ਡੇਟ ਲਾਈਨ ਖਾਲਸਾ ਕਾਲਜ ਮਾਹਿਲਪੁਰ

ਗੁਲਜ਼ਾਰ ਸਿੰਘ ਸੰਧੂ
ਇਸ ਮਹੀਨੇ ਦੇ ਸ਼ੁਰੂ ਵਿਚ ਹੋਈਆਂ ਸਿੱਖ ਐਜੂਕੇਸ਼ਨਲ ਕੌਂਸਲ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਮਾਹਿਲਪੁਰ ਦੀਆਂ ਚੋਣਾਂ ਦੇ ਨਤੀਜੇ ਇਨਕਲਾਬੀ ਕਹੇ ਜਾ ਸਕਦੇ ਨੇ। 72 ਸਾਲਾਂ ਪਿੱਛੋਂ ਕੌਂਸਲ ਦੀ ਪ੍ਰਧਾਨਗੀ ਕੁਹਾਰਪੁਰ ਦੇ ਸੰਤਾਂ ਦੀ ਬੁੱਕਲ ਵਿਚੋਂ ਬਾਹਰ ਆ ਗਈ ਹੈ। ਨਵਾਂ ਪ੍ਰਧਾਨ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਚੁਣਿਆ ਗਿਆ ਹੈ। ਸੰਤਾਂ ਨੂੰ ਪ੍ਰਧਾਨਗੀ ਸੌਂਪਣ ਦੀ ਰੀਤ ਪ੍ਰਿੰਸੀਪਲ ਹਰਭਜਨ ਸਿੰਘ ਵੇਲੇ ਪਈ, ਜਿਸ ਦਾ ਅੰਬਾਲਾ ਪੜ੍ਹਾਉਂਦੇ ਸਮੇਂ ਦਾ ਇਕ ਵਿਦਿਆਰਥੀ ਸ਼ ਬਲਦੇਵ ਸਿੰਘ ਸੁਤੰਤਰ ਭਾਰਤ ਦੇ ਪਹਿਲੇ ਰੱਖਿਆ ਮੰਤਰੀ ਦੀ ਪਦਵੀ ਤੱਕ ਪਹੁੰਚਿਆ ਸੀ।

ਮੈਂ ਉਸ ਦੇ ਸਥਾਪਤ ਕੀਤੇ ਐਸ਼ ਜੀ. ਜੀ. ਐਸ਼ ਕਾਲਜ, ਮਾਹਿਲਪੁਰ ਵਿਚ ਮੁਢਲਾ ਵਿਦਿਆਰਥੀ ਸਾਂ। ਉਸ ਨੇ ਸਾਡੀ ਕਨਵੋਕੇਸ਼ਨ ਸਮੇਂ ਪ੍ਰਤਾਪ ਸਿੰਘ ਕੈਰੋਂ ਨੂੰ ਸੱਦਿਆ ਸੀ। ਸੋ ਮੈਨੂੰ ਬੀ. ਏ. ਦੀ ਡਿਗਰੀ ਉਸ ਵੇਲੇ ਦੇ ਪੰਜਾਬ ਸਰਕਾਰ ਦੇ ਵਿਕਾਸ ਮੰਤਰੀ ਤੇ ਪ੍ਰਸਿਧ ਸਿਆਸਤਦਾਨ ਪ੍ਰਤਾਪ ਸਿੰਘ ਕੈਰੋਂ ਕੋਲੋਂ ਮਿਲੀ ਹੋਈ ਹੈ।
