ਮੁੜ ਵਿਧਵਾ

ਸਵਰਗੀ ਸੰਤ ਸਿੰਘ ਸੇਖੋਂ ਨੂੰ ਆਮ ਕਰਕੇ ਇਕ ਆਲੋਚਕ ਦੇ ਤੌਰ ‘ਤੇ ਜਾਣਿਆ ਜਾਂਦਾ ਹੈ, ਪਰ ਉਨ੍ਹਾਂ ਕਹਾਣੀਆਂ ਵੀ ਬਹੁਤ ਵਜ਼ਨਦਾਰ ਲਿਖੀਆਂ ਹਨ। ਜਿਨ੍ਹਾਂ ਨੇ ਉਨ੍ਹਾਂ ਦੀ ਕਹਾਣੀ ‘ਪੇਮੀ ਦੇ ਨਿਆਣੇ’ ਪੜ੍ਹੀ ਹੈ, ਉਨ੍ਹਾਂ ਪਾਠਕਾਂ ਨੂੰ ਪਤਾ ਹੈ ਕਿ ਸੇਖੋਂ ਦੀਆਂ ਕਹਾਣੀਆਂ ਵਿਚ ਕਿੰਨੀ ਜਾਨ ਹੈ! ਹਥਲੀ ਕਹਾਣੀ ਵਿਚ ਸੇਖੋਂ ਨੇ ਰੇਲ ਗੱਡੀ ਦੇ ਸਫਰ ਦੌਰਾਨ ਇਕ ਛੋਟੇ ਜਿਹੇ ਵਕਫੇ ਵਿਚ ਉਪਜੀ ਭਾਵੁਕ ਸਾਂਝ ਦਾ ਬਿਆਨ ਕੀਤਾ ਹੈ।

-ਸੰਪਾਦਕ

ਸੰਤ ਸਿੰਘ ਸੇਖੋਂ
ਗੱਡੀ ਤੁਰਨ ਦੀ ਉਡੀਕ ਵਿਚ ਉਹ ਪਲੈਟਫਾਰਮ ਉਤੇ ਇਧਰ ਉਧਰ ਫਿਰ ਰਿਹਾ ਸੀ, ਜਿਵੇਂ ਕਿਸੇ ਦੀ ਭਾਲ ਕਰ ਰਿਹਾ ਹੋਵੇ। ਗੱਡੀ ਦੇ ਵੱਖ ਵੱਖ ਡੱਬਿਆਂ ਵਿਚ ਉਸ ਨੇ ਲਗਭਗ ਸਾਰੇ ਚਿਹਰੇ-ਮੁਹਰੇ ਚੰਗੀ ਤਰ੍ਹਾਂ ਤੱਕ ਲਏ ਸਨ, ਪਰ ਪੋਸਟ-ਗਰੈਜੂਏਟ ਵਿਦਿਆਰਥੀ ਹੋਣ ਕਰਕੇ ਉਹ ਕੋਈ ਅਨੋਖੀ ਰੁਚੀ ਰੱਖਦਾ ਸੀ।
ਫਿਰ ਉਸ ਦੀਆਂ ਅੱਖਾਂ ਅੰਦਰ ਔਣ ਵਾਲੇ ਦਰਵਾਜੇ ਵੱਲ ਗਈਆਂ ਤਾਂ ਜੋ ਉਹ ਪਲੈਟਫਾਰਮ ਉਤੇ ਔਣ ਵਾਲੇ ਬੰਦਿਆਂ ਨੂੰ ਦੇਖ ਸਕੇ। ਉਸ ਨੂੰ ਦੋ ਔਰਤਾਂ ਅੰਦਰ ਔਂਦੀਆਂ ਨਜ਼ਰੀਂ ਪਈਆਂ-ਇਕ ਬੁੱਢੀ, ਕਰੀਬ ਪੰਜਾਹ ਕੁ ਸਾਲਾਂ ਦੀ ਅਤੇ ਦੂਜੀ ਨੌਜਵਾਨ, ਕੋਈ ਵੀਹਾਂ ਕੁ ਸਾਲਾਂ ਦੀ, ਜਿਹਨੇ ਇਕ ਵਰ੍ਹੇ ਕੁ ਦਾ ਬੱਚਾ ਕੁੱਛੜ ਚੁਕਿਆ ਹੋਇਆ ਸੀ। ਉਸ ਨੇ ਇਸ ਸੁੰਦਰੀ ਵਲ ਕੁਝ ਚਿਰ ਬੜੀ ਗਹੁ ਨਾਲ ਵੇਖਿਆ ਅਤੇ ਕੋਈ ਹਾਵ-ਭਾਵ ਪ੍ਰਤੀਤ ਕੀਤਾ, ਜਿਸ ਤੋਂ ਉਸ ਦੇ ਦਿਲ ਵਿਚ ਕਿਸੇ ਆਸ ਤੇ ਪਿਆਰ ਦੀ ਕੋਮਲਤਾ ਆ ਵਸੀ। ਉਹ ਬੁੱਢੀ ਤੀਵੀਂ ਉਸ ਸੁੰਦਰੀ ਦੀ ਮਾਂ ਸੀ, ਜੋ ਪਿਆਰ ਨਾਲ ਬੱਚੀ ਵੱਲ ਘੜੀ ਮੁੜੀ ਧਿਆਨ ਦੇ ਰਹੀ ਸੀ। ਇਨ੍ਹਾਂ ਨਾਲ ਕੋਈ ਨਹੀਂ ਸੀ।
ਉਸ ਦੀਆਂ ਅੱਖਾਂ ਉਨ੍ਹਾਂ ਦੀ ਪੈੜ ਉਤੇ ਸਨ ਅਤੇ ਜਦੋਂ ਉਹ ਦੋਵੇਂ ਇਕ ਡੱਬੇ ਵਿਚ ਜਾ ਬੈਠੀਆਂ, ਉਹ ਵੀ ਉਧਰ ਚਲਾ ਗਿਆ। ਉਹ ਉਨ੍ਹਾਂ ਦੀ ਬਾਰੀ ਅਗੋਂ 3-4 ਵਾਰ ਲੰਘਿਆ, ਤੇ ਮੁਟਿਆਰ ਦੀਆਂ ਨਜ਼ਰਾਂ ਨੂੰ ਖਿੱਚ ਪਾਉਣ ਵਿਚ ਕਾਮਯਾਬ ਹੋ ਗਿਆ।
