ਸੁਖਦੇਵ ਢੀਂਡਸਾ ਨੇ ਦਿੱਤਾ ਬਾਦਲਾਂ ਨੂੰ ਝਟਕਾ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਲਿਖੇ ਪੱਤਰ ਰਾਹੀਂ ਕਿਹਾ ਹੈ ਕਿ ਉਹ ਇਕ ਮੈਂਬਰ ਵਜੋਂ ਕੰਮ ਕਰਦੇ ਰਹਿਣਗੇ। ਸੀਨੀਅਰ ਅਕਾਲੀ ਆਗੂ ਦਾ ਅਸਤੀਫਾ ਬਾਦਲ ਪਰਿਵਾਰ ਲਈ ਇਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਸ੍ਰੀ ਢੀਂਡਸਾ ਪਾਰਟੀ ਦੀ ਕੋਰ ਕਮੇਟੀ ਦੇ ਮੈਂਬਰ ਵੀ ਸਨ ਤੇ ਇਸ ਸਮੇਂ ਸਭ ਤੋਂ ਸੀਨੀਅਰ ਤੇ ਪ੍ਰਭਾਵਸ਼ਾਲੀ ਆਗੂਆਂ ਵਿਚ ਸ਼ੁਮਾਰ ਹਨ।

ਸੂਤਰਾਂ ਦਾ ਦੱਸਣਾ ਹੈ ਕਿ ਅਸਤੀਫਾ ਦੇਣ ਤੋਂ ਕੁਝ ਦਿਨ ਪਹਿਲਾਂ ਉਨ੍ਹਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਪਿੰਡ ਬਾਦਲ ਵਿਚ ਜਾ ਕੇ ਖਾਸ ਤੌਰ ‘ਤੇ ਮੀਟਿੰਗ ਕੀਤੀ ਸੀ। ਉਨ੍ਹਾਂ ਅਸਤੀਫਾ ਦੇਣ ਦਾ ਕਾਰਨ ਭਾਵੇਂ ਸਿਹਤ ਠੀਕ ਨਾ ਹੋਣਾ ਦੱਸਿਆ ਹੈ ਪਰ ਪਾਰਟੀ ਹਲਕਿਆਂ ਦਾ ਮੰਨਣਾ ਹੈ ਕਿ ਢੀਂਡਸਾ ਦੇ ਦੋਵੇਂ ਬਾਦਲਾਂ ਨਾਲ ਸਬੰਧਾਂ ਵਿਚ ਪਿਛਲੇ ਸਮੇਂ ਤੋਂ ਖਟਾਸ ਚੱਲ ਰਹੀ ਸੀ। ਬਰਗਾੜੀ ਅਤੇ ਕੋਟਕਪੂਰਾ ਕਾਂਡ ਦੀ ਪੜਤਾਲੀਆ ਰਿਪੋਰਟ ਤੋਂ ਚੁਫੇਰਿਉਂ ਘਿਰੇ ਅਕਾਲੀ ਦਲ ਲਈ ਇਹ ਵੱਡਾ ਰਾਜਸੀ ਸੰਕਟ ਮੰਨਿਆ ਜਾ ਰਿਹਾ ਹੈ। ਸ੍ਰੀ ਢੀਂਡਸਾ ਰਾਜ ਸਭਾ ਦੇ ਮੈਂਬਰ ਵੀ ਹਨ ਜਿਸ ਦੀ ਮਿਆਦ ਜੁਲਾਈ 2022 ਵਿਚ ਪੂਰੀ ਹੋਣੀ ਹੈ। ਉਨ੍ਹਾਂ ਦਾ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਲਹਿਰਾਗਾਗਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਹੈ। ਪਾਰਟੀ ਸੂਤਰਾਂ ਦਾ ਦੱਸਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਨਮੋਸ਼ੀ ਭਰੀ ਹਾਰ ਤੋਂ ਬਾਅਦ ਹੀ ਟਕਸਾਲੀ ਆਗੂਆਂ ਨੇ ਸੁਖਬੀਰ ਬਾਦਲ ਦੀ ਲੀਡਰਸ਼ਿਪ ਉਤੇ ਸਵਾਲ ਖੜ੍ਹੇ ਕਰਨੇ ਸ਼ੁਰੂ ਕਰ ਦਿੱਤੇ ਸਨ।
ਵੱਡੇ ਬਾਦਲ ਨੇ ਕੋਰ ਕਮੇਟੀ ਦੀਆਂ ਮੀਟਿੰਗਾਂ ਦੌਰਾਨ ਸਰਗਰਮ ਸਿਆਸਤ ਤੋਂ ਕਿਨਾਰਾ ਕਰਨ ਦਾ ਐਲਾਨ ਕੀਤਾ ਸੀ ਤੇ ਪਾਰਟੀ ਦੀ ਵਾਗਡੋਰ ਪੂਰੀ ਤਰ੍ਹਾਂ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੇ ਕਰੀਬੀ ਰਿਸ਼ਤੇਦਾਰ ਬਿਕਰਮ ਸਿੰਘ ਮਜੀਠੀਆ ਦੇ ਹੱਥ ਹੀ ਮੰਨੀ ਜਾਂਦੀ ਹੈ। ਇਸ ਕਰ ਕੇ ਟਕਸਾਲੀ ਨੇਤਾ ਨੁੱਕਰੇ ਲੱਗੇ ਮਹਿਸੂਸ ਕਰ ਰਹੇ ਸਨ। ਚੰਡੀਗੜ੍ਹ ਵਿਚ ਹੋਈਆਂ ਕਈ ਗ਼ੈਰ-ਰਸਮੀ ਮੀਟਿੰਗਾਂ ਦੌਰਾਨ ਇਨ੍ਹਾਂ ਨੁਕਤਿਆਂ ‘ਤੇ ਚਰਚਾ ਵੀ ਹੋ ਚੁੱਕੀ ਹੈ। ਇਸ ਮੁੱਦੇ ਉਤੇ ਵੀ ਚਰਚਾ ਹੋਈ ਸੀ ਕਿ ਜਦੋਂ ਸੀਨੀਅਰ ਲੀਡਰਸ਼ਿਪ ਦਾ ਮੁੱਦਾ ਵਿਚਾਰਨ ਦੀ ਨੌਬਤ ਆਉਂਦੀ ਹੈ ਤਾਂ ਵੱਡੇ ਬਾਦਲ ਛੋਟੇ ਬਾਦਲ ਨਾਲ ਵਿਚਾਰ ਕਰਨ ਦੀ ਨਸੀਹਤ ਦੇ ਛੱਡਦੇ ਹਨ ਤੇ ਜਦੋਂ ਸੁਖਬੀਰ ਲਈ ਚੁਣੌਤੀਆਂ ਦਾ ਸਮਾਂ ਆਉਂਦਾ ਹੈ ਤਾਂ ਉਹ ਝੱਟ ਸੰਕਟ ਮੋਚਕ ਬਣ ਕੇ ਮੈਦਾਨ ਵਿਚ ਨਿੱਤਰ ਆਉਂਦੇ ਹਨ। ਪਾਰਟੀ ਲੀਡਰਸ਼ਿਪ ਮਹਿਸੂਸ ਕਰ ਰਹੀ ਹੈ ਕਿ ਵੱਡੇ ਬਾਦਲ ਸਿਰਫ ਸੁਖਬੀਰ ਦੇ ਪਿਤਾ ਵਾਲੀ ਭੂਮਿਕਾ ਨਿਭਾਉਂਦੇ ਹਨ ਨਾ ਕਿ ਸੀਨੀਅਰ ਨੇਤਾ ਤੇ ਪਾਰਟੀ ਦੇ ਸੰਕਟ ਦਾ ਨਿਵਾਰਨ ਲਈ। ਇਹ ਵੀ ਦੇਖਿਆ ਗਿਆ ਹੈ ਕਿ ਜਦੋਂ ਪਾਰਟੀ ਸਿਆਸੀ ਸੰਕਟ ਵਿਚ ਘਿਰਦੀ ਹੈ ਤਾਂ ਟਕਸਾਲੀ ਨੇਤਾਵਾਂ ਨੂੰ ਮੂਹਰੇ ਲਾ ਦਿੱਤਾ ਜਾਂਦਾ ਹੈ ਤੇ ਆਮ ਹਾਲਾਤ ਵਿਚ ਹਰ ਥਾਂ ਬਾਦਲ ਪਰਿਵਾਰ ਹੀ ਮੋਹਰੀ ਹੁੰਦਾ ਹੈ।