ਮੈਂ ਉਥੋਂ ਪ੍ਰਾਪਤ ਹੋਈ ਵਿਦਿਆ ਦਾ ਦੇਣਾ ਨਹੀਂ ਦੇ ਸਕਦਾ। ਮੈਂ ਮਾਹਿਲਪੁਰ ਦੇ ਸਮੁੱਚੇ ਵਿਕਾਸ ਦਾ ਸ਼ੁਭਚਿੰਤਕ ਹੋਣ ਦੇ ਨਾਤੇ ਉਥੋਂ ਦੇ ਉਤਰਾ-ਚੜ੍ਹਾ ਦੀ ਖਬਰ ਰਖਦਾ ਹਾਂ। ਐਜੂਕੇਸ਼ਨਲ ਕੌਂਸਲ ਦੇ ਪਹਿਲੇ ਪੰਜਾਹ ਵਰ੍ਹੇ ਦੇ ਉਤਾਰ ਦੀ ਵੀ ਤੇ ਉਸ ਤੋਂ ਪਿਛੋਂ ਦੀ ਡਾਵਾਂਡੋਲਤਾ ਦੀ ਵੀ। ਵਿਦਿਅਕ ਸੰਸਥਾਵਾਂ ਦੇ ਮੁਢਲੇ ਨਾਂਵਾਂ ਨਾਲ ਕੀਤੀ ਛੇੜਖਾਨੀ ਤੱਕ ਦੀ ਵੀ।
ਕਥਿਤ ਤੌਰ ‘ਤੇ ਹੁਣ ਵਾਲੀ ਤਬਦੀਲੀ ਦਾ ਮੁੱਢ ਸੇਵਾ ਮੁਕਤ ਵਿੰਗ ਕਮਾਂਡਰ ਐਚ. ਐਸ਼ ਢਿੱਲੋਂ ਦੇ ਕੌਂਸਲ ਦਾ ਸਕੱਤਰ ਚੁਣੇ ਜਾਣ ਨਾਲ ਬੱਝਾ। ਉਸ ਨੇ ਕਾਲਜ ਦੇ ਕੰਮ ਕਾਜ ਵਿਚ ਹਾਂ ਪੱਖੀ ਤਬਦੀਲੀ ਲਿਆਉਣ ਦੀ ਮੰਗ ਕੀਤੀ ਤਾਂ ਕਾਲਜ ਦੇ ਉਸ ਵੇਲੇ ਦੇ ਪ੍ਰਿੰਸੀਪਲ ਨੂੰ ਕਾਲਜ ਛੱਡਣ ਲਈ ਮਜਬੂਰ ਹੋਣਾ ਪਿਆ ਤੇ ਉਸ ਦੀ ਥਾਂ ਮਾਹਿਲਪੁਰ ਇਲਾਕੇ ਦੇ ਜੰਮਪਲ ਸੁਘੜ ਸੁਚੇਤ ਪਰਵਿੰਦਰ ਸਿੰਘ ਨੇ ਸੰਭਾਲੀ। ਹੁਣ ਐਜੂਕੇਸ਼ਨਲ ਕੌਂਸਲ ਵੀ ਜਾਗ੍ਰਿਤ ਹਸਤੀਆਂ ਦੇ ਹੱਥ ਆ ਗਈ ਹੈ। ਵਿੰਗ ਕਮਾਂਡਰ ਢਿੱਲੋਂ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ ਹੈ। ਸੁਰਿੰਦਰ ਸਿੰਘ ਜਨਰਲ ਸਕੱਤਰ ਤੇ ਇੰਦਰਜੀਤ ਸਿੰਘ ਭਾਰਟਾ ਮੈਨੇਜਰ। ਭੁਲੇਵਾਲ ਰਾਠਾਂ ਸਮੇਤ ਸਭਨਾਂ ਦੇ ਪਿੰਡ ਮਾਹਿਲਪੁਰ ਬਲਾਕ ਵਿਚ ਪੈਂਦੇ ਹਨ। ਹੁਣ ਢਿੱਲੋਂ ਵਡੇਰੀ ਜ਼ਿੰਮੇਵਾਰੀ ਸਿਰ ਪੈਣ ਪਿਛੋਂ ਕਾਲਜ ਦੇ ਕਾਰਜਾਂ ਲਈ ਪਹਿਲਾਂ ਜਿੰਨਾ ਸਮਾਂ ਕੱਢ ਸਕੇਗਾ ਜਾਂ ਨਹੀਂ? ਸਮੇਂ ਨੇ ਦੱਸਣਾ ਹੈ। ਚੰਗੀ ਗੱਲ ਇਹ ਕਿ ਪ੍ਰਿੰਸੀਪਲ ਹੀ ਨੌਜਵਾਨ ਹਾਂ ਪੱਖੀ ਹੈ। ਤਬਦੀਲੀ ਸਵਾਗਤ ਮੰਗਦੀ ਹੈ।
ਸ਼ਗਨਾਂ ਦੇ ਪਾਣੀ: ਪੌਣ, ਪਾਣੀ ਤੇ ਅਗਨੀ ਦੇ ਮਹੱਤਵ ਨੂੰ ਕੌਣ ਨਹੀਂ ਜਾਣਦਾ। ਇਹ ਵੀ ਕਿ ਪੌਣਾਂ ਝੱਖੜ ਲਿਆਉਂਦੀਆਂ ਹਨ। ਅਗਨੀ ਜੰਗਲਾਂ ਦੇ ਜੰਗਲ ਸਾੜ ਦਿੰਦੀ ਹੈ ਤੇ ਵਰਖਾ (ਪਾਣੀ) ਹਨੇਰੀ (ਪੌਣ) ਨਾਲ ਮਿਲ ਕੇ ਜਨ ਜੀਵਨ ਬਰਬਾਦ ਕਰਨ ਵਾਲੀ ਆਫਤ ਹੈ। ਨਿਰੀ ਆਫਤ।
ਮੇਰੀ ਸੋਝੀ ਵਿਚ ਇਸ ਤਰ੍ਹਾਂ ਦੀ ਆਫਤ 1947 ਵਿਚ ਆਈ ਸੀ ਤੇ ਜਾਂ ਫੇਰ 1993 ਵਿਚ। ਤਰਿਆਨਵੇਂ ਵਾਲੀ ਵਰਖਾ ਨੇ ਮੇਰੇ ਮਿੱਤਰ ਪ੍ਰੋ. ਮਨਮੋਹਨ ਸਿੰਘ ਦੇ ਵਿਆਹ ਵਿਚ ਜਿਹੜਾ ਵਿਘਨ ਪਾਇਆ ਸੀ, ਉਹ ਕਿਸੇ ਨੂੰ ਨਹੀਂ ਭੁੱਲਣਾ। ਮੈਂ ਚੰਡੀਗੜ੍ਹ ਹੀ ਰਹਿੰਦਾ ਸਾਂ। ਉਸ ਦਿਨ ਮੇਰੀ ਖਮਾਣੋਂ ਵਾਲੀ ਮਾਸੀ ਦੀ ਦੋਹਤਰੀ ਦਾ ਵਿਆਹ ਵੀ ਸੀ। ਮੈਂ ਉਸ ਵਿਆਹ ਉਤੇ ਸ਼ਗਨ ਪਾ ਕੇ ਮਨਮੋਹਣ ਸਿੰਘ ਦੇ ਬੇਟੇ ਦੀ ਬਰਾਤ ਵਿਚ ਸ਼ਾਮਲ ਹੋਣਾ ਸੀ। ਬਰਾਤ ਨੇ ਪਟਿਆਲਾ ਤੋਂ ਮੋਹਾਲੀ ਆਉਣਾ ਸੀ। ਰਾਤ ਭਰ ਅੰਤਾਂ ਦਾ ਮੀਂਹ ਪਿਆ। ਸਭ ਨਦੀਆਂ ਨਾਲੇ ਤੇ ਦਰਿਆ ਕੰਢੇ ਤੋੜ ਕੇ ਰੁੱਖ ਬੂਟੇ ਤੇ ਫਸਲਾਂ ਤਬਾਹ ਕਰਨ ਲੱਗੇ। ਪੱਕੀਆਂ ਸੜਕਾਂ ਦੇ ਉਪਰੋਂ ਦੀ ਪਾਣੀ ਵਗ ਰਿਹਾ ਸੀ। ਨਾ ਮੈਂ ਖਮਾਣੋਂ ਪਹੁੰਚ ਸਕਿਆ ਤੇ ਨਾ ਹੀ ਮਨਮੋਹਣ ਸਿੰਘ ਦੇ ਬੇਟੇ ਵਾਲੀ ਬਰਾਤ ਵਿਚ ਸ਼ਾਮਲ ਹੋ ਸਕਿਆ। ਮੇਰੀ ਕਾਰ ਦੇ ਇੰਜਣ ਵਿਚ ਪਾਣੀ ਪੈ ਜਾਣ ਕਾਰਨ ਮੈਨੂੰ ਰਸਤੇ ਦੇ ਇਕ ਪਾਸੇ ਖੜ੍ਹੀ ਕਰਕੇ ਪੈਦਲ ਪਰਤਣਾ ਪਿਆ। ਅਗਲੇ ਦਿਨ ਪਤਾ ਲੱਗਾ ਕਿ ਪਟਿਆਲਾ ਵਾਲੇ ਬਰਾਤੀਆਂ ਨੂੰ ਉਹ ਰਾਤ ਰਾਜਪੁਰਾ ਦੇ ਗੈਸਟ ਹਾਊਸ ਤੇ ਹੋਟਲਾਂ ਵਿਚ ਕੱਟਣੀ ਪਈ।