ਉਹ ਉਸ ਡੱਬੇ ਵਿਚ ਚੜ੍ਹ ਗਿਆ ਤੇ ਉਸ ਮੁਟਿਆਰ ਵਲ ਮੂੰਹ ਕਰ ਕੇ ਨਾਲ ਵਾਲੀ ਬੁੱਢੀ ਕੋਲ ਇਕ ਪਾਸੇ ਜਾ ਬੈਠਾ। ਕੁਝ ਚਿਰ ਤਾਂ ਉਹ ਇਸ ਤਰ੍ਹਾਂ ਚੁੱਪ ਚਾਪ ਬੈਠਾ ਰਿਹਾ, ਜਿਸ ਤਰ੍ਹਾਂ ਉਹਦੇ ਦਿਲ ਵਿਚ ਕੋਈ ਗੱਲ ਹੀ ਨਹੀਂ ਹੁੰਦੀ। ਉਸ ਨੇ ਬੜੀ ਇਹਤਿਆਤ ਨਾਲ ਆਪਣੇ ਆਪ ਨੂੰ ਹੋਰ ਮੁਸਾਫਰਾਂ ਵਿਚ ਇਕ ਭੋਲਾ ਭਾਲਾ ਜਿਹਾ ਪ੍ਰਗਟ ਕੀਤਾ। ਉਸ ਮੁਟਿਆਰ ਦੇ ਚਿੱਟੇ ਅਰ ਸਾਦੇ ਕੱਪੜੇ ਪਾਏ ਹੋਏ ਸਨ, ਜੋ ਉਸ ਦੇ ਗੋਰੇ ਸਰੀਰ ਨਾਲ ਸੋਹਣੇ ਫਬੇ ਹੋਏ ਸਨ। ਪਰ ਤਦ ਵੀ ਉਹ ਆਪਣੇ ਆਪ ਵਿਚ ਕੁਝ ਸ਼ਰਮ ਜਿਹੀ ਪ੍ਰਤੀਤ ਕਰ ਰਹੀ ਸੀ। ਨੌਜਵਾਨ ਨੇ ਉਸ ਵਲ ਇਕ ਤਰਸ ਭਰੀ ਨਜ਼ਰ ਨਾਲ ਦੇਖਿਆ ਅਤੇ ਝਟ ਹੀ ਉਹ ਇਹ ਖਿਆਲ ਕਰ ਕੇ ਫੁੱਲਿਆ ਕਿ ਉਹ ਉਸ ਨਾਲ ਅਜਿਹੀ ਹਮਦਰਦੀ ਜਾਹਰ ਕਰ ਰਿਹਾ ਸੀ, ਜਿਸ ਦੀ ਉਹ ਲੋੜਵੰਦ ਸੀ। ਉਸ ਨੇ ਸਮਝ ਲਿਆ ਕਿ ਉਹ ਬੁੱਢੀ ਸਿਧੀ ਸਾਦੀ ਰਹਿਮ ਦਿਲ ਅਰ ਗਾਲੜੋ ਸੀ।
“ਭੈਣ ਜੀ! ਤੁਸੀਂ ਕਿਥੇ ਜਾਣਾ ਏਂ?” ਇੱਕ ਅਧਖੜ ਉਮਰ ਦੀ ਤੀਵੀਂ, ਜੋ ਇਸ ਡੱਬੇ ਵਿਚ ਹੁਣੇ ਵੜੀ ਸੀ ਅਤੇ ਬੁੱਢੀ ਤੀਵੀਂ ਦੇ ਪਰਲੇ ਪਾਸੇ ਆ ਬੈਠੀ ਸੀ, ਉਸ ਨੂੰ ਪੁੱਛਣ ਲੱਗੀ।
“ਅਸੀਂ ਅਟਾਰੀ ਚਲੇ ਆਂ।” ਉਸ ਬੁੱਢੀ ਤੀਵੀਂ ਨੇ ਉਤਰ ਦਿੱਤਾ।
ਇਸ ਤੋਂ ਪਿੱਛੋਂ ਆਪਸ ਵਿਚ ਗੱਲਾਂ ਛਿੜ ਪਈਆਂ, ਪਰ ਉਹ ਮੁਟਿਆਰ ਚੁਪ ਕਰਕੇ ਬੈਠੀ ਰਹੀ। ਉਹ ਉਸ ਵੱਲ ਤੱਕਦਾ ਰਿਹਾ, ਕਦੀ ਕਦੀ ਉਸ ਦੇ ਅੰਝਾਣੇ ਵੱਲ ਜਾਂ ਬਾਹਰ ਵੱਲ ਤੱਕ ਲੈਂਦਾ ਤਾਂ ਜੋ ਦੂਸਰੇ ਸਿਰ ਨਾ ਹੋ ਜਾਣ। ਉਸ ਨੂੰ ਯਕੀਨ ਸੀ ਕਿ ਉਸ ਨੇ ਮੁਟਿਆਰ ਦਾ ਦਿਲ ਜਿੱਤ ਲਿਆ ਹੈ।
ਉਸ ਨੇ ਅੰਦਾਜ਼ਾ ਲਾਇਆ ਕਿ ਇਸ ਦਾ ਵਿਆਹੁਤਾ ਜੀਵਨ ਬੜਾ ਦੁਖਦਾਈ ਹੋਵੇਗਾ ਜਾਂ ਇਹ ਹੁਣੇ ਜਿਹੇ ਹੀ ਵਿਧਵਾ ਹੋਈ ਹੋਵੇਗੀ। ਫਿਰ ਕਦੀ ਕਦੀ ਮਹਿਸੂਸ ਕਰਦਾ ਕਿ ਇਹ ਖਿਆਲ ਠੀਕ ਨਹੀਂ। ਭਾਵੇਂ ਉਹ ਬੜੀ ਸ਼ਰਮੀਲੀ ਸੀ, ਉਸ ਨੇ ਅੰਦਾਜ਼ਾ ਲਾ ਲਿਆ ਕਿ ਇਹ ਬੱਚਾ ਹੀ ਉਸ ਦੇ ਜੀਵਨ ਦਾ ਇਕ ਆਸਰਾ ਸੀ। ਉਹ ਤਾੜ ਗਿਆ ਕਿ ਆਪਣੀ ਸ਼ਰਾਫਤ ਕਰਕੇ ਹੀ ਉਹ ਆਪਣੇ ਦਿਲ ਦੇ ਭਾਵ ਕਿਸੇ ਤਰ੍ਹਾਂ ਪ੍ਰਗਟ ਨਹੀਂ ਕਰ ਰਹੀ ਸੀ, ਨਾ ਹੀ ਬੱਚੇ ਨਾਲ ਖੇਡ ਵਿਚ ਤੇ ਨਾ ਹੀ ਕਿਸੇ ਹੋਰ ਤਰ੍ਹਾਂ।
ਗੱਡੀ ਤੁਰ ਪਈ। ਉਨ੍ਹਾਂ ਤੀਵੀਆਂ ਨੇ ਕੁਝ ਹੁਝਕੇ ਜਿਹੇ ਪ੍ਰਤੀਤ ਕੀਤੇ ਅਤੇ ਛਿਣ ਭਰ ਲਈ ਉਨ੍ਹਾਂ ਦੀ ਗੱਲਬਾਤ ਰੁਕ ਗਈ। ਬੁੱਢੀ ਤੀਵੀਂ ਨੇ ਬੱਚੇ ਨੂੰ ਆਪਣੇ ਕੁੱਛੜ ਲਿਆ, ਪਿਆਰ ਕੀਤਾ, ਥਾਪੜਿਆ ਤੇ ਉਸ ਨਾਲ ਬਾਲਾਂ ਵਾਲੀਆਂ ਗੱਲਾਂ ਕਰਨ ਲੱਗ ਪਈ।
“ਇਹ ਤੁਹਾਡੀ ਬੀਬੀ ਦਾ ਬਾਲ ਏ, ਮਾਤਾ ਜੀ!” ਉਸ ਨੇ ਮੌਕਾ ਤਾੜ ਕੇ ਪੁੱਛਿਆ।
“ਹਾਂ ਪੁੱਤਰ!” ਬੁੱਢੀ ਨੇ ਬੜੇ ਪਿਆਰ ਨਾਲ ਉਤਰ ਦਿੱਤਾ, ਅਤੇ ਬਾਲ ਵੱਲ ਦੇਖਣ ਲੱਗ ਪਈ ਤੇ ਉਸ ਨੂੰ ਹਸਾਉਣ ਲਈ ਸੀਟੀ ਵਜਾਉਣ ਲੱਗੀ। ਬੱਚਾ ਮੁਸਕਰਾਇਆ। ਇਸ ਨੂੰ ਦੇਖ ਉਹ ਸੁੰਦਰੀ, ਇਸ ਦੀ ਮਾਂ ਵੀ ਰਤਾ ਕੁ ਮੁਸਕਰਾਈ।
ਉਹ ਵੀ ਬਾਲ ਵੱਲ ਤੱਕ ਕੇ ਸੀਟੀਆਂ ਮਾਰਨ ਲੱਗਾ ਅਤੇ ਇਸ ਦੀ ਮਾਂ ਦੇ ਚਿਹਰੇ ਵਲ ਤੱਕਣ ਲੱਗਾ। ਬਾਲ ਦੀਆਂ ਮੁਸਕੜੀਆਂ ਹਾਸੇ ਵਿਚ ਬਦਲ ਗਈਆਂ, ਜਿਵੇਂ ਚਾਂਦੀ ਦੀਆਂ ਘੰਟੀਆਂ ਟੁਣਕਦੀਆਂ ਹਨ। ਇਹ ਦੇਖ ਕੇ ਬੱਚੇ ਦੀ ਮਾਂ ਦੇ ਬੁੱਲ੍ਹਾਂ ਵਿਚ ਸ਼ਰਮਾਕਲ ਜਿਹੀ ਮੁਸਕੜੀ ਆ ਗਈ, ਜਿਸ ਨੂੰ ਕੱਜਣ ਲਈ ਉਸ ਨੇ ਝੱਟ ਆਪਣਾ ਰੁਮਾਲ ਮੂੰਹ ਅੱਗੇ ਲੈ ਲਿਆ।
ਨੌਜਵਾਨ ਨੇ ਬੱਚੇ ਵੱਲ ਆਪਣੀਆਂ ਬਾਹਾਂ ਪਸਾਰੀਆਂ। ਬੱਚੇ ਨੇ ਕੁੱਦ ਕੇ ਉਸ ਵੱਲ ਜਾਣ ਦੀ ਇੱਛਾ ਪ੍ਰਗਟ ਕੀਤੀ ਅਤੇ ਬੁੱਢੀ ਨੇ ਉਹ ਬੱਚਾ ਉਸ ਨੂੰ ਦੇ ਦਿੱਤਾ।
ਬੱਚੇ ਦੇ ਨੌਜਵਾਨ ਦੇ ਕੁੱਛੜ ਜਾਣ ਨੇ ਬੱਚੇ ਦੀ ਮਾਂ ਦੇ ਦਿਲ ਉਤੇ ਇੱਕ ਖਾਸ ਅਸਰ ਕੀਤਾ।