ਪੰਜਾਬ ਵਿਧਾਨ ਸਭਾ ਵਿਚ 28 ਅਗਸਤ ਨੂੰ ਅਕਾਲੀ-ਭਾਜਪਾ ਸ਼ਾਸਨ ਦੌਰਾਨ ਵਾਪਰੀਆਂ ਘਟਨਾਵਾਂ (ਬਰਗਾੜੀ, ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ) ਦੀ ਪੜਤਾਲੀਆ ਕਮਿਸ਼ਨ ਜਸਟਿਸ (ਸੇਵਾ ਮੁਕਤ) ਰਣਜੀਤ ਸਿੰਘ ਵੱਲੋਂ ਪੇਸ਼ ਕੀਤੀ ਰਿਪੋਰਟ ਉਪਰ ਬਹਿਸ ਹੋਣ ਤੋਂ ਬਾਅਦ ਅਕਾਲੀ ਦਲ ਚੁਫੇਰਿਉਂ ਘਿਰਿਆ ਮਹਿਸੂਸ ਕਰ ਰਿਹਾ ਹੈ ਤੇ ਪਾਰਟੀ ਵਰਕਰਾਂ ਦਾ ਮਨੋਬਲ ਉਚਾ ਚੁੱਕਣ ਲਈ ਅਕਾਲੀ ਦਲ ਨੇ ਟਕਰਾਅ ਪੂਰਨ ਰੈਲੀਆਂ ਦਾ ਸਹਾਰਾ ਲੈਣਾ ਸ਼ੁਰੂ ਕੀਤਾ ਹੈ। ਇਸ ਤੋਂ ਪਹਿਲਾਂ ਅਬੋਹਰ ਅਤੇ ਫਰੀਦਕੋਟ ਵਿਚ ਰੈਲੀਆਂ ਕੀਤੀਆਂ ਜਾ ਚੁੱਕੀਆਂ ਹਨ। ਇਨ੍ਹਾਂ ਦੋਹਾਂ ਰੈਲੀਆਂ ਵਿਚ ਸ੍ਰੀ ਢੀਂਡਸਾ ਦੀ ਗੈਰਹਾਜ਼ਰੀ ਰੜਕਦੀ ਰਹੀ ਹੈ। ਇਸੇ ਤਰ੍ਹਾਂ 7 ਅਕਤੂਬਰ ਨੂੰ ਅਕਾਲੀ ਦਲ ਨੇ ਪਟਿਆਲਾ ਵਿਚ ਰੈਲੀ ਰੱਖੀ ਹੈ। ਇਸ ਰੈਲੀ ਤੋਂ ਹਫਤਾ ਪਹਿਲਾਂ ਇੱਕ ਸੀਨੀਅਰ ਆਗੂ ਵੱਲੋਂ ਦਿੱਤਾ ਅਸਤੀਫਾ ਅਕਾਲੀ ਦਲ ਲਈ ਇਕ ਹੋਰ ਨਮੋਸ਼ੀ ਦਾ ਅਧਾਰ ਬਣ ਸਕਦਾ ਹੈ। ਲੋਕ ਸਭਾ ਚੋਣਾਂ ਸਿਰ ‘ਤੇ ਹੋਣ ਕਾਰਨ ਸਿਆਸੀ ਤੌਰ ਉਤੇ ਨੁਕਸਾਨਦੇਹ ਵੀ ਹੋ ਸਕਦੀ ਹੈ।
_______________
ਢੀਂਡਸਾ ਦੇ ਅਸਤੀਫੇ ਦੀ ਇਬਾਰਤ
