ਝੂਠੇ ਪੁਲਿਸ ਮੁਕਾਬਲੇ: 26 ਸਾਲਾਂ ਦੀ ਲੰਮੀ ਉਡੀਕ ਪਿੱਛੋਂ ਮਿਲਿਆ ਨਿਆਂ

ਚੰਡੀਗੜ੍ਹ: ਪੰਜਾਬ ਵਿਚ ਕਾਲੇ ਦੌਰ ਦੌਰਾਨ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰੇ ਸਿੱਖ ਨੌਜਵਾਨਾਂ ਦੇ ਪਰਿਵਾਰਾਂ ਨੂੰ ਨਿਆਂ ਦੀ ਆਸ ਬੱਝੀ ਹੈ। ਮੁਹਾਲੀ ਦੀ ਵਿਸ਼ੇਸ਼ ਸੀæਬੀæਆਈæ ਅਦਾਲਤ ਵੱਲੋਂ ਸਿਰਫ ਚਾਰ ਦਿਨਾਂ ਅੰਦਰ ਦੋ ਵੱਖ-ਵੱਖ ਕੇਸਾਂ ਵਿਚ ਝੂਠੇ ਮੁਕਾਬਲਿਆਂ ਦੇ ਦੋਸ਼ੀ ਠਹਿਰਾਏ ਗਏ ਚਾਰ ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।

26 ਸਤੰਬਰ ਨੂੰ ਉਨ੍ਹਾਂ ਦੋ ਪੁਲਿਸ ਅਫਸਰਾਂ ਰਘਵੀਰ ਸਿੰਘ ਅਤੇ ਦਾਰਾ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਜਿਨ੍ਹਾਂ ਉਤੇ 15 ਸਾਲ ਦੇ ਹਰਪਾਲ ਸਿੰਘ ਨੂੰ ਗੈਰਕਾਨੂੰਨੀ ਢੰਗ ਨਾਲ ਮਾਰ ਦੇਣ ਦਾ ਦੋਸ਼ ਹੈ। 30 ਸਤੰਬਰ ਨੂੰ ਸੁਣਾਏ ਫੈਸਲੇ ਵਿਚ ਅੰਮ੍ਰਿਤਸਰ ਜ਼ਿਲ੍ਹੇ ਦੇ ਹੀ ਪਿੰਡ ਪੱਟੀ ਬਲੋਲ ਦੇ ਹਰਜੀਤ ਸਿੰਘ ਉਰਫ ਗੋਰਾ ਨਾਮ ਦੇ ਨੌਜਵਾਨ ਨੂੰ ਅਗਵਾ ਕਰ ਕੇ ਝੂਠੇ ਪੁਲਿਸ ਮੁਕਾਬਲੇ ਵਿਚ ਮਾਰ ਦੇਣ ਦੇ ਦੋਸ਼ ਹੇਠ ਸੇਵਾ ਮੁਕਤ ਇੰਸਪੈਕਟਰ ਗਿਆਨ ਸਿੰਘ ਅਤੇ ਸਬ ਇੰਸਪੈਕਟਰ ਨਰਿੰਦਰ ਸਿੰਘ ਮੱਲ੍ਹੀ ਨੂੰ ਉਮਰ ਕੈਦ ਨੂੰ ਦੋਸ਼ੀ ਮੰਨਿਆ ਗਿਆ ਹੈ। ਦੋਵੇਂ ਕੇਸ ਸਤੰਬਰ ਅਤੇ ਨਵੰਬਰ 1992 ਦੇ ਹਨ। ਇਸ ਮਾਮਲੇ ਵਿਚ ਪੀੜਤ ਪਰਿਵਾਰਾਂ ਨੂੰ ਇਨਸਾਫ ਲੈਣ ਲਈ 26 ਸਾਲ ਇੰਤਜ਼ਾਰ ਕਰਨਾ ਪਿਆ। ਹਾਲਾਂਕਿ ਪੁਲਿਸ ਨੇ ਹਰਜੀਤ ਦੇ ਪਿਤਾ ਬਲਬੀਰ ਸਿੰਘ ਨੂੰ ਵੀ ਉਸ ਦੇ ਨਾਲ ਹੀ ਘਰੋਂ ਚੁੱਕਿਆ ਸੀ ਪਰ ਬਾਅਦ ਵਿਚ ਉਸ ਨੂੰ ਛੱਡ ਦਿੱਤਾ ਸੀ। ਪੀੜਤ ਪਰਿਵਾਰ ਦੇ ਵਕੀਲ ਪੁਸ਼ਪਿੰਦਰ ਸਿੰਘ ਨੱਤ ਅਨੁਸਾਰ ਇਸ ਘਟਨਾ ਤੋਂ ਮਹਿਜ਼ 5 ਦਿਨ ਪਹਿਲਾਂ 6 ਨਵੰਬਰ 1992 ਨੂੰ ਪੁਲਿਸ ਨੇ ਹਰਜੀਤ ਦੇ ਭਰਾ ਕੁਲਦੀਪ ਸਿੰਘ ਨੂੰ ਝੂਠੇ ਪੁਲਿਸ ਮੁਕਾਬਲੇ ਵਿਚ ਮਾਰ ਮੁਕਾਇਆ ਸੀ।
ਇਲਾਕੇ ਦੇ ਲੋਕਾਂ ਮੁਤਾਬਕ ਹਰਜੀਤ ਉਰਫ ਗੋਰਾ ਦਾ ਪਿਛੋਕੜ ਅਪਰਾਧਿਕ ਨਹੀਂ ਸੀ ਸਗੋਂ ਉਹ ਬਹੁਤ ਹੀ ਭਲਾਮਾਣਸ ਸੀ। ਪਰਿਵਾਰ ਨੇ ਪੁਲਿਸ ਦੇ ਕਾਫੀ ਤਰਲੇ ਕੱਢੇ ਪਰ ਉਨ੍ਹਾਂ ਦੀ ਕਿਸੇ ਨੇ ਨਹੀਂ ਸੁਣੀ। 20 ਦਸੰਬਰ 1992 ਨੂੰ ਹਰਜੀਤ ਦੇ ਪਿਤਾ ਨੇ ਡੀæਜੀæਪੀæ ਦਾ ਬੂਹਾ ਖੜਕਾਇਆ ਪਰ ਪੁਲਿਸ ਮੁਖੀ ਨੇ ਨਾ ਕੋਈ ਜਾਂਚ ਬਿਠਾਈ ਅਤੇ ਨਾ ਹੀ ਉਸ ਦੇ ਪੁੱਤ ਨੂੰ ਰਿਹਾਅ ਕੀਤਾ ਗਿਆ। ਤਿੰਨ ਸਾਲ ਬਾਅਦ 16 ਜਨਵਰੀ 1995 ਨੂੰ ਅਕਾਲੀ ਦਲ ਮਨੁੱਖੀ ਅਧਿਕਾਰ ਵਿੰਗ ਦੇ ਜਨਰਲ ਸਕੱਤਰ ਜਸਵੰਤ ਸਿੰਘ ਖਾਲੜਾ ਨੇ ਆਪਣੀ ਪੜਤਾਲੀਆ ਰਿਪੋਰਟ ਵਿਚ ਇਹ ਖੁਲਾਸਾ ਕੀਤਾ ਕਿ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਅਤੇ ਤਰਨ ਤਾਰਨ ਵਿਚ ਬਹੁਤ ਸਾਰੀਆਂ ਲਾਸ਼ਾਂ ਦਾ ਇਕੱਠਿਆਂ ਸਸਕਾਰ ਕੀਤਾ ਸੀ ਜਿਨ੍ਹਾਂ ਵਿਚ ਹਰਜੀਤ ਸਿੰਘ ਗੋਰਾ ਦੀ ਲਾਸ਼ ਵੀ ਸ਼ਾਮਲ ਸੀ। ਇਸ ਤੋਂ ਬਾਅਦ ਇਹ ਮਾਮਲਾ ਕਾਫੀ ਚਰਚਾ ਵਿਚ ਆ ਗਿਆ।
ਇਸ ਮਗਰੋਂ 20 ਜੁਲਾਈ 1995 ਨੂੰ ਸ੍ਰੀ ਖਾਲੜਾ ਨੇ ਪੱਤਰਕਾਰ ਸੰਮੇਲਨ ਵਿਚ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰੇ ਨੌਜਵਾਨਾਂ ਬਾਰੇ ਦੱਸਦਿਆਂ ਕਿਹਾ ਕਿ ਪੁਲਿਸ ਉਨ੍ਹਾਂ ‘ਤੇ ਉੱਚ ਅਦਾਲਤ ਵਿਚ ਦਾਇਰ ਪਟੀਸ਼ਨ ਵਾਪਸ ਲੈਣ ਦਾ ਦਬਾਅ ਪਾ ਰਹੀ ਹੈ ਅਤੇ ਉਸ ਨੂੰ ਜਾਨ ਦਾ ਖਤਰਾ ਹੈ। ਇਸ ਪਿੱਛੋਂ 6 ਸਤੰਬਰ 1995 ਨੂੰ ਅੰਮ੍ਰਿਤਸਰ ਪੁਲਿਸ ਨੇ ਜਸਵੰਤ ਸਿੰਘ ਖਾਲੜਾ ਨੂੰ ਵੀ ਘਰੋਂ ਚੁੱਕ ਲਿਆ। ਤਿੰਨ ਦਿਨ ਥਾਣਿਆਂ ਵਿਚ ਖੱਜਲ ਖੁਆਰ ਹੋਣ ਤੋਂ ਬਾਅਦ ਖਾਲੜਾ ਦੀ ਪਤਨੀ ਪਰਮਜੀਤ ਕੌਰ ਨੇ ਅਪਰਾਧਿਕ ਅਪੀਲ ਦਾਇਰ ਕਰ ਕੇ ਉਸ ਦੇ ਪਤੀ ਨੂੰ ਰਿਹਾਅ ਕਰਨ ਦੀ ਮੰਗ ਕੀਤੀ। 15 ਨਵੰਬਰ 1995 ਨੂੰ ਸੁਪਰੀਮ ਕੋਰਟ ਨੇ ਇਹ ਕੇਸ ਸੀæਬੀæਆਈæ ਦੇ ਹਵਾਲੇ ਕਰ ਕੇ ਉਚ ਪੱਧਰੀ ਨਿਰਪੱਖ ਜਾਂਚ ਕਰਨ ਦੇ ਆਦੇਸ਼ ਦਿੱਤੇ ਗਏ ਅਤੇ ਡੀæਜੀæਪੀæ ਸਮੇਤ ਮੁੱਖ ਸਕੱਤਰ ਅਤੇ ਗ੍ਰਹਿ ਸਕੱਤਰ ਨੂੰ ਹਦਾਇਤ ਕੀਤੀ ਗਈ ਕਿ ਜਾਂਚ ਵਿਚ ਪੂਰਾ ਸਹਿਯੋਗ ਦਿੱਤਾ ਜਾਵੇ।
ਇਸੇ ਤਰ੍ਹਾਂ ਅਦਾਲਤ ਨੇ 26 ਸਾਲ ਪੁਰਾਣੇ ਝੂਠੇ ਪੁਲਿਸ ਮੁਕਾਬਲੇ ਦੇ ਕੇਸ ਦਾ ਨਿਬੇੜਾ ਕਰਦਿਆਂ ਪੰਜਾਬ ਪੁਲਿਸ ਦੇ ਦੋ ਸੇਵਾ ਮੁਕਤ ਪੁਲੀਸ ਅਫ਼ਸਰਾਂ (ਐਸ਼ਐਚæਓæ ਰਘਬੀਰ ਸਿੰਘ ਅਤੇ ਸਬ ਇੰਸਪੈਕਟਰ ਦਾਰਾ ਸਿੰਘ) ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਨ੍ਹਾਂ ਪੁਲਿਸ ਅਫਸਰਾਂ ‘ਤੇ ਅੰਮ੍ਰਿਤਸਰ ਦੇ ਪਿੰਡ ਪੱਲਾ ਦੇ ਵਸਨੀਕ ਹਰਪਾਲ ਸਿੰਘ (15) ਨੂੰ ਝੂਠੇ ਪੁਲਿਸ ਮੁਕਾਬਲੇ ਵਿਚ ਮਾਰਨ ਦਾ ਦੋਸ਼ ਹੈ। ਇਸ ਕੇਸ ਵਿੱਚੋਂ ਤਿੰਨ ਪੁਲਿਸ ਕਰਮਚਾਰੀਆਂ ਸਿਪਾਹੀ ਜਸਵੀਰ ਸਿੰਘ, ਸਿਪਾਹੀ ਨਿਰਮਲਜੀਤ ਸਿੰਘ ਤੇ ਪੀæਐਸ਼ਓæ ਪਰਮਜੀਤ ਸਿੰਘ ਨੂੰ ਬਰੀ ਕੀਤਾ ਗਿਆ ਹੈ। ਕੇਸ ਵਿਚ ਨਾਮਜ਼ਦ ਸਬ ਇੰਸਪੈਕਟਰ ਰਾਮ ਲੁਭਾਇਆ, ਹੌਲਦਾਰ ਹੀਰਾ ਸਿੰਘ ਤੇ ਸਿਪਾਹੀ ਸਵਿੰਦਰਪਾਲ ਸਿੰਘ ਦੀ ਮੌਤ ਹੋ ਚੁੱਕੀ ਹੈ।
