ਜਲ੍ਹਿਆਂਵਾਲਾ ਬਾਗ ਦੀ 100ਵੀਂ ਵਰ੍ਹੇਗੰਢ ਲਈ ਮੋਦੀ ਦੀ ਕੰਜੂਸੀ ਤੋਂ ਪੰਜਾਬ ਸਰਕਾਰ ਖਫਾ

ਚੰਡੀਗੜ੍ਹ: ਪੰਜਾਬ ਦੇ ਸਭਿਆਚਾਰ, ਸੈਰ ਸਪਾਟਾ ਅਤੇ ਸਥਾਨਕ ਸਰਕਾਰਾਂ ਬਾਰੇ ਵਿਭਾਗਾਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮੋਦੀ ਸਰਕਾਰ ਉਤੇ ਗੁਰੂ ਨਾਨਕ ਦੇਵ ਦੇ 550 ਸਾਲਾ ਜਨਮ ਦਿਨ ਅਤੇ ਜਲ੍ਹਿਆਂਵਾਲਾ ਬਾਗ ਦੀ 100ਵੀਂ ਵਰ੍ਹੇਗੰਢ ਦੇ ਮੁੱਦੇ ਉਤੇ ਅਪਣਾਏ ਨਾਂਹ-ਪੱਖੀ ਰਵੱਈਏ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਜਲ੍ਹਿਆਂਵਾਲਾ ਬਾਗ ਨੂੰ ਨਿੱਜੀ ਹੱਥਾਂ ‘ਚ ਦੇਣ ਦਾ ਪ੍ਰਸਤਾਵ ਤਿਆਰ ਕੀਤਾ ਹੈ।

ਸ੍ਰੀ ਸਿੱਧੂ ਨੇ ਦੱਸਿਆ ਕਿ ਜਲ੍ਹਿਆਂਵਾਲਾ ਬਾਗ ਲਈ 8 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ ਪਰ ਹਾਲੇ ਤੱਕ ਰਾਸ਼ੀ ਖਰਚ ਕਰਨ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ 100ਵੀਂ ਵਰ੍ਹੇਗੰਢ ਲਈ ਛੇ ਮਹੀਨੇ ਰਹਿ ਗਏ ਹਨ ਅਤੇ ਕਦੋਂ ਪੈਸਾ ਖਰਚ ਹੋਵੇਗਾ ਜਦੋਂ ਕਿ ਟੈਂਡਰ ਪ੍ਰਕਿਰਿਆ ਨੂੰ ਵੀ ਸਮਾਂ ਲੱਗੇਗਾ। ਸ੍ਰੀ ਸਿੱਧੂ ਨੇ ਇਹ ਵੀ ਦੱਸਿਆ ਕਿ ਕੇਂਦਰ ਸਰਕਾਰ ਨੇ ਗੁਰੂ ਨਾਨਕ ਦੇਵ ਦੇ 550ਵੇਂ ਜਨਮ ਦਿਨ ਨੂੰ ਮਨਾਉਣ ਲਈ ਵਿੱਤੀ ਮਦਦ ਦੇਣ ਤੋਂ ਵੀ ਇਕ ਤਰ੍ਹਾਂ ਨਾਲ ਕਿਨਾਰਾ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਸਭਿਆਚਾਰ ਅਤੇ ਸੈਰ ਸਪਾਟਾ ਮੰਤਰਾਲੇ ਵੱਲੋਂ ਪੂਰੇ ਦੇਸ਼ ਲਈ ਮਹਿਜ਼ 35 ਕਰੋੜ ਰੁਪਏ ਰੱਖੇ ਗਏ ਹਨ ਜਦੋਂ ਕਿ ਰਾਜ ਸਰਕਾਰ ਨੇ 2100 ਕਰੋੜ ਰੁਪਏ ਮੰਗੇ ਸਨ। ਉਨ੍ਹਾਂ ਕਿਹਾ ਕਿ ਦੋਵੇਂ ਮੁੱਦਿਆਂ ਨੂੰ ਉਹ ਪੰਜਾਬ ਮੰਤਰੀ ਮੰਡਲ ਦੀ ਆਉਣ ਵਾਲੀ ਮੀਟਿੰਗ ਵਿੱਚ ਰੱਖਣਗੇ ਤਾਂ ਜੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਈ ਫੈਸਲਾ ਲੈ ਸਕਣ। ਕੇਂਦਰ ਸਰਕਾਰ ਦੇ ਰਵੱਈਏ ਨੂੰ ਅਤਿ ਨਿੰਦਣਯੋਗ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਦੇ ਜਨਮ ਦਿਨ ਨੂੰ ਮਨਾਉਣ ਸਬੰਧੀ ਪੂਰੀ ਦੁਨੀਆਂ ਦੇ ਨਾਨਕ ਨਾਮ ਲੇਵਾ ਲੋਕਾਂ ਵਿਚ ਉਤਸ਼ਾਹ ਹੈ ਤੇ ਕੇਂਦਰ ਸਰਕਾਰ ਇਸ ਦਿਨ ਨੂੰ ਅਣਗੌਲਿਆ ਕਰਨ ਦੇ ਯਤਨ ਕਰ ਰਹੀ ਹੈ। ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਮਾਮਲੇ ‘ਤੇ ਕੇਂਦਰ ਸਰਕਾਰ ਨਾਲ ਤੁਰਤ ਗੱਲਬਾਤ ਕਰਨ ਲਈ ਆਖਣਗੇ।
ਸ੍ਰੀ ਸਿੱਧੂ ਨੇ ਕੇਂਦਰ ਸਰਕਾਰ ਵੱਲੋਂ 2018-19 ਦੇ ਯਾਦਗਾਰੀ ਸਮਾਗਮਾਂ ਨੂੰ ਮਨਾਉਣ ਲਈ ਬਣਾਈ ‘ਨੈਸ਼ਨਲ ਇੰਪਲੀਮੈਂਟੇਸ਼ਨ ਕਮੇਟੀ’ ਦੀ 30 ਜੁਲਾਈ ਨੂੰ ਹੋਈ ਮੀਟਿੰਗ ਦੇ ਵੇਰਵੇ ਮੀਡੀਆ ਨੂੰ ਜਾਰੀ ਕਰਦਿਆਂ ਦੱਸਿਆ ਕਿ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਵੱਡੇ ਪੱਧਰ ‘ਤੇ ਮਨਾਉਣ ਲਈ ਮੁੱਖ ਮੰਤਰੀ ਨੇ 2145æ31 ਕਰੋੜ ਰੁਪਏ ਦਾ ਪੈਕੇਜ ਮੰਗਿਆ ਸੀ ਜਿਸ ਵਿਚ 1050 ਕਰੋੜ ਰੁਪਏ ਯਾਦਗਾਰੀ ਪ੍ਰੋਜੈਕਟਾਂ ਅਤੇ 1095æ31 ਕਰੋੜ ਰੁਪਏ ਬੁਨਿਆਦੀ ਢਾਂਚਾ ਸਿਰਜਣ ਲਈ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਮੀਟਿੰਗ ਦੇ ਵੇਰਵਿਆਂ ਵਿਚ ਇਹ ਦਰਜ ਹੈ ਕਿ ਭਾਰਤ ਸਰਕਾਰ ਨੇ ਯਾਦਗਾਰੀ ਸਮਾਗਮਾਂ ਲਈ ਕੁੱਲ ਰਾਸ਼ੀ ਸਿਰਫ 100 ਕਰੋੜ ਰੁਪਏ ਰੱਖੀ ਹੈ ਜਿਸ ਵਿਚੋਂ 65 ਕਰੋੜ ਰੁਪਏ ਖਰਚਣ ਦਾ ਪਤਾ ਲੱਗਿਆ ਹੈ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੈਕੇਜ ਦੇਣ ਤੋਂ ਮੁੱਕਰਨ ਦੇ ਬਾਵਜੂਦ ਪੰਜਾਬ ਸਰਕਾਰ ਗੁਰਪੁਰਬ ਨੂੰ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਏਗੀ।
_______________
ਬਾਦਲ, ਤਰਲੋਚਨ ਸਿੰਘ ਤੇ ਸ਼ਵੇਤ ਮਲਿਕ ਜਲ੍ਹਿਆਂਵਾਲਾ ਬਾਗ ਟਰੱਸਟ ਦੇ ਟਰੱਸਟੀ ਨਿਯੁਕਤ
ਅੰਮ੍ਰਿਤਸਰ: ਇਤਿਹਾਸਕ ਜਲ੍ਹਿਆਂਵਾਲਾ ਬਾਗ ਟਰੱਸਟ ਦੇ ਚੇਅਰਮੈਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਕਾਸ਼ ਸਿੰਘ ਬਾਦਲ, ਤਰਲੋਚਨ ਸਿੰਘ ਅਤੇ ਸ਼ਵੇਤ ਮਲਿਕ ਨੂੰ ਇਸ ਟਰੱਸਟ ਦੇ ਟਰੱਸਟੀ ਨਿਯੁਕਤ ਕੀਤਾ ਹੈ। ਰਾਜ ਸਭਾ ਮੈਂਬਰ, ਭਾਜਪਾ ਦੇ ਪੰਜਾਬ ਪ੍ਰਧਾਨ ਅਤੇ ਇਸ ਟਰੱਸਟ ਦੇ ਨਵੇਂ ਚੁਣੇ ਗਏ ਟਰੱਸਟੀ ਸ਼ਵੇਤ ਮਲਿਕ ਨੇ ਦੱਸਿਆ ਕਿ ਜਲ੍ਹਿਆਂਵਾਲਾ ਬਾਗ ਟਰੱਸਟ ‘ਤੇ ਸ਼ੁਰੂ ਤੋਂ ਹੀ ਕਾਂਗਰਸ ਦਾ ਕਬਜ਼ਾ ਰਿਹਾ ਹੈ ਅਤੇ ਇਸ ਦੇ ਟਰੱਸਟੀ ਵੀ ਕਾਂਗਰਸ ਪਾਰਟੀ ਦੇ ਰਹੇ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਇਸ ਸਮੇਂ ਵਿਚ ਸ਼ਹੀਦਾਂ ਦੀ ਇਸ ਯਾਦਗਾਰ ਦਾ ਮੰਦਾ ਹਾਲ ਕਰ ਦਿੱਤਾ। ਉਨ੍ਹਾਂ ਨੇ ਆਪਣੇ ਅਖਤਿਆਰੀ ਫੰਡ ਵਿਚੋਂ ਪਹਿਲਾਂ ਹੀ 10 ਲੱਖ ਰੁਪਏ ਦੀ ਰਾਸ਼ੀ ਜਾਰੀ ਕਰ ਕੇ ਇਸ ਬਾਗ ਵਿਚ ਕੁਝ ਕਾਰਜ ਕਰਵਾਏ ਸਨ ਅਤੇ ਹੁਣ ਉਨ੍ਹਾਂ ਦਾ ਮੁੱਖ ਟੀਚਾ ਜਲਿਆਂਵਾਲਾ ਬਾਗ ਦੀ ਨੁਹਾਰ ਨੂੰ ਬਦਲਣਾ ਹੈ।