ਗਿਆਨੀ ਗੁਰਬਚਨ ਸਿੰਘ ‘ਤੇ ਅਹੁਦਾ ਛੱਡਣ ਲਈ ਵਧਿਆ ਦਬਾਅ

ਚੰਡੀਗੜ੍ਹ: ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ‘ਤੇ ਅਹੁਦਾ ਛੱਡਣ ਲਈ ਦਬਾਅ ਵਧ ਗਿਆ ਹੈ। ਡੇਰਾ ਮੁਖੀ ਨੂੰ ਮੁਆਫੀ ਦੇਣ ਦੇ ਮਾਮਲੇ ‘ਚ ਸਿੱਖ ਸੰਗਤ ਦੇ ਰੋਹ ਦਾ ਸ਼ਿਕਾਰ ਹੋਏ ਜਥੇਦਾਰ ਅਲੱਗ-ਥਲੱਗ ਹੋ ਗਏ ਜਾਪਦੇ ਹਨ। ਬਾਕੀ ਤਖਤਾਂ ਦੇ ਜਥੇਦਾਰਾਂ ਨੇ ਉਨ੍ਹਾਂ ਵਲੋਂ ਬੁਲਾਈ ਜਾਣ ਵਾਲੀ ਕਿਸੇ ਵੀ ਬੈਠਕ ‘ਚ ਨਾ ਜਾਣ ਦਾ ਐਲਾਨ ਕੀਤਾ ਹੈ।

ਵੇਰਵਿਆਂ ਮੁਤਾਬਕ ਤਖਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਤਖਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਤਖਤ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਗਿਆਨੀ ਗੁਰਬਚਨ ਸਿੰਘ ਵਲੋਂ ਸੱਦੀ ਕਿਸੇ ਵੀ ਬੈਠਕ ਵਿਚ ਨਾ ਜਾਣ ਦਾ ਫੈਸਲਾ ਲਿਆ ਹੈ। ਹਾਲਾਂਕਿ ਜਥੇਦਾਰ ਇਸ ਮਾਮਲੇ ਵਿਚ ਖੁੱਲ੍ਹੇਆਮ ਕੁਝ ਵੀ ਨਹੀਂ ਕਹਿ ਰਹੇ ਪਰ ਇਕ ਤਖਤ ਦੇ ਜਥੇਦਾਰ ਨੇ ਪੁਸ਼ਟੀ ਕੀਤੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਉਨ੍ਹਾਂ ਬਕਾਇਦਾ ਤੌਰ ‘ਤੇ ਇਸ ਬਾਰੇ ਸੂਚਿਤ ਕਰ ਦਿੱਤਾ ਹੈ। ਇਹ ਵੀ ਚਰਚਾ ਹੈ ਕਿ ਸਿਆਸੀ ਤੇ ਪੰਥਕ ਸੰਕਟ ਵਿਚ ਘਿਰਿਆ ਸ਼੍ਰੋਮਣੀ ਅਕਾਲੀ ਦਲ ਅਗਲੇ ਦਿਨਾਂ ਵਿਚ ਵੱਡੇ ਫੈਸਲੇ ਲੈ ਸਕਦਾ ਹੈ।
ਇਨ੍ਹਾਂ ਵਿਚ ਗਿਆਨੀ ਗੁਰਬਚਨ ਸਿੰਘ ਨੂੰ ਹਟਾਉਣਾ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਅਹੁਦੇਦਾਰਾਂ ਦੀ ਤਬਦੀਲੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵਿਚ ਫੇਰਬਦਲ ਸ਼ਾਮਲ ਹਨ। ਸ਼੍ਰੋਮਣੀ ਕਮੇਟੀ ਦੀ ਚੋਣ ਤਾਂ ਨਵੰਬਰ ਵਿਚ ਹੋਣੀ ਹੈ ਪਰ ਚਰਚਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਜਲਦ ਹੀ ਹਟਾਇਆ ਜਾ ਸਕਦਾ ਹੈ। ਇਸ ਲਈ ਬਾਕਾਇਦਾ ਨਵੇਂ ਜਥੇਦਾਰ ਦੀ ਭਾਲ ਜਾਰੀ ਹੈ। ਇਸ ਬਾਰੇ ਸੋਸ਼ਲ ਮੀਡੀਆ ਵਿਚ ਕਿਆਸਰਾਈਆਂ ਦਾ ਹੜ੍ਹ ਆਇਆ ਹੋਇਆ ਹੈ। ਉਂਜ ਗਿਆਨੀ ਗੁਰਬਚਨ ਸਿੰਘ ਦਾ ਕਹਿਣਾ ਹੈ ਕਿ ਅਜਿਹੀ ਕੋਈ ਗੱਲ ਨਹੀਂ। ਦੂਜੇ ਪਾਸੇ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਕਿਹਾ ਹੈ ਕਿ ਉਹ ਗਿਆਨੀ ਗੁਰਬਚਨ ਸਿੰਘ ਨੂੰ ਸੇਵਾ ਮੁਕਤ ਕਰਨ ਦੇ ਹੱਕ ਵਿਚ ਹਨ।