ਉਸ ਦਾ ਉਦਾਸ ਚਿਹਰਾ ਖਿੜ ਗਿਆ, ਜਿਵੇਂ ਮੀਂਹ ਪੈਣ ਨਾਲ ਮੁਰਝਾਏ ਹੋਏ ਪੱਤੇ ਮੁੜ ਕੇ ਹਰੇ-ਭਰੇ ਹੋ ਜਾਂਦੇ ਹਨ। ਆਪਣੀ ਮਾਂ ਤੇ ਨਾਨੀ ਦੇ ਪਿਆਰ ਮਗਰੋਂ ਮਰਦਾਵੇਂ ਹੱਥਾਂ ਵਿਚ ਜਾ ਕੇ ਬੱਚੇ ਨੇ ਇੱਕ ਖਾਸ ਖੁਸ਼ੀ ਪ੍ਰਤੀਤ ਕੀਤੀ।
ਉਸ ਮੁਟਿਆਰ ਦੇ ਦਿਲ ਵਿਚ ਇਕ ਨਵੀਂ ਜੀਵਨ ਰੌ ਆ ਗਈ, ਉਸ ਦਾ ਚਿਹਰਾ ਦਗਦਗ ਕਰਨ ਲੱਗਾ ਤੇ ਉਸ ਨੇ ਇਸ ਗੱਲ ਦੀ ਰਤਾ ਵੀ ਪਰਵਾਹ ਨਾ ਕੀਤੀ ਕਿ ਉਹ ਆਪਣੇ ਦਿਲ ਵਿਚ ਕੀ ਖਿਆਲ ਕਰਦਾ ਹੋਵੇਗਾ। ਉਹ ਕਿਸੇ ਦੀ ਵੀ ਕੋਈ ਪਰਵਾਹ ਨਾ ਕਰਦੀ ਪ੍ਰਤੀਤ ਕਰਨ ਲੱਗੀ, ਜਿਵੇਂ ਉਹ ਸਾਰੇ ਘਰ ਦੇ ਇੱਕ ਕਮਰੇ ਵਿਚ ਬੈਠੇ ਹੁੰਦੇ ਹਨ। ਉਸ ਨੇ ਬੱਚੇ ਦਾ ਖੇਡਦਾ ਹੱਥ ਫੜ੍ਹ ਲਿਆ, ਜਿਸ ਨਾਲ ਦੋਹਾਂ ਦਿਲਾਂ ਵਿਚ ਇੱਕ ਅਜਿਹੀ ਤਾਰ ਖੜਕ ਗਈ ਜਿਵੇਂ ਖਾਵੰਦ ਤੀਵੀਂ ਦੇ ਪਿਆਰ ਦੀ ਹੁੰਦੀ ਹੈ ਪਰ ਫਿਰ ਝੱਟ ਹੀ ਛੱਡ ਦਿੱਤਾ, ਜਿਵੇਂ ਉਸ ਨੇ ਇਸ ਰਾਹੀਂ ਬਿਜਲੀ ਦਾ ਝਟਕਾ ਮਹਿਸੂਸ ਕੀਤਾ ਹੋਵੇ। ਕੁਝ ਚਿਰ ਲਈ ਉਸ ਨੇ ਬੱਚੇ ਤੇ ਉਸ ਵੱਲੋਂ ਆਪਣਾ ਧਿਆਨ ਕਿਸੇ ਹੋਰ ਪਾਸੇ ਲਾ ਲਿਆ, ਪਰ ਹੁਣ ਉਹ ਉਦਾਸ ਦਿਖਾਈ ਨਹੀਂ ਸੀ ਦੇ ਰਹੀ।
“ਮਾਤਾ ਜੀ! ਤੁਸੀਂ ਕਿੱਥੋਂ ਆਏ ਓ?” ਨੌਜਵਾਨ ਨੇ ਬੁੱਢੀ ਕੋਲੋਂ ਪੁੱਛਿਆ ਅਤੇ ਉਹ ਬਾਲ ਉਸ ਨੂੰ ਦੇ ਦਿੱਤਾ ਤਾਂ ਜੋ ਉਹ ਕਿਸੇ ਤਰ੍ਹਾਂ ਦਾ ਸ਼ੱਕ ਨਾ ਕਰ ਲਵੇ। ਉਹ ਚਾਹੁੰਦਾ ਸੀ ਕਿ ਬੱਚੇ ਨਾਲ ਖੇਡਣ ਦੀ ਥਾਂ ਉਹ ਉਸ ਨਾਲ ਗੱਲਾਂ ਕਰੇ।
“ਚੀਚਾ ਵਤਨੀ ਤੋਂ, ਕਾਕਾ।” ਬੁੱਢੀ ਨੇ ਉਤਰ ਦਿੱਤਾ। “ਓਥੇ ਸਾਡਾ ਘਰ ਐ।” ਉਸ ਨੇ ਆਪੇ ਹੀ ਕਿਹਾ। “ਅਤੇ ਅਸੀਂ ਅਟਾਰੀ ਚਲੇ ਆਂ, ਓਥੇ ਮੇਰੀ ਧੀ ਦੇ ਸਹੁਰੇ ਨੇ। ਇਹ ਵਿਧਵਾ ਏ, ਇਸ ਦੇ ਖਾਵੰਦ ਨੂੰ ਗੁਜ਼ਰਿਆਂ ਕੋਈ ਅੱਠ ਕੁ ਮਹੀਨੇ ਹੋ ਗਏ ਨੇ।” ਉਸ ਦਾ ਬੁੱਢਾ ਚਿੱਟਾ ਹੱਥ ਅੱਖਾਂ ਵਿਚੋਂ ਡਿਗਣ ਵਾਲੇ ਮੋਤੀ ਜਿਹੇ ਹੰਝੂ ਨੂੰ ਪੂੰਝਣ ਲਈ ਉਠਿਆ।
