ਚੰਡੀਗੜ੍ਹ: ਸਿੱਖ ਇਤਿਹਾਸ ਦੇ ਭੁੱਲੇ-ਵਿੱਸਰੇ ਅਧਿਆਏ ਬਾਰੇ ਦਿੱਲੀ ਦੇ ਲੋਕਾਂ ਨੂੰ ਜਾਣੂ ਕਰਾਉਣ ਲਈ ਗਵਾਲੀਅਰ ਆਧਾਰਤ ਪ੍ਰਭਾਤ ਮੂਰਤੀ ਕਲਾ ਕੇਂਦਰ ਵੱਲੋਂ ਤਿੰਨ ਸਿੱਖ ਜਰਨੈਲਾਂ ਬਾਬਾ ਬਘੇਲ ਸਿੰਘ, ਬਾਬਾ ਜੱਸਾ ਸਿੰਘ ਆਹਲੂਵਾਲੀਆ ਤੇ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਦੇ ਕਾਂਸੀ ਦੇ ਬੁੱਤਾਂ ਨੂੰ ਆਖਰੀ ਛੋਹਾਂ ਦਿੱਤੀਆਂ ਜਾ ਰਹੀਆਂ, ਜੋ ਇਥੇ ਸਥਾਪਤ ਕੀਤੇ ਜਾਣੇ ਹਨ। ਇਨ੍ਹਾਂ ਤਿੰਨਾਂ ਜਰਨੈਲਾਂ ਦੀ ਅਗਵਾਈ ਹੇਠਲੀਆਂ ਸਿੱਖ ਫੌਜਾਂ ਨੇ 1783 ‘ਚ ਮੁਗਲ ਬਾਦਸ਼ਾਹ ਸ਼ਾਹ ਆਲਮ-ਦੂਜੇ ਨੂੰ ਹਰਾ ਕੇ ਦਿੱਲੀ ਉਤੇ ਕਬਜ਼ਾ ਕੀਤਾ ਸੀ ਤੇ ਲਾਲ ਕਿਲ੍ਹੇ ‘ਤੇ ਨਿਸ਼ਾਨ ਸਾਹਿਬ ਝੁਲਾਇਆ ਸੀ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਬੁੱਤ ਬਣਾਉਣ ਦਾ ਆਰਡਰ ਦਿੱਤਾ ਗਿਆ ਹੈ ਤੇ ਕਮੇਟੀ ਵੱਲੋਂ ਪਿਛਲੇ ਚਾਰ ਸਾਲਾਂ ਤੋਂ ਦਿੱਲੀ ਫਤਹਿ ਦਿਵਸ ਸਮਾਗਮ ਵੀ ਮਨਾਏ ਜਾ ਰਹੇ ਹਨ। ਕਮੇਟੀ ਦੇ ਜਨਰਲ ਸਕੱਤਰ ਅਤੇ ਅਕਾਲੀ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ, ‘ਤਿੰਨਾਂ ਬੁੱਤਾਂ ‘ਚੋਂ ਹਰ ਇਕ ਦੀ ਉਚਾਈ 12 ਫੁੱਟ ਤੇ ਭਾਰ 1200 ਤੋਂ 1400 ਕਿਲੋ ਹੈ। ਇਹ ਬੁੱਤ ਅਗਲੇ ਮਹੀਨੇ ਪੱਛਮੀ ਦਿੱਲੀ ਦੇ ਸੁਭਾਸ਼ ਨਗਰ ਮੈਟਰੋ ਸਟੇਸ਼ਨ ਅਤੇ ਨਜਫਗੜ੍ਹ ਰੋਡ ਦੇ ਸਾਹਮਣੇ ਪਾਰਕ ‘ਚ ਸਥਾਪਤ ਕੀਤੇ ਜਾਣਗੇ। ਇਥੋਂ ਰੋਜ਼ਾਨਾ 20 ਲੱਖ ਦੇ ਕਰੀਬ ਲੋਕ ਲੰਘਦੇ ਹਨ। ਰਾਜੌਰੀ ਗਾਰਡਨ ਦੇ ਵਿਧਾਇਕ ਨੇ ਕਿਹਾ, ‘ਦਿੱਲੀ ਦੇ ਬਹੁਤੇ ਲੋਕ ਸਿੱਖ ਵਿਰਾਸਤ ਤੋਂ ਅਣਜਾਣ ਹਨ। ‘ਤੀਸ ਹਜ਼ਾਰੀ ਅਦਾਲਤ’ ਦਾ ਨਾਂ ਬਾਬਾ ਬਘੇਲ ਸਿੰਘ ਦੇ 30 ਹਜ਼ਾਰ ਜਵਾਨਾਂ ਦੀ ਫੌਜ ਵੱਲੋਂ ਇਸ ਇਲਾਕੇ ‘ਚ ਠਹਿਰਾਅ ਕਰਨ ਕਾਰਨ ਪਿਆ ਸੀ। ‘ਪੁਲ ਮਿਠਾਈ’ ਉਹ ਥਾਂ ਹੈ ਜਿਥੇ ਸਿੱਖ ਫੌਜੀ ਲੋਕਾਂ ਨੂੰ ਮਠਿਆਈ ਵੰਡਦੇ ਸੀ ਤੇ ਮੋਰੀ ਗੇਟ ਦਾ ਨਾਂ ਸਿੱਖ ਫੌਜੀਆਂ ਵੱਲੋਂ ਲਾਲ ਕਿਲ੍ਹੇ ਅੰਦਰ ਦਾਖਲ ਹੋਣ ਲਈ ਕੰਧ ‘ਚ ਲਾਈ ਗਈ ਸੰਨ੍ਹ ਕਾਰਨ ਪਿਆ।
ਪਿਛਲੇ ਸਾਲ ਅਗਸਤ ‘ਚ ਸ੍ਰੀ ਸਿਰਸਾ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਸੀ ਕਿ ਲਾਲ ਕਿਲ੍ਹੇ ‘ਚ ਸਿੱਖ ਜਰਨੈਲਾਂ ਬਾਰੇ ਲਾਈਟ ਐਂਡ ਸਾਊਂਡ ਸ਼ੋਅ ਕਰਵਾਇਆ ਜਾਵੇ ਤੇ ਇੱਥੇ ਇਨ੍ਹਾਂ ਸਿੱਖ ਜਰਨੈਲਾਂ ਦੇ ਬੁੱਤ ਸਥਾਪਤ ਕੀਤੇ ਜਾਣ। ਪ੍ਰਧਾਨ ਮੰਤਰੀ ਦਫ਼ਤਰ ਤੋਂ ਜਵਾਬ ਆਇਆ ਸੀ ਕਿ ਇਹ ਕੇਸ ਰੱਖਿਆ ਮੰਤਰਾਲੇ ਨੂੰ ਭੇਜ ਦਿੱਤਾ ਗਿਆ ਹੈ ਕਿਉਂਕਿ ਇਹ ਯਾਦਗਾਰ (ਲਾਲ ਕਿਲ੍ਹਾ) ਉਸ ਅਧੀਨ ਆਉਂਦੀ ਹੈ। ਬਾਅਦ ਵਿਚ ਇਹ ਮਾਮਲਾ ਸੱਭਿਆਚਾਰ ਮੰਤਰਾਲੇ ਨੂੰ ਭੇਜ ਦਿੱਤਾ ਗਿਆ। ਇਹ ਮਾਮਲਾ ਅਜੇ ਵੀ ਕੇਂਦਰ ਸਰਕਾਰ ਦੇ ਵਿਚਾਰ ਅਧੀਨ ਹੈ। ਕੁਝ ਸਾਲ ਪਹਿਲਾਂ ਡੀ.ਐਸ਼ਜੀ.ਐਸ਼ਸੀ. ਨੇ ਮੰਡੀ ਹਾਊਸ ਮੈਟਰੋ ਸਟੇਸ਼ਨ ਨੇੜੇ ਬਾਬਾ ਬੰਦਾ ਸਿੰਘ ਬਹਾਦਰ ਦੇ ਬੁੱਤ ਤੋਂ ਪਰਦਾ ਚੁੱਕਿਆ ਸੀ।
ਜ਼ਿਕਰਯੋਗ ਹੈ ਕਿ ਪ੍ਰਭਾਤ ਮੂਰਤੀ ਕਲਾ ਕੇਂਦਰ ਦੇਸ਼ ਦੀਆਂ ਸਭ ਤੋਂ ਮੋਹਰੀ ਬੁੱਤਘਾੜ ਸੰਸਥਾਵਾਂ ‘ਚੋਂ ਇਕ ਹੈ ਤੇ ਇਸੇ ਕੇਂਦਰ ਵੱਲੋਂ ਸਿੱਖ ਇਤਿਹਾਸ ਨਾਲ ਸਬੰਧਤ ਵਿਸ਼ਿਆਂ ਉਤੇ ਬੁੱਤ ਬਣਾਏ ਜਾਂਦੇ ਹਨ। ਕੇਂਦਰ ਦੇ ਮੁੱਖ ਬੁੱਤਘਾੜੇ ਪ੍ਰਭਾਤ ਰਾਏ ਵੱਲੋਂ ਹੁਣ ਤੱਕ ਛੇ ਸਿੱਖ ਸ਼ਖ਼ਸੀਅਤਾਂ ਦੇ ਬੁੱਤ ਬਣਾਏ ਜਾ ਚੁੱਕੇ ਹਨ, ਜੋ ਮੁਹਾਲੀ ਜ਼ਿਲ੍ਹੇ ਦੇ ਪਿੰਡ ਚੱਪੜਚਿੜੀ ‘ਚ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰ ‘ਚ ਸਥਾਪਤ ਹਨ। ਸ੍ਰੀ ਰਾਏ ਵੱਲੋਂ 2016 ਵਿਚ ਬਣਾਇਆ ਗਿਆ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਮਹਾਰਾਜਾ ਦੇ ਫਰਾਂਸੀਸੀ ਮਦਦਗਾਰ ਜਨਰਲ ਜਾਂ ਫਰੈਂਕੋਇਸ ਐਲਰਡ ਦੇ ਜਨਮ ਸਥਾਨ ਸੇਂਟ ਟਰੋਪਜ਼ ‘ਚ ਸਥਾਪਤ ਹੈ।