ਮਾਰੂਥਲ ਵਿਚ ਭੁੱਜਦਾ ਊਠ

ਬਲਜੀਤ ਬਾਸੀ
ਊਠ ਨੂੰ ਰੇਗਿਸਤਾਨ ਦਾ ਜਹਾਜ ਕਿਹਾ ਜਾਂਦਾ ਹੈ। ਉਚੇ ਉਚੇ ਟਿੱਬਿਆਂ ਵਾਲੇ, ਵਲਵਲੇਵੇਂ ਖਾਂਦੇ ਤੇ ਗਰਮੀ ਨਾਲ ਸੜ ਭੁੱਜ ਰਹੀ ਰੇਤ ਵਾਲੇ ਇਲਾਕੇ ਵਿਚ ਊਠ ਹੀ ਇੱਕ ਅਜਿਹਾ ਜਾਨਵਰ ਹੈ, ਜੋ ਇੱਕ ਥਾਂ ਤੋਂ ਦੂਜੀ ਥਾਂ ਸਮਾਨ ਅਤੇ ਸਵਾਰੀਆਂ ਢੋਣ ਦਾ ਕੰਮ ਦਿੰਦਾ ਰਿਹਾ ਹੈ। ਰਵਾਇਤੀ ਤੌਰ ‘ਤੇ ਰੇਗਿਸਤਾਨ ਵਿਚ ਰਹਿਣ ਵਾਲੇ ਲੋਕਾਂ ਨੂੰ ਦੁੱਧ, ਮਾਸ ਅਤੇ ਉਨ ਮੁਹੱਈਆ ਕਰਨ ਵਾਲਾ ਵੀ ਇਹੀ ਪਸੂ ਹੈ। ਊਠ ਦੀ ਗਰਦਨ ਲੰਮੀ ਹੁੰਦੀ ਹੈ, ਜਿਸ ਕਰਕੇ ਇਹ ਉਚੇ ਉਚੇ ਦਰਖਤਾਂ ਤੋਂ ਵੀ ਫਲ ਪੱਤੇ ਖਾ ਸਕਦਾ ਹੈ। ਊਠ ਦਾ ਮੇਅਦਾ ਹੀ ਅਜਿਹਾ ਵਿਕਸਿਤ ਹੋਇਆ ਹੈ ਕਿ

ਮਾਰੂਥਲ ਵਿਚ ਪਾਣੀ ਦੀ ਘਾਟ ਹੋਣ ਦੇ ਬਾਵਜੂਦ ਇਹ ਕਈ ਦਿਨਾਂ ਤੱਕ ਆਪਣੇ ਅੰਦਰ ਪਾਣੀ ਜਮ੍ਹਾਂ ਰੱਖ ਸਕਦਾ ਹੈ।
ਊਠ ਦੋ ਢੁੱਠਾਂ ਵਾਲਾ ਵੀ ਹੁੰਦਾ ਹੈ ਤੇ ਇੱਕ ਢੁੱਠ ਵਾਲਾ ਵੀ। ਇਸ ਦੀਆਂ ਢੁੱਠਾਂ ਵਿਚ ਜਮ੍ਹਾਂ ਚਰਬੀ ਇਸ ਨੂੰ ਮਾਰੂਥਲ ਦੀ ਤਪਸ਼ ਤੋਂ ਬਚਾਉਂਦੀ ਹੈ। ਊਠ ਮੰਗੋਲੀਆ, ਮੱਧ ਏਸ਼ੀਆ, ਅਰਬ ਦੇਸ਼ਾਂ, ਇਰਾਨ ਅਤੇ ਉਤਰੀ ਅਫਰੀਕਾ ਵਿਚ ਪਾਇਆ ਜਾਂਦਾ ਹੈ। ਇਸਲਾਮ ਧਰਮ ਨੇ ਊਠ ਨੂੰ ਅਰਬ ਨਾਲ ਜੋੜ ਦਿੱਤਾ। ਤਾਂ ਹੀ ਤਾਂ ਕੋਈ ਆਪਣਾ ਅਸਲਾ ਵਿਖਾਵੇ ਤਾਂ ਕਿਹਾ ਜਾਂਦਾ ਹੈ, ‘ਊਠ ਅਰਬ ਨੂੰ ਭੱਜਦਾ ਹੈ।’ ਹਿੰਦੁਸਤਾਨੀ ਭੂ-ਖਿੱਤੇ ਵਿਚ ਇਹ ਰਾਜਸਥਾਨ, ਮੱਧ ਪ੍ਰਦੇਸ਼, ਸਿੰਧ, ਮੁਲਤਾਨ, ਬਲੋਚਿਸਤਾਨ ਅਤੇ ਪੰਜਾਬ ਦੇ ਮਾਲਵਾ ਖੇਤਰ ਵਿਚ ਪਾਇਆ ਜਾਂਦਾ ਹੈ।
ਅਰਬੀ ਬੋਲਣ ਵਾਲੇ ਦੇਸ਼ਾਂ ਵਿਚ ਊਠ ਨੂੰ ਸੁੰਦਰਤਾ ਦਾ ਸਿਖਰ ਸਮਝਿਆ ਜਾਂਦਾ ਹੈ। ‘ਕਰਹਲੇ’ ਲੇਖ ਵਿਚ ਅਸੀਂ ਦੱਸਿਆ ਸੀ ਕਿ ਕੁਝ ਵਿਦਵਾਨਾਂ ਅਨੁਸਾਰ ਕਮਾਲ ਦੀ ਸੁੰਦਰਤਾ ਦੇ ਅਰਥਾਂ ਵਾਲਾ ਜਮਾਲ ਸ਼ਬਦ ਊਠ ਲਈ ਅਰਬੀ ਸ਼ਬਦ ਜਮਲ ਤੋਂ ਹੀ ਬਣਿਆ ਹੋ ਸਕਦਾ ਹੈ। ਇਸਲਾਮ ਧਰਮ ਅਨੁਸਾਰ ਊਠ ਪਵਿੱਤਰ ਅਤੇ ਕੁਰਬਾਨੀ ਯੋਗ ਜੀਵ ਹੈ, ਜਦ ਕਿ ਸਾਡੇ ਮਨੂੰ ਨੇ ਬ੍ਰਾਹਮਣਾਂ ਲਈ ਊਠ ਦੀ ਸਵਾਰੀ ਨੂੰ ਅਪਵਿੱਤਰ ਮੰਨਿਆ ਹੈ। ਊਠ ਦਾ ਦੁੱਧ ਅਤੇ ਮਾਸ ਰਿਸ਼ੀਆਂ ਲਈ ਖਾਣਾ ਮਨ੍ਹਾਂ ਹੈ। ਸ਼ਾਇਦ ਮਨੂੰ ਦਾ ਹੀ ਅਸਰ ਹੈ ਕਿ ਸਾਡਾ ਸਮਾਜ ਊਠ ਦੇ ਫਾਇਦੇ ਤਾਂ ਖੂਬ ਚੁੱਕਦਾ ਹੈ ਪਰ ਇਸ ਦੀ ਸੁੰਦਰਤਾ, ਡੀਲ ਡੋਲ ਅਤੇ ਨਫਾਸਤ ਦੇ ਗੁਣਗਾਨ ਨਹੀਂ ਕਰਦਾ। ਇਥੇ ਊਠ ਦੀ ਕਿਸੇ ਗੱਲ ਨੂੰ ਸਿੱਧੀ ਨਹੀਂ ਮੰਨਿਆ ਗਿਆ।
ਮੇਰਾ ਖਿਆਲ ਹੈ ਕਿ ਭਾਰਤੀ ਜਨ ਮਾਣਸ ਨੇ ਊਠ ਦੀਆਂ ਵਿੰਗੀਆਂ ਟੇਢੀਆਂ ਟੰਗਾਂ ਨਿਹਾਰ ਕੇ ਹੀ ‘ਊਠ ਪਟਾਂਗ’ ਜਿਹੀ ਉਕਤੀ ਘੜੀ ਹੈ। ਕਿਸੇ ਜਾਂ ਕਾਸੇ ਦੀ ਬਹੁਤ ਲੰਬੀ ਉਡੀਕ ਕਰਨੀ ਪਵੇ ਤਾਂ ਕਹਿ ਦੇਈਦਾ ਹੈ, ‘ਊਠ ਦਾ ਬੁੱਲ੍ਹ’ ਪਤਾ ਨਹੀਂ ਕਦੋਂ ਡਿੱਗੇਗਾ। ਊਠ ਏਨਾ ਬੇਇਤਬਾਰਾ ਹੈ ਕਿ ਇਸ ਦਾ ਇਹ ਵੀ ਪਤਾ ਨਹੀਂ ਲਗਦਾ ਕਿ ਇਹ ਕਿਸ ਕਰਵਟ ਬੈਠੇਗਾ। ਜੇ ਅੱਜ ਕਲ੍ਹ ਅਮੀਰ ਘਰਾਂ ਦੇ ਗਰਾਜਾਂ ਵਿਚ ਕਾਰਾਂ-ਜੀਪਾਂ ਖੜ੍ਹੀਆਂ ਹੁੰਦੀਆਂ ਹਨ ਤਾਂ ਕਿਸੇ ਵੇਲੇ ਉਨ੍ਹਾਂ ਦੇ ਤਬੇਲਿਆਂ ਵਿਚ ਊਠ ਹੀ ਊਠ ਖੜ੍ਹੇ ਹੁੰਦੇ ਸਨ। ਇਸ ਲਈ ਊਠਾਂ ਵਾਲਿਆਂ ਨਾਲ ਯਾਰੀ ਲਾਉਣੀ ਜਾਂ ਰਿਸ਼ਤੇਦਾਰੀ ਕਰਨੀ ਮਹਿੰਗਾ ਸੌਦਾ ਹੁੰਦਾ ਸੀ। ਊਠਾਂ ਵਾਲੇ ਸਾਕ ਮਿੱਤਰ ਨੀਵੇਂ ਦਰ ਵਾਲੇ ਘਰ ਵਿਚ ਆ ਢੁਕਣ ਤਾਂ ਉਨ੍ਹਾਂ ਦਾ ਤਾਂ ਊਠ ਵੀ ਅਜਿਹੇ ਘਰ ਵਿਚ ਵੜ ਨਹੀਂ ਸਕਦਾ।
ਅਕ੍ਰਿਤਘਣ ਪੰਜਾਬੀਆਂ ਨੇ ਇਸ ਦੇ ਹਰ ਅੰਗ, ਹਰ ਹਰਕਤ ਤੇ ਹਰ ਆਦਤ ਦਾ ਮੌਜੂ ਉਡਾਇਆ। ਅਖੇ, ਊਠ ਲੱਦਿਆ ਵੀ ਅੜਾਉਂਦਾ ਹੈ ਤੇ ਸੱਖਣਾ ਵੀ; ਊਠ ਬੁਢਾ ਹੋ ਗਿਆ ਪਰ ਮੂਤਣਾ ਨਾ ਆਇਆ; ਊਠ ਦਾ ਪੱਦ, ਨਾ ਜਿਮੀਂ, ਨਾ ਅਸਮਾਨ; ਊਠ ਨਾ ਪੱਦਿਆ, ਜੇ ਪੱਦਿਆ ਤਾਂ ਫੁੱਸ। ਊਠ ਬੋਲੇਗਾ ਤਾਂ ਲਾਣੇ ਦੀ ਬੋਅ ਆਵੇਗੀ, ਊਠ ਨੂੰ ਛੱਪਰ ਕਿਸ ਪਾਏ ਨੇ। ਊਠ ਨੂੰ ਭੁੱਖੜ ਸਾਬਤ ਕਰਨ ਲਈ ਉਸ ਦੇ ਮੂੰਹ ਵਿਚ ਜ਼ੀਰਾ ਦੇ ਦਿੱਤਾ ਜਾਂਦਾ ਹੈ। ਭਲਾ ਸੋਚੋ! ਨਿਰੇ ਜ਼ੀਰੇ ਨਾਲ ਤਾਂ ਇਨਸਾਨ ਦੇ ਢਿਡ ‘ਚ ਵੀ ਝੁਲਕਾ ਨਹੀਂ ਦਿੱਤਾ ਜਾ ਸਕਦਾ। ਹੋਰ ਸੁਣੋ, ਊਠ ਅੜਾਉਂਦੇ ਹੀ ਲੱਦੀਦੇ ਹਨ, ਊਠ ਤੋਂ ਛਾਣਨੀ ਲਾਹਿਆਂ ਭਾਰ ਨਹੀਂ ਹੌਲਾ ਹੁੰਦਾ, ਊਠ ‘ਤੇ ਚੜ੍ਹੀ ਨੂੰ ਕੁੱਤਾ ਲੜ ਜਾਊ। ਨਿਰਦਈ ਮਨੁੱਖਾ! ਊਠ ਨੇ ਤੇਰਾ ਕੁਝ ਸਵਾਰਿਆ ਹੀ ਹੈ, ਵਿਗਾੜਿਆ ਤਾਂ ਕੁਝ ਨਹੀਂ। ਊਠ ਤਾਂ ਵਿਚਾਰਾ ਕੁੱਦਦਾ ਵੀ ਨਹੀਂ, ਉਸ ਉਪਰਲਾ ਬੋਰਾ ਹੀ ਕੁੱਦਦਾ ਹੈ। ‘ਊਠ ਆਪਣੇ ਆਪ ਨੂੰ ਉਦੋਂ ਸਮਝਦਾ ਏ, ਜਦੋਂ ਪਹਾੜ ਥੱਲੇ ਆਵੇ’, ਦੱਸੋ ਊਠ ਦੇ ਕੱਦ ਕਾਠ ਨੂੰ ਵੀ ਨਿੰਦ ਦਿੱਤਾ। ਹੋਰ ਤਾਂ ਹੋਰ, ਵਾਰਿਸ ਸ਼ਾਹ ਜਿਹੇ ਸ਼ਦੀਦ ਕਵੀ ਨੇ ਊਠ ਨੂੰ ਫਸਾਦ ਦੀਆਂ ਅੱਠ ਜੜ੍ਹਾਂ ਵਿਚ ਗਿਣਾ ਦਿੱਤਾ ਹੈ,
ਜਦੋਂ ਖਲਕ ਪੈਦਾ ਕੀਤੀ ਰਬ ਸੱਚੇ
ਬੰਦਿਆਂ ਵਾਸਤੇ ਕੀਤੇ ਨੇ ਇਹ ਪਸਾਰੇ।
ਰੰਨਾਂ, ਛੋਕਰੇ, ਜਿੰਨ, ਸ਼ੈਤਾਨ, ਰਾਵਲ
ਕੁੱਤਾ, ਕੁਕੜੀ, ਬੱਕਰੀ, ਊਠ ਸਾਰੇ।
ਪੰਜਾਬੀ ਸਾਹਿਤ ਵਿਚ ਊਠ ਦਾ ਚੋਖਾ ਜ਼ਿਕਰ ਹੈ। ਬਹੁਤ ਸਾਰੇ ਕਿੱਸਾਕਾਰਾਂ ਅਤੇ ਸੂਫੀ ਕਵੀਆਂ ਨੇ ਊਠ ਨੂੰ ਆਪਣੀ ਕਾਵਿ ਰਚਨਾ ਵਿਚ ਖੂਬ ਦੌੜਾਇਆ ਹੈ। ਸੱਸੀ ਊਠਾਂ ਵਾਲਿਆਂ ਦੀ ਹੀ ਬਣ ਕੇ ਰਹਿ ਗਈ ਸੀ ਪਰ ਹਾਸ਼ਮ ਫਿਰ ਵੀ ਊਠ ਦੀ ਨਿੰਦਾ ਕਰਨੋ ਨਾ ਟਲਿਆ,
ਉਹ ਕੀ ਦਰਦ ਦਿਲਾਂ ਦਾ ਜਾਣਨ
ਊਠ ਚਰਾਵਣ ਵਾਲੇ।
ਹਾਸ਼ਮ ਦੋਸ਼ ਨਹੀਂ ਕਾਰਵਾਨਾਂ
ਇਸ਼ਕ ਕਈ ਘਰ ਗਾਲੇ।

ਬੁਲੇ ਸ਼ਾਹ ਸੁਣ ਲਵੋ,
ਸੱਭਾ ਹਿੱਕਾਂ ਚਾਂਦੀ ਆਖੋ
ਕਣ-ਕਣ ਚੂੜਾ ਬਾਹੀਂ ਦਾ।