ਨੌਜਵਾਨ ਦੇ ਦਿਲ ਨੂੰ ਸਦਮਾ ਲੱਗਾ, ਜਿਵੇਂ ਕਿਸੇ ਨੂੰ ਕਿਸੇ ਗੱਲ ਦਾ ਡਰ ਹੋਵੇ ਤੇ ਉਹ ਸੱਚ ਹੋ ਜਾਵੇ, ਪਰ ਉਹ ਘਬਰਾਇਆ ਨਹੀਂ। ਉਹ ਉਸ ਕੁੜੀ ਵੱਲ ਵੇਖਣ ਲੱਗਾ, ਜਿਸ ਨੇ ਇਹ ਗੱਲ ਛਿੜਦੇ ਹੀ ਆਪਣਾ ਮੂੰਹ ਪਰਲੇ ਪਾਸੇ ਫੇਰ ਲਿਆ ਸੀ। ਉਹ ਰੁੱਖਾਂ ਵੱਲ ਦੇਖਦੀ ਸੀ, ਜੋ ਉਸ ਦੀਆਂ ਅੱਖਾਂ ਅੱਗੋਂ ਲੰਘਦੇ ਜਾ ਰਹੇ ਸਨ-ਖੇਤਾਂ, ਪੈਲੀਆਂ ਤੇ ਤਾਰ ਖੰਭਿਆਂ ਵੱਲ, ਜੋ ਉਸ ਦੇ ਸਾਹਮਣੇ ਉਡਦੇ ਜਾ ਰਹੇ ਸਨ।
“ਇਹ ਬਾਲ ਈ ਸਿਰਫ ਸਾਡੀ ਜ਼ਿੰਦਗੀ ਦਾ ਆਸਰਾ ਏ।” ਬੁੱਢੀ ਨੇ ਬੜੀ ਦੁਖ ਭਰੀ ਰੋਣੀ ਆਵਾਜ਼ ਵਿਚ ਕਿਹਾ, “ਮੇਰੇ ਵੀ ਹੋਰ ਕੋਈ ਬਾਲ ਨਹੀਂ।” (ਕੁੜੀ ਵੱਲ ਸੈਨਤ ਕਰਕੇ) “ਇਹਦੇ ਬਾਪ ਨੂੰ ਵੀ ਮਰਿਆਂ ਕੋਈ ਦਸ ਵਰ੍ਹੇ ਹੋ ਗਏ ਨੇ।”
“ਏਥੇ ਤੁਸੀਂ ਇਕੱਲੇ ਓ?” ਨੌਜਵਾਨ ਨੇ ਆਪਣੇ ਆਪ ਹੀ ਕਿਹਾ।
“ਹਾਂ! ਬਿਨਾ ਮਰਦ ਦੇ, ਇਸੇ ਲਈ ਅਸੀਂ ਇਕੱਲੇ ਆਂ। ਨਹੀਂ ਤੇ ਤੀਵੀਆਂ ਲਈ ਇਕੱਲੇ ਘਰੋਂ ਪੈਰ ਕੱਢਣ ਦੇ ਦਿਨ ਨਹੀਂ ਪੁੱਤਰ! ਸਮਾਂ ਐਡਾ ਭੈੜਾ ਜਾਂਦਾ ਪਿਆ ਏ।” ਇਸ ਤਰ੍ਹਾਂ ਸਮੇਂ ਦੀ ਸ਼ਿਕਾਇਤ ਕਰ ਕੇ ਉਹ ਚੁੱਪ ਹੋ ਗਈ।
“ਨਹੀਂ! ਨਹੀਂ! ਅੱਜ ਕੱਲ੍ਹ ਇਸ ਤਰ੍ਹਾਂ ਦਾ ਕੋਈ ਡਰ ਨਹੀਂ। ਅੱਜ ਕੱਲ੍ਹ ਤੇ ਤੀਵੀਆਂ ਹਰ ਪਾਸੇ ਇਕੱਲੀਆਂ ਈ ਔਂਦੀਆਂ-ਜਾਂਦੀਆਂ ਨੇ।” ਬੁੱਢੀ ਦੀ ਗੱਲ ਉਤੇ ਉਸ ਨੇ ਕਿਹਾ।
“ਹਾਂ ਜਾਂਦੀਆਂ ਨੇ।” ਮਾਈ ਨੇ ਕਿਹਾ।
ਕੁਝ ਚਿਰ ਲਈ ਉਹ ਚੁਪ ਕਰ ਗਏ, ਜਿਵੇਂ ਉਹ ਬੁੱਢੀ ਇਸ ਗੱਲ ਨੂੰ ਹੋਰ ਵਧੇਰੇ ਲਮਕਾਣਾ ਠੀਕ ਨਹੀਂ ਸਮਝਦੀ ਸੀ, ਤੇ ਉਹ ਗੱਲ ਛੇੜਨ ਲਈ ਕੋਈ ਬਹਾਨਾ ਸੋਚਣ ਲੱਗਾ। ਭਾਵੇਂ ਉਸ ਨੂੰ ਗੱਲ ਕਰਨ ਦੀ ਲੋੜ ਨਹੀਂ ਸੀ, ਕਿਉਂਕਿ ਉਹ ਬੁੱਢੀ ਮਾਈ ਆਪ ਹੀ ਬੜੀ ਗਲਾਧੜ ਸੀ।
“ਪੁੱਤਰ! ਤੂੰ ਕਿੱਥੋਂ ਆਇਆ ਏਂ?” ਮਾਈ ਨੇ ਪੁੱਛਿਆ।
“ਮੈਂ ਮੀਆਂ ਚੰਨੂੰ ਤੋਂ ਆ ਰਿਹਾ ਹਾਂ, ਮਾਤਾ ਜੀ।” ਨੌਜਵਾਨ ਨੇ ਉਤਰ ਦਿੱਤਾ।
“ਤੂੰ ਕਿਤੇ ਨੌਕਰ ਏਂ ਕਾਕਾ?”
