ਬਾਦਲਾਂ ਨੇ ਹੁਣ ਅਕਾਲੀ ਦਲ ਦੇ ਖਜ਼ਾਨੇ ਨੂੰ ਲਾਇਆ ਵਾਢਾ

ਬਠਿੰਡਾ: ਪੰਜਾਬ ਵਿਚ ਬਦਲੀ ਹਕੂਮਤ ਮਗਰੋਂ ਸਰਕਾਰੀ ਹੈਲੀਕਾਪਟਰ ਨੂੰ ਬਾਦਲਾਂ ਦਾ ਭਾਰ ਢੋਹਣ ਤੋਂ ਤਾਂ ਸਾਹ ਮਿਲ ਗਿਆ, ਪਰ ਇਸ ਬੋਝ ਨਾਲ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਖਜ਼ਾਨੇ ਦਾ ਦਮ ਘੁੱਟਣ ਲੱਗਾ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਦੇ ਖਜ਼ਾਨੇ ਵਿਚੋਂ ਬਾਦਲਾਂ ਤੇ ਮਜੀਠੀਆ ਦੀ ਮਾਲਕੀ ਵਾਲੀਆਂ ਔਰਬਿਟ ਏਵੀਏਸ਼ਨ ਅਤੇ ਸਰਾਇਆ ਏਵੀਏਸ਼ਨ ਦੇ ਹੈਲੀਕਾਪਟਰਾਂ ਦਾ ਕਿਰਾਇਆ ਤਾਰਿਆ ਜਾਂਦਾ ਹੈ। ਇਨ੍ਹਾਂ ਹੈਲੀਕਾਪਟਰਾਂ ਦੀ ਵਰਤੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਗਈ ਹੈ।

ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਕਮਿਸ਼ਨ ਨੂੰ ਭੇਜੀ ਗਈ ਪਾਰਟੀ ਦੀ ਤਾਜ਼ਾ ਆਡਿਟ ਰਿਪੋਰਟ ਅਤੇ ਬੈਲੇਂਸ ਸ਼ੀਟ ਅਨੁਸਾਰ ਪਾਰਟੀ ਇਸ ਵੇਲੇ ਮੈਸਰਜ਼ ਔਰਬਿਟ ਏਵੀਏਸ਼ਨ ਪ੍ਰਾਈਵੇਟ ਲਿਮਟਿਡ ਦੀ ਕਰੀਬ 1æ87 ਕਰੋੜ ਰੁਪਏ ਦੀ ਕਰਜ਼ਦਾਰ ਹੈ, ਜੋ ਬਾਦਲ ਪਰਿਵਾਰ ਦੀ ਮਾਲਕੀ ਵਾਲੀ ਏਵੀਏਸ਼ਨ ਹੈ। ਮਾਲੀ ਸਾਲ 2017-18 ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਔਰਬਿਟ ਏਵੀਏਸ਼ਨ ਦਾ ਜਹਾਜ਼ ਵਰਤਿਆ ਜਿਸ ਦਾ ਇਕ ਸਾਲ ਦਾ ਕਿਰਾਇਆ 1æ10 ਕਰੋੜ ਰੁਪਏ ਬਣਿਆ। ਪਿਛਲੇ ਸਾਲ ਇਹ ਕਿਰਾਇਆ 77æ84 ਲੱਖ ਰੁਪਏ ਸੀ। ਅਕਾਲੀ ਦਲ ਨੇ ਜੋ 3æ74 