ ਬੋਲਦੀਆਂ ਕਿਉਂ ਨਹੀਂ?

ਸੁਕੀਰਤ
ਵੀਹ, ਘੱਟ ਜਾਂ ਵੱਧ ਜਾਣੀਆਂ ਜਾਂਦੀਆਂ ਪੱਤਰਕਾਰ ਔਰਤਾਂ ਦੇ ਖੁੱਲ੍ਹ ਕੇ ਬੋਲਣ ਪਿਛੋਂ (ਸੋਸ਼ਲ ਹੀ ਨਹੀਂ, ਰਵਾਇਤੀ ਮੀਡੀਆ ਵਿਚ ਕਈ ਦਿਨ ਝਖੜ ਝੁਲਦੇ ਰਹਿਣ ਮਗਰੋਂ) ਜਦੋਂ ਇਕ ਕੇਂਦਰੀ ਮੰਤਰੀ ਨੂੰ ਅਸਤੀਫਾ ਦੇਣਾ ਪਿਆ ਤਾਂ ਮੇਰੇ ਸੰਵੇਦਨਸ਼ੀਲ, ਸੁਹਿਰਦ, ਅਗਾਂਹ-ਵਧੂ ਵਗੈਰਾ ਵਗੈਰਾ ਮਿੱਤਰ ਦਾ ਟਿਪਣੀਨੁਮਾ ਸਵਾਲ ਸੀ, “20 ਸਾਲ ਤੱਕ ਚੁਪ ਬੈਠੀਆਂ ਰਹੀਆਂ। ਇਹ ਪਹਿਲਾਂ ਕਿਉਂ ਨਾ ਬੋਲੀਆਂ? ਅਜਿਹੇ ਦੋਸ਼ ਲਾਉਣਾ ਤਾਂ ਫੈਸ਼ਨ ਹੋ ਗਿਆ ਹੈ।”

ਇਹੋ ਜਿਹੇ ਮੌਕਿਆਂ ‘ਤੇ ਮੈਂ ਅਵਾਕ ਨਹੀਂ ਰਹਿੰਦਾ, ਭਖਣ ਲੱਗ ਪੈਂਦਾ ਹਾਂ। ਸੰਵੇਦਨਸ਼ੀਲ, ਸੁਹਿਰਦ, ਅਗਾਂਹ-ਵਧੂ ਵਗੈਰਾ ਵਿਸ਼ੇਸ਼ਣਾਂ ਦੀ ਪਰਿਭਾਸ਼ਾ ਉਤੇ ਮੈਨੂੰ ਸ਼ੱਕ ਹੋਣ ਲੱਗ ਪੈਂਦਾ ਹੈ। ਤੇ ਮਨ ਵਿਚੋਂ ਲੰਘਦਾ ਹੈ ਕਿ ਜਿਹੜੇ ‘ਦੋ ਧੜਿਆਂ ਵਿਚ ਖਲਕਤ ਵੰਡੀ’ ਹੋਈ ਹੈ, ਉਸ ਦੀ ਸਭ ਤੋਂ ਤਿੱਖੀ ਲਕੀਰ ਸ਼ਾਇਦ ਮਰਦਾਂ ਅਤੇ ਔਰਤਾਂ ਵਿਚਾਲੇ ਹੈ। ਬੌਧਿਕ ਸ਼ਬਦਾਂ ਵਿਚ ਕਹਾਂ ਤਾਂ ਇਹ ਪਿਤਰੀ ਸੱਤਾ ਵਾਲੀ ਉਸ ਮਾਨਸਿਕਤਾ ਦਾ ਗਲਬਾ ਹੈ ਜਿਸ ਦੀ ਜਕੜ ਵਿਚ ਫਸੇ ‘ਸੰਵੇਦਨਸ਼ੀਲ’ ਮਰਦਾਂ ਨੂੰ ਪਤਾ ਵੀ ਨਹੀਂ ਕਿ ਉਹ ਕਿਹੋ ਜਿਹੀ ਪਿਛਾਂਹ-ਖਿਚੂ ਸੋਚ ਦੇ ਸ਼ਿਕਾਰ ਹਨ।
