ਵਿਖਾਵੇ ਦੇ ਚੋਣ ਸਰਵੇਖਣਾਂ ਤੋਂ ਮੰਦਿਰ ਲਈ ਮਰਨ-ਵਰਤ ਤੱਕ

-ਜਤਿੰਦਰ ਪਨੂੰ
ਬਹੁਤ ਦੇਰ ਪਹਿਲਾਂ ਇੱਕ ਵਿਅੰਗਕਾਰ ਨੇ ਕਿਹਾ ਸੀ ਕਿ ਭਾਰਤ ਦੀ ਖਾਸ ਗੱਲ ਹੀ ਇਹ ਹੈ ਕਿ ਇਥੇ ਜੋ ਹੁੰਦਾ ਹੈ, ਉਹ ਦਿਸਦਾ ਨਹੀਂ ਤੇ ਜੋ ਦਿਸਦਾ ਹੈ, ਉਹ ਅਸਲ ‘ਚ ਹੁੰਦਾ ਜਾਂ ਹੋਇਆ ਨਹੀਂ ਹੁੰਦਾ। ਕਈ ਲੋਕ ਇਸ ਗੁੱਝੇ ਵਿਅੰਗ ਨੂੰ ਸਮਝ ਨਹੀਂ ਸਨ ਸਕੇ ਅਤੇ ਕਈ ਦਿਨ ਇਸ ਦੀ ਬਹਿਸ ਚੱਲਦੀ ਰਹੀ ਸੀ। ਆਖਰ ਇੱਕ ਦਿਨ ਵਿਸ਼ੇਸ਼ ਪ੍ਰੋਗਰਾਮ ਸਰਕਾਰੀ ਟੈਲੀਵਿਜ਼ਨ ਦੂਰਦਰਸ਼ਨ ‘ਤੇ ਹੋਇਆ ਤਾਂ ਇੱਕ ਜਣੇ ਨੇ ਉਸ ਵਿਅੰਗਕਾਰ ਨੂੰ ਉਸ ਵਿਅੰਗ ਵਿਚ ਲੁਕੀ ਅਸਲੀਅਤ ਪੁੱਛ ਲਈ। ਵਿਅੰਗਕਾਰ ਨੇ ਹੱਸ ਕੇ ਕਿਹਾ ਸੀ ਕਿ ਤੁਸੀਂ ਕਬੀਰ ਜੀ ਨੂੰ ਨਹੀਂ ਸਮਝ ਸਕੇ ਤਾਂ ਮੈਨੂੰ ਵੀ ਨਹੀਂ ਸਮਝ ਸਕੋਗੇ,

ਮੈਂ ਛੋਟਾ ਬੰਦਾ, ਜੋ ਨਹੀਂ ਸਮਝਾ ਸਕਦਾ, ਉਹ ਸਮਝਾਉਣ ਦਾ ਯਤਨ ਕਬੀਰ ਜੀ ਛੇ ਸੌ ਸਾਲ ਪਹਿਲਾਂ ਕਰਦੇ ਰਹੇ ਸਨ। ਉਸ ਨੇ ਕਿਹਾ ਕਿ ਕਬੀਰ ਜੀ ਨੇ ਕਿਹਾ ਸੀ ਕਿ ‘ਰੰਗੀ ਕੋ ਨਾਰੰਗੀ ਕਹੇ ਬਨੇ ਦੂਧ ਕੋ ਖੋਇਆ॥ ਚਲਤੀ ਕੋ ਗਾੜੀ ਕਹੇ ਦੇਖ ਕਬੀਰਾ ਰੋਇਆ॥’ ਤਾਂ ਇਸ ਦਾ ਭਾਵ ਸੀ ਕਿ ਰੰਗਦਾਰ ਫਲ ਨੂੰ ਨਾਰੰਗੀ, ਯਾਨਿ ਰੰਗਹੀਣ, ਆਖਿਆ ਜਾ ਰਿਹਾ ਹੈ, ਰਿੱਝ ਕੇ ਵਧੀਆ ਬਣੇ ਦੁੱਧ ਨੂੰ ਖੋਇਆ (ਗਵਾਚ ਗਿਆ) ਕਿਹਾ ਜਾਂਦਾ ਹੈ ਅਤੇ ਕਿਸੇ ਚੱਲਦੀ ਹੋਈ ਚੀਜ਼ ਨੂੰ ਗੱਡੀ (ਜਮੀਨ ਵਿਚ ਗੱਡੀ ਹੋਈ) ਕਿਹਾ ਜਾਂਦਾ ਹੈ। ਇਹ ਭਾਰਤ ਦੀ ਪੁਰਾਣੀ ਰੀਤ ਹੈ।
ਵਿਅੰਗਕਾਰ ਨੂੰ ਨਵਾਂ ਸਵਾਲ ਪੇਸ਼ ਹੋ ਗਿਆ ਕਿ ਇਹ ਅੱਜ ਦੇ ਯੁੱਗ ਨਾਲ ਕਿਵੇਂ ਮੇਲ ਕੇ ਵੇਖਿਆ ਜਾ ਸਕਦਾ ਹੈ ਤਾਂ ਉਸ ਨੇ ਕਿਹਾ ਸੀ ਕਿ ਤਾਜਾ ਗੱਲ ਨਹੀਂ ਦੱਸ ਸਕਦਾ, ਮੌਕੇ ਦੀ ਸਰਕਾਰ ਨਾਰਾਜ਼ ਹੋ ਜਾਵੇਗੀ, ਪਰ ਪੁਰਾਣੀ ਮਿਸਾਲ ਹੈ ਕਿ ਇੰਦਰਾ ਗਾਂਧੀ ਨੇ ‘ਗਰੀਬੀ ਹਟਾਓ’ ਦਾ ਨਾਅਰਾ ਦਿੱਤਾ ਤੇ ਗਰੀਬੀ ਹੋਰ ਵਧਾ ਕੇ ਮੇਰੇ ਕਹਿਣ ਤੋਂ ਪਹਿਲਾਂ ਮੇਰੀ ਗੱਲ ਨੂੰ ਸੱਚੀ ਸਾਬਤ ਕਰ ਦਿੱਤਾ ਸੀ।
ਉਹ ਵਿਅੰਗਕਾਰ ਇਸ ਵਕਤ ਏਡਾ ਵਿਅੰਗ ਕਰਨ ਵਾਲੀ ਸਥਿਤੀ ਵਿਚ ਨਹੀਂ, ਬਜੁਰਗੀ ਹੰਢਾ ਰਿਹਾ ਹੈ, ਪਰ ਜੇ ਕਾਇਮ ਵੀ ਹੁੰਦਾ ਤਾਂ ਸ਼ਾਇਦ ਇਸ ਵਕਤ ਦੀ ਸਰਕਾਰ ਬਾਰੇ ਏਦੂੰ ਵੱਡੀ ਕੋਈ ਨਵੀਂ ਗੱਲ ਨਾ ਕਹਿ ਸਕਦਾ। ਸੱਚਾਈ ਇਹ ਹੈ ਕਿ ਇਸ ਵਕਤ ਵੀ ਜਦੋਂ ਭਾਰਤ ਦੀਆਂ ਆਮ ਚੋਣਾਂ ਸਿਰ ‘ਤੇ ਹਨ, ਉਦੋਂ ਜੋ ਕੁਝ ਹੁੰਦਾ ਹੈ, ਉਹ ਲੁਕਾਇਆ ਜਾ ਰਿਹਾ ਹੈ ਤੇ ਜੋ ਹੁੰਦਾ ਨਹੀਂ ਤੇ ਸ਼ਾਇਦ ਹੋਣ ਵਾਲਾ ਵੀ ਨਹੀਂ, ਉਹ ਵਿਖਾਇਆ ਜਾ ਰਿਹਾ ਹੈ।