ਮ੍ਰਿਤਕ ਨੌਜਵਾਨ ਦੀ ਮਾਂ ਨੇ ਆਪਣੀ ਸ਼ਿਕਾਇਤ ਵਿਚ ਦੋਸ਼ ਲਾਇਆ ਸੀ ਕਿ 14 ਸਤੰਬਰ 1992 ਨੂੰ ਸਵੇਰੇ 5 ਵਜੇ ਏæਐਸ਼ਆਈæ ਰਾਮ ਬੁਲਾਇਆ ਅਤੇ ਕੁਝ ਹੋਰ ਪੁਲਿਸ ਵਾਲੇ ਉਨ੍ਹਾਂ ਦੇ ਘਰ ਆਏ ਅਤੇ ਉਸ ਦੇ ਪੁੱਤ ਹਰਪਾਲ ਸਿੰਘ ਨੂੰ ਚੁੱਕ ਕੇ ਲੈ ਗਏ ਅਤੇ ਚਾਰ ਦਿਨਾਂ ਬਾਅਦ 18 ਸਤੰਬਰ 1992 ਨੂੰ ਪੁਲਿਸ ਨੇ ਬਿਆਸ ਨੇੜੇ ਝੂਠੇ ਮੁਕਾਬਲੇ ਵਿਚ ਉਸ ਦੇ ਪੁੱਤ ਨੂੰ ਮਾਰ ਦਿੱਤਾ, ਜਦੋਂਕਿ ਪੁਲਿਸ ਰਿਪੋਰਟ ਅਨੁਸਾਰ ਪਿੰਡ ਨਿੱਝਰ ਨੇੜੇ ਦੋ ਨੌਜਵਾਨਾਂ ਨੇ ਪੁਲਿਸ ‘ਤੇ ਫਾਇਰਿੰਗ ਕਰ ਦਿੱਤੀ ਸੀ ਅਤੇ ਜਵਾਬੀ ਹਮਲੇ ਵਿਚ ਹਰਪਾਲ ਸਿੰਘ ਦੀ ਮੌਤ ਹੋ ਗਈ।
_____________________________
ਬੜਾ ਔਖਾ ਨਿਆਂ ਮਿਲਿਆ: ਪਿਤਾ ਬਲਵੀਰ ਸਿੰਘ
ਅਦਾਲਤ ਦੇ ਬਾਹਰ ਹਰਜੀਤ ਸਿੰਘ ਗੋਰਾ ਦੇ ਪਿਤਾ ਬਲਵੀਰ ਸਿੰਘ ਨੇ ਦੱਸਿਆ ਕਿ ਦੋਵਾਂ ਅਫਸਰਾਂ ਨੇ ਉਨ੍ਹਾਂ ਦਾ ਸਾਰਾ ਘਰ ਹੀ ਉਜਾੜ ਦਿੱਤਾ ਹੈ। ਉਹ ਜਦੋਂ ਵੀ ਆਪਣੇ ਲੜਕੇ ਦੀ ਗੁੰਮਸ਼ੁਦਗੀ ਸਬੰਧੀ ਡੀæ ਜੀæਪੀæ ਕੋਲ ਪੇਸ਼ ਹੁੰਦੇ ਤਾਂ ਨਰਿੰਦਰ ਸਿੰਘ ਮੱਲ੍ਹੀ ਉਨ੍ਹਾਂ ਨੂੰ ਕਦੇ ਲੱਖਾਂ ਰੁਪਇਆਂ ਦਾ ਲਾਲਚ ਦਿੰਦਾ ਤੇ ਕਦੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ। ਉਨ੍ਹਾਂ ਦੱਸਿਆ ਕਿ ਉਸ ਦੀ ਪਤਨੀ ਹਰਜਿੰਦਰ ਕੌਰ ਦੀ ਕਾਫੀ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ। ਬਲਵੀਰ ਸਿੰਘ ਮੁਤਾਬਕ ਪੁਲਿਸ ਨੇ ਉਸ ਨੂੰ ਚੁੱਕ ਕੇ ਇਕ ਸੀਮਿੰਟ ਸਟੋਰ ‘ਚ ਕਰੀਬ 22 ਦਿਨ ਬੰਦ ਰੱਖ ਕੇ ਤਸੀਹੇ ਦਿੱਤੇ ਸਨ।