ਪਹਿਲੋਂ ਇਸ ਮਾਮਲੇ ਬਾਰੇ ਕੁਝ ਸਿਧੇ-ਪੱਧਰੇ ਤੱਥ। ਕੋਈ ਸਾਲ ਕੁ ਪਹਿਲਾਂ ‘ਵੋਗ’ ਰਿਸਾਲੇ ਵਿਚ ਛਪੀ ਮੁਲਾਕਾਤ ਦੌਰਾਨ ਇਕ ਸਵਾਲ ਦੇ ਜਵਾਬ ਵਿਚ ਪੱਤਰਕਾਰ ਪ੍ਰਿਯਾ ਰਮਾਨੀ ਨੇ ਦਸਿਆ ਕਿ ਕੰਮ ਕਾਜ਼ੀ ਔਰਤਾਂ ਨੂੰ ਹਰ ਥਾਂ ਭੱਦੀਆਂ ਟਿਪਣੀਆਂ, ਅਣਚਾਹੀ ਛੇੜਛਾੜ ਅਤੇ ਕਾਮੀ ਸੱਦਿਆਂ ਨਾਲ ਸਿਝਣਾ ਪੈਂਦਾ ਹੈ, ਤੇ ਪੱਤਰਕਾਰੀ ਦਾ ਖੇਤਰ ਵੀ ਇਸ ਲਾਗ ਤੋਂ ਮੁਕਤ ਨਹੀਂ। ਬਿਨਾਂ ਕਿਸੇ ਦਾ ਨਾਂ ਲਏ, ਉਸ ਨੇ ਇਹ ਵੀ ਕਿਹਾ ਕਿ 20 ਸਾਲ ਪਹਿਲਾਂ ਉਸ ਨੂੰ ਵੀ ਉਸ ਦੇ ਸੰਪਾਦਕ ਨੇ ਚੋਖਾ ਤੰਗ ਕੀਤਾ ਸੀ ਜੋ ਭਾਰਤੀ ਪੱਤਰਕਾਰੀ ਵਿਚ ਵੱਡੇ ਅਹੁਦਿਆਂ ਉਤੇ ਰਹਿ ਚੁਕਾ ਹੈ। ਨਾ ਇਹ ਵਰਤਾਰਾ ਕਿਸੇ ਕੋਲੋਂ ਲੁਕਿਆ ਛੁਪਿਆ ਹੈ, ਤੇ ਨਾ ਹੀ ਪ੍ਰਿਯਾ ਰਮਾਨੀ ਨੇ ਕਿਸੇ ਦਾ ਨਾਂ ਲਿਆ, ਸੋ ਗਲ ਆਈ-ਗਈ ਹੋ ਗਈ।
ਹੁਣ ਕੁਝ ਚਿਰ ਪਹਿਲਾਂ ਰਹਿ ਚੁਕੀ ਅਭਿਨੇਤਰੀ ਤਨੂਸ਼੍ਰੀ ਦੱਤਾ ਨੇ ਨਾਨਾ ਪਾਟੇਕਰ ਉਤੇ ਦੋਸ਼ ਲਾਇਆ ਕਿ ਦਸ ਸਾਲ ਪਹਿਲਾਂ ਫਿਲਮ ਦੀ ਸ਼ੂਟਿੰਗ ਦੌਰਾਨ ਉਸ ਨਾਲ ਵਾਰ-ਵਾਰ ਕਾਮੁਕ ਛੇੜਛਾੜ ਕੀਤੀ ਗਈ। ਉਸ ਨੇ ਸ਼ਿਕਾਇਤ ਵੀ ਕੀਤੀ ਸੀ, ਪਰ ਕੋਈ ਸੁਣਵਾਈ ਨਾ ਹੋਈ ਕਿਉਂਕਿ ਨਾਨਾ ਪਾਟੇਕਰ ਵੱਡਾ ਨਾਂ ਸੀ; ਸਗੋਂ ਤਨੂਸ਼੍ਰੀ ਨੂੰ ਹੀ ਕੰਮ ਮਿਲਣਾ ਬੰਦ ਹੋ ਗਿਆ ਅਤੇ ਉਹ ਅਮਰੀਕਾ ਚਲੀ ਗਈ। ਆਪਣੇ ਨਾਲ ਹੋਏ ਧੱਕੇ, ਆਪਣੇ ਕੈਰੀਅਰ ਦੀ ਮੁਢ ਵਿਚ ਹੀ ਹੋਈ ਤਬਾਹੀ ਦਾ ਰੋਹ ਉਸ ਦੇ ਅੰਦਰ ਕ੍ਰਿਝਦਾ ਰਿਹਾ ਅਤੇ ਅਮਰੀਕਾ ਵਿਚ ‘ਮੀ ਟੂ’ ਦੀ ਪਿਛਲੇ ਸਾਲ ਤੋਂ ਤੁਰੀ ਮੁਹਿੰਮ ਦੇ ਨਤੀਜਿਆਂ ਨੇ ਉਸ ਨੂੰ ਪ੍ਰੇਰਿਆ ਕਿ ਨਾਨਾ ਪਾਟੇਕਰ ਦੀ ਜ਼ਿਆਦਤੀ ਬਾਰੇ ਮੁੜ ਗਲ ਛੇੜੇ (ਸੋਸ਼ਲ ਮੀਡੀਆ ਉਤੇ ਅਕਤੂਬਰ 2017 ਤੋਂ ਵਾਇਰਲ ਹੋਈ ‘ਮੀ ਟੂ’ ਯਾਨਿ ਇੰਜ ਮੇਰੇ ਨਾਲ ਵੀ ਹੋਇਆ ਸੀ, ਮੁਹਿੰਮ ਔਰਤਾਂ ਵਲੋਂ ਇਹ ਦੱਸਣ ਦਾ ਉਪਰਾਲਾ ਸੀ ਕਿ ਕੰਮ ਕਰਨ ਵਾਲੀਆਂ ਥਾਂਵਾਂ ਉਤੇ ਕਾਮੁਕ ਹਮਲੇ ਅਤੇ ਉਨ੍ਹਾਂ ਨੂੰ ਤੰਗ ਕਰਨ ਦੇ ਉਪਰਾਲੇ ਕਿੰਨੇ ਆਮ ਹਨ। ਅਮਰੀਕੀ ਅਭਿਨੇਤਰੀ ਅਲੀਸਾ ਮਿਲਾਨੋ ਨੇ ਅਜਿਹੇ ਹਮਲਿਆਂ ਦੀਆਂ ਸ਼ਿਕਾਰ ਔਰਤਾਂ ਨੂੰ ਪ੍ਰੇਰਿਆ ਕਿ ਉਹ ਇਹੋ ਜਿਹੇ ਹਾਦਸਿਆਂ ਬਾਰੇ ਖੁੱਲ੍ਹ ਕੇ ਬੋਲਣ ਤਾਂ ਜੋ ਲੋਕਾਂ ਨੂੰ ਪਤਾ ਲੱਗੇ ਕਿ ਇਹ ਸਮੱਸਿਆ ਕਿੰਨੀ ਵੱਡੀ ਹੈ)।
ਤਨੂਸ਼੍ਰੀ ਦੇ ਹੌਸਲੇ ਤੋਂ ਪ੍ਰੇਰਤ ਹੋ ਕੇ ਟੈਲੀ-ਸੀਰੀਅਲਾਂ ਦੀ ਲੇਖਕ ਵਿੰਟਾ ਨੰਦਾ ਨੇ ਵੀ ਖੁੱਲ੍ਹ ਕੇ ਕਿਹਾ ਕਿ 90ਵਿਆਂ ਵਿਚ ‘ਤਾਰਾ’ ਸੀਰੀਅਲ ਦੀ ਸ਼ੂਟਿੰਗ ਦੌਰਾਨ ਅਭਿਨੇਤਾ ਆਲੋਕ ਨਾਥ ਨੇ ਉਸ ਨਾਲ ਬਲਾਤਕਾਰ ਕੀਤਾ ਸੀ। ਉਸ ਸਮੇਂ ਉਹ ਚੁੱਪ ਰਹੀ, ਪਰ 2005 ਤੱਕ ਜਦੋਂ ਉਹ ਪਕੇਰੇ ਪੈਰੀਂ ਖੜ੍ਹੀ ਹੋ ਚੁੱਕੀ ਸੀ, ਉਸ ਨੇ ਇਸ ਬਲਾਤਕਾਰ ਬਾਰੇ ਇੰਕਸ਼ਾਫ ਵੀ ਕੀਤਾ ਸੀ ਪਰ ਇਸ ਤੋਂ ਬਾਅਦ ਉਸ ਨੂੰ ਕੰਮ ਹੀ ਮਿਲਣਾ ਬੰਦ ਹੋ ਗਿਆ। ਹੁਣ ‘ਮੀ ਟੂ’ ਨੇ ਉਸ ਨੂੰ ਹੌਸਲਾ ਦਿਤਾ ਕਿ ਉਹ ਆਪਣੀ ਗੱਲ ਮੁੜ ਸਭ ਦੇ ਸਾਹਮਣੇ ਲਿਆਵੇ।