“ਨਹੀਂ ਜੀ, ਮੈਂ ਅਜੇ ਲਾਹੌਰ ਪੜ੍ਹਨਾ ਵਾਂ। ਪਰ ਹੁਣ ਮੈਂ ਪੱਤੋ ਕੀ ਚਲਿਆ ਵਾਂ।”
“ਕਿਹੜੀ ਜਮਾਤ ‘ਚ ਪੜ੍ਹਨਾ ਏਂ?”
“ਜੀ ਮੈਂ ਐਮ. ਏ. ਵਿਚ ਪੜ੍ਹਨਾ ਵਾਂ।”
“ਤੈਨੂੰ ਲਾਹੌਰ ਪੜ੍ਹਦਿਆਂ ਕਿੰਨਾ ਚਿਰ ਹੋ ਚੱਲਿਆ ਏ?”
“ਜੀ ਇਹ ਮੇਰਾ ਛੇਵਾਂ ਵਰ੍ਹਾ ਏ?”
ਇੰਨਾ ਚਿਰ ਉਹ ਚੋਰ ਅੱਖ ਨਾਲ ਉਸ ਮੁਟਿਆਰ ਵਲ ਤਕਦਾ ਰਿਹਾ, ਇਹ ਜਾਣਨ ਲਈ ਕਿ ਇਸ ਗੱਲਬਾਤ ਦਾ ਉਸ ਉਤੇ ਕੀ ਅਸਰ ਹੁੰਦਾ ਹੈ। ਦੇਖਣ ਨੂੰ ਤਾਂ ਉਹ ਬੱਚੇ ਨੂੰ ਖਿਡਾ ਰਹੀ ਸੀ ਪਰ ਇਹ ਇਕ ਬਹਾਨਾ ਸੀ, ਉਹ ਚੰਗੀ ਤਰ੍ਹਾਂ ਸਮਝਦਾ ਸੀ। ਉਸ ਕੁੜੀ ਨੇ ਸਾਰੀਆਂ ਗੱਲਾਂ ਸੁਣੀਆਂ ਸਨ। ਉਸ ਨੂੰ ਕੁੜੀ ਦੇ ਇਸ ਵਤੀਰੇ ‘ਤੇ ਰਤਾ ਕੁ ਨਿਰਾਸ਼ਾ ਹੋਈ। ‘ਕਿਡੀ ਬੇਪਰਵਾਹ ਏ? ਇਕ ਹੁਸ਼ਿਆਰ ਕੁੜੀ ਜ਼ਰੂਰ ਹੀ ਮੇਰੀਆਂ ਗੱਲਾਂ ਵੱਲ ਧਿਆਨ ਦੇਂਦੀ,’ ਉਸ ਨੇ ਖਿਆਲ ਕੀਤਾ।
“ਤਦ ਤੇ ਤੂੰ ਕੋਈ ਵੱਡਾ ਅਫਸਰ ਬਣੇਂਗਾ।” ਬੁੱਢੀ ਮਾਈ ਨੇ ਕੁਝ ਫੁਲਾਉਣ ਲਈ ਤੇ ਕੁਝ ਗੰਭੀਰਤਾ ਨਾਲ ਕਿਹਾ।
ਮੁੰਡਾ ਹੌਲੀ ਜਿਹਾ ਹੱਸਿਆ ਪਰ ਉਸ ਦੇ ਦਿਲ ਵਿਚ ਕੁਝ ਇਸ ਗੱਲ ਤੋਂ ਨਿਰਾਸ਼ਾ ਸੀ ਕਿ ਉਸ ਮੁਟਿਆਰ ਦਾ ਉਸ ਦੀਆਂ ਗੱਲਾਂ ਵਿਚ ਕੋਈ ਧਿਆਨ ਨਹੀਂ ਸੀ।
“ਮੇਰਾ ਜਵਾਈ ਸੌ ਰੁਪੈ ਮਹੀਨਾ ਲੈਂਦਾ ਸੀ। ਉਹ ਮਿੰਟਗੁਮਰੀ ਵਿਚ ਬਾਬੂ ਸੀ। ਤੂੰ ਤੇ ਬਹੁਤੀ ਤਨਖਾਹ ਲਵੇਂਗਾ?”