ਖਮਾਣੋਂ ਪਹੁੰਚਣ ਵਾਲੀ ਬਰਾਤ ਦੇ ਗਿਣਵੇਂ ਚੁਣਵੇਂ ਬੰਦੇ ਆਏ ਤੇ ਮਾਸੀ ਦੀ ਦੋਹਤਰੀ ਨੂੰ ਵਿਆਹ ਕੇ ਲੈ ਗਏ। ਖਮਾਣੋਂ ਵਾਲਿਆਂ ਨੂੰ ਖਾਣਾ ਤੇ ਮਠਿਆਈ ਏਧਰ ਉਧਰ ਵੰਡਣੀ ਪਈ। ਜਿੱਥੋਂ ਤੱਕ ਮਨਮੋਹਣ ਸਿੰਘ ਦੇ ਬੇਟੇ ਦਾ ਸਬੰਧ ਹੈ, ਉਸ ਦਾ ਵਿਆਹ ਅਗਲੇ ਦਿਨ ਹੋਇਆ। ਹੋਰ ਕਿੰਨੇ ਵਿਆਹਾਂ ਵਿਚ ਵਿਘਨ ਪਿਆ, ਪਤਾ ਨਹੀਂ। ਜੋਤਸ਼ੀਆਂ ਦੇ ਸ਼ਬਦਾਂ ਵਿਚ ਇਹ ਵਿਆਹ ਕੁਸ਼ਗਨੇ ਸਨ।
ਅੱਜ ਮਾਸੀ ਦੀ ਦੋਹਤਰੀ ਤੇ ਉਸ ਦਾ ਪਤੀ ਵੀਹ ਸਾਲ ਤੋਂ ਕੈਨੇਡਾ ਦੀ ਧਰਤੀ ਦੀਆਂ ਖੁਸ਼ੀਆਂ ਮਾਣ ਰਹੇ ਹਨ। ਮਨਮੋਹਨ ਸਿੰਘ ਦਾ ਬੇਟਾ ਸਰਵਜੀਤ ਸਿੰਘ, ਆਈ. ਏ. ਐਸ਼ ਹੋਣ ਸਦਕਾ ਉਚੇ ਅਹੁਦਿਆਂ ‘ਤੇ ਰਿਹਾ ਹੈ। ਉਹ ਕੱਲ੍ਹ ਤੱਕ ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਦਾ ਪ੍ਰਮੁੱਖ ਸਕੱਤਰ ਸੀ ਤੇ ਉਸ ਦੀ ਬੀਵੀ ਡਾ. ਰੂਬੀ ਚੰਡੀਗੜ੍ਹ ਦੇ 16 ਸੈਕਟਰ ਹਸਪਤਾਲ ਵਿਚ ਰੇਡੀਆਲੋਜੀ ਵਿਭਾਗ ਦੀ ਮੁਖੀ ਹੈ। ਜਦੋਂ ਅਸੀਂ ਜੋਤਿਸ਼ ਲਾਉਣ ਵਾਲਿਆਂ ਦੀ ਭਵਿਖਵਾਣੀ ਦੀ ਗੱਲ ਕਰਦੇ ਹਾਂ ਤਾਂ ਕਿਹਾ ਜਾਂਦਾ ਹੈ ਕਿ ਉਹ ਵਾਲੀ ਵਰਖਾ ਉਨ੍ਹਾਂ ਦੇ ਕਸ਼ਟ ਨਿਵਾਰਨ ਆਈ ਸੀ।