ਸੁਖਦੇਵ ਸਿੰਘ ਢੀਂਡਸਾ ਨੇ ਅਸਤੀਫੇ ਰਾਹੀਂ ਕਿਹਾ ਹੈ ”ਮੈਂ ਪਿਛਲੇ 6 ਦਹਾਕਿਆਂ ਤੋਂ ਪੰਥ ਨੂੰ ਸਮਰਪਿਤ ਰਿਹਾ ਹਾਂ ਤੇ ਪਾਰਟੀ ਨੇ ਮੈਨੂੰ ਹਮੇਸ਼ਾ ਸਤਿਕਾਰ ਦਿੱਤਾ ਹੈ। ਮੈਂ ਰਾਜਸੀ ਜੀਵਨ ਵਿੱਚ ਜਨਤਕ ਮੁੱਦਿਆਂ ‘ਤੇ ਸੰਘਰਸ਼ ਦੌਰਾਨ ਕਈ ਵਾਰੀ ਜੇਲ੍ਹ ਵੀ ਗਿਆ ਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਅਤੇ ਪ੍ਰਕਾਸ਼ ਸਿੰਘ ਬਾਦਲ ਵਰਗੀਆਂ ਸ਼ਖ਼ਸੀਅਤਾਂ ਦੀ ਰਹਿਨੁਮਾਈ ਮਿਲੀ। ਮੈਨੂੰ ਮਾਨਸਿਕ ਤੇ ਸਰੀਰਕ ਤੌਰ ‘ਤੇ ਮਹਿਸੂਸ ਹੁੰਦਾ ਹੈ ਹੁਣ ਮੈਂ ਸਰਗਰਮ ਸਿਆਸਤ ਦੇ ਖੇਤਰ ਵਿੱਚ ਆਪਣੀ ਪਾਰੀ ਮੁਕਾ ਲਈ ਤੇ ਮੇਰੀ ਸਿਹਤ ਵੀ ਇਜਾਜ਼ਤ ਨਹੀਂ ਦਿੰਦੀ। ਇਸ ਲਈ ਮੈਂ ਪਾਰਟੀ ਦੇ ਸਮੁੱਚੇ ਅਹੁਦਿਆਂ ਤੋਂ ਅਸਤੀਫ਼ਾ ਦਿੰਦਾ ਹੋਇਆ ਪਾਰਟੀ ਦਾ ਵਫ਼ਾਦਾਰ ਮੈਂਬਰ ਬਣੇ ਰਹਿਣ ਦਾ ਮਾਣ ਮਹਿਸੂਸ ਕਰਦਾ ਰਹਾਂਗਾ।”
__________________________
ਯੂਨਾਈਟਿਡ ਸਿੱਖ ਮੂਵਮੈਂਟ ਵੱਲੋਂ ਸਵਾਗਤ
ਯੂਨਾਈਟਿਡ ਸਿੱਖ ਮੂਵਮੈਂਟ ਦੇ ਆਗੂਆਂ ਡਾæ ਭਗਵਾਨ ਸਿੰਘ, ਕੈਪਟਨ ਚੰਨਣ ਸਿੰਘ, ਗੁਰਨਾਮ ਸਿੰਘ ਸਿੱਧੂ ਅਤੇ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਜੇ ਸੁਖਦੇਵ ਸਿੰਘ ਢੀਂਡਸਾ ਨੇ ਇਹ ਮੰਨ ਕੇ ਅਸਤੀਫਾ ਦਿੱਤਾ ਹੈ ਕਿ ਬੇਅਦਬੀ ਅਤੇ ਬਹਿਬਲ ਕਲਾਂ ਕਾਂਡ ਦੇ ਦੋਸ਼ੀਆਂ ਨਾਲ ਹੋਰ ਸਾਂਝ ਨਹੀਂ ਰੱਖਣੀ ਚਾਹੀਦੀ ਤਾਂ ਉਹ ਉਨ੍ਹਾਂ ਦੇ ਫ਼ੈਸਲੇ ਦਾ ਸੁਆਗਤ ਕਰਦੇ ਹਾਂ, ਬੇਸ਼ੱਕ ਉਨ੍ਹਾਂ ਵੱਲੋਂ ਇਹ ਕਦਮ ਪਹਿਲਾਂ ਚੁੱਕਿਆ ਜਾਣਾ ਚਾਹੀਦਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਕੋਈ ਵੀ ਸਿੱਖ ਪੰਥ ਦੋਖੀ ਬਾਦਲਾਂ ਨਾਲ ਨਹੀਂ ਚੱਲ ਸਕਦਾ।