“ਮਾਤਾ ਜੀ, ਇਹ ਤੁਹਾਨੂੰ ਕਿਵੇਂ ਪਤਾ ਏ?” ਉਸ ਨੇ ਮੁਸਕਰਾਉਂਦਿਆਂ ਉਸ ਕੋਲੋਂ ਪੁੱਛਿਆ, ਜਿਵੇਂ ਕੋਈ ਸਿਆਣੇ ਜੋਤਸ਼ੀ ਕੋਲੋਂ ਪੁੱਛ ਰਿਹਾ ਹੋਵੇ।
“ਮੇਰਾ ਜਵਾਈ ਸਿਰਫ ਚਾਰ ਵਰ੍ਹੇ ਲਾਹੌਰ ਰਿਹਾ ਸੀ। ਉਹ ਬੀ. ਏ. ਪਾਸ ਸੀ। ਤੂੰ ਬਹੁਤ ਪੜ੍ਹਿਆ ਹੋਇਆ ਏਂ, ਇਸ ਲਈ ਜ਼ਰੂਰੀ ਏ ਕਿ ਤੈਨੂੰ ਕੋਈ ਚੰਗੇਰੀ ਥਾਂ ਮਿਲੇ।”
“ਇਨ੍ਹਾਂ ਦਿਨਾਂ ਵਿਚ, ਮਾਤਾ ਜੀ ਨੌਕਰੀਆਂ ਦਾ ਉਹ ਹਾਲ ਨਹੀਂ ਜੋ ਕੁਝ ਚਿਰ ਪਹਿਲਾਂ ਸੀ।” ਉਸ ਨੇ ਮੁਟਿਆਰ ਵਲ ਵੇਖਦਿਆਂ ਕਿਹਾ। ਉਹ ਪ੍ਰਤੀਤ ਕਰਨ ਲੱਗਾ ਕਿ ਜਿਸ ਸੁੰਦਰੀ ਦਾ ਦਿਲ ਉਹ ਜਿੱਤਣਾ ਚਾਹੁੰਦਾ ਸੀ, ਉਸ ਦੇ ਸਾਹਮਣੇ ਉਹ ਆਪਣੀ ਗਰੀਬੀ ਦੀ ਹਾਲਤ ਨੂੰ ਮੰਨ ਰਿਹਾ ਸੀ।
ਇਸ ਵਾਰੀ ਉਹ ਮੁਟਿਆਰ ਉਸ ਨੌਜਵਾਨ ਵੱਲ ਦੇਖਣ ਲੱਗੀ, ਪਰ ਜਿਸ ਵੇਲੇ ਅੱਖਾਂ ਚਾਰ ਹੋਈਆਂ, ਉਸ ਨੇ ਝੱਟ ਅੱਖ ਝਮਕੀ ਅਤੇ ਸ਼ਰਮ ਨਾਲ ਨੀਵੀਂ ਪਾ ਲਈ।
‘ਕੀ ਇਹ ਕੋਈ ਅਜਿਹੀ ਰੁਚੀ ਨਹੀਂ ਰੱਖਦੀ ਜਾਂ ਸ਼ਰਮਾਉਂਦੀ ਹੈ?’ ਉਸ ਨੇ ਆਪਣੇ ਆਪ ਨੂੰ ਪੁੱਛਿਆ। ਉਸ ਨੇ ਬਾਲ ਵੱਲ ਦੇਖ ਕੇ ਸੀਟੀ ਮਾਰੀ ਤੇ ਉਸ ਨੂੰ ਚੁੱਕਣ ਲਈ ਬਾਹਾਂ ਪਸਾਰੀਆਂ। ਫਿਰ ਉਹ ਉਸ ਕੁੜੀ ਦੇ ਮੂੰਹ ਵੱਲ ਤੱਕਣ ਲੱਗਾ। ਉਸ ਕੁੜੀ ਦੇ ਚਿਹਰੇ ਉਤੇ ਸ਼ਰਮ ਦੀ ਲਾਲੀ ਜਿਹੀ ਆ ਗਈ। ਉਹ ਬਾਲ ਵੱਲ ਤੱਕ ਕੇ ਸੀਟੀ ਮਾਰਨ ਲੱਗਾ ਤੇ ਬਾਲ ਉਸ ਵੱਲ ਕੁੱਦਿਆ। ਜਿਸ ਵੇਲੇ ਉਹ ਉਸ ਨੂੰ ਬਾਲ ਫੜ੍ਹਾਉਣ ਲੱਗੀ, ਉਨ੍ਹਾਂ ਦੇ ਹੱਥ ਇਕ ਦੂਜੇ ਨਾਲ ਛੋਹ ਗਏ। ਉਹ ਬਾਲ ਨੂੰ ਖਿਡਾ ਰਿਹਾ ਸੀ ਪਰ ਆਪਣਾ ਧਿਆਨ ਉਸ ਮੁਟਿਆਰ ਵੱਲੋਂ ਮੋੜ ਨਹੀਂ ਸਕਦਾ ਸੀ। ਕੁੜੀ ਦੀ ਚੁੰਨੀ ਥੱਲੇ ਖਿਸਕ ਗਈ। ਉਹ ਉਸ ਵੱਲ ਦੇਖਦਾ ਰਿਹਾ। ਪਰ ਕੁੜੀ ਹੀਆ ਨਾ ਕਰ ਸਕੀ ਕਿ ਉਸ ਵੱਲ ਅੱਖ ਭਰ ਕੇ ਤੱਕੇ।
ਗੱਡੀ ਹੌਲੀ ਹੋਈ ਤੇ ਇੱਕ ਸਟੇਸ਼ਨ ‘ਤੇ ਜਾ ਰੁਕੀ। ਉਸ ਲਈ ਅਜੇ ਇੱਕ ਘੰਟੇ ਦਾ ਸਫਰ ਬਾਕੀ ਸੀ। ਉਹ ਚਾਹੁੰਦਾ ਸੀ ਕਿ ਮੈਂ ਕਿਸੇ ਤਰ੍ਹਾਂ ਉਸ ਕੁੜੀ ਕੋਲ ਜਾ ਬੈਠਾਂ। ਗੱਡੀ ਖੜ੍ਹੀ ਹੋਣ ਨਾਲ ਉਸ ਨੂੰ ਮੌਕਾ ਮਿਲ ਗਿਆ। ਬਾਲ ਨੂੰ ਉਸ ਦੀ ਮਾਂ ਕੋਲ ਦੇ ਕੇ ਉਹ ਪਲੈਟਫਾਰਮ ਉਤੇ ਉਤਰ ਗਿਆ।