ਇਸ ਵਰ੍ਹੇ ਦੀ ਵਰਖਾ ਨੇ ਹਿਮਾਚਲ ਪ੍ਰਦੇਸ਼ ਦੇ ਕੰਧਾਂ ਕੋਠੇ ਵੀ ਢੇਰੀ ਕੀਤੇ ਤੇ ਰਾਸ਼ਟਰੀ ਮਾਰਗ ਵੀ ਤੋੜ ਦਿੱਤੇ। ਜਨ ਜੀਵਨ ਅਸਤ ਵਿਅਸਤ ਹੋ ਗਿਆ। ਜਾਨੀ ਤੇ ਮਾਲੀ ਨੁਕਸਾਨ ਦਾ ਅੰਤ ਨਹੀਂ ਰਿਹਾ। ਬਾਕੀ ਦੇ ਉਤਰੀ ਰਾਜਾਂ ਵਿਚ ਝੋਨੇ ਦੀ ਫਸਲ ਬੁਰੀ ਤਰ੍ਹਾਂ ਨੁਕਸਾਨੀ ਗਈ। ਹੋਰ ਫਸਲਾਂ ਨਾਲ ਵੀ ਘੱਟ ਨਹੀਂ ਬੀਤੀ।
ਸਰਵਜੀਤ ਨੂੰ ਇਹ ਵਰਖਾ ਵੀ ਰਾਸ ਆਈ। ਉਸ ਨੂੰ ਪੰਜਾਬ ਸਰਕਾਰ ਵਲੋਂ ਜਲ ਸ੍ਰੋਤ ਤੇ ਖਣਿਜ ਪਦਾਰਥਾਂ ਦਾ ਪ੍ਰਮੁੱਖ ਸਕੱਤਰ ਥਾਪ ਦਿੱਤਾ ਗਿਆ। ਕੁਦਰਤੀ ਸੋਮਿਆਂ ਨਾਲ ਨਜਿੱਠਣ ਦੀ ਜ਼ਿੰਮੇਵਾਰੀ। ਸਰਵਜੀਤ ਸਿੰਘ ਉਨ੍ਹਾਂ ਵਿਅਕਤੀਆਂ ਵਿਚੋਂ ਨਹੀਂ, ਜਿਨ੍ਹਾਂ ਨੂੰ ਪੌਣ ਪੱਖਾ ਝਲਦੀ ਹੈ ਤੇ ਵਰਖਾ ਪਾਣੀ ਵਾਰਦੀ ਹੈ?
ਜਾਂਦੇ ਜਾਂਦੇ ਇੱਕ ਬਹੁਤ ਪੁਰਾਣੀ ਗੱਲ। ਮੈਂ ਤੇ ਮਨਮੋਹਨ ਸਿੰਘ ਲੋਧੀ ਗਾਰਡਨ, ਨਵੀਂ ਦਿੱਲੀ ਕੋਲੋਂ ਲੰਘ ਰਹੇ ਸਾਂ। ਮੈਂ ਕਾਰ ਚਲਾ ਰਿਹਾ ਸੀ ਤੇ ਸਰਵਜੀਤ ਮਨਮੋਹਨ ਸਿੰਘ ਦੀ ਗੋਦ ਵਿਚ ਬੈਠਾ ਸੀ। ਵਰਖਾ ਆ ਗਈ। ਮੈਂ ਕਾਰ ਦੇ ਵਾਈਪਰ ਚਲਾ ਦਿੱਤੇ। ਪਿਤਾ ਨੇ ਪੁੱਛਿਆ, “ਜੀਤਾ ਇਨ੍ਹਾਂ (ਵਾਈਪਰਾਂ) ਨੂੰ ਕੀ ਕਹਿੰਦੇ ਹਨ?” ਉਸ ਨੇ ਤੁਰੰਤ ਉਤਰ ਦਿੱਤਾ, “ਸ਼ੀਸ਼ਾ ਸਾਫ ਕਰਨ ਵਾਲੇ ਡੰਡੇ।” ਚਾਰ ਸਾਲ ਦੇ ਸਰਵਜੀਤ ਨੂੰ ਅਸੀਂ ਜੀਤ ਕਹਿੰਦੇ ਸਾਂ।
ਅੰਤਿਕਾ: ਗੁਰਦਿਆਲ ਰੌਸ਼ਨ
ਖੁਦ ਨੂੰ ਜਦ ਆਪਣੀ ਹੀ
ਅੱਗ ਵਿਚ ਰਾਖ ਪਾਓਗੇ ਤੁਸੀਂ।
ਜਾਣਦਾ ਹਾਂ ਜੁਗਨੂੰਆਂ ‘ਤੇ
ਦੋਸ਼ ਲਾਓਗੇ ਤੁਸੀਂ।