ਭੇਡਾਂ ਬੱਕਰੀਆਂ ਚਾਰਨ ਵਾਲਾ
ਊਠ ਮੱਝੀਆਂ ਦਾ ਕਰੇ ਸੰਭਾਲਾ।
ਊਠ ਸ਼ਬਦ ਦਾ ਸੰਸਕ੍ਰਿਤ ਰੂਪ ‘ਉਸ਼ਟਰ’ ਹੈ। ਰਿਗ ਵੇਦ ਵਿਚ ਉਸ਼ਟਰ ਦਾ ਇੱਕ ਅਰਥ ‘ਮੱਝ’ ਵੀ ਹੈ। ਇਸ ਦਾ ਪਾਲੀ ਰੂਪ ਹੈ, ਓਠ ਤੇ ਪ੍ਰਕ੍ਰਿਤ ਉਟ। ਇਹ ਹਿੰਦੀ ਵਿਚ ਊਂਟ, ਸਿੰਧੀ ਵਿਚ ਉਠੁ ਅਤੇ ਗੁਜਰਾਤੀ ਵਿਚ ਉਟ ਹੈ। ਪੰਜਾਬੀ ਦੀਆਂ ਕਈ ਉਪ ਭਾਸ਼ਾਵਾਂ ਵਿਚ ਇਸ ਦੇ ਹੋਰ ਰੂਪ ਹਨ, ਉਠ ਤੇ ਊਟ। ਪਸ਼ਤੋ ਵਿਚ ਊਠਰ ਹੈ। ਸਪੱਸ਼ਟ ਹੈ ਕਿ ਸਾਰੇ ਰੂਪ ਉਸ਼ਟਰ ਤੋਂ ਹੀ ਵਿਉਤਪਤ ਹੋਏ ਹਨ। ਕੁਝ ਵਿਚ ਆਖਰੀ ‘ਰ’ ਧੁਨੀ ਅਲੋਪ ਹੋ ਗਈ ਹੈ ਅਤੇ ‘ਸ਼ਟ’ ਧੁਨੀ ‘ਠ’ ਵਿਚ ਪਲਟ ਗਈ ਹੈ। ਭਗਤ ਕਬੀਰ ਅਤੇ ਗੁਰੂ ਅਰਜਨ ਦੇਵ ਨੇ ਉਸਟ ਰੂਪ ਵਰਤਿਆ ਹੈ। ਭਗਤ ਕਬੀਰ ਨੇ ਇਸ ਨੂੰ ਮਾਇਆ ਦਾ ਲੋਭੀ ਬਣਾਇਆ, ‘ਤੁਰੇ ਉਸਟ ਮਾਇਆ ਮਹਿ ਭੇਲਾ॥’ ਤਾਂ ਗੁਰੂ ਅਰਜਨ ਦੇਵ ਨੇ ਪਾਪਾਂ ਕਾਰਨ ਮਨੁੱਖ ਨੂੰ ਊਠ ਦੀ ਜੂਨੇ ਪੈ ਕੇ ਲਿਟਣ ਤੋਂ ਡਰਾਇਆ, ‘ਪਸੁ ਪਰੇਤ ਉਸਟ ਗਰਧਭ ਅਨਿਕ ਜੋਨੀ ਲੇਟ॥’
ਊਠ ਦਰਅਸਲ ਹਿੰਦ-ਇਰਾਨੀ ਭਾਸ਼ਾ ਪਰਿਵਾਰ ਦਾ ਸ਼ਬਦ ਹੈ। ਇਸ ਦੇ ਸੰਸਕ੍ਰਿਤ ਰੂਪ ਉਸ਼ਟਰ ਦੇ ਟਾਕਰੇ ‘ਤੇ ਅਵੇਸਤਾ ਰੂਪ ਹੈ, ਉਸ਼ਤਰ। ਇਸ ਤੋਂ ਇਸ ਦਾ ਫਾਰਸੀ ਰੂਪ ਸ਼ੁਤਰ ਵਿਉਤਪਤ ਹੋਇਆ। ਅਰਬੀ ਫਾਰਸੀ ਦੀ ਖਾਸੀ ਵਰਤੋਂ ਕਰਨ ਵਾਲੇ ਅਤੇ ਜੱਟਾਂ ਨੂੰ ਗਾਹੇ-ਬਗਾਹੇ ਨਿੰਦਣ ਵਾਲੇ ਵਾਰਸ ਸ਼ਾਹ ਨੇ ਊਠ ਦੇ ਅਰਥਾਂ ਵਿਚ ਸ਼ੁਤਰ ਸ਼ਬਦ ਦੀ ਵਰਤੋਂ ਕੀਤੀ ਹੈ। ਉਸ ਨੂੰ ਜੱਟਾਂ ਦੇ ਕੱਚੇ ਇਕਰਾਰ ਲਈ ਊਠ ਦੇ ਪੱਦ (ਗੋਜ਼ ਸ਼ੁਤਰ) ਦੀ ਤਸ਼ਬੀਹ ਹੀ ਸੁਝੀ,
ਯਾਰੋ ਜੱਟ ਦਾ ਕੌਲ ਮਨਜ਼ੂਰ ਨਾਹੀਂ
ਗੋਜ਼ ਸ਼ਤਰ ਹੈ ਕੌਲ ਰੁਸਤਾਈਆਂ ਦਾ।
ਪੱਤਾਂ ਹੋਣ ਇਕੀਸ ਜਿਸ ਜੱਟ ਤਾਈਂ
ਸੋਈ ਅਸਲ ਭਰਾ ਹੈ ਭਾਈਆਂ ਦਾ।
ਦਿਲਚਸਪ ਗੱਲ ਹੈ ਕਿ ਰੇਗਿਸਤਾਨ ਦੇ ਨਾ ਉਡ ਸਕਣ ਵਾਲੇ ਪੰਛੀ ਸ਼ੁਤਰਮੁਰਗ ਵਿਚ ਵੀ ਸ਼ੁਤਰ ਬੋਲਦਾ ਹੈ। ਫਾਰਸੀ ਵਿਚ ਮੁਰਗ ਦਾ ਅਰਥ ‘ਪੰਛੀ’ ਹੁੰਦਾ ਹੈ। ਇਸ ਦੀ ਇਕ ਵਜ੍ਹਾ ਤਾਂ ਇਹ ਹੋ ਸਕਦੀ ਹੈ ਕਿ ਇਹ ਊਠ ਵਾਂਗ ਹੀ ਵਿਸ਼ਾਲ ਕਾਇਆ ਵਾਲਾ ਅਤੇ ਦੌੜਨ ਵਾਲਾ ਪੰਛੀ ਹੈ। ਦਰਅਸਲ ਉਸ਼ਟਰ ਸ਼ਬਦ ਪਿਛੇ ‘ਉਸ਼’ ਧਾਤੂ ਕੰਮ ਕਰ ਰਹੀ ਹੈ, ਜਿਸ ਵਿਚ ਤਪਸ਼, ਗਰਮੀ ਦੇ ਭਾਵ ਹਨ। ਸਵੇਰ ਦੇ ਅਰਥ ਵਾਲਾ ‘ਊਸ਼ਾ’ ਸ਼ਬਦ ਉਸ਼ ਤੋਂ ਹੀ ਬਣਿਆ ਹੈ। ਪੰਜਾਬੀ ਵਿਚ ਵੱਟ ਜਾਂ ਘੁਟਵੀਂ ਗਰਮੀ ਲਈ ਹੁੱਸੜ ਸ਼ਬਦ ਹੈ। ਇਹ ਸ਼ਬਦ ਵੀ ਇਸੇ ਧਾਤੂ ਤੋਂ ਆ ਰਿਹਾ ਹੈ। ਗਰਮੀ ਤੇ ਸਰਦੀ ਲਈ ‘ਉਸ਼ਨ ਸੀਤ’ ਸ਼ਬਦ ਜੁੱਟ ਵਰਤਿਆ ਜਾਂਦਾ ਹੈ, ‘ਉਸਨ ਸੀਤ ਸਮਸਰਿ ਸਭ ਤਾ ਕੈ॥’ (ਗੁਰੂ ਅਰਜਨ ਦੇਵ)
ਵਾਰਸ ਸ਼ਾਹ ਨੇ ਵੀ ਇਹ ਜੁੱਟ ਵਰਤਿਆ ਹੈ,
ਉਸ਼ਨ ਸੀਤ ਦੁਖ ਸੁਖ ਸਮਾਨ ਜਾਣੇ,