ਤੇ ਇਹੋ ਕਾਰਨ ਹੈ ਕਿ ਪ੍ਰਿਯਾ ਰਮਾਨੀ ਨੇ ਵੀ ਐਮ.ਜੇ. ਅਕਬਰ ਦਾ ਨਾਂ ਖੁੱਲ੍ਹ ਕੇ ਦੱਸ ਦਿਤਾ।
ਪਰ ਨਾ ਨਾਨਾ ਪਾਟੇਕਰ, ਨਾ ਹੀ ਆਲੋਕ ਨਾਥ ਅਤੇ ਨਾ ਹੀ ਐਮ.ਜੇ. ਅਕਬਰ ਇਹ ਮੰਨਣ ਨੂੰ ਤਿਆਰ ਹਨ ਕਿ ਉਨ੍ਹਾਂ ਵੱਲੋਂ ਕੋਈ ਵਧੀਕੀ ਹੋਈ ਹੈ ਸਗੋਂ ਉਨ੍ਹਾਂ ਨੇ ਇਨ੍ਹਾਂ ਔਰਤਾਂ ਉਤੇ ਮਾਨਹਾਨੀ ਦੇ ਮੁਕੱਦਮੇ ਠੋਕ ਦਿਤੇ ਹਨ। ਇਸ ਅੜੀਅਲ ਮਰਦਾਨਾ ਹਿਕਾਰਤ ਨੂੰ ਦੇਖ ਕੇ ਹੋਰ ਔਰਤਾਂ ਵੀ ਬੋਲਣ ਲੱਗ ਪਈਆਂ। ਐਮ.ਜੇ. ਅਕਬਰ ਦੇ ਕਾਰਿਆਂ/ਕਾਮੁਕ ਵਧੀਕੀਆਂ ਨਾਲ ਆਪਣੇ ਤਜਰਬੇ ਬਾਰੇ ਤਾਂ 20 ਪੱਤਰਕਾਰ ਔਰਤਾਂ ਨੇ ਮੂੰਹ ਖੋਲ੍ਹਿਆ ਹੈ, ਜਿਨ੍ਹਾਂ ਵਿਚੋਂ ਕਈਆਂ ਦੇ ਨਾਂ ਚੋਖੇ ਜਾਣੇ-ਪਛਾਣੇ ਹਨ।
ਤੇ ਮੇਰਾ ‘ਸੰਵੇਦਨਸ਼ੀਲ’ ਮਿੱਤਰ ਹੀ ਨਹੀਂ, ਭਾਜਪਾਈ ਮੰਤਰੀਆਂ ਤੋਂ ਲੈ ਕੇ ਸੱਥ ਵਿਚ ਬੈਠੇ ਸਾਥੀ ਕਹਿ ਰਹੇ ਹਨ ਕਿ 20 ਸਾਲ ਮਗਰੋਂ ਦੋਸ਼ ਲਾਉਣ ਦੀ ਕੀ ਤੁਕ ਹੈ? ਇਹੋ ਜਿਹੇ ਦੋਸ਼ ਲਾਉਣ ਦਾ ਤਾਂ ਫੈਸ਼ਨ ਹੋ ਗਿਆ ਹੈ। ਜੇ ਇਹ ਸੱਚ ਸੀ ਤਾਂ ਇਹ ਪਹਿਲਾਂ ਕਿਉਂ ਨਾ ਬੋਲੀਆਂ? ਇਹ ਸਸਤੀ ਸ਼ੁਹਰਤ ਖਟਣ ਦਾ ਉਪਰਾਲਾ ਹੈ।
ਐਮ.ਜੇ. ਅਕਬਰ ਨੇ ਅਸਤੀਫਾ ਤਾਂ ਦੇ ਦਿਤਾ ਹੈ ਪਰ 97 ਵਕੀਲਾਂ ਦੀ ਟੀਮ ਬਣਾ ਕੇ ਪ੍ਰਿਯਾ ਰਮਾਨੀ ਉਤੇ ਹੱਤਕ ਇੱਜਤ ਦਾ ਮੁਕੱਦਮਾ ਠੋਕ ਦਿਤਾ ਹੈ। ਇਸ ਮੁਲਕ ਦੀ ਨਿਆਂ ਪ੍ਰਣਾਲੀ ਅਜਿਹੀ ਹੈ ਕਿ ਲੰਮਾ ਸਮਾਂ ਨਾ ਸਿਰਫ ਕਚਹਿਰੀਆਂ ਵਿਚ ਖੱਜਲ ਖੁਆਰ ਹੋਣਾ ਪੈਂਦਾ ਹੈ ਸਗੋਂ ਤੁਸੀਂ ਦੀਵਾਲੀਏ ਵੀ ਹੋ ਸਕਦੇ ਹੋ। ਇਸੇ ਡਰ ਤੋਂ ਤਾਂ ਪਿਛਲੇ ਸਾਲ ‘ਇਕਨੌਮਿਕ ਐਂਡ ਪੋਲਿਟਿਕਲ ਵੀਕਲੀ’ ਵਰਗੇ ਸਤਿਕਾਰੇ ਖੱਬੇ-ਪੱਖੀ ਰਿਸਾਲੇ ਨੇ ਵੀ ਅਡਾਨੀ ਦੀ ਮੁਕੱਦਮਾ ਧਮਕੀ ਅਗੇ ਹਥਿਆਰ ਸੁੱਟ ਦਿਤੇ। ਕੇਂਦਰੀ ਵਿਤ ਮੰਤਰੀ ਵੱਲੋਂ ਮੁਕੱਦਮੇਬਾਜ਼ੀ ਦੇ ਇਸੇ ਡਰਾਵੇ ਕਾਰਨ ਤਾਂ ਦਿੱਲੀ ਦਾ ਮੁੱਖ ਮੰਤਰੀ ਉਸ ਉਤੇ ਲਾਏ ਦੋਸ਼ ਬਿਨਾਂ ਸ਼ਰਤ ਵਾਪਸ ਲੈਣ ਲਈ ਮਜਬੂਰ ਹੋ ਗਿਆ। ਸੋ, ਜੇ ਪ੍ਰਿਯਾ ਰਮਾਨੀ, ਅਕਬਰ ਦੀ 97 ਵਕੀਲਾਂ ਦੀ ਫੌਜ ਰਾਹੀਂ ਲੜੀ ਜਾਣ ਵਾਲੀ ਲੜਾਈ ਵਿਚ ਹਥਿਆਰ ਨਹੀਂ ਸੁੱਟ ਰਹੀ ਤਾਂ ਉਸ ਦੀ ਮਦਦ ਲਈ ਹਰ ਉਹ ਔਰਤ ਮੈਦਾਨ ਵਿਚ ਨਿਤਰੇਗੀ ਜਿਸ ਨੇ ਐਮ.ਜੇ. ਅਕਬਰ ਦੀਆਂ ਵਧੀਕੀਆਂ ਸਹੀਆਂ ਜਾਂ ਦੇਖੀਆਂ ਹੋਈਆਂ ਹਨ। ਤੇ ਇਹੋ ਗਲ ਫਿਲਮ ਅਤੇ ਟੈਲੀ ਜਗਤ ਨਾਲ ਜੁੜੀਆਂ ਉਨ੍ਹਾਂ ਔਰਤਾਂ ਉਤੇ ਢੁਕਦੀ ਹੈ ਜੋ ਤਨੂਸ਼੍ਰੀ ਦੱਤਾ ਅਤੇ ਵਿੰਟਾ ਨੰਦਾ ਨਾਲ ਹੋਈਆਂ ਵਧੀਕੀਆਂ ਦੀਆਂ ਗਵਾਹ ਹੋਣ ਕਾਰਨ ਉਨ੍ਹਾਂ ਦੇ ਸਮਰਥਨ ਵਿਚ ਉਤਰੀਆਂ ਹਨ।
ਇਹ ਗੱਲ ਨਹੀਂ ਕਿ ਔਰਤਾਂ ਬੋਲਦੀਆਂ ਨਹੀਂ। ਦਰਅਸਲ ਉਨ੍ਹਾਂ ਨੂੰ ਚੁੱਪ ਰਹਿਣਾ ਪੈਂਦਾ ਹੈ, ਕਿਉਂਕਿ ਕਿਤੇ ਕਿਸੇ ਸੁਣਵਾਈ ਦੀ ਆਸ ਨਹੀਂ ਹੁੰਦੀ। 14 ਸਾਲਾਂ ਦੀ ਕੁੜੀ ਨੇ ਹਰਿਆਣਾ ਦੇ ਆਈ.