ਅੰਮ੍ਰਿਤਸਰ: ਤਿੰਨ ਵਰ੍ਹੇ ਪਹਿਲਾਂ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਤੇ ਡੇਰਾ ਸਿਰਸਾ ਮੁਖੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਪਹਿਲਾਂ ਮੁਆਫੀ ਤੇ ਫਿਰ ਪੰਥਕ ਰੋਹ ਕਾਰਨ ਮੁਆਫੀ ਰੱਦ ਕਰਨ ਦੇ ਮਾਮਲਿਆਂ ਕਾਰਨ ਸਿੱਖ ਸੰਗਤ ਦੇ ਰੋਹ ਦਾ ਸਾਹਮਣਾ ਕਰ ਰਹੇ ਅਕਾਲ ਤਖਤ ਦੇ ਜਥੇਦਾਰ ਦੇ ਅਸਤੀਫੇ ਦਾ ਮਾਮਲਾ ਮੁੜ ਚਰਚਾ ਵਿਚ ਹੈ। ਇਕ ਪਾਸੇ ਚਰਚਾ ਹੈ ਕਿ ਗਿਆਨੀ ਗੁਰਬਚਨ ਸਿੰਘ ਨੂੰ ਦੀਵਾਲੀ ਤੋਂ ਪਹਿਲਾਂ ਬਦਲਿਆ ਜਾਣਾ ਤੈਅ ਹੈ ਤੇ ਸ਼੍ਰੋਮਣੀ ਅਕਾਲੀ ਦਲ ਨੇ ਅੰਦਰੋਂ ਅੰਦਰੀ ਨਵੇਂ ਜਥੇਦਾਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਸ ਪਿੱਛੇ ਕਾਰਨ ਜਥੇਦਾਰ ਦੀ ਸਿਹਤ ਠੀਕ ਨਾ ਹੋਣਾ ਦੱਸਿਆ ਜਾ ਰਿਹਾ ਹੈ ਪਰ ਗਿਆਨੀ ਗੁਰਬਚਨ ਸਿੰਘ ਆਖ ਰਹੇ ਹਨ ਕਿ ਉਹ ਚੰਗੇ ਭਲੇ ਹਨ ਤੇ ਅਹੁਦੇ ਉਸੇ ਸੇਵਾ ਨਿਭਾਉਂਦੇ ਰਹਿਣਗੇ। ਇਸ ਪਿੱਛੋਂ ਇਹ ਵੀ ਚਰਚਾ ਛਿੜ ਗਈ ਹੈ ਕਿ ਸਿੱਖ ਸੰਗਤ ਦੇ ਰੋਹ ਦਾ ਸਾਹਮਣੇ ਕਰ ਰਿਹਾ ਅਕਾਲੀ ਦਲ ਬਾਦਲ ਜਥੇਦਾਰ ਦੀ ਛੁੱਟੀ ਕਰਨ ਲਈ ਕਾਹਲਾ ਹੈ ਪਰ ਗਿਆਨੀ ਗੁਰਬਚਨ ਸਿੰਘ ਦਾ ਅਹੁਦਾ ਛੱਡਣ ਦਾ ਮਨ ਨਹੀਂ ਹੈ।
ਯਾਦ ਰਹੇ ਕਿ ਵਿਧਾਨ ਸਭਾ ਇਜਲਾਸ ‘ਚ ਇਕ ਕਾਂਗਰਸੀ ਆਗੂ ਵੱਲੋਂ ਜਥੇਦਾਰ ਦੇ ਪਰਿਵਾਰ ‘ਤੇ ਲਗਾਏ ਗਏ ਗੰਭੀਰ ਦੋਸ਼ਾਂ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਆਪਣੇ ਹੀ ਸੀਨੀਅਰ ਆਗੂਆਂ ਵਲੋਂ ਜਥੇਦਾਰ ਨੂੰ ਹਟਾਉਣ ਦੀ ਮੰਗ ਕੀਤੀ ਜਾ ਰਹੀ ਹੈ। ਇਹ ਮਾਮਲਾ ਮੁੜ ਉਜਾਗਰ ਹੋਣ ਕਾਰਨ ਜਥੇਦਾਰ ਦੀਆਂ ਪੰਜਾਬ ਦੇ ਗੁਰਮਤਿ ਸਮਾਗਮਾਂ ‘ਚ ਵਿਚਰਨ ਦੀਆਂ ਸਰਗਰਮੀਆਂ ਲਗਭਗ ਠੱਪ ਹੀ ਹਨ ਤੇ ਉਹ ਪੰਜਾਬ ਤੋਂ ਬਾਹਰ ਦਿੱਲੀ, ਉਤਰਾਖੰਡ ਤੇ ਹਰਿਆਣਾ ਆਦਿ ਰਾਜਾਂ ‘ਚ ਹੋਣ ਵਾਲੇ ਸਮਾਗਮਾਂ ਵਿਚ ਹੀ ਸ਼ਿਰਕਤ ਕਰ ਰਹੇ ਹਨ। ਇਹ ਵੀ ਚਰਚਾ ਹੈ ਕਿ ਗਿਆਨੀ ਗੁਰਬਚਨ ਸਿੰਘ ਨੂੰ ਦੀਵਾਲੀ ਤੋਂ ਪਹਿਲਾਂ ਬਦਲਿਆ ਜਾਣਾ ਤੈਅ ਹੈ। ਸ਼੍ਰੋਮਣੀ ਅਕਾਲੀ ਦਲ ਨੇ ਅੰਦਰੋਂ ਅੰਦਰੀ ਨਵੇਂ ਜਥੇਦਾਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਗਿਆਨੀ ਗੁਰਬਚਨ ਸਿੰਘ ਨੇ ਵੀ ਅਹੁਦਾ ਛੱਡਣ ਦੀ ਤਿਆਰੀ ਵਿੱਢ ਦਿੱਤੀ ਹੈ ਅਤੇ ਅੰਦਰਖਾਤੇ ਅਹੁਦਾ ਛੱਡਣ ਦੀ ਪੇਸ਼ਕਸ਼ ਵੀ ਲੀਡਰਸ਼ਿਪ ਕੋਲ ਕਰ ਦਿੱਤੀ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਭਰੋਸੇਮੰਦ ਜਥੇਦਾਰ ਲੱਭਣ ਵਿਚ ਕੁਝ ਮੁਸ਼ਕਲਾਂ ਆ ਰਹੀਆਂ ਹਨ। ਸੀਨੀਅਰ ਅਕਾਲੀ ਲੀਡਰਸ਼ਿਪ ਵਲੋਂ ਕਈ ਨਾਮ ਜਥੇਦਾਰ ਦੇ ਅਹੁਦੇ ਲਈ ਸੁਝਾਏ ਵੀ ਗਏ ਹਨ ਪਰ ਹਾਲੇ ਬਾਦਲ ਪਰਿਵਾਰ ਨੂੰ ਕੋਈ ਢੁਕਵਾਂ ਨਾਮ ਫਿੱਟ ਨਹੀਂ ਬੈਠ ਰਿਹਾ ਹੈ। ਨਵੇਂ ਜਥੇਦਾਰ ਦੀ ਨਿਯੁਕਤੀ ਭਾਵੇਂ ਸ਼੍ਰੋਮਣੀ ਕਮੇਟੀ ਵਲੋਂ ਕੀਤੀ ਜਾਣੀ ਹੈ ਪਰ ਬਾਦਲ ਪਰਿਵਾਰ ਨਵੇਂ ਜਥੇਦਾਰ ਦੀ ਤਲਾਸ਼ ਵਿਚ ਜੁਟਿਆ ਹੋਇਆ ਹੈ।
ਸੂਤਰਾਂ ਅਨੁਸਾਰ ਕਈ ਗਰਮ ਸੁਰ ਵਾਲੇ ਨਾਮ ਵੀ ਸਾਹਮਣੇ ਆਏ ਸਨ ਪਰ ਉਨ੍ਹਾਂ ਤੋਂ ਬਾਦਲ ਪਰਿਵਾਰ ਤ੍ਰਭਕਦਾ ਹੈ। ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਦੇ ਮੁੱਦੇ ਉਤੇ ਲੱਗੀ ਸਿਆਸੀ ਸੱਟ ਮਗਰੋਂ ਬਾਦਲ ਪਰਿਵਾਰ ਹੁਣ ਅਜਿਹੀ ਸ਼ਖ਼ਸੀਅਤ ਦੀ ਤਲਾਸ਼ ਵਿਚ ਹੈ ਜਿਸ ਨਾਲ ਪੁਰਾਣੇ ਦਾਗ ਵੀ ਧੋਤੇ ਜਾ ਸਕਣ। ਇਸ ਤਰ੍ਹਾਂ ਦੀ ਸ਼ਖ਼ਸੀਅਤ ‘ਤੇ ਵੀ ਨਜ਼ਰ ਮਾਰੀ ਜਾ ਰਹੀ ਹੈ ਜੋ ਵਿਦੇਸ਼ਾਂ ਵਿਚ ਵੱਸਦੇ ਸਿੱਖਾਂ ਵਿਚ ਵੀ ਪ੍ਰਵਾਨਿਤ ਹੋਵੇ। ਚਰਚਾ ਹੈ ਕਿ ਜੇ ਸ਼੍ਰੋਮਣੀ ਅਕਾਲੀ ਦਲ ਨੂੰ ਤਲਾਸ਼ ਵਿਚ ਕਾਮਯਾਬੀ ਮਿਲੀ ਤਾਂ ਐਤਕੀਂ ਬੰਦੀ ਛੋੜ ਦਿਵਸ ਮੌਕੇ ਕੌਮ ਦੇ ਨਾਮ ਸੰਦੇਸ਼ ਨਵਾਂ ਜਥੇਦਾਰ ਦੇਵੇਗਾ। ਜਥੇਦਾਰ ਗਿਆਨੀ ਗੁਰਬਚਨ ਸਿੰਘ ਸਭ ਤੋਂ ਵੱਧ ਉਦੋਂ ਵਿਵਾਦਾਂ ਵਿਚ ਆਏ ਜਦੋਂ ਉਨ੍ਹਾਂ ਨੇ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫੀ ਦੇ ਦਿੱਤੀ ਸੀ। ਉਨ੍ਹਾਂ ‘ਤੇ ਸਭ ਤੋਂ ਵੱਧ ਇਲਜ਼ਾਮ ਇਹੋ ਹਨ ਕਿ ਉਨ੍ਹਾਂ ਨੇ ਸਿਆਸੀ ਦਬਾਅ ਹੇਠ ਕੰਮ ਕੀਤਾ ਅਤੇ ਅਕਾਲ ਤਖ਼ਤ ਦੀ ਮਰਿਆਦਾ ਦਾ ਵੀ ਖਿਆਲ ਨਹੀਂ ਕੀਤਾ।