ਭਾਰਤ ‘ਚ ਰੋਜ਼ਾਨਾ 50 ਕਰੋੜ ਲੀਟਰ ਨਕਲੀ ਦੁੱਧ ਦੀ ਹੋ ਰਹੀ ਹੈ ਖਪਤ

ਚੰਡੀਗੜ੍ਹ: ਤਿਉਹਾਰਾਂ ਦੇ ਦਿਨਾਂ ਦੌਰਾਨ ਮਠਿਆਈਆਂ ਦੀ ਵਧਦੀ ਮੰਗ ਨੂੰ ਧਿਆਨ ‘ਚ ਰੱਖਦੇ ਹੋਏ ਨਕਲੀ (ਸਿੰਥੈਟਿਕ) ਦੁੱਧ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਨੇ ਪੂਰੀ ਤਾਕਤ ਲਗਾਈ ਹੋਈ ਹੈ। ਇਹ ਲੋਕ ਵੱਡੇ ਪੱਧਰ ‘ਤੇ ਨਕਲੀ ਦੁੱਧ ਤਿਆਰ ਕਰ ਕੇ ਇਸ ਦੀ ਵਰਤੋਂ ਮਠਿਆਈਆਂ ਤੇ ਹੋਰ ਖਾਧ ਪਦਾਰਥ ਬਣਾਉਣ ਲਈ ਕਰਕੇ ਮਨੁੱਖੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਹਨ ਪਰ ਦੇਸ਼ ‘ਚ ਅਜਿਹੇ ਲੋਕਾਂ ਖਿਲਾਫ਼ ਕੋਈ ਠੋਸ ਕਾਰਵਾਈ ਨਾ ਹੋਣ ਕਾਰਨ ਇਹ ਲੋਕ ਬੇਖੌਫ਼ ਹਨ।

ਇਸ ਸਬੰਧੀ ਘੋਖ ਕਰਨ ‘ਤੇ ਹੈਰਾਨੀਜਨਕ ਖ਼ੁਲਾਸਾ ਹੋਇਆ ਕਿ ਮੌਜੂਦਾ ਸਮੇਂ ਦੌਰਾਨ ਦੇਸ਼ ‘ਚ ਰੋਜ਼ਾਨਾ ਦੁੱਧ ਦਾ ਉਤਪਾਦਨ ਸਿਰਫ ਕਰੀਬ 14 ਕਰੋੜ ਲੀਟਰ ਹੈ ਜਦੋਂ ਕਿ ਖਪਤ ਕਰੀਬ 64 ਕਰੋੜ ਲੀਟਰ ਪ੍ਰਤੀ ਦਿਨ ਹੋ ਰਹੀ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਦੇਸ਼ ‘ਚ ਰੋਜ਼ਾਨਾ 50 ਕਰੋੜ ਲੀਟਰ ਨਕਲੀ ਦੁੱਧ ਦੀ ਖਪਤ ਹੋ ਰਹੀ ਹੈ। ਇਹ ਦੁੱਧ ਪੀਣ ਤੇ ਇਸ ਤੋਂ ਤਿਆਰ ਖਾਧ ਪਦਾਰਥਾਂ ਨੂੰ ਖਾਣ ਨਾਲ ਦੇਸ਼ ਦੇ ਲੋਕ ਵੱਡੇ ਪੱਧਰ ‘ਤੇ ਕੈਂਸਰ ਤੇ ਹੋਰ ਨਾ ਮੁਰਾਦ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਪਰ ਸਿਹਤ ਵਿਭਾਗ ਤੇ ਸਰਕਾਰ ਵਲੋਂ ਸਿਰਫ ਤਿਉਹਾਰਾਂ ਦੇ ਦਿਨਾਂ ਦੌਰਾਨ ਖਾਨਾਪੂਰਤੀ ਕਰਨ ਲਈ ਕੁਝ ਦੁਕਾਨਾਂ ਦੀ ਜਾਂਚ ਕੀਤੀ ਜਾਂਦੀ ਹੈ। ਕਈ ਵਾਰ ਵੱਡੇ ਪੱਧਰ ‘ਤੇ ਨਕਲੀ ਦੁੱਧ ਤੇ ਇਸ ਤੋਂ ਤਿਆਰ ਖਾਧ ਪਦਾਰਥ ਫੜ ਵੀ ਲਏ ਜਾਂਦੇ ਹਨ ਪਰ ਅਜਿਹੇ ਖਾਧ ਪਦਾਰਥ ਤਿਆਰ ਕਰਨ ਵਾਲੇ ਲੋਕਾਂ ਖਿਲਾਫ਼ ਅਗਾਂਹ ਕੀ ਕਰਵਾਈ ਹੋਈ, ਇਸ ਬਾਰੇ ਕੁਝ ਵੀ ਪਤਾ ਨਹੀਂ ਲੱਗਦਾ।
ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਕਾਰੋਬਾਰ ‘ਚ ਲੱਗੇ 90 ਫੀਸਦੀ ਲੋਕ ਸਿਆਸੀ ਅਸਰ-ਰਸੂਖ ਵਰਤ ਕੇ ਅਜਿਹੇ ਮਾਮਲਿਆਂ ਨੂੰ ਥੋੜ੍ਹਾ ਜਿਹਾ ਜੁਰਮਾਨਾ ਅਦਾ ਕਰਕੇ ਰਫਾ-ਦਫ਼ਾ ਕਰਵਾ ਦਿੰਦੇ ਹਨ। ਹੁਣ ਸਿਰਫ ਸ਼ਹਿਰੀ ਖੇਤਰਾਂ ‘ਚ ਹੀ ਨਹੀਂ, ਸਗੋਂ ਪੇਂਡੂ ਇਲਾਕਿਆਂ ਵਿਚ ਵੀ ਨਕਲੀ ਦੁੱਧ ਤੇ ਇਸ ਤੋਂ ਤਿਆਰ ਖਾਧ ਪਦਾਰਥ ਵਿਕ ਰਹੇ ਹਨ। ਇਸ ‘ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਪਿਛਲੇ ਦਿਨੀਂ ਵਿਸ਼ਵ ਸਿਹਤ ਸੰਗਠਨ ਨੇ ਖਦਸ਼ਾ ਜ਼ਾਹਿਰ ਕੀਤਾ ਹੈ ਕਿ ਸਾਲ 2025 ਤੱਕ ਭਾਰਤ ਦੀ 87 ਫ਼ੀਸਦੀ ਆਬਾਦੀ ਨੂੰ ਕੈਂਸਰ ਦਾ ਖ਼ਤਰਾ ਹੈ ਪਰ ਫਿਰ ਵੀ ਦੇਸ਼ ‘ਚ ਅਜਿਹੇ ਲੋਕਾਂ ਖਿਲਾਫ਼ ਸ਼ਿਕੰਜਾ ਨਹੀਂ ਕੱਸਿਆ ਜਾ ਰਿਹਾ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਹ ਸਿੰਥੈਟਿਕ ਦੁੱਧ ਨੂੰ ਤਿਆਰ ਕਰਨ ਲਈ ਸ਼ੈਂਪੂ, ਯੂਰੀਆ, ਰਿਫਾਇੰਡ, ਤੇਜ਼ਾਬ, ਜ਼ਹਿਰੀਲਾ ਕੈਮੀਕਲ ਤੇ ਸੁੱਕਾ ਦੁੱਧ ਵੀ ਵਰਤਿਆ ਜਾ ਰਿਹਾ ਹੈ। ਬੇਸ਼ੱਕ ਮੀਡੀਆ ਨੇ ਕਈ ਵਾਰ ਇਹ ਖੁਲਾਸੇ ਕੀਤੇ ਹਨ ਕਿ ਦੁੱਧ ਤੋਂ ਤਿਆਰ ਹੁੰਦੀਆਂ ਤੇ ਹੋਰ ਮਠਿਆਈਆਂ ਮਨੁੱਖੀ ਸਿਹਤ ਲਈ ਹਾਨੀਕਾਰਕ ਹਨ ਪਰ ਫਿਰ ਵੀ ਲੋਕਾਂ ਦੀ ਮਠਿਆਈਆਂ ਪ੍ਰਤੀ ਖਿੱਚ ਅਜੇ ਬਹੁਤੀ ਨਹੀਂ ਘਟੀ।
_______________________________
ਪੰਜਾਬ ਭਰ ‘ਚੋਂ 47 ਫੀਸਦੀ ਨਮੂਨੇ ਫੇਲ੍ਹ
ਪਟਿਆਲਾ: ਲੋਕਾਂ ਦੀ ਸਿਹਤ ਨਾਲ ਹੁੰਦੇ ਖਿੜਵਾੜ ਨੂੰ ਰੋਕਣ ਲਈ ਪਟਿਆਲਾ ਤੋਂ ਸ਼ੁਰੂ ਕੀਤੀ ਖਾਧ ਪਦਾਰਥਾਂ ਦੀ ਜਾਂਚ ਦੀ ਮੁਹਿੰਮ ਦੌਰਾਨ ਸੂਬੇ ‘ਚੋਂ ਲਏ ਗਏ ਕਰੀਬ ਅੱਧੇ ਸੈਂਪਲ ਫੇਲ੍ਹ ਹੋ ਗਏ ਹਨ। ਅਗਸਤ ਮਹੀਨੇ ਖਾਧ ਪਦਾਰਥਾਂ ਦੇ ਪੰਜਾਬ ਭਰ ਤੋਂ ਲਏ ਗਏ ਸੈਂਪਲਾਂ ਦੀਆਂ ਆਈਆਂ ਰਿਪੋਰਟਾਂ ਮੁਤਾਬਕ 1429 ਵਿਚੋਂ 666 (46æ6 ਫੀਸਦੀ) ਸੈਂਪਲ ਫੇਲ੍ਹ ਹੋ ਗਏ ਹਨ।
ਅਗਸਤ ‘ਚ ਪਟਿਆਲਾ ਸਮੇਤ 12 ਜ਼ਿਲ੍ਹਿਆਂ ਵਿਚ ਤਾਂ ਸੈਂਪਲ ਭਰਨ ਦਾ ਟੀਚਾ ਵੀ ਪੂਰਾ ਨਹੀਂ ਹੋਇਆ। 32 ਫੀਸਦੀ ਸੈਂਪਲ ਭਰਨ ਵਾਲਾ ਗੁਰਦਾਸਪੁਰ ਫਾਡੀ ਰਿਹਾ। ਪਟਿਆਲਾ ਨੇ ਟੀਚੇ ਦੇ ਸੌ ਵਿਚੋਂ 47 ਫੀਸਦੀ ਅਤੇ ਤਰਨ ਤਾਰਨ ਨੇ 60 ਫੀਸਦੀ ਹੀ ਸੈਂਪਲ ਲਏ।