ਜੀ. ਪੁਲੀਸ ਰਾਠੌੜ ਦੀ ਕਾਮੁਕ ਛੇੜਛਾੜ ਖਿਲਾਫ ਬੋਲਣ ਦੀ ਹਿੰਮਤ ਕੀਤੀ ਸੀ, ਪਰ ਆਤਮ-ਹੱਤਿਆ ਕਰਨ ਲਈ ਮਜਬੂਰ ਹੋ ਗਈ। ਏਅਰ ਹੋਸਟੈਸ ਗੀਤਿਕਾ ਸ਼ਰਮਾ ਨੇ ਹਰਿਆਣੇ ਦੇ ਹੀ ਮੰਤਰੀ ਗੋਪਾਲ ਕੰਡਾ ਖਿਲਾਫ ਸ਼ਿਕਾਇਤ ਕੀਤੀ ਸੀ, ਪਰ ਤਾਕਤਵਰ ਮਰਦ ਸਾਹਮਣੇ ਸਾਧਾਰਨ ਔਰਤ ਦੀ ਔਕਾਤ ਹੀ ਕੀ ਹੈ! ਉਸ ਨੂੰ ਇੰਨਾ ਤੰਗ ਕੀਤਾ ਗਿਆ ਕਿ ਸਿਰਫ ਉਹ ਆਪ ਹੀ ਨਹੀਂ, ਉਸ ਦੀ ਮਾਂ ਵੀ ਖੁਦਕੁਸ਼ੀ ਕਰਨ ਵਲ ਧੱਕੀਆਂ ਗਈਆਂ। ਹਰ ਔਰਤ ਰੂਪਨ ਦਿਓਲ ਬਜਾਜ ਵਾਲਾ ਰੁਤਬਾ ਜਾਂ ਜੇਰਾ ਨਹੀਂ ਰੱਖਦੀ ਕਿ ਉਹ ਸਾਲਾਂ ਦਰ ਸਾਲ ਕੇ.ਪੀ.ਐਸ਼ ਗਿੱਲ ਵਰਗਿਆਂ ਨਾਲ ਸਿੱਝਦੀ ਰਹੇ।
ਵੀਹ ਸਾਲ ਪਹਿਲਾਂ ਦਫਤਰੀ ਮਾਹੌਲ ਵਿਚ ਕਾਮੁਕ ਫਤਵਿਆਂ ਜਾਂ ਤੰਗ ਕਰਨ ਦੇ ਮਾਮਲਿਆਂ ਬਾਰੇ ਵਿਸ਼ਾਖਾ ਕਮੇਟੀ ਦੇ ਦਿਸ਼ਾ ਨਿਰਦੇਸ਼ ਨਹੀਂ ਸਨ ਹੁੰਦੇ। ਇਸ ਲਈ ਮਰਦਾਂ ਦੀ ਤਾਂ ਗੱਲ ਛੱਡੋ, ਔਰਤਾਂ ਨੂੰ ਵੀ ਪਤਾ ਨਹੀਂ ਸੀ, ਕਿਹੜੀ ਸੀਮਾ ਉਲੰਘੇ ਜਾਣ ਉਤੇ ਉਹ ਹੱਕੀ ਤੌਰ ਉਤੇ ਆਪਣੇ ਨਾਲ ਹੋਈ ਵਧੀਕੀ ਬਾਰੇ ਸ਼ਿਕਾਇਤ ਦਰਜ ਕਰਾ ਸਕਦੀਆਂ ਹਨ। ਕੰਮ ਦੀ ਥਾਂ ਉਤੇ ਔਰਤਾਂ ਨਾਲ ਵਿਹਾਰ ਬਾਰੇ ਐਕਟ ਤਾਂ ਅਜੇ ਪੰਜ ਸਾਲ ਪਹਿਲਾਂ ਹੀ 2013 ਵਿਚ ਮਨਜ਼ੂਰ ਹੋਇਆ ਹੈ, ਜਿਸ ਮੁਤਾਬਕ ਹਰ ਮਾਲਕ ਲਈ 10 ਮੈਂਬਰੀ ਕਮੇਟੀ ਬਣਾਉਣਾ ਜ਼ਰੂਰੀ ਹੈ ਜੋ ਗਲਤ ਵਿਹਾਰ ਦੀ ਸ਼ਿਕਾਇਤ ਬਾਰੇ ਪੜਤਾਲ ਕਰ ਸਕੇ। ਇਹ ਕਮੇਟੀਆਂ ਬਹੁਤੇ ਥਾਂਈਂ ਅਜੇ ਕਾਗਜ਼ੀ ਹੀ ਹਨ; ਪਰ ਘਟੋ-ਘਟ ਇਨ੍ਹਾਂ ਦਾ ਸਪਸ਼ਟ ਖਾਕਾ ਤਾਂ ਮੌਜੂਦ ਹੈ।
ਵੀਹ ਸਾਲ ਪਹਿਲਾਂ ਔਰਤਾਂ ਬੋਲਦੀਆਂ ਨਹੀਂ ਸਨ, ਕਿਉਂਕਿ ਉਹ ਨਿਹਾਇਤ ਕਮਜ਼ੋਰ ਧਿਰ ਸਨ। ਹੁਣ ਇਨ੍ਹਾਂ ਕਾਨੂੰਨੀ ਤਬਦੀਲੀਆਂ ਨੇ ਹੀ ਨਹੀਂ, ਉਨ੍ਹਾਂ ਦੀ ਸਮੂਹਕ ਤੌਰ ਉਤੇ ਉਠੀ ਆਵਾਜ਼ ਨੇ ਵੀ ਉਨ੍ਹਾਂ ਨੂੰ ਇਹ ਤਾਕਤ ਦਿਤੀ ਹੈ ਕਿ ਉਹ ਨਾ ਸਿਰਫ ਅਜਿਹੀਆਂ ਵਧੀਕੀਆਂ ਨੂੰ ਨਸ਼ਰ ਕਰਨ, ਉਨ੍ਹਾਂ ਨੂੰ ਥਾਂਏਂ ਨੱਪਣ ਦੀ ਹਿੰਮਤ ਵੀ ਕਰ ਸਕਣ। ਅਜ ਵੱਡੇ ਸ਼ਹਿਰਾਂ ਦੇ ਦਫਤਰੀ ਮਾਹੌਲ ਵਿਚ ਵਿਚਰ ਰਹੀਆਂ ਔਰਤਾਂ ਵਿਚ ਜਾਗ੍ਰਿਤੀ ਆਈ ਹੈ, ਕੱਲ੍ਹ ਇਸ ਦਾ ਛੋਟੇ ਸ਼ਹਿਰਾਂ ਅਤੇ ਪਿੰਡਾਂ ਤਕ ਪਹੁੰਚਣਾ ਵੀ ਲਾਜ਼ਮੀ ਹੈ। ਇਹ ਤਾਂ ਮੇਰੇ ‘ਸੰਵੇਦਨਸ਼ੀਲ’ ਦੋਸਤਾਂ ਨੂੰ ਵੀ ਪਤਾ ਹੀ ਹੋਵੇਗਾ ਕਿ ਗੋਹਾ-ਕੂੜਾ ਕਰਨ ਆਈ ਹੋਵੇ, ਜਾਂ ਭਾਂਡੇ-ਪੋਚਾ ਕਰਨ, ਕਿਸੇ ਦੇ ਘਰ ਕੰਮ ਕਰਨ ਆਈ ਔਰਤ ਕਿੰਨੀ ਕੁ ਸੁਰੱਖਿਅਤ ਹੁੰਦੀ ਹੈ; ਜਾਂ ਉਸ ਨਾਲ ਹੋ ਰਹੇ ਕਾਮੁਕ ਤਜਰਬਿਆਂ ਵਿਚ ਕਿੰਨੀ ਕੁ ਉਸ ਦੀ ਸਹਿਮਤੀ ਸ਼ਾਮਲ ਹੁੰਦੀ ਹੈ, ਤੇ ਕਿਸ ਹੱਦ ਤੱਕ ਮਜਬੂਰੀ।
ਖਦਸ਼ਾ ਇਹ ਵੀ ਜਾਹਰ ਕੀਤਾ ਜਾ ਰਿਹਾ ਹੈ ਕਿ ਕਈ ਔਰਤਾਂ ਸਿਰਫ ਕਿੜ ਕੱਢਣ ਲਈ ਵੀ ਦੋਸ਼ ਲਾ ਸਕਦੀਆਂ ਹਨ, ਇਹੋ ਜਿਹੀਆਂ ਗੱਲਾਂ ਨੂੰ ਬਹੁਤੀ ਹਵਾ ਨਹੀਂ ਦੇਣੀ ਚਾਹੀਦੀ ਪਰ ਇਹੋ ਗੱਲ ਤਾਂ ਬਲਾਤਕਾਰ ਦੇ ਦੋਸ਼ ‘ਤੇ ਵੀ ਲਾਗੂ ਹੁੰਦੀ ਹੈ, ਕੋਈ ਵਿਰਲੀ ਟਾਵੀਂ ਇਸ ਦੋਸ਼ ਨੂੰ ਵੀ ਵਰਤ ਲੈਂਦੀ ਹੈ। ਇਸ ਦਾ ਇਹ ਮਤਲਬ ਤਾਂ ਨਹੀਂ ਕਿ ਬਲਾਤਕਾਰ ਦੇ ਜੁਰਮ ਬਾਰੇ ਕਾਨੂੰਨ ਨਾ ਹੋਣ ਜਾਂ ਉਨ੍ਹਾਂ ਨੂੰ ਹਵਾ ਨਾ ਦਿਤੀ ਜਾਵੇ। ਕਦੇ ਕਦੇ ਕੁਝ ਕਸਬੀ ਕਿਸਮ ਦੇ ਦਲਿਤ, ਸਿਆਸੀ ਜਾਂ ਆਰਥਿਕ ਬਲੈਕਮੇਲ ਲਈ ਬੇਦੋਸ਼ੇ ਸਵਰਨਾਂ ਨੂੰ ਵੀ ਘੇਰ ਲੈਂਦੇ ਹਨ, ਪਰ ਇਸ ਤੋਂ ਇਹ ਨਤੀਜਾ ਤਾਂ ਨਹੀਂ ਕੱਢਿਆ ਜਾ ਸਕਦਾ ਕਿ ਦਲਿਤਾਂ ਨਾਲ ਸਦੀਆਂ ਤੋਂ ਹੁੰਦੀਆਂ ਆਈਆਂ ਅਤੇ ਅਜੇ ਵੀ ਹੋ ਰਹੀਆਂ ਵਧੀਕੀਆਂ ਨੂੰ ਠੱਲ੍ਹ ਪਾਉਣ ਵਾਲੇ ਕਾਨੂੰਨ ਹੀ ਖਾਰਜ ਕਰ ਦਿਤੇ ਜਾਣ। ਦਾਜ ਵਿਰੋਧੀ ਕਾਨੂੰਨ ਹੋਵੇ, ਜਾਂ ਔਰਤਾਂ ਨਾਲ ਦੁਰਵਿਹਾਰ ਵਿਰੋਧੀ; ਹਰ ਕਾਨੂੰਨ ਦੀ ਦੁਰਵਰਤੋਂ ਦੀਆਂ ਇਕਾ ਦੁਕਾ ਮਿਸਾਲਾਂ ਮਿਲਦੀਆਂ ਰਹਿਣਗੀਆਂ ਪਰ ਇਹ ਕਾਨੂੰਨ ਇਸ ਲਈ ਜ਼ਰੂਰੀ ਹਨ, ਕਿਉਂਕਿ ਇਹ ਅਲਾਮਤਾਂ ਸਾਡੇ ਸਮਾਜ ਵਿਚ ਇੰਨੀਆਂ ਫੈਲੀਆਂ ਹੋਈਆਂ ਹਨ, ਜਿਨ੍ਹਾਂ ਨਾਲ ਸਿੱਝਣ ਲਈ ਕਾਨੂੰਨ ਹੋਣੇ ਨਿਹਾਇਤ ਜ਼ਰੂਰੀ ਹਨ।
ਨਹੀਂ ਤਾਂ ਔਰਤਾਂ ਬੋਲਣਗੀਆਂ ਕਿਵੇਂ? ਮਰਦ ਤਾਂ ਉਦੋਂ ਵੀ ਬੋਲਣਾ ਬੰਦ ਨਹੀਂ ਕਰਦੇ ਜਦੋਂ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਉਨ੍ਹਾਂ ਦੇ ਹੱਥ ਪੱਲੇ ਕੋਈ ਦਲੀਲ ਨਹੀਂ, ਸਿਰਫ ਮਰਦ ਸੱਤਾ ਪ੍ਰਧਾਨ ਸਮਾਜ ਵੱਲੋਂ ਬਖਸ਼ੀ ਤਾਕਤ ਅਤੇ ਮਾਨਸਿਕਤਾ ਹੁੰਦੀ ਹੈ। ਮੈਂ ਗੱਲ ਐਮ.ਜੇ. ਅਕਬਰ, ਆਲੋਕ ਨਾਥ ਜਾਂ ਨਾਨਾ ਪਾਟੇਕਰ ਦੀ ਨਹੀਂ ਕਰ ਰਿਹਾ; ਤੁਹਾਡੇ ਤੇ ਮੇਰੇ ਵਰਗਿਆਂ ਦੀ ਵੀ ਕਰ ਰਿਹਾ ਹਾਂ।