ਬੁੱਢੀ ਮਾਈ, ਜੋ ਕੁਝ ਥਕੇਵਾਂ ਪ੍ਰਤੀਤ ਕਰ ਰਹੀ ਸੀ, ਆਪਣੇ ਨਾਲ ਦੀ ਥਾਂ ਵਿਹਲੀ ਦੇਖ ਕੇ ਲੰਮੀ ਪੈ ਗਈ। ਜਦੋਂ ਗੱਡੀ ਤੁਰ ਪਈ, ਉਹ ਫਿਰ ਉਸ ਡੱਬੇ ਵਿਚ ਆ ਗਿਆ ਤੇ ਆਪਣੀ ਥਾਂ ਉਤੇ ਮਾਈ ਨੂੰ ਲੇਟੀ ਦੇਖ ਦੇ ਉਸ ਕੁੜੀ ਕੋਲ ਜਾ ਬੈਠਾ।
ਪਹਿਲਾਂ ਤਾਂ ਉਹ ਕੁੜੀ ਝਿਜਕੀ ਪਰ ਫਿਰ ਉਸ ਨੇ ਕੋਈ ਪਰਵਾਹ ਨਾ ਕੀਤੀ। ਉਸ ਡੱਬੇ ਵਿਚ ਬਹੁਤੀ ਭੀੜ ਨਹੀਂ ਸੀ ਤੇ ਖਾਸ ਕਰਕੇ ਉਨ੍ਹਾਂ ਦੇ ਕੋਲ ਹੋਰ ਕੋਈ ਨਹੀਂ ਸੀ। ਦੂਜੀ ਅੱਧਖੜ ਤੀਵੀਂ ਵੀ ਲੇਟੀ ਹੋਈ ਸੀ। ਉਹ ਚਾਹੁੰਦੀ ਸੀ ਕਿ ਬੱਚੇ ਨੂੰ ਚੁੱਕ ਕੇ ਖਿਡਾਵੇ, ਪਰ ਬੱਚੇ ਨੂੰ ਨੀਂਦ ਆਈ ਹੋਈ ਸੀ, ਉਸ ਕੁੜੀ ਨੇ ਸ਼ਾਲ ਦੀ ਬੁੱਕਲ ਮਾਰੀ ਤੇ ਬਾਲ ਨੂੰ ਸੰਵਾਣ ਲਈ ਉਸ ਨੂੰ ਦੁੱਧ ਦੇਣ ਲਗ ਪਈ।
ਮੁੰਡੇ ਨੇ ਹੌਸਲਾ ਕਰ ਕੇ ਹਥ ਫੜ੍ਹ ਲਿਆ। ਪਹਿਲਾਂ ਤਾਂ ਉਹ ਬਹੁਤ ਡਰੀ, ਪਰ ਫਿਰ ਜਾਣੋ ਕੁਝ ਹੌਸਲਾ ਕਰ ਲਿਆ ਤੇ ਹੱਥ ਛੁੜਾਉਣ ਦੀ ਕੋਈ ਕੋਸ਼ਿਸ਼ ਨਾ ਕੀਤੀ। ਸੱਚ ਤਾਂ ਇਹ ਹੈ ਕਿ ਉਹ ਸੁੰਦਰੀ ਉਸ ਵੇਲੇ ਸਭ ਕੁਝ ਭੁੱਲ ਚੁਕੀ ਸੀ, ਜਿਸ ਵੇਲੇ ਉਸ ਦਾ ਬਾਲ ਉਸ ਦੀ ਗੋਦੀ ਵਿਚ ਪਿਆ ਦੁੱਧ ਚੁੰਘ ਰਿਹਾ ਸੀ ਤੇ ਉਸ ਦਾ ਪ੍ਰੇਮੀ ਹੱਥ ਫੜ੍ਹੀ ਬੈਠਾ ਸੀ।
ਨੌਜਵਾਨ ਦੇ ਉਤਰਨ ਦੀ ਥਾਂ ਨੇੜੇ ਆ ਰਹੀ ਸੀ, ਪਰ ਦੋਹਾਂ ਦੇ ਮੂੰਹ ਤੋਂ ਕੋਈ ਗੱਲ ਨਹੀਂ ਨਿਕਲਦੀ ਸੀ। ਉਹ ਚੁੱਪ ਚਾਪ ਇਸ ਓਪਰੀ ਜਿਹੀ ਛੋਹ ਦਾ ਅਨੰਦ ਮਾਣ ਰਹੇ ਸਨ ਕਿ ਓੜਕ ਉਨ੍ਹਾਂ ਦੇ ਵਿਛੜਨ ਦਾ ਸਮਾਂ ਆ ਗਿਆ। ਗੱਡੀ ਪੱਤੋ ਕੀ ਦੇ ਸਟੇਸ਼ਨ ‘ਤੇ ਰੁਕੀ। ਉਹ ਆਪਣੀ ਥਾਂ ਤੋਂ ਉਠਿਆ ਤੇ ਬੜੀ ਨਿਰਾਸ਼ਾ ਤੇ ਤਰਸ ਭਰੀ ਨਜ਼ਰ ਨਾਲ ਉਸ ਮੁਟਿਆਰ ਵਲ ਦੇਖਦਾ ਡੱਬੇ ਤੋਂ ਬਾਹਰ ਚਲਾ ਗਿਆ।
ਉਹ ਮੁਟਿਆਰ ਹੁਣ ਆਪਣੇ ਆਪ ਨੂੰ ਬੇਆਸਰਾ ਤੇ ਇਕੱਲੀ ਜਿਹੀ ਪ੍ਰਤੀਤ ਕਰਨ ਲੱਗੀ। ਉਹ ਜੋ ਕੁਝ ਚਿਰ ਪਹਿਲਾਂ ਇੱਕ ਤਰ੍ਹਾਂ ਨਾਲ ਸੁਹਾਗ ਦਾ ਮਿੱਠਾ ਜਿਹਾ ਮਾਸੂਮ ਅਨੰਦ ਮਾਣ ਰਹੀ ਸੀ, ਆਪਣੇ ਆਪ ਨੂੰ ਮੁੜ ਵਿਧਵਾ ਪ੍ਰਤੀਤ ਕਰਨ ਲੱਗੀ।