ਅੰਮ੍ਰਿਤਸਰ: ਅੰਮ੍ਰਿਤਸਰ ਜ਼ਿਲ੍ਹੇ ਦੇ ਕੱਥੂਨੰਗਲ ਥਾਣੇ ਵਿਚ ਪੈਂਦੇ ਪਿੰਡ ਸ਼ਹਿਜ਼ਾਦਾ ਦੀ ਔਰਤ ਜਸਵਿੰਦਰ ਕੌਰ ਨਾਲ ਪੁਲਿਸ ਨੇ ਅਣਮਨੁੱਖੀ ਵਿਹਾਰ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਇਸ ਔਰਤ ਨੂੰ ਪੁਲਿਸ ਨੇ ਗੱਡੀ ਦੀ ਛੱਤ ਉਤੇ ਤਕਰੀਬਨ ਢਾਈ ਕਿਲੋਮੀਟਰ ਤੱਕ ਪਿੰਡ ਦਾ ਚੱਕਰ ਕੱਢਣ ਤੋਂ ਬਾਅਦ ਸੜਕ ‘ਤੇ ਸੁੱਟ ਦਿੱਤਾ ਤੇ ਉਸ ਨੂੰ ਜ਼ਖਮੀ ਹਾਲਤ ਵਿਚ ਛੱਡ ਕੇ ਚਲੇ ਗਏ। ਜਸਵਿੰਦਰ ਦੀ ਇਕ ਦਰਦਨਾਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ। ਹੁਣ ਉਹ ਅੰਮ੍ਰਿਤਸਰ ਦੇ ਹਸਪਤਾਲ ਵਿਚ ਜੇਰੇ ਇਲਾਜ ਹੈ।
ਪੀੜਤ ਮੁਤਾਬਕ ਉਹ ਪੁਲਿਸ ਟੀਮ ਤੋਂ ਇੰਨਾ ਪੁੱਛਣ ਦੀ ਗੁਸਤਾਖ਼ੀ ਕਰ ਰਹੀ ਸੀ ਕਿ ਉਸ ਦੇ ਪਰਿਵਾਰ ਦੇ ਜਿਸ ਮੈਂਬਰ ਨੂੰ ਗ੍ਰਿਫਤਾਰ ਕਰਨ ਆਏ ਹਨ, ਉਸ ਦੇ ਖਿਲਾਫ਼ ਗ੍ਰਿਫਤਾਰੀ ਵਰੰਟ ਕਿੱਥੇ ਹਨ? ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਹ ਪਤਾ ਹੀ ਨਹੀਂ ਲੱਗਾ ਕਿ ਪੀੜਤ ਢਾਈ ਕਿਲੋਮੀਟਰ ਤੱਕ ਗੱਡੀ ਦੀ ਛੱਤ ਉਤੇ ਬੈਠੀ ਰਹੀ ਹੈ। ਇਸ ਘਟਨਾ ਦੀ ਜਦੋਂ ਚਾਰੇ ਪਾਸੇ ਨਿੰਦਾ ਹੋ ਰਹੀ ਸੀ ਤਾਂ ਪੁਲਿਸ ਨੇ ਪੀੜਤ ਦੇ ਪਰਿਵਾਰਕ ਮੈਂਬਰਾਂ ਉਤੇ ਹੀ ਪੁਲਿਸ ਦੇ ਕੰਮਕਾਜ ਵਿਚ ਵਿਘਨ ਪਾਉਣ ਦਾ ਪਰਚਾ ਦਰਜ ਕਰ ਦਿੱਤਾ। ਇਲਾਕੇ ਦੇ ਕਾਂਗਰਸੀਆਂ ਸਮੇਤ ਸਭ ਪਾਰਟੀਆਂ ਦੇ ਆਗੂਆਂ ਵੱਲੋਂ 10 ਘੰਟੇ ਦਿੱਤੇ ਧਰਨੇ ਤੋਂ ਬਾਅਦ ਸੀਨੀਅਰ ਪੁਲਿਸ ਅਧਿਕਾਰੀ ਪੀੜਤ ਪਰਿਵਾਰ ਦੇ ਖਿਲਾਫ਼ ਦਰਜ ਪਰਚਾ ਵਾਪਸ ਲੈਣ ਲਈ ਸਹਿਮਤ ਹੋਏ ਹਨ। ਮੁਲਜ਼ਮਾਂ ਖਿਲਾਫ਼ ਕਾਰਵਾਈ ਕਰਵਾਉਣ ਦੀ ਮੰਗ ਕਰਨ ਵਾਲੇ ਪਰਿਵਾਰ ਨੂੰ ਆਪਣੀ ਗ੍ਰਿਫਤਾਰੀ ਦੇ ਡਰੋਂ ਹਾਈ ਕੋਰਟ ਦਾ ਦਰਵਾਜਾ ਖੜਕਾਉਣ ਲਈ ਮਜਬੂਰ ਹੋਣਾ ਪਿਆ ਹੈ। ਹੁਣ ਮਾਮਲਾ ਭਖਣ ਪਿੱਛੋਂ ਪੰਜਾਬ ਪੁਲਿਸ ਬੁਰੀ ਤਰ੍ਹਾਂ ਘਿਰੀ ਹੋਈ ਹੈ। ਮਾਮਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਤਕ ਪਹੁੰਚ ਗਿਆ ਹੈ। ਇਸ ਦੇ ਨਾਲ ਮਹਿਲਾ ਕਮਿਸ਼ਨ ਵੀ ਸਰਗਰਮ ਹੋ ਗਿਆ ਹੈ। ਪੰਜਾਬ ਪੁਲਿਸ ਦੇ ਡੀæਜੀæਪੀæ ਤੋਂ ਰਿਪੋਰਟ ਤਲਬ ਕੀਤੀ ਗਈ ਹੈ।
ਪੀੜਤ ਮਹਿਲਾ ਦੇ ਸਹੁਰਾ ਬਲਵੰਤ ਸਿੰਘ ਨੇ ਪੰਜਾਬ ਪੁਲਿਸ ‘ਤੇ ਜ਼ਿਆਦਤੀ ਦਾ ਇਲਜ਼ਾਮ ਲਾਉਂਦਿਆਂ ਉਚ ਅਧਿਕਾਰੀ ਕੋਲੋਂ ਮਾਮਲੇ ਦੀ ਜਾਂਚ ਕਰਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਪਟੀਸ਼ਨ ਵਿਚ ਕਿਹਾ ਹੈ ਕਿ ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਦੀ ਜਾਣ ਪਛਾਣ ਵਾਲੇ ਕੁਝ ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਸੀ ਜਿਸ ਵਿਚ ਉਨ੍ਹਾਂ ਖਿਲਾਫ਼ ਹਥਿਆਰ ਹੋਣ ਦੇ ਝੂਠੇ ਇਲਜ਼ਾਮ ਲਾਏ ਗਏ ਸੀ। ਇਸੇ ਮਾਮਲੇ ਵਿਚ ਪੁਲਿਸ ਹੁਣ ਮੁਲਜ਼ਮਾਂ ਨੂੰ ਪਛਾਣਨ ਵਾਲੇ ਲੋਕਾਂ ‘ਤੇ ਦਬਾਅ ਬਣਾਉਣ ਨਾਲ ਉਨ੍ਹਾਂ ਨੂੰ ਫਸਾਉਣ ਦੀ ਵੀ ਕੋਸ਼ਿਸ਼ ਕਰ ਰਹੀ ਹੈ।