ਅਸੀਂ ਪਿਛਲੇ ਦੋ ਸਾਲਾਂ ਤੋਂ ਵੱਧ ਸਮੇਂ ਤੋਂ ਇਹ ਵੇਖਦੇ ਅਤੇ ਸੁਣਦੇ ਆਏ ਹਾਂ, ਹਾਲੇ ਵੀ ਕਦੇ-ਕਦੇ ਸੁਣ ਲੈਂਦੇ ਹਾਂ ਕਿ ਕਿਸੇ ਥਾਂ ਭੜਕੀ ਹੋਈ ਭੀੜ ਨੇ ਗਊ ਹੱਤਿਆ ਦੇ ਸ਼ੱਕ ਵਿਚ ਕੁਝ ਲੋਕਾਂ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਹੈ। ਇੱਕ ਵਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਅਜਿਹਾ ਕੰਮ ਗੁੰਡਾ ਗੈਂਗ ਕਰਦੇ ਹਨ ਤੇ ਫਿਰ ਕੁਝ ਪੁਲਿਸ ਕਾਰਵਾਈ ਵੀ ਹੋਈ ਸੀ, ਪਰ ਬਾਅਦ ਵਿਚ ਇਹ ਪਤਾ ਲੱਗਾ ਕਿ ਕਾਰਵਾਈ ਕੁਝ ਚੋਣਵੇਂ ਕੇਸਾਂ ਵਿਚ ਸਿਰਫ ਉਥੇ ਹੋਈ, ਜਿੱਥੇ ਅਜਿਹਾ ਕੰਮ ਕਰਨ ਵਾਲੇ ਬੰਦੇ ਉਸ ਖਾਸ ਧਿਰ ਨਾਲ ਜੁੜੇ ਹੋਏ ਨਹੀਂ ਸਨ, ਜਿਸ ਦੇ ਇਸ਼ਾਰੇ ‘ਤੇ ਇਹ ਕੁਝ ਗਿਣ-ਮਿਥ ਕੇ ਕਰਵਾਇਆ ਜਾਂਦਾ ਸੀ। ਆਪਣੇ ਆਪ ਗਊ-ਭਗਤ ਬਣ ਤੁਰੇ ਚਾਰ ਗੈਂਗਾਂ ‘ਤੇ ਕਾਰਵਾਈ ਕਰ ਕੇ ਆਪਣੇ ਵਿਧਾਇਕਾਂ ਤੇ ਪਾਰਲੀਮੈਂਟ ਮੈਂਬਰਾਂ ਦੇ ਥਾਪੜੇ ਵਾਲਿਆਂ ਦਾ ਵਾਲ ਵੀ ਵਿੰਗਾ ਨਹੀਂ ਸੀ ਹੋਣ ਦਿੱਤਾ।
ਅੱਜ ਕੱਲ੍ਹ ਭਾਰਤ ਦੇ ਕਈ ਮੀਡੀਆ ਚੈਨਲਾਂ ‘ਤੇ ਅਗੇਤੇ ਚੋਣ ਸਰਵੇਖਣ ਪੇਸ਼ ਕੀਤੇ ਜਾ ਰਹੇ ਹਨ। ਜਿਸ ਬੰਦੇ ਨੇ ਇਨ੍ਹਾਂ ਨੂੰ ਜ਼ਰਾ ਕੁ ਗਹੁ ਨਾਲ ਵੇਖਿਆ ਹੋਵੇ, ਉਹ ਇਸ ਗੱਲ ਕਰ ਕੇ ਹੈਰਾਨ ਹੋ ਸਕਦਾ ਹੈ ਕਿ ਜੋ ਚੈਨਲ ਪਿਛਲੇ ਮਹੀਨੇ ਤੱਕ ਇਹ ਕਹਿੰਦੇ ਸਨ ਕਿ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿਚ ਕਾਂਗਰਸ ਨੇ ਜਿੱਤਣਾ ਹੈ, ਉਹ ਇਸ ਮਹੀਨੇ ਦੇ ਚੜ੍ਹਦੇ ਸਾਰ ਕਾਂਗਰਸ ਨੂੰ ਹਰਾ ਕੇ ਭਾਜਪਾ ਨੂੰ ਜਿਤਾਉਣ ਦੇ ਸਰਵੇ ਵਿਖਾਈ ਜਾਂਦੇ ਹਨ। ਸਾਨੂੰ ਦਿੱਲੀ ਵਾਲੀਆਂ ਚੋਣਾਂ ਦਾ ਤਜਰਬਾ ਹੈ। ਉਥੇ ਵਿਧਾਨ ਸਭਾ ਚੋਣਾਂ ਵਿਚ ਇਹੋ ਖੇਡ ਖੇਡੀ ਗਈ ਸੀ। ਵੋਟਾਂ ਪੈਣ ਤੋਂ ਇੱਕ ਦਿਨ ਪਹਿਲਾਂ ਤੱਕ ਸਾਰੇ ਚੈਨਲ ਭਾਜਪਾ ਤੇ ਆਮ ਆਦਮੀ ਪਾਰਟੀ ਦੀ ਗਹਿਗੱਚ ਲੜਾਈ ਦੱਸ ਕੇ ਉਨੀ-ਇੱਕੀ ਦਾ ਫਰਕ ਦੱਸਦੇ ਤੇ ਬਹੁਤੇ ਭਾਜਪਾ ਨੂੰ ਵੱਧ ਸੀਟਾਂ ਦਿੰਦੇ ਸਨ। ਇੱਕ ਚੈਨਲ ਨੇ ਆਮ ਆਦਮੀ ਪਾਰਟੀ ਨੂੰ ਸਿਰਫ ਇੱਕੀ ਸੀਟਾਂ ਦਿੱਤੀਆਂ ਸਨ। ਅਗਲੇ ਦਿਨ ਜਦੋਂ ਵੋਟਾਂ ਪੈਣ ਦਾ ਕੰਮ ਹੋ ਗਿਆ, ਇਨ੍ਹਾਂ ਚੈਨਲਾਂ ਨੇ ਆਮ ਆਦਮੀ ਪਾਰਟੀ ਨੂੰ ਭਾਜਪਾ ਤੋਂ ਅੱਗੇ ਮੰਨਿਆ ਤੇ ਜਿਸ ਚੈਨਲ ਨੇ ਇੱਕ ਦਿਨ ਪਹਿਲਾਂ ਉਸ ਨੂੰ ਸਿਰਫ ਇੱਕੀ ਸੀਟਾਂ ਦਿੱਤੀਆਂ ਸਨ, ਉਸ ਇਕੱਲੇ ਚੈਨਲ ਨੇ ਕਿਹਾ ਸੀ ਕਿ ਭਾਜਪਾ ਬਹੁਤ ਪਿੱਛੇ ਹੈ ਤੇ ਆਮ ਆਦਮੀ ਪਾਰਟੀ ਦੀਆਂ ਸੀਟਾਂ ਪੰਜਾਹ ਤੋਂ ਵਧ ਕੇ ਪਚਵੰਜਾ ਵੀ ਹੋ ਸਕਦੀਆਂ ਹਨ। ਸਾਡੇ ਵਰਗੇ ਲੋਕਾਂ ਨੂੰ ਵੀ ਇਹ ਗੱਪ ਜਾਪਦੀ ਸੀ। ਜਦੋਂ ਨਤੀਜਾ ਆਇਆ ਤਾਂ ਆਮ ਆਦਮੀ ਪਾਰਟੀ 67 ਸੀਟਾਂ ਲੈ ਗਈ। ਜਿਸ ਚੈਨਲ ਨੇ ਇੱਕ ਦਿਨ ਪਹਿਲਾਂ ਉਸ ਨੂੰ ਇੱਕੀ ਸੀਟਾਂ ਦਿੱਤੀਆਂ ਸਨ, ਵੋਟਾਂ ਪੈਂਦੇ ਸਾਰ ਉਹ ਉਸ ਨੂੰ ਪੰਜਾਹ-ਪਚਵੰਜਾ ਦੇਣ ਲਈ ਤਿਆਰ ਨਹੀਂ ਸੀ ਹੋਇਆ, ਉਸ ਨੂੰ ਪਹਿਲਾਂ ਵੀ ਸਥਿਤੀ ਦਾ ਪਤਾ ਸੀ, ਪਰ ਉਦੋਂ ਉਹ ਚੋਣ ਪ੍ਰਚਾਰ ਦਾ ਹਿੱਸਾ ਬਣ ਕੇ ਬੋਲਦਾ ਪਿਆ ਸੀ। ਇਹ ਕੰਮ ਇਸ ਵੇਲੇ ਤਿੰਨ ਰਾਜਾਂ ਦੀਆਂ ਚੋਣਾਂ ਵਾਸਤੇ ਵੀ ਹੁੰਦਾ ਹੋ ਸਕਦਾ ਹੈ।
ਦੂਸਰੀ ਗੱਲ, ਪਿਛਲੇ ਹਫਤੇ ਉਤਰ ਪ੍ਰਦੇਸ਼ ਵਿਚ ਐਪਲ ਕੰਪਨੀ ਦੇ ਮੈਨੇਜਰ ਨੂੰ ਦੋ ਪੁਲਿਸ ਮੁਲਾਜ਼ਮਾਂ ਨੇ ਮਾਰ ਦਿੱਤਾ ਤੇ ਇਸ ਨੂੰ ਪੁਲਿਸ ਮੁਕਾਬਲਾ ਬਣਾਉਣ ਦਾ ਯਤਨ ਕੀਤਾ ਗਿਆ। ਇਹ ਖੇਡ ਚੱਲ ਨਹੀਂ ਸਕੀ ਤਾਂ ਨਵਾਂ ਦਾਅ ਖੇਡਿਆ ਜਾ ਰਿਹਾ ਹੈ ਕਿ ਫਸੇ ਹੋਏ ਪੁਲਿਸ ਵਾਲੇ ਨੂੰ ਹੀਰੋ ਬਣਾ ਕੇ ਸਾਰੇ ਰਾਜ ਦੀ ਪੁਲਿਸ ਨੇ ਉਸ ਨਾਲ ਹਮਾਇਤ ਲਈ ਇੱਕ ਦਿਨ ਬਾਂਹਾਂ ‘ਤੇ ਕਾਲੀਆਂ ਪੱਟੀਆਂ ਬੰਨ ਕੇ ਡਿਊਟੀ ਕੀਤੀ ਹੈ। ਕਿਸੇ ਡਿਸਿਪਲਿਨ ਵਾਲੀ ਫੋਰਸ ਵਿਚ ਇਹ ਇੱਕ ਤਰ੍ਹਾਂ ਦੀ ਬਾਗੀ ਕਾਰਵਾਈ ਹੁੰਦੀ ਹੈ ਤੇ ਇਸ ਕਾਰਨ ਨੌਕਰੀ ਤੋਂ ਕੱਢਣ ਤੱਕ ਦੇ ਹੁਕਮ ਜਾਰੀ ਕੀਤੇ ਜਾ ਸਕਦੇ ਹਨ, ਪਰ ਕੀਤੇ ਨਹੀਂ ਗਏ ਤੇ ਕਰਨੇ ਵੀ ਕਿਸੇ ਨਹੀਂ।