ਜਿਹੇ ਸ਼ਾਲ ਮਸ਼ਰੂ ਤੇਹੀ ਭੂਰੀਏ ਜੀ।
ਗ਼ ਸ਼ ਰਿਆਲ ਨੇ ਉਸ਼ਨਾਕ ਸ਼ਬਦ ਦੀ ਵਿਆਖਿਆ ਉਸ਼ ਤੋਂ ਕੀਤੀ ਹੈ ਅਰਥਾਤ ਗਰਮੀ ਵਾਲਾ, ਸਰਗਰਮ, ਚੁਸਤ। ਪਰ ਮੇਰਾ ਖਿਆਲ ਹੈ ਕਿ ਇਸ ਦਾ ਸਬੰਧ ‘ਹੋਸ਼’ ਨਾਲ ਹੈ। ਇਸ ਦੇ ਹੋਰ ਰੂਪਾਂ ਹੁਸ਼ਨਾਕ ਤੇ ਹੋਸ਼ਿਆਰ ਤੋਂ ਇਸ ਦੀ ਪੁਸ਼ਟੀ ਹੁੰਦੀ ਹੈ। ਕਹਾਵਤ ਹੈ, ‘ਹੁਸ਼ਨਾਕ ਬਾਹਮਣੀ, ਸੀਂਢ ਦਾ ਤੜਕਾ।’ ਗਰਮੀਆਂ ਦੀ ਰੁੱਤ ਲਈ ਹੁਨਾਲ ਸ਼ਬਦ ਵੀ ਇਸੇ ਧਾਤੂ ਨਾਲ ਜਾ ਜੁੜਦਾ ਹੈ। ਉਸ਼ਟਰ ਸ਼ਬਦ ਵਿਚ ਗਰਮੀ ਦਾ ਭਾਵ ਹੈ ਕਿਉਂਕਿ ਊਠ ਰੇਗਿਸਤਾਨ ਦੀ ਗਰਮੀ ਝਲਦਾ ਹੈ ਅਰਥਾਤ ਇਹ ਗਰਮੀ ਦਾ ਜਾਨਵਰ ਹੈ। ਸ਼ਾਇਦ ਇਸੇ ਕਰਕੇ ਸੰਸਕ੍ਰਿਤ ਵਿਚ ਉਸ਼ਟਰ ਸ਼ਬਦ ਦਾ ਇੱਕ ਅਰਥ ਮੱਝ ਵੀ ਹੈ ਕਿਉਂਕਿ ਮੱਝ ਦਾ ਖਾਸਾ ਹੈ ਕਿ ਇਹ ਗਰਮੀ ਬਹੁਤ ਮਹਿਸੂਸ ਕਰਦੀ ਹੈ, ਇਸ ਲਈ ਛੱਪੜਾਂ ਵੱਲ ਦੌੜਦੀ ਹੈ।
‘ਮਹਾਨ ਕੋਸ਼’ ਨੇ ਉਸ਼ਟਰ ਵਿਚ ਗਰਮੀ ਦੇ ਭਾਵਾਂ ਦੀ ਵਿਆਖਿਆ ਇਸ ਤਰ੍ਹਾਂ ਕੀਤੀ ਹੈ, “ਜੋ ਕਾਠ ਕਵਾੜ ਖਾ ਕੇ ਮੇਦੇ ਦੀ ਅੱਗ ਨਾਲ ਪਚਾ ਜਾਵੇ, ਉਹ ਉਸ਼ਟਰ ਹੈ।” ਇਹ ਵਿਆਖਿਆ ਵਿਸ਼ਵਾਸਯੋਗ ਨਹੀਂ। ਹਰ ਜਾਨਵਰ ਕੁਝ ਨਾ ਕੁਝ ਖਾ ਕੇ ਹੀ ਮੇਅਦੇ ਦੀ ਅੱਗ ਬੁਝਾਉਂਦਾ ਹੈ। ਸ਼ਬਦਾਂ ਦੀ ਵਿਆਖਿਆ ਠੋਸ ਪ੍ਰਸੰਗਾਂ ਤੋਂ ਹੁੰਦੀ ਹੈ, ਨਾ ਕਿ ਅਲੰਕਾਰਕ ਢੰਗ ਨਾਲ।
