ਗੁਰੂਆਂ ਦਾ ਦੇਵ

ਬਲਜੀਤ ਬਾਸੀ ਦੀ ਉਮਰ ਦਰਾਜ਼ ਹੋਵੇ ਜੋ ਸਾਡੇ ਸਾਹਮਣੇ ਸ਼ਬਦਾਂ ਦਾ ਝਰੋਖਾ ਖੋਲ੍ਹ ਦਿੰਦਾ ਹੈ। ਕੁਝ ਅਧਪੜ੍ਹ ਕਿਸਮ ਦੇ ਤੇਜ਼-ਤਰਾਰ ਮਿਸ਼ਨਰੀਆਂ ਨੂੰ ਹਰ ਸੁਹਣੇ ਲਫਜ਼ ਨਾਲ ਵੈਰ ਹੈ, ਹਰ ਪਿਆਰੀ ਰਸਮ ਵਿਚੋਂ ਹਿੰਦੂ/ਬ੍ਰਾਹਮਣ ਡਰਾਈ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਲਿਪੀ ਗੁਰਮੁਖੀ ਹੈ, ਸ਼ਬਦਾਵਲੀ ਪੰਜਾਬੀ ਨਹੀਂ, ਇਸ ਵਿਚ ਸੰਸਕ੍ਰਿਤ, ਸਹਿਸਕ੍ਰਿਤ, ਪ੍ਰਾਕ੍ਰਿਤਾਂ, ਸਾਧ-ਭਾਖਾ ਅਤੇ ਫਾਰਸੀ ਦੇ ਬੇਸ਼ੁਮਾਰ ਲਫਜ਼ ਹਨ ਜੋ ਇਸ ਨੂੰ ਅਮੀਰ ਬਣਾਉਂਦੇ ਹਨ।

ਸੰਸਕ੍ਰਿਤ ਦਾ Ḕਸ਼੍ਰੀḔ ਲਫਜ਼ ਗੁਰੂ ਸਾਹਿਬਾਨ ਅਤੇ ਗੁਰਦੁਆਰਿਆਂ ਦੇ ਅਗੇਤਰ ਵਜੋਂ ਤਾਂ ਸਤਿਕਾਰ ਨਾਲ ਲਾਇਆ ਹੀ ਜਾਂਦਾ ਹੈ। ਪਾਠਕਾਂ ਦੀ ਜਾਣਕਾਰੀ ਲਈ ਦੱਸ ਦੇਈਏ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਰਾਗ ਹੀ ਸ੍ਰੀ ਰਾਗ ਹੈ, ਹੁਕਮ ਹੈ, ਰਾਗਾਂ ਵਿਚ ਸਿਰੀ ਰਾਗ ਹੈ ਜਾ ਸਚੁ ਧਰੈ ਪਿਆਰ॥ (ਵਾਰ ਸ੍ਰੀ ਮ. ੩); ਰਾਗਨ ਮੇ ਸਿਰੀ ਰਾਗ ਪਾਰਸ ਪਖਾਨ ਹੈ॥ (ਕਬਿੱਤ ਭਾਈ ਗੁਰਦਾਸ)
ਸੰਸਕ੍ਰਿਤ ਭਾਸ਼ਾ ਜਾਣਨ ਵਾਲਾ ਵਿਦਵਾਨ ਗੁਰਬਾਣੀ ਨੂੰ ਵਧੀਕ ਚੰਗੀ ਤਰ੍ਹਾਂ ਸਮਝਦਾ ਹੈ। ਸੰਸਕ੍ਰਿਤ ਸ਼ਬਦਾਵਲੀ ਦਾ ਵਿਰੋਧ ਪਹਿਲਾਂ ਬਾਬੂ ਤੇਜਾ ਸਿੰਘ ਭਸੌੜ ਨੇ ਕੀਤਾ, ਜਿਸ ਨੂੰ ਪੰਥ ਵਿਚੋਂ ਛੇਕ ਦਿੱਤਾ ਗਿਆ ਸੀ, ਉਸ ਤੋਂ ਬਾਅਦ ਹਰਿੰਦਰ ਸਿੰਘ ਮਹਿਬੂਬ ਨੇ ਲਿਖਿਆ ਕਿ ਦੇਵ ਅਤੇ ਸ੍ਰੀ ਨਹੀਂ, ਗੁਰੂਆਂ ਦੇ ਨਾਂਵਾਂ ਨਾਲ ਸਾਹਿਬ ਲਿਖੋ। ਅਸੀਂ ਸਾਹਿਬ ਲਫਜ਼ ਦੇ ਖਿਲਾਫ ਨਹੀਂ ਪਰ ਇਹ ਵੀ ਜਾਣਦੇ ਹਾਂ ਕਿ ਪੰਜ ਰੌਸ਼ਨਬੁੱਧ ਜੁਆਨ ਆਪ ਚੁਣ ਕੇ ਦਸਮ-ਪਾਤਸ਼ਾਹ ਨੇ ਸੰਸਕ੍ਰਿਤ ਸਿੱਖਣ ਲਈ ਕਾਸ਼ੀ ਭੇਜੇ ਸਨ, ਜਿਨ੍ਹਾਂ ਨੂੰ ਨਿਰਮਲਿਆਂ ਦੀ ਉਪਾਧੀ ਨਾਲ ਸਨਮਾਨਿਆ ਗਿਆ। ਦੇਵ ਮਾਇਨੇ ਰੌਸ਼ਨ, ਅਸਮਾਨ, ਦੈਵੀ, ਦਿੱਵਯ ਅਤੇ ਦੇਵਤਾ ਦੀ ਇਕੋ ਜੜ੍ਹ ਹੈ। ਫਰਿਸ਼ਤਾ ਅਤੇ ਪਰੀ ਮਾਇਨੇ ਖੰਭਾਂ ਵਾਲੇ ਨਰ, ਮਾਦਾ।
-ਡਾ. ਹਰਪਾਲ ਸਿੰਘ ਪੰਨੂ
ਕੇਂਦਰੀ ਯੂਨੀਵਰਸਿਟੀ, ਬਠਿੰਡਾ।

ਸੰਪਾਦਕ ਜੀਓ,
Ḕਪੰਜਾਬ ਟਾਈਮਜ਼Ḕ ਦਾ ਅਨੰਦ ਹਰ ਹਫਤੇ ਮਾਣਨ ਦਾ ਸੁਭਾਗ ਪ੍ਰਾਪਤ ਹੈ। ਹੋਰਾਂ ਤੋਂ ਬਿਨਾ ਬਲਜੀਤ ਬਾਸੀ ਦੀ ਲਿਖਤ ਬੜੀ ਨੀਝ ਨਾਲ ਪੜ੍ਹੀਦੀ ਹੈ। ਪਹਿਲਾਂ ਵੀ ਕਈ ਵਾਰੀ ਤੇ ਐਤਕੀਂ ‘ਦੇਵḔ ਵਾਲੇ ਗੁਰੂ ਨਾਨਕ ਬਾਰੇ ਪੜ੍ਹ ਕੇ ਬੇਹੱਦ ਖੁਸ਼ੀ ਹੋਈ। ਅੰਗਰੇਜ਼ੀ ਅੱਖਰਾਂ ਦੀ ਆਮਦ ਵਾਲੇ ਲੇਖ ਤੋਂ ਲੈ ਕੇ ਹੋਰ ਕਈ ਭਰਮ ਭੁਲੇਖੇ ਦੂਰ ਕਰਨ ਲਈ ਬਲਜੀਤ ਬਾਸੀ ਵਧਾਈ ਦੇ ਹੱਕਦਾਰ ਹਨ। ਡਾ. ਹਰਜਿੰਦਰ ਸਿੰਘ ਦਿਲਗੀਰ ਵਰਗੇ ਹੋਰ ਕਈਆਂ ਦੇ ਸਿਰਾਂ ਨੂੰ ਬਲਜੀਤ ਬਾਸੀ ਤੋਂ ਵਧੀਆ ਕਲਬੂਤ ਹੋਰ ਕੋਈ ਨਹੀਂ ਦੇ ਸਕਦਾ। ਬਹੁਤ ਬਹੁਤ ਧੰਨਵਾਦ।
-ਅਮਰਜੀਤ ਸਿੰਘ ਖੋਸਾ
ਡੈਲਟਾ, ਬੀ.ਸੀ., ਕੈਨੇਡਾ।