ਇਹੋ ਨਹੀਂ, ਕੇਸ ਵਿਚ ਫਸੇ ਹੋਏ ਉਸ ਸਿਪਾਹੀ ਨਾਲ ਹਮਾਇਤ ਵਜੋਂ ਉਸ ਦੀ ਪਤਨੀ ਦਾ ਬੈਂਕ ਖਾਤਾ ਨੰਬਰ ਦੇ ਕੇ ਲੋਕਾਂ ਨੂੰ ਫੰਡ ਭੇਜਣ ਦੀ ਅਪੀਲ ਕੀਤੀ ਗਈ ਅਤੇ ਚੋਖਾ ਫੰਡ ਇਸ ਖਾਤੇ ਵਿਚ ਆ ਵੀ ਗਿਆ ਹੈ। ਇਸ ਪਿੱਛੇ ਇੱਕ ਖੇਡ ਹੋਰ ਦੱਸੀ ਜਾਂਦੀ ਹੈ। ਜਦੋਂ ਤੋਂ ਯੋਗੀ ਆਦਿੱਤਿਆਨਾਥ ਦੀ ਭਾਜਪਾ ਵਾਲੀ ਸਰਕਾਰ ਬਣੀ ਹੈ, ਉਸ ਦੇ ਪਹਿਲੇ ਇੱਕ ਸਾਲ ਵਿਚ ਬਾਰਾਂ ਸੌ ਤੋਂ ਵੱਧ ਪੁਲਿਸ ਮੁਕਾਬਲੇ ਹੋ ਜਾਣ ਦੀ ਚਰਚਾ ਆਮ ਸੁਣੀ ਜਾਣ ਲੱਗੀ ਸੀ। ਇੱਕ ਸਾਲ ਵਿਚ ਬਾਰਾਂ ਸੌ ਦਾ ਮਤਲਬ ਰੋਜ਼ ਦੇ ਤਿੰਨ-ਚਾਰ ਮੁਕਾਬਲੇ ਹੁੰਦੇ ਹਨ। ਉਸ ਰਾਜ ਵਿਚ ਜਾਣ ਵਾਲੇ ਲੋਕ ਦੱਸਦੇ ਹਨ ਕਿ ਅੱਜ ਕੱਲ੍ਹ ਰਾਤ ਵੇਲੇ ਆਮ ਲੋਕ ਸੜਕਾਂ ‘ਤੇ ਨਹੀਂ ਨਿਕਲਦੇ ਕਿ ਕਿਸੇ ਦਾ ਮੁਕਾਬਲਾ ਬਣਦਾ ਪਿਆ ਹੋਇਆ ਤਾਂ ਇਸ ਨੂੰ ਅਸਲੀ ਦੱਸਣ ਲਈ ਕਰਾਸ ਫਾਇਰਿੰਗ ਦੇ ਬਹਾਨੇ ਸਾਡੀ ਜਾਨ ਹੀ ਨਾ ਲੈ ਲਈ ਜਾਵੇ। ਇੱਕ ਵੱਡੇ ਟੀ. ਵੀ. ਚੈਨਲ ਨੇ ਅਜਿਹੇ ਮੁਕਾਬਲੇ ਬਣਾਉਣ ਵਾਲੇ ਪੁਲਿਸ ਅਫਸਰਾਂ ਦੀ ਗੱਲਬਾਤ ਦਾ ਸਟਿੰਗ ਅਪਰੇਸ਼ਨ ਵਾਲਾ ਰਿਕਾਰਡ ਪੇਸ਼ ਕੀਤਾ ਸੀ, ਜੋ ਹਰ ਕਿਸਮ ਦੇ ਮੁਕਾਬਲੇ ਦਾ ਰੇਟ ਵੀ ਦੱਸਦੇ ਹਨ।
ਮੁੱਖ ਮੰਤਰੀ ਦਾ ਬਿਆਨ ਆਇਆ ਸੀ ਕਿ ਕੁਝ ਲੋਕਾਂ ਨੂੰ ਸਿਰਫ ਪੁਲਿਸ ਮੁਕਾਬਲੇ ਦਿੱਸਦੇ ਹਨ, ਇਸ ਰਾਜ ਵਿਚ ਸ਼ਾਂਤੀ ਕਾਇਮ ਹੋਈ ਨਹੀਂ ਦਿੱਸਦੀ। ਜਿੱਦਾਂ ਦੀ ਸ਼ਾਂਤੀ ਕਬਰਾਂ ਵਿਚ ਹੁੰਦੀ ਹੈ, ਲਗਭਗ ਉਦਾਂ ਦੀ ਸ਼ਾਂਤੀ ਕਿਸੇ ਥਾਂ ਦਿੱਸ ਪਵੇ ਤਾਂ ਸਮਝਣਾ ਪੈਂਦਾ ਹੈ ਕਿ ਜੋ ਹੋ ਰਿਹਾ ਹੈ, ਉਹ ਮੁੱਖ ਮੰਤਰੀ ਨੇ ਨਹੀਂ ਮੰਨਣਾ ਤੇ ਜੋ ਮੁੱਖ ਮੰਤਰੀ ਦੱਸਦਾ ਹੈ, ਉਹ ਅਸਲ ਵਿਚ ਹੁੰਦਾ ਨਹੀਂ ਹੋਣਾ।
ਆਖਰੀ ਗੱਲ, ਇਸ ਹਫਤੇ ਅਯੁੱਧਿਆ ਅੰਦੋਲਨ ਨਾਲ ਜੁੜੇ ਹੋਏ ਇੱਕ ਮਹੰਤ ਨੇ ਮਰਨ ਵਰਤ ਰੱਖ ਲਿਆ ਤੇ ਕਿਹਾ ਹੈ ਕਿ ਮੈਂ ਓਨੀ ਦੇਰ ਮਰਨ ਵਰਤ ਨਹੀਂ ਛੱਡਾਂਗਾ, ਜਦੋਂ ਤੱਕ ਨਰਿੰਦਰ ਮੋਦੀ ਇਥੇ ਰਾਮ ਲੀਲਾ ਦੇ ਦਰਸ਼ਨ ਕਰਨ ਨਹੀਂ ਆਉਂਦੇ ਤੇ ਰਾਮ ਮੰਦਿਰ ਬਣਾਉਣ ਦਾ ਐਲਾਨ ਨਹੀਂ ਕਰਦੇ। ਨਰਿੰਦਰ ਮੋਦੀ ਨੂੰ ਨਾ ਅਯੁੱਧਿਆ ਜਾਣ ਦੀ ਝਿਜਕ ਹੈ ਤੇ ਨਾ ਰਾਮ ਮੰਦਿਰ ਬਣਾਉਣ ਦੀ, ਪਰ ਕਿਸੇ ਖਾਸ ਤਰ੍ਹਾਂ ਦੀ ਯੋਜਨਾਬੰਦੀ ਤੋਂ ਬਿਨਾ ਉਹ ਉਥੇ ਚਲੇ ਜਾਣ ਤਾਂ ਅਸਲੀ ਗੱਲ ਨਹੀਂ ਬਣਨੀ। ਗੱਲ ਰਾਮ ਮੰਦਿਰ ਬਣਾਉਣ ਦੀ ਓਨੀ ਨਹੀਂ, ਜਿੰਨੀ ਇਹ ਹੈ ਕਿ ਰਾਮ ਮੰਦਿਰ ਬਹਾਨੇ ਵੋਟਾਂ ਲੈਣੀਆਂ ਹਨ। ਇਸ ਲਈ ਇਹ ਢੰਗ ਵਰਤਿਆ ਜਾ ਸਕਦਾ ਹੈ ਕਿ ਇੱਕ ਮਹੰਤ ਨੂੰ ਜਜ਼ਬਾਤੀ ਕਰ ਕੇ ਉਸ ਤੋਂ ਮਰਨ ਵਰਤ ਦਾ ਐਲਾਨ ਕਰਵਾ ਦਿੱਤਾ ਜਾਵੇ। ਫਿਰ ਸਾਰੇ ਦੇਸ਼ ਵਿਚ ਇਸ ਗੱਲ ਦਾ ਪ੍ਰਚਾਰ ਕੀਤਾ ਜਾਵੇ ਤੇ ਜਦੋਂ ਮੰਦਿਰ ਦਾ ਮੁੱਦਾ ਸੌ ਮੁੱਦਿਆਂ ਦਾ ਮੁੱਦਾ ਬਣਿਆ ਜਾਪਣ ਲੱਗ ਜਾਵੇ ਤੇ ਮਹਿੰਗਾਈ, ਗਰੀਬੀ, ਨੋਟਬੰਦੀ, ਬੇਰੁਜ਼ਗਾਰੀ ਸਾਰੇ ਮੁੱਦੇ ਪਿੱਛੇ ਧੱਕ ਦੇਵੇ ਤਾਂ ਪ੍ਰਧਾਨ ਮੰਤਰੀ ਮੋਦੀ ਅਯੁੱਧਿਆ ਜਾ ਕੇ ਉਹ ਐਲਾਨ ਕਰ ਦੇਣਗੇ, ਜਿਸ ਦੀ ਮੰਗ ਉਠਾਈ ਗਈ ਹੈ ਤੇ ਇੱਕ ਮਹੰਤ ਦਾ ਮਰਨ ਵਰਤ ਰਖਵਾਇਆ ਹੈ।
ਅਸਲ ਵਿਚ ਮਹੰਤ ਦਾ ਮਰਨ ਵਰਤ ਚੋਣ-ਯੱਗ ਦਾ ਹਵਨ ਹੈ, ਵਿਖਾਵਾ ਮੰਦਿਰ ਉਸਾਰੀ ਕਰਨ ਦੀ ਮੰਗ ਦਾ ਕੀਤਾ ਗਿਆ ਹੈ। ਇਹ ਹਕੀਕਤ ਹੁੰਦੀ ਤਾਂ ਚਾਰ ਸਾਲ ਪਹਿਲਾਂ ਇਹੋ ਕੰਮ ਹੋ ਸਕਦਾ ਸੀ। ਇਥੇ ਏਦਾਂ ਹੀ ਹੁੰਦਾ ਹੈ। ਆਖਰ ਇਹ ਉਹ ਭਾਰਤ ਹੈ, ਜਿੱਥੇ ਜੋ ਕੁਝ ਹੁੰਦਾ ਹੈ, ਉਹ ਦਿਸਦਾ ਨਹੀਂ ਤੇ ਜੋ ਦਿਸਦਾ ਹੈ, ਉਹ ਹੁੰਦਾ ਹੀ ਨਹੀਂ। ਫਿਰ ਵੀ ਹੱਦੋਂ ਵੱਧ ਗੁੱਝੇ ਹਰ ਦਾਅ ਦੇ ਦੌਰ ਵਿਚ ਜੋ ਖੇਡ ਇਸ ਵਾਰੀ ਖੇਡੀ ਜਾ ਰਹੀ ਹੈ, ਉਹ ਕਿਸੇ ਵੀ ਪਿਛਲੇ ਦੌਰ ਤੋਂ ਵੱਧ ਭੁਚਲਾਊ ਹੋ ਸਕਦੀ ਹੈ, ਕਿਉਂਕਿ ਨੋਟਬੰਦੀ ਵਾਂਗ ਇਸ ਦੀ ਅਸਲੀਅਤ ਵੀ ਸਿਰਫ ਇੱਕ ਵਿਅਕਤੀ ਜਾਂ ਇੱਕ ਖਾਸ ਗਰੁਪ ਤੱਕ ਸੀਮਤ ਹੈ, ਸ਼ਾਇਦ ਨਾਲ ਤੁਰੀ ਫਿਰਦੀ ਟੀਮ ਨੂੰ ਵੀ ਪਤਾ ਨਹੀਂ।