ਕਰੋੜ ਰੁਪਏ ਦੀਆਂ ਫੁਟਕਲ ਦੇਣਦਾਰੀਆਂ ਦਿਖਾਈਆਂ ਹਨ, ਉਨ੍ਹਾਂ ਵਿਚ ਔਰਬਿਟ ਏਵੀਏਸ਼ਨ ਦੇ 1æ87 ਕਰੋੜ ਰੁਪਏ ਵੀ ਸ਼ਾਮਲ ਹਨ। ਸ਼੍ਰੋਮਣੀ ਅਕਾਲੀ ਦਲ ਨੇ ਮਜੀਠੀਆ ਪਰਿਵਾਰ ਦੀ ਮਾਲਕੀ ਵਾਲੇ ਸਰਾਇਆ ਏਵੀਏਸ਼ਨ ਨੂੰ ਪਿਛਲੇ ਸਾਲ ਕਿਰਾਇਆਂ ਦੇ ਰੂਪ ਵਿਚ 7æ84 ਲੱਖ ਰੁਪਏ ਦੀ ਅਦਾਇਗੀ ਪਾਰਟੀ ਦੇ ਖਜ਼ਾਨੇ ‘ਚੋਂ ਕੀਤੀ।
ਇਸੇ ਤਰ੍ਹਾਂ ਲੰਘੇ ਸਾਲ ਅਟਾਰੀ ਏਵੀਏਸ਼ਨ ਨੂੰ 4æ39 ਲੱਖ ਕਿਰਾਇਆ ਦਿੱਤਾ ਗਿਆ ਹੈ। ਦਿਲਚਸਪ ਤੱਥ ਹਨ ਕਿ ਸਾਲ 2017-18 ਦੌਰਾਨ ਸ਼੍ਰੋਮਣੀ ਅਕਾਲੀ ਦਲ ਨੂੰ ਸਭ ਤੋਂ ਵੱਡਾ ਦਾਨ ਵੀ ਬਾਦਲਾਂ ਦੀ ਕੰਪਨੀ ਨੇ ਦਿੱਤਾ। ਡੱਬਵਾਲੀ ਟਰਾਂਸਪੋਰਟ ਨੇ 94æ50 ਲੱਖ ਅਤੇ ਔਰਬਿਟ ਰਿਜ਼ੌਰਟ ਪ੍ਰਾਈਵੇਟ ਲਿਮਟਿਡ ਨੇ 97 ਲੱਖ ਰੁਪਏ ਦਾ ਦਾਨ ਅਕਾਲੀ ਦਲ ਦੀ ਝੋਲੀ ਪਾਇਆ। ਪੰਜਾਬ ਦੇ ਲੋਕ ਭੰਬਲਭੂਸੇ ਵਿਚ ਹਨ ਕਿ ਇਕ ਹੱਥ ਨੇ ਦਾਨ ਦਿੱਤਾ ਜਦੋਂ ਕਿ ਦੂਜਾ ਹੱਥ ਅਕਾਲੀ ਦਲ ਤੋਂ ਹੈਲੀਕਾਪਟਰ ਦਾ ਕਿਰਾਇਆ ਉਡੀਕ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਤਾਂ ਮੈਸਰਜ਼ ਫਾਸਟਵੇਅ ਟਰਾਂਸਮਿਸ਼ਨ ਪ੍ਰਾਈਵੇਟ ਲਿਮਟਿਡ ਦਾ 73æ74 ਲੱਖ ਅਤੇ ਮੈਸਰਜ਼ ਜੀæਨੈਕਸਟ ਮੀਡੀਆ ਪ੍ਰਾਈਵੇਟ ਲਿਮਟਿਡ ਦਾ 57æ50 ਲੱਖ ਦਾ ਕਰਜ਼ਦਾਰ ਹੈ। ਸ਼੍ਰੋਮਣੀ ਅਕਾਲੀ ਦਲ ਨੇ ਮੈਂਬਰਸ਼ਿਪ ਵਜੋਂ ਕੂਪਨਾਂ ਤੋਂ 1æ06 ਕਰੋੜ ਰੁਪਏ ਕਮਾਏ ਹਨ। ਮੀਟਿੰਗਾਂ, ਕਾਨਫਰੰਸਾਂ ਅਤੇ ਸੰਗਤ ਦਰਸ਼ਨਾਂ ‘ਤੇ 21æ75 ਲੱਖ ਰੁਪਏ ਦਾ ਖਰਚ ਆਇਆ ਹੈ।