ਏਸ਼ੀਆ ਕੱਪ: ਭਾਰਤ 7ਵੀਂ ਵਾਰ ਬਣਿਆ ਚੈਂਪੀਅਨ

ਦੁਬਈ: ਦੁਬਈ ਦੇ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ‘ਚ ਖੇਡੇ ਗਏ ਏਸ਼ੀਆ ਕੱਪ 2018 ਦੇ ਫਾਈਨਲ ਵਿਚ ਬੰਗਲਾਦੇਸ਼ ਵੱਲੋਂ ਮਿਲੇ 223 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤੀ ਟੀਮ ਨੇ 50 ਓਵਰਾਂ ‘ਚ 7 ਵਿਕਟਾਂ ਦੇ ਨੁਕਸਾਨ ‘ਤੇ ਆਖਰੀ ਗੇਂਦ ਖੇਡਦਿਆਂ ਬੰਗਲਾਦੇਸ਼ ਨੂੰ ਹਰਾ ਕੇ 7ਵੀਂ ਵਾਰ ਏਸ਼ੀਆ ਕੱਪ ਆਪਣੇ ਨਾਂ ਕਰ ਲਿਆ। ਟੀਚੇ ਦਾ ਪਿੱਛਾ ਕਰਨ ਆਈ ਭਾਰਤੀ ਟੀਮ ਦੇ ਓਪਨਰ ਜੋੜੀ ‘ਚੋਂ ਕਪਤਾਨ ਰੋਹਿਤ ਸ਼ਰਮਾ ਆਪਣਾ ਅਰਧ ਸੈਂਕੜਾ ਵੀ ਪੂਰਾ ਨਾ ਕਰਦਿਆਂ 55 ਗੇਂਦਾਂ ਉਤੇ 3 ਚੌਕੇ ਤੇ 3 ਛੱਕੇ ਲਗਾਉਂਦਿਆਂ 48 ਦੌੜਾਂ ਬਣਾ ਕੇ ਰੁਬੇਲ ਹੁਸੈਨ ਹੱਥੋਂ ਆਊਟ ਹੋ ਗਏ।

ਜਦਕਿ ਜੋੜੀਦਾਰ ਸਿਖਰ ਧਵਨ 14 ਖੇਡ ਕੇ 3 ਚੌਕੇ ਲਗਾਉਂਦਿਆਂ 15 ਦੌੜਾਂ ਬਣਾ ਕੇ ਨਜ਼ਮੁਲ ਇਸਲਾਮ ਦੀ ਗੇਂਦ ‘ਤੇ ਆਊਟ ਹੋ ਗਏ। ਭਾਰਤੀ ਬੱਲੇਬਾਜ਼ ਅੰਬਾਤੀ ਰਾਇਡੂ ਕੇਵਲ 2 ਦੌੜਾਂ ਬਣਾ ਕੇ ਮਸ਼ਰਫ਼ੀ ਮੋਰਟਾਜਾ ਹੱਥੋਂ ਚਲਦੇ ਬਣੇ।
ਇਸ ਪਿੱਛੋਂ ਦਿਨੇਸ਼ ਕਾਰਤਿਕ ਨੇ ਭਾਰਤੀ ਪਾਰੀ ਨੂੰ ਸੰਭਾਲਿਆ। ਉਨ੍ਹਾਂ 61 ਗੇਂਦਾਂ ‘ਤੇ ਇਕ ਚੌਕੇ ਤੇ ਇਕ ਛੱਕੇ ਦੀ ਮਦਦ ਨਾਲ 37 ਦੌੜਾਂ ਦੀ ਪਾਰੀ ਖੇਡੀ ਤੇ ਮੁਹੰਮਦਉਲਾਹ ਦੀ ਗੇਂਦ ਉਤੇ ਆਊਟ ਹੋ ਗਏ। ਭਾਰਤੀ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਨੇ ਕਾਰਤਿਕ ਦਾ ਸਾਥ ਦਿੰਦਿਆਂ 67 ਗੇਂਦਾਂ ਉਤੇ 3 ਚੌਕੇ ਲਗਾ ਕੇ 36 ਦੌੜਾਂ ਬਣਾਈਆਂ। ਧੋਨੀ ਨੂੰ ਮੁਸ਼ਤਾਫਿਜ਼ਰ ਨੇ ਰਹੀਮ ਦੇ ਹੱਥੋਂ ਕੈਚ ਕਰਾਇਆ। ਇਸ ਪਿੱਛੋਂ ਕੇਦਾਰ ਜਾਧਵ ਨੇ 27 ਗੇਂਦਾਂ ਉਤੇ ਨਾਬਾਦ ਰਹਿ ਕੇ 23 ਦੌੜਾਂ ਬਣਾ ਤੇ ਭਾਰਤ ਨੂੰ ਜਿੱਤ ਦਿਵਾਈ। ਭੁਵਨੇਸ਼ਵਰ ਕੁਮਾਰ ਨੇ 31 ਗੇਂਦਾਂ ‘ਤੇ ਇਕ ਚੌਕੇ ਤੇ ਇਕ ਛੱਕੇ ਨਾਲ 21 ਦੌੜਾਂ ਬਣਾਈਆਂ। ਰਵਿੰਦਰ ਜਡੇਜਾ ਨੇ 23 ਦੌੜਾਂ ਦੀ ਪਾਰੀ ਖੇਡੀ। ਭਾਰਤੀ ਬੱਲੇਬਾਜ਼ ਕੁਲਦੀਪ ਯਾਦਵ ਨੇ ਨਾਬਾਦ 5 ਦੌੜਾਂ ਬਣਾਈਆਂ। ਇਸ ਤਰ੍ਹਾਂ ਫਸਵੇਂ ਮੁਕਾਬਲੇ ‘ਚ ਭਾਰਤ ਨੇ ਆਖਰੀ ਗੇਂਦ ਉਤੇ ਬੰਗਲਾਦੇਸ਼ ਨੂੰ 3 ਵਿਕਟਾਂ ਨਾਲ ਹਰਾ ਕੇ ਏਸ਼ੀਆ ਕੱਪ ‘ਤੇ ਕਬਜ਼ਾ ਕੀਤਾ। ਇਸ ਤੋਂ ਪਹਿਲਾਂ ਭਾਰਤ ਤੋਂ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਬੰਗਲਾਦੇਸ਼ ਟੀਮ ਦੀ ਸ਼ੁਰੂਆਤ ਕਾਫੀ ਚੰਗੀ ਰਹੀ।
ਬੰਗਲਾਦੇਸ਼ ਦੇ ਓਪਨਰ ਲਿਟਨ ਡਾਸ ਨੇ 117 ਗੇਂਦਾਂ ਦਾ ਸਾਹਮਣਾ ਕਰਦਿਆਂ 12 ਚੌਕਿਆਂ ‘ਤੇ 2 ਛੱਕਿਆਂ ਦੀ ਮਦਦ ਨਾਲ 121 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਬੰਗਲਾਦੇਸ਼ ਦੀ ਟੀਮ ਨੂੰ ਮਜ਼ਬੂਤ ਸਥਿਤੀ ਵਿਚ ਲਿਆਂਦਾ। ਇਨ੍ਹਾਂ ਨੂੰ ਕੁਲਦੀਪ ਯਾਦਵ ਨੇ ਆਊਟ ਕੀਤਾ। ਉਨ੍ਹਾਂ ਦੇ ਜੋੜੀਦਾਰ ਮਹਿਦੀ ਹਸਨ ਨੇ 59 ਗੇਂਦਾਂ ਦਾ ਸਾਹਮਣਾ ਕਰਦਿਆਂ 3 ਚੌਕੇ ਲਗਾ ਕੇ 32 ਦੌੜਾਂ ਦਾ ਯੋਗਦਾਨ ਪਾਇਆ ਤੇ ਕੇਦਾਰ ਜਾਧਵ ਦੀ ਗੇਂਦ ‘ਤੇ ਪਵੇਲੀਅਨ ਪਰਤ ਗਏ। ਇਸ ਤੋਂ ਬਾਅਦ ਇਮਰੁਲ ਕਾਈਸ ਨੇ 12 ਗੇਂਦਾਂ ਉਤੇ ਕੇਵਲ 2 ਦੌੜਾਂ ਬਣਾਈਆਂ। ਕੋਈ ਵੀ ਬੱਲੇਬਾਜ਼ ਭਾਰਤੀ ਬੱਲੇਬਾਜ਼ਾਂ ਅੱਗੇ ਟਿਕ ਨਾ ਸਕਿਆ। ਬੰਗਲਾਦੇਸ਼ ਦੇ ਬੱਲੇਬਾਜ਼ ਮੁਸ਼ਫਿਕਰ ਰਹੀਮ (5), ਮੁਹੰਮਦ ਮਿਥੁਨ (2), ਮੁਹੰਮਦਉਲਾਹ (4) ਬਣਾ ਕੇ ਆਊਟ ਹੋ ਗਏ। ਬੰਗਲਾਦੇਸ਼ ਵੱਲੋਂ ਕੇਵਲ ਸਿਓਮਾ ਸਰਕਾਰ ਨੇ 45 ਗੇਂਦਾਂ ਖੇਡਦਿਆਂ ਇਕ ਚੌਕੇ ਤੇ ਇਕ ਛੱਕੇ ਦੀ ਮਦਦ ਨਾਲ 33 ਦੌੜਾਂ ਦੀ ਪਾਰੀ ਖੇਡੀ।
ਬੰਗਲਾਦੇਸ਼ ਵੱਲੋਂ ਮਸ਼ਰਫੀ ਮੋਰਟਾਜਾ ਨੇ 7, ਨਜ਼ਮੁਲ ਇਸਲਾਮ ਨੇ 7 ਅਤੇ ਮੁਸਤਾਫਿਜ਼ਰ ਰਹਿਮਾਨ ਨਾਬਾਦ 2 ਦੌੜਾਂ ਬਣਾਈਆਂ, ਪਰ ਰੁਬੇਲ ਹੁਸੈਨ ਰਹਿਮਾਨ ਦਾ ਸਾਥ ਨਾ ਦਿੰਦੇ ਹੋਏ ਬੁਮਰਾਹ ਦੀ ਗੇਂਦ ‘ਤੇ ਬਿਨਾਂ ਖਾਤਾ ਖੋਲ੍ਹਿਆਂ ਆਊਟ ਹੋ ਗਏ। ਭਾਰਤੀ ਗੇਂਦਬਾਜ਼ਾਂ ‘ਚ ਕੁਲਦੀਪ ਯਾਦਵ ਨੇ 3, ਕੇਦਾਰ ਜਾਧਵ ਨੇ 2 ਅਤੇ ਯੁਜਵੇਂਦਰ ਚਾਹਲ ਤੇ ਜਸਪ੍ਰੀਤ ਬੁਮਰਾਹ ਨੇ ਵੀ ਇਕ ਵਿਕਟ ਲਈ। ਇਸ ਤਰ੍ਹਾਂ ਬੰਗਲਾਦੇਸ਼ ਦੀ ਪਾਰੀ ਦੀ ਕੇਵਲ ਸ਼ੁਰੂਆਤ ਚੰਗੀ ਰਹੀ। ਪਰ ਬਾਅਦ ‘ਚ ਆਏ ਬੱਲੇਬਾਜ਼ ਇਸ ਚੰਗੀ ਸ਼ੁਰੂਆਤ ਨੂੰ ਬਰਕਰਾਰ ਨਾ ਰੱਖ ਸਕੇ। ਵਧੇਰੇ ਖਿਡਾਰੀ 10 ਦਾ ਅੰਕੜਾ ਵੀ ਪਾਰ ਨਾ ਕਰ ਸਕੇ। ਇਸ ਤਰ੍ਹਾਂ ਬੰਗਲਾਦੇਸ਼ ਦੀ ਟੀਮ ਭਾਰਤ ਨੂੰ 48æ3 ਓਵਰ ਖੇਡਦਿਆਂ 223 ਦੌੜਾਂ ਦਾ ਟੀਚਾ ਦੇ ਸਕੀ। ਜਿਸ ਨੂੰ ਭਾਰਤੀ ਟੀਮ ਨੇ 50 ਓਵਰਾਂ ਖੇਡਦਿਆਂ 7 ਵਿਕਟਾਂ ਦੇ ਨੁਕਸਾਨ ‘ਤੇ ਹਾਸਲ ਕਰ ਲਿਆ।