ਸ਼ੁਤਰਮੁਰਗ ਵੀ ਅਜਿਹਾ ਪੰਛੀ ਹੈ, ਜੋ ਰੇਗਿਸਤਾਨ ਦੀ ਗਰਮੀ ਝੱਲਦਾ ਹੈ। ਨਿਰੁਕਤ ਸ਼ਾਸਤਰੀ ਅਜਿਤ ਵਡਨੇਰਕਰ ਦਾ ਵਿਚਾਰ ਹੈ ਕਿ ਸ਼ੁਤਰਮੁਰਗ ਲਈ ਅੰਗਰੇਜ਼ੀ ਸ਼ਬਦ ‘ਔਸਟਰਿਚ’ (ੌਸਟਰਚਿਹ) ਵਿਚ ਵੀ ਉਸ਼ਟਰ ਸ਼ਬਦ ਬੋਲਦਾ ਹੈ, ਪਰ ਅੰਗਰੇਜ਼ੀ ਵਿਦਵਾਨਾਂ ਦੀ ਵਿਆਖਿਆ ਹੋਰ ਹੈ। ਦਰਅਸਲ ਇਹ ਅੰਤਮ ਤੌਰ ‘ਤੇ ਗਰੀਕ ਸ਼ਬਦ ੰਟਰੁਟਹ੪ਿਨ ਤੋਂ ਬਣਿਆ ਹੈ, ਜਿਸ ਦਾ ਇਸ ਭਾਸ਼ਾ ਵਿਚ ਅਰਥ ਸ਼ੁਤਰਮੁਰਗ ਹੈ। ਇਸ ਸ਼ਬਦ ਵਿਚ ਪਹਿਲਾਂ ਭਾਵ ਚਿੜੀ ਦਾ ਸੀ, ਫਿਰ ਅੱਗੇ ਇਕ ਹੋਰ ਸ਼ਬਦ ਮੈਗੇਲ ੰeਗਅਲe ਲੱਗ ਕੇ ‘ਵੱਡੀ ਚਿੜੀ’ ਦੇ ਅਰਥਾਂ ਵਾਲਾ ੰਟਰੁਟਹ੪ਿਨ ੰeਗਅਲe ਸ਼ਬਦ ਬਣਿਆ। ਅਖੀਰ ੰeਗਅਲe ਲਹਿੰਦਾ ਲਹਿੰਦਾ ਲਹਿ ਹੀ ਗਿਆ। ਗਰੀਕ ਤੋਂ ਇਹ ਸ਼ਬਦ ਲਾਤੀਨੀ ਵਿਚ ਗਿਆ, ਤਾਂ ਇਸ ਦੇ ਅਗੇਤਰ ਵਜੋਂ ਪੰਛੀ ਦੇ ਅਰਥਾਂ ਵਾਲਾ Aਵਸਿ ਸ਼ਬਦ ਲੱਗ ਗਿਆ ਤੇ ਹੋਂਦ ਵਿਚ ਆਇਆ, Aਵਸਿ ੰਟਰੁਟਹਿ। ਲਾਤੀਨੀ ਤੋਂ ਫਰਾਂਸੀਸੀ ਹੁੰਦਾ ਹੋਇਆ ਤੇ ਅਖੀਰ ਚੌਦ੍ਹਵੀਂ ਸਦੀ ਵਿਚ ਅੰਗਰੇਜ਼ੀ ਵਿਚ ਜਾ ਆ ਕੇ ਇਸ ਨੇ ੌਸਟਰਚਿਹ ਰੂਪ ਧਾਰਿਆ।
ਮੰਨਿਆ ਜਾਂਦਾ ਹੈ ਕਿ ਪਾਰਸੀ ਧਰਮ ਦੇ ਬਾਨੀ ਜ਼ਰਯੁਸਤਰ ਵਿਚ ਵੀ ਉਸ਼ਤਰ ਜਿਹਾ ਸ਼ਬਦ ਬੋਲਦਾ ਹੈ। ਨਾਂ ਦਾ ਪੂਰਾ ਅਰਥ ਬਣਿਆ, ਊਠਾਂ ਦਾ ਰਖਵਾਲਾ। ਟਾਕਰਾ ਕਰੋ, ਕ੍ਰਿਸ਼ਨ ਨੂੰ ਗੋਪਾਲ ਕਿਹਾ ਜਾਂਦਾ ਹੈ।