ਪਟੀਸ਼ਨ ਵਿਚ ਦੋਸ਼ ਲਗਾਇਆ ਗਿਆ ਹੈ ਕਿ ਇਕ ਭੱਠਾ ਮਾਲਕ ਨੇ ਕੁਝ ਵਿਅਕਤੀਆਂ ਵਿਰੁੱਧ ਭੱਠੇ ‘ਚ ਦਾਖਲ ਹੋ ਕੇ ਉਸ ਦੇ ਮੁਲਾਜ਼ਮਾਂ ਨਾਲ ਕੁੱਟ ਮਾਰ ਕਰਨ ਦਾ ਦੋਸ਼ ਲਗਾਇਆ ਸੀ ਤੇ ਇਸ ਮਾਮਲੇ ਵਿਚ ਪੁਲਿਸ ਨੂੰ ਕਥਿਤ ਮੁਲਜ਼ਮਾਂ ਕੋਲੋਂ ਹਥਿਆਰ ਨਹੀਂ ਸੀ ਮਿਲ ਰਹੇ ਤੇ ਇਸੇ ਕਾਰਨ ਉਹ ਪੁਲਿਸ ਇਨ੍ਹਾਂ ਦੇ ਅਜਿਹੇ ਜਾਣਕਾਰਾਂ ਨੂੰ ਮਾਮਲੇ ਵਿਚ ਜੋੜਨਾ ਚਾਹੁੰਦੀ ਸੀ, ਜਿਨ੍ਹਾਂ ਤੋਂ ਮੁਲਜ਼ਮਾਂ ਵੱਲੋਂ ਹਥਿਆਰ ਲਏ ਹੋਣ ਦੀ ਗੱਲ ਸਾਬਤ ਕੀਤੀ ਜਾਵੇ।
ਬਲਵੰਤ ਸਿੰਘ ਨੇ ਹਾਈ ਕੋਰਟ ਦਾ ਧਿਆਨ ਦਿਵਾਇਆ ਕਿ ਉਹ ਇਨ੍ਹਾਂ ਕਥਿਤ ਮੁਲਜ਼ਮਾਂ ਦਾ ਜਾਣਕਾਰ ਹੈ ਤੇ ਇਸੇ ਕਾਰਨ ਏæਆਈæਜੀ ਜੋਨਲ ਦਫ਼ਤਰ ਵੱਲੋਂ ਭੇਜੀ ਪੁਲਿਸ ਨੇ ਪਹਿਲਾਂ 22 ਸਤੰਬਰ ਨੂੰ ਉਸ ਦੇ ਘਰ (ਬਲਵੰਤ ਸਿੰਘ ਦੇ ਘਰ) ਛਾਪੇਮਾਰੀ ਕੀਤੀ ਤੇ ਕੋਈ ਮਰਦ ਘਰ ਨਾ ਹੋਣ ਦੇ ਬਾਵਜੂਦ ਘਰਵਾਲਿਆਂ ਨਾਲ ਬਦਤਮੀਜ਼ੀ ਕੀਤੀ ਤੇ ਬਾਅਦ ਵਿਚ 25 ਸਤੰਬਰ ਨੂੰ ਮੁੜ ਪੁਲਿਸ ਨੇ ਛਾਪੇਮਾਰੀ ਕੀਤੀ ਤੇ ਉਸ ਦੀ ਨੂੰਹ ਜਸਵਿੰਦਰ ਨੂੰ ਪੁਲਿਸ ਨੇ ਜਬਰ ਦਸਤੀ ਗੱਡੀ ਦੀ ਛੱਤ ‘ਤੇ ਬਿਠਾ ਕੇ ਉਨ੍ਹਾਂ ਦੇ ਪਿੰਡ ਸ਼ਹਿਜ਼ਾਦਾ ਵਿਚ ਘੁਮਾਇਆ ਤੇ ਬਾਅਦ ਵਿਚ ਚਵਿੰਡਾ ਦੇਵੀ ਚੌਕ ‘ਤੇ ਲਿਆ ਕੇ ਗੱਡੀ ਤੋਂ ਡੇਗ ਦਿੱਤਾ, ਜਿਸ ਕਾਰਨ ਉਸ ਨੂੰ ਸੱਟਾ ਲੱਗੀਆਂ। ਬਲਵੰਤ ਸਿੰਘ ਨੇ ਪਟੀਸ਼ਨ ਵਿਚ ਕਿਹਾ ਹੈ ਕਿ ਏæਆਈæਜੀ ਜ਼ੋਨਲ ਤੇ ਡੀæਐਸ਼ਪੀ ਕੋਲੋਂ ਉਸ ਨੂੰ ਤੇ ਪਰਿਵਾਰ ਨੂੰ ਖਤਰਾ ਹੈ, ਲਿਹਾਜ਼ਾ ਜਾਨ ਦੀ ਰਾਖੀ ਕੀਤੀ ਜਾਵੇ ਤੇ ਇਸ ਘਟਨਾ ਦੀ ਆਈæਪੀæਐਸ ਅਫਸਰ ਕੋਲੋਂ ਜਾਂਚ ਕਰਵਾਈ ਜਾਵੇ।
