ਮਹਾਰਾਜਾ ਰਣਜੀਤ ਸਿੰਘ ਦੇ ਹਰਮ ਦੀਆਂ ਗੱਲਾਂ

ਵਾਸਦੇਵ ਸਿੰਘ ਪਰਹਾਰ
ਇਕ ਗੱਲ ਵਿਚ ਮਹਾਰਾਜਾ ਰਣਜੀਤ ਸਿੰਘ ਆਪਣੇ ਸਮੇਂ ਦੇ ਰਾਜਿਆਂ ਤੋਂ ਪਿਛੇ ਸੀ, ਉਹ ਸੀ ਉਸ ਦੇ ਹਰਮ ਦਾ ਸਾਈਜ਼, ਜਿਸ ਵਿਚ 46 ਔਰਤਾਂ ਸਨ ਜਿਨ੍ਹਾਂ ਨੂੰ ਚਾਰ ਦਰਜਿਆਂ ਵਿਚ ਵੰਡਿਆ ਹੋਇਆ ਸੀ। ਪਹਿਲੇ ਦਰਜੇ ਵਿਚ ਉਸ ਦੀਆਂ 9 ਪਤਨੀਆਂ ਸਨ ਜਿਨ੍ਹਾਂ ਨਾਲ ਉਸ ਨੇ ਸਿੱਖ ਰਹੁ-ਰੀਤਾਂ ਨਾਲ ਵਿਆਹ ਕਰਵਾਇਆ ਸੀ। ਦੂਜੇ ਦਰਜੇ ਵਿਚ ਵੀ 9 ਪਤਨੀਆਂ ਸਨ ਜੋ ਸੱਭੇ ਵਿਧਵਾ ਸਨ ਅਤੇ ਉਨ੍ਹਾਂ ਨਾਲ ਚਾਦਰ ਪਾ ਕੇ ਵਿਆਹ ਕੀਤਾ ਸੀ। ਤੀਸਰੇ ਦਰਜੇ ਵਿਚ 7 ਨਾਜ਼ੀਆਂ ਸਨ, ਜਿਨ੍ਹਾਂ ਨੂੰ ਮਹਾਰਾਣੀਆਂ ਵਰਗਾ ਰੁਤਬਾ ਅਤੇ ਅਦਬ ਪ੍ਰਾਪਤ ਸੀ। ਚੌਥੇ ਦਰਜੇ ਵਿਚ ਰਖੇਲਾਂ ਸਨ, ਜਿਨ੍ਹਾਂ ਨੂੰ ਰਾਣੀਆਂ ਕਿਹਾ ਜਾਂਦਾ ਸੀ।

ਭਾਵੇਂ ਰਣਜੀਤ ਸਿੰਘ ਸਾਰੀਆਂ ‘ਤੇ ਹੀ ਇਕੋ ਜਿਹਾ ਮਿਹਰਬਾਨ ਸੀ ਪਰ ਇਨਸਾਨੀ ਫਿਤਰਤ ਅਨੁਸਾਰ ਕੁਝ ਇਕ ਨੂੰ ਬਾਕੀਆਂ ਨਾਲੋਂ ਵੱਧ ਚਾਹੁੰਦਾ ਸੀ। ਉਸ ਦੀ ਸਭ ਤੋਂ ਪਹਿਲੀ ਰਾਣੀ ਮਹਿਤਾਬ ਕੌਰ ਘੁਮੰਡੀ ਸੁਭਾਅ ਦੀ ਸੀ, ਫਿਰ ਵੀ ਰਣਜੀਤ ਸਿੰਘ ਉਸ ਦੇ ਅੰਤਲੇ ਦਿਨਾਂ ਤਕ ਉਸ ਨੂੰ ਪਿਆਰ ਕਰਦਾ ਰਿਹਾ। ਉਹ ਰੁੱਸ ਕੇ ਆਪਣੀ ਮਾਤਾ ਸਦਾ ਕੌਰ ਕੋਲ ਚਲੀ ਗਈ ਸੀ। ਉਸ ਨਾਲ ਪਿਆਰ ਕਰਕੇ ਹੀ ਰਣਜੀਤ ਸਿੰਘ ਨੇ ਉਸ ਦੀ ਕੁੱਖੋਂ ਜਨਮੇ ਦੋ ਪੁੱਤਰਾਂ-ਸ਼ੇਰ ਸਿੰਘ ਅਤੇ ਤਾਰਾ ਸਿੰਘ ਨੂੰ ਆਪਣੇ ਪੁੱਤਰ ਸਵੀਕਾਰ ਕਰ ਲਿਆ ਸੀ। ਭਾਵੇਂ ਉਹ ਸਚਮੁੱਚ ਉਸ ਦੇ ਪੁੱਤਰ ਸਨ ਜਾਂ ਨਹੀਂ।
ਭਾਵੇਂ ਆਮ ਘਰਾਂ ਤਾਂ ਕੀ, ਰਾਜਿਆਂ ਦੇ ਮਹਿਲਾਂ ਵਿਚ ਵੀ ਤੀਵੀਆਂ ਇਕ ਦੂਜੀ ਨਾਲ ਲੜਦੀਆਂ ਝਗੜਦੀਆਂ ਰਹਿੰਦੀਆਂ ਸਨ, ਇਕ ਦੂਜੇ ‘ਤੇ ਤਰ੍ਹਾਂ-ਤਰ੍ਹਾਂ ਦੇ ਇਲਜ਼ਾਮ ਲਾਉਂਦੀਆਂ ਰਹਿੰਦੀਆਂ ਸਨ ਪਰ ਰਣਜੀਤ ਸਿੰਘ ਦੇ ਮਹਿਲਾਂ ਦੀ ਗੱਲ ਕਦੇ ਬਾਹਰ ਨਹੀਂ ਸੀ ਨਿਕਲੀ। ਇਹ ਉਸ ਦੇ ਨਿਰਪੱਖ ਰਵੱਈਏ ਕਰਕੇ ਸੀ। ਮਹਿਲਾਂ ਅੰਦਰ ਕੀ ਹੁੰਦਾ ਸੀ, ਉਸ ਦਾ ਪਤਾ ਕੇਵਲ ਫਕੀਰ ਨੂਰਉਦੀਨ ਨੂੰ ਸੀ ਕਿਉਂਕਿ ਮਹਿਲਾਂ ਦੀ ਦੇਖ-ਰੇਖ ਦਾ ਉਹ ਇੰਚਾਰਜ ਸੀ। ਮਹਾਰਾਜੇ ਦੇ ਵਿਦੇਸ਼ ਮੰਤਰੀ ਫਕੀਰ ਅਜ਼ੀਜ਼ਉਦੀਨ ਅਤੇ ਫਕੀਰ ਇਮਾਮ ਉਦੀਨ ਤੇ ਨੂਰਉਦੀਨ ਮਹਾਰਾਜੇ ਦੇ ਵਫਾਦਾਰ ਦਰਬਾਰੀ ਸਨ।
ਇਨ੍ਹਾਂ ਫਕੀਰ ਭਰਾਵਾਂ ਦੀਆਂ ਅਗਲੀਆਂ ਪੀੜ੍ਹੀਆਂ ਦੇ ਇਕ ਸੂਝਵਾਨ ਵਿਦਵਾਨ ਫਕੀਰ ਵਹੀਦਉਦੀਨ ਦੀ ਲਿਖੀ ਪੁਸਤਕ ‘ਅਸਲੀ ਰਣਜੀਤ ਸਿੰਘ’ ਅਨੁਸਾਰ ਉਸ ਦੇ ਬਜੁਰਗਾਂ ਵਲੋਂ ਲਿਖੇ ਕੁਝ ਕਾਗਜ਼ ਅਤੇ ਫੋਟੋਆਂ ਉਸ ਨੇ ਸੰਭਾਲ ਕੇ ਰਖੀਆਂ ਹੋਈਆਂ ਹਨ। ਮਹਿਲਾਂ ਦੇ ਇੰਚਾਰਜ ਫਕੀਰ ਨੂਰਉਦੀਨ ਨੇ ਕਾਂਗੜੇ ਦੇ ਰਾਜਾ ਸੰਸਾਰ ਚੰਦ ਦੀਆਂ ਦੋ ਲੜਕੀਆਂ, ਜਿਨ੍ਹਾਂ ਨਾਲ ਰਣਜੀਤ ਸਿੰਘ ਨੇ ਵਿਆਹ ਕੀਤੇ, ਬਾਰੇ ਬੜੇ ਸ਼ਲਾਘਾਯੋਗ ਸ਼ਬਦ ਵਰਤੇ ਹਨ। ਇਨ੍ਹਾਂ ਦੋ ਭੈਣਾਂ ਵਿਚੋਂ ਵੱਡੀ ਦਾ ਨਾਂ ਮਹਿਤਾਬ ਦੇਵੀ ਸੀ ਪਰ ਆਮ ਕਰਕੇ ਗੁੱਡਾਂ ਕਰਕੇ ਜਾਣੀ ਜਾਂਦੀ ਸੀ ਅਤੇ ਛੋਟੀ ਦਾ ਨਾਂ ਰਾਜ ਬੰਸੋ ਸੀ।
ਮਹਾਰਾਜਾ ਕਦੇ ਕਦੇ ਆਪਣੇ ਮਹਿਲਾਂ ਵਿਚ ਰਾਣੀਆਂ ਦਾ ਦਰਬਾਰ ਲਾਉਂਦਾ ਸੀ। ਅਜਿਹੇ ਹੀ ਇਕ ਦਰਬਾਰ ਸਮੇਂ ਇਕ ਅੱਲਾ ਜਵਾਈ ਨਾਮੀ ਨਾਚੀ ਤੋਂ ਮਹਾਰਾਜੇ ਨੇ ਪੁੱਛਿਆ ਕਿ ਦਸ, ਰਾਣੀਆਂ ਵਿਚੋਂ ਸਭ ਤੋਂ ਸੋਹਣੀ ਕਿਹੜੀ ਹੈ? ਨਾਚੀ ਜਵਾਬ ਦੇਣ ਤੋਂ ਡਰਦੀ ਸੀ ਕਿ ਜੇ ਉਸ ਨੇ ਇਕ ਨੂੰ ਸਭ ਤੋਂ ਸੋਹਣੀ ਕਿਹਾ ਤਾਂ ਬਾਕੀ ਰਾਣੀਆਂ ਨਾਰਾਜ਼ ਹੋਣਗੀਆਂ। ਮਹਾਰਾਜੇ ਨੇ ਜ਼ਿਦ ਕਰਕੇ ਪੁੱਛਿਆ ਤਾਂ ਉਸ ਨੇ ਰਾਜ ਬੰਸੋ ਵੱਲ ਹੱਥ ਕਰਕੇ ਕਿਹਾ, “ਇਹ ਮਹਾਰਾਣੀ ਤੁਹਾਡਾ ਹਰਮ ਦਾ ਚੰਦ ਤੇ ਬਾਕੀ ਦੀਆਂ ਤਾਰੇ।” ਰਣਜੀਤ ਸਿੰਘ ਨੇ ਕਿਹਾ, “ਸ਼ਾਇਦ ਤੂੰ ਠੀਕ ਕਿਹਾ ਹੈ, ਪਰ ਕੀ ਮੋਰਾਂ ਮਹਾਰਾਣੀ ਰਾਜ ਬੰਸੋ ਜਿੰਨੀ ਸੋਹਣੀ ਨਹੀਂ?”
ਰਾਜ ਬੰਸੋ ਨੂੰ ਆਪਣੇ ਪਤੀ ਵਲੋਂ ਇਕ ਨਾਚੀ ਨਾਲ ਮੁਕਾਬਲਾ ਕੀਤਾ ਜਾਣਾ ਚੰਗਾ ਨਾ ਲੱਗਾ ਅਤੇ ਜਦੋਂ ਉਹ ਆਪਣੇ ਕਮਰੇ ਵਿਚ ਆਈ ਤਾਂ ਉਸ ਨੇ ਭਾਰੀ ਮਾਤਰਾ ਵਿਚ ਅਫੀਮ ਖਾ ਲਈ ਤੇ ਸਦਾ ਦੀ ਨੀਂਦ ਸੌ ਗਈ। ਇਹ ਖਬਰ ਸੁਣ ਕੇ ਮਹਾਰਾਜੇ ਨੂੰ ਬਹੁਤ ਹੀ ਅਫਸੋਸ ਤੇ ਪਛਤਾਵਾ ਹੋਇਆ। ਆਪਣੇ ਹੱਥੀਂ ਉਸ ਦੇ ਅੰਤਿਮ ਸਸਕਾਰ ਦੀਆਂ ਰਸਮਾਂ ਅਦਾ ਕੀਤੀਆਂ। ਵੱਡੀ ਭੈਣ ਮਹਿਤਾਬ ਦੇਵੀ ਮਹਾਰਾਜਾ ਰਣਜੀਤ ਸਿੰਘ ਦੀ ਚਿਖਾ ‘ਤੇ ਆਪਣੀ ਮਰਜ਼ੀ ਨਾਲ ਸਤੀ ਹੋਈ ਸੀ।
ਮੋਰਾਂ ਨਾਚੀ ਨਾਲ ਨਿਕਾਹ: ਅੰਮ੍ਰਿਤਸਰ ਦੀ ਇਕ ਨੱਚਣ ਵਾਲੀ ਕੁੜੀ ਨੂੰ ਪਹਿਲੀ ਨਜ਼ਰੀ ਦੇਖਦੇ ਹੀ ਮਹਾਰਾਜਾ ਰਣਜੀਤ ਸਿੰਘ ਉਸ ‘ਤੇ ਲੱਟੂ ਹੋ ਗਿਆ। ਉਸ ਵੇਲੇ ਰਣਜੀਤ ਸਿੰਘ ਦੀ ਉਮਰ 22 ਸਾਲ ਸੀ। ਮੋਰਾਂ ਦੇ ਪਿਤਾ ਨੇ ਸ਼ਾਦੀ ਤੋਂ ਪਹਿਲਾਂ ਇਕ ਬੜੀ ਭੈੜੀ ਸ਼ਰਤ ਰੱਖੀ ਕਿ ਕੰਨੜਾਂ ਦੇ ਰਿਵਾਜ਼ ਹੈ ਕਿ ਉਨ੍ਹਾਂ ਦੇ ਹੋਣ ਵਾਲੇ ਜੁਆਈ ਨੂੰ ਆਪਣੇ ਸਹੁਰੇ ਘਰ ਵਿਚ ਇਕ ਚੁੱਲ੍ਹਾ ਬਣਾ ਕੇ ਉਸ ਵਿਚ ਫੂਕਾਂ ਮਾਰ ਕੇ ਅੱਗ ਮਚਾਉਣੀ ਪੈਂਦੀ ਹੈ। ਉਸ ਦਾ ਖਿਆਲ ਸੀ ਕਿ ਇਹ ਸ਼ਰਤ ਰਣਜੀਤ ਸਿੰਘ ਨਹੀਂ ਮੰਨੇਗਾ। ਅਸਲ ਵਿਚ ਉਹ ਇਹ ਸ਼ਾਦੀ ਕਰ ਕੇ ਰਾਜ਼ੀ ਨਹੀਂ ਸੀ। ਪਰ ਰਣਜੀਤ ਸਿੰਘ ਹਰ ਹਾਲਤ ਵਿਚ ਮੋਰਾਂ ਨੂੰ ਹਾਸਲ ਕਰਨਾ ਚਾਹੁੰਦਾ ਸੀ ਤੇ ਉਸ ਨੇ ਮੋਰਾਂ ਦੇ ਬਾਪ ਦੀ ਚੁੱਲ੍ਹਾਂ ਬਾਲਣ ਵਾਲੀ ਸ਼ਰਤ ਅਤੇ ਵਿਆਹ ਇਸਲਾਮਿਕ ਰਸਮਾਂ ਨਾਲ ਕਰਾਉਣਾ ਵੀ ਪ੍ਰਵਾਨ ਕਰ ਲਿਆ। ਵਿਆਹ ਦੀ ਰਸਮ ਅੰਮ੍ਰਿਤਸਰ ਦੇ ਇਕ ਅਮੀਰ ਸ਼ਹਿਰੀ ਮੀਆਂ ਸਮਦੂ, ਜੋ ਮੋਰਾਂ ਦਾ ਧਰਮ ਪਿਤਾ ਸੀ, ਦੇ ਘਰ ਹੋਈ। ਬਰਾਤ ਲਾਹੌਰ ਤੋਂ ਅੰਮ੍ਰਿਤਸਰ ਨੂੰ ਚੱਲੀ ਤਾਂ ਅੱਗੇ ਹਾਥੀ, ਘੋੜੇ ਅਤੇ ਪੈਦਲ ਲੋਕ ਸਨ। ਬਰਾਤ ਲਾਹੌਰ ਕਿਲੇ ਤੋਂ ਲੈ ਕੇ ਸ਼ਾਲਾਮਾਰ ਬਾਗ ਤਕ ਸੱਤ ਮੀਲ ਲੰਮੀ ਸੀ। ਮੀਆਂ ਸਮਦੂ ਨੇ ਦਾਜ ਵਿਚ ਲੱਖਾਂ ਰੁਪਏ ਦੇ ਗਹਿਣੇ, ਕੱਪੜੇ ਅਤੇ ਘਰੇਲੂ ਸਮਾਨ ਦੇ ਕੇ ਸਹਿਜ਼ਾਦੀਆਂ ਵਾਂਗ ਵਿਦਾ ਕੀਤਾ।
ਮੋਰਾਂ ਸਚਮੁੱਚ ਹੀ ਰਣਜੀਤ ਸਿੰਘ ਦੀਆਂ ਸਭ ਪਤਨੀਆਂ ਵਿਚੋਂ ਸੋਹਣੀ ਤੇ ਸਮਝਦਾਰ ਸੀ, ਤਾਂ ਹੀ ਰਣਜੀਤ ਸਿੰਘ ਨੇ ਉਸ ਦੇ ਨਾਂ ‘ਤੇ ਸਿੱਕਾ ਚਲਾਇਆ। ਲਾਹੌਰ ਵਿਚ ਮੋਤੀ ਚੌਕ ਪਾਸ ਉਸ ਦੇ ਨਾਂ ਦੀ ਇਕ ਮਸਜਿਦ ਵੀ ਹੈ। ਮੋਰਾਂ ਕਿਸੇ ਤੋਂ ਪਰਦਾ ਨਹੀਂ ਸੀ ਕਰਦੀ ਅਤੇ ਨੰਗੇ ਚਿਹਰੇ ਮਹਾਰਾਜੇ ਦੇ ਨਾਲ ਹਾਥੀ ‘ਤੇ ਸਵਾਰ ਅਕਸਰ ਦੇਖੀ ਜਾਂਦੀ ਸੀ। ਅੰਮ੍ਰਿਤਸਰ ਜ਼ਿਲ੍ਹੇ ਵਿਚ ਇਕ ਪਿੰਡ ਦਾ ਨਾਂ ਮੋਰਾਂ ਵੀ ਉਸ ਦੇ ਨਾਂ ‘ਤੇ ਪਿਆ।
ਫਕੀਰ ਅਜ਼ੀਜਉਦੀਨ ਆਪਣੀਆਂ ਯਾਦਾਂ ਵਿਚ ਲਿਖਦਾ ਹੈ ਕਿ ਉਸ ਨਾਲ ਅਤੇ ਹੋਰ ਅਤਿ ਨੇੜਲਿਆਂ ਕੋਲ ਮਹਾਰਾਜੇ ਨੇ ਕਈ ਵਾਰੀ ਮੰਨਿਆ ਸੀ ਕਿ ਉਹ ਮੋਰਾਂ ਨੂੰ ਬਹੁਤ ਪਿਆਰ ਕਰਦਾ ਸੀ। ਜਦੋਂ ਰੋਪੜ ਵਾਲੀ ਮੀਟਿੰਗ ‘ਤੇ ਵਿਲੀਅਮ ਬੈਨਟਿਕ ਨੇ ਆਪਣੀ ਪਤਨੀ ਦਾ ਹੱਥ ਫੜ੍ਹ ਕੇ ਉਸ ਨੂੰ ਕਿਸ਼ਤੀ ਵਿਚੋਂ ਉਤਾਰਿਆ ਤਾਂ ਮਹਾਰਾਜੇ ਦੇ ਮੂੰਹੋ ਜੋ ਸ਼ਬਦ ਨਿਕਲੇ, ਉਹ ਸੋਹਣ ਲਾਲ ਨੇ ਉਸਤਾਦ-ਓ-ਤਵਾਰੀਖ ਵਿਚ ਇਸ ਪ੍ਰਕਾਰ ਲਿਖੇ ਹਨ, “ਇਹ ਦੇਖ ਕੇ ਮੈਨੂੰ ਬੀਬੀ ਮੋਰਾਂ ਦੀ ਯਾਦ ਆ ਗਈ ਹੈ ਕਿਉਂਕਿ ਮੈਂ ਵੀ ਉਸ ਨਾਲ ਇਸੇ ਤਰ੍ਹਾ ਪਿਆਰ ਕਰਦਾ ਹਾਂ ਅਤੇ ਉਸ ਨਾਲ ਇਕ ਛਿਣ ਦਾ ਵਿਛੋੜਾ ਵੀ ਨਹੀਂ ਸਹਿ ਸਕਦਾ।”
ਮੋਰਾਂ ਨੇ ਰਣਜੀਤ ਸਿੰਘ ਦੇ ਦਰਬਾਰ ਦੀ ਸਿਆਸਤ ਵਿਚ ਕੋਈ ਹਿੱਸਾ ਨਹੀਂ ਲਿਆ ਸੀ। ਉਹ ਮਹਾਰਾਜੇ ਨਾਲ ਹਲਕੇ-ਫੁਲਕੇ ਮਜ਼ਾਕ ਵੀ ਕਰ ਲਿਆ ਕਰਦੀ ਸੀ। ਮਹਾਰਾਜੇ ਦੇ ਚਿਹਰੇ ‘ਤੇ ਚੇਚਕ ਦੇ ਦਾਗ ਸਨ, ਜਿਸ ਕਰ ਕੇ ਉਸ ਦੀ ਇਕ ਅੱਖ ਵੀ ਖਰਾਬ ਹੋ ਗਈ ਸੀ। ਇਕ ਵਾਰੀ ਮੋਰਾਂ ਮਹਾਰਾਜੇ ਨੂੰ ਆਖਣ ਲੱਗੀ ਕਿ ਜਦੋਂ ਖੁਦਾ ਹੁਸਨ ਵੰਡ ਰਿਹਾ ਸੀ ਤਾਂ ਤੁਸੀਂ ਕਿਥੇ ਗਏ ਹੋਏ ਸੀ। ਮਹਾਰਾਜੇ ਨੇ ਜਵਾਬ ਦਿਤਾ, ਮੈਂ ਰਾਜ ਪ੍ਰਾਪਤ ਕਰਨ ਵਿਚ ਲੱਗਾ ਹੋਇਆ ਸੀ ਤਾਂ ਕਿ ਤੇਰੇ ਜਿਹੀਆਂ ਨੂੰ ਆਪਣੇ ਹਰਮ ਦਾ ਸ਼ਿੰਗਾਰ ਬਣਾ ਸਕਾਂ।
ਮੋਰਾਂ ਨੂੰ ਨਾਲ ਲੈ ਕੇ ਰਣਜੀਤ ਸਿੰਘ ਨੇ ਹਰਿਦੁਆਰ ਦੀ ਤੀਰਥ ਯਾਤਰਾ ਕੀਤੀ। ਰਸਤੇ ਵਿਚ ਫਤਿਹ ਸਿੰਘ ਆਹਲੂਵਾਲੀਆ ਅਤੇ ਹੋਰ ਸਰਦਾਰਾਂ, ਜਿਨ੍ਹਾਂ ਦੇ ਇਲਾਕਿਆਂ ਵਿਚੋਂ ਉਹ ਲੰਘਿਆ, ਨੇ ਨਕਦ ਨਜ਼ਰਾਨੇ ਭੇਟ ਕੀਤੇ। ਹਰਿਦੁਆਰ ਵਿਖੇ ਮਹਾਰਾਜੇ ਨੇ ਇਕ ਲੱਖ ਰੁਪਿਆ ਗਰੀਬਾਂ ਨੂੰ ਦਾਨ ਕੀਤਾ। ਮੋਰਾਂ ਨਾਲ ਨਿਕਾਹ ਅਤੇ ਉਸ ਦੇ ਨਾਂ ‘ਤੇ ਸਿੱਕਾ ਜਾਰੀ ਕਰਨ ਕਰ ਕੇ ਅਕਾਲੀ ਫੂਲਾ ਸਿੰਘ ਜਥੇਦਾਰ ਅਕਾਲ ਤਖਤ ਸਾਹਿਬ ਨੇ ਮਹਾਰਾਜੇ ਨੂੰ ਅਕਾਲ ਤਖਤ ਸਾਹਿਬ ‘ਤੇ ਤਲਬ ਕਰ ਲਿਆ। ਮਹਾਰਾਜਾ ਬੜਾ ਨੀਤੀਵਾਨ ਸੀ ਤੇ ਉਹ ਆਪਣਾ ਕਸੂਰ ਮੰਨਦਾ ਨੰਗੇ ਪੈਰੀਂ ਅਤੇ ਨੰਗੇ ਸਰੀਰ ਅਕਾਲ ਤਖਤ ‘ਤੇ ਤਨਖਾਹ ਲਵਾਉਣ ਪੇਸ਼ ਹੋ ਗਿਆ। ਜਥੇਦਾਰ ਜੀ ਬੜੇ ਤੈਸ਼ ਵਿਚ ਸਨ ਅਤੇ ਉਨ੍ਹਾਂ ਨੇ ਮਹਾਹਾਜੇ ਨੂੰ ਇਕ ਦਰਖਤ ਨਾਲ ਨੂੜ ਲੈਣ ਦਾ ਹੁਕਮ ਦਿੱਤਾ ਅਤੇ ਕੋੜੇ ਮਾਰਨ ਲਈ ਆਪਣਾ ਹੱਥ ਚੁੱਕਿਆ ਹੀ ਸੀ ਕਿ ਸੰਗਤ ਵਿਚੋਂ ਆਵਾਜ਼ ਆਈ ਕਿ ਦੇਖੋ ਮਹਾਰਾਜਾ ਇੰਨੀ ਨਿਮਰਤਾ ਨਾਲ ਪੇਸ਼ ਹੋਇਆ ਹੈ, ਇਸ ਲਈ ਕੋੜੇ ਮਾਰਨ ਦੀ ਸਜ਼ਾ ਨਾ ਦਿੱਤੀ ਜਾਵੇ। ਜਥੇਦਾਰ ਨੇ ਵੀ ਸੰਗਤ ਵਿਚੋਂ ਆਈ ਆਵਾਜ਼ ਸੁਣ ਕੇ ਕੋੜਾ ਸੁੱਟ ਦਿਤਾ।
ਗੁੱਲਬਹਾਰ ਬੇਗਮ: ਗੁੱਲਬਹਾਰ ਬੇਗਮ ਲਾਹੌਰ ਦੀ ਇਕ ਮਸ਼ਹੂਰ ਨਾਚੀ ਸੀ। ਉਸ ਨੂੰ ਵੀ ਮਹਾਰਾਜੇ ਨੇ ਆਪਣੀ ਮਹਾਰਾਣੀ ਬਣਾ ਲਿਆ। ਉਹ ਖੂਬਸੂਰਤੀ ਅਤੇ ਸਿਆਣਪ ਦਾ ਸੁਮੇਲ ਸੀ ਅਤੇ ਮਹਾਰਾਜਾ ਕਈ ਵਾਰੀ ਉਲਝਣ ਵਾਲੇ ਮਸਲਿਆਂ ‘ਤੇ ਉਸ ਦੀ ਸਲਾਹ ਲੈਂਦਾ। ਉਹ ਮਹਾਰਾਜੇ ਦੇ ਨਾਲ ਬਾਹਰ ਜਨਤਾ ਵਿਚ ਜਾਇਆ ਕਰਦੀ ਸੀ। ਮਹਾਰਾਜੇ ਦੇ ਨਾਲ ਹਾਥੀ ‘ਤੇ ਸਵਾਰ ਨੰਗੇ ਮੂੰਹ ਬਾਜ਼ਾਰਾਂ ਵਿਚੋਂ ਦੀ ਲੰਘਦੀ। ਉਸ ਦੇ ਕੋਈ ਔਲਾਦ ਨਾ ਹੋਈ ਤਾਂ ਉਸ ਨੇ ਇਕ ਮੁਸਲਮਾਨ ਲੜਕਾ ਗੋਦ ਲੈ ਲਿਆ, ਜਿਸ ਦੀ ਔਲਾਦ ਹਾਲੇ ਵੀ ਲਾਹੌਰ ਵਿਚ ਮੌਜੂਦ ਹੈ। ਉਸ ਨੇ ਵੀ ਇਕ ਮਸਜਿਦ ਬਣਵਾਈ, ਜੋ ਅਜੇ ਵੀ ਕਾਇਮ ਹੈ। ਪੰਜਾਬ ਨੂੰ ਅੰਗਰੇਜ਼ ਰਾਜ ਵਿਚ ਸ਼ਾਮਲ ਕਰਨ ਤੋਂ ਬਾਅਦ ਅੰਗਰੇਜ਼ ਸਰਕਾਰ ਨੇ ਗੁੱਲਬਹਾਰ ਨੂੰ ਬਾਰਾਂ ਹਜ਼ਾਰ ਰੁਪਏ ਸਾਲਾਨਾ ਪੈਨਸ਼ਨ ਲਾਈ, ਜੋ ਉਸ ਨੂੰ ਸੰਨ 1863 ਤਕ ਉਸ ਦੇ ਮਰਨ ਤਕ ਮਿਲਦੀ ਰਹੀ।
ਫਕੀਰ ਭਰਾਵਾਂ ਨੇ ਰਣਜੀਤ ਸਿੰਘ ਨੂੰ ਮਹਾਰਾਜਿਆਂ ਵਾਲੇ ਤੌਰ ਤਰੀਕੇ ਦੱਸਣ ਵਿਚ ਕੋਈ ਕਸਰ ਨਾ ਛੱਡੀ। ਇਸ ਲਈ ਮਹਾਰਾਜਾ ਨੱਚਣ ਗਾਉਣ ਵਾਲੀਆਂ ਨਾਲ ਕਦੇ ਕੋਈ ਭੈੜੀ ਹਰਕਤ ਨਾ ਕਰਦਾ। ਨੱਚਣ ਗਾਉਣ ਵਾਲੀਆਂ ਵੀ ਚੰਗੇ ਨਚਾਰ ਘਰਾਣਿਆਂ ਵਿਚੋਂ ਰੱਖੀਆਂ ਜਾਂਦੀਆਂ ਸਨ, ਜਿਨ੍ਹਾਂ ਨੂੰ ਬਚਪਨ ਤੋਂ ਹੀ ਸ਼ਾਹੀ ਦਰਬਾਰਾਂ ਅਤੇ ਅਮੀਰਾਂ ਦੀਆਂ ਮਹਿਫਿਲਾਂ ਵਿਚ ਉਚ ਦਰਜੇ ਦਾ ਵਰਤਾਉ ਕਰਨਾ ਸਿਖਾਇਆ ਜਾਂਦਾ ਸੀ। ਜਦੋਂ ਵਿਦੇਸ਼ੀ ਮਹਿਮਾਨ ਬਾਹਰੋਂ ਆਉਂਦੇ ਤਾਂ ਇਨ੍ਹਾਂ ਖਾਸ ਨਾਚੀਆਂ ਨੂੰ ਬੁਲਾਇਆ ਜਾਂਦਾ ਸੀ। ਕਈ ਵਾਰੀ ਮਹਾਰਾਜਾ ਇਕੱਲਾ ਵੀ ਉਨ੍ਹਾਂ ਦੇ ਨਾਚ ਗਾਣੇ ਦਾ ਅਨੰਦ ਮਾਣਦਾ। ਬਿੱਲੀ ਵਰਗੀਆਂ ਅੱਖਾਂ ਵਾਲੀ ਇਕ ਨਾਚੀ ਦਾ ਨਾਂ ਮਹਾਰਾਜੇ ਨੇ ਬਿੱਲੋ ਰੱਖਿਆ ਹੋਇਆ ਸੀ। ਇਕ ਵਾਰੀ ਬਿੱਲੋ ਨੂੰ ਮਹਾਰਾਜੇ ਨੇ ਕਿਹਾ, “ਆਹ ਪੰਦਰਾਂ ਹਜ਼ਾਰ ਰੁਪਏ ਦਾ ਹਾਰ ਇਨਾਮ ਦੇਵਾਂਗਾ ਅਤੇ ਨਾਲ ਹੀ ਚਾਰ ਹਜ਼ਾਰ ਰੁਪਏ ਸਾਲਾਨਾ ਦੀ ਜਾਗੀਰ ਵੀ, ਜੇ ਤੂੰ ਫਕੀਰ ਸੂਰਉਦੀਨ ਨੂੰ ਪਿਆਰ ਨਾਲ ਜਿੱਤ ਲਵੇਂ।” ਬਿੱਲੋ ਨੇ ਮੁਸਕਰਾ ਕੇ ਆਪਣੇ ਕੰਨਾਂ ਨੂੰ ਹੱਥ ਲਾ ਕੇ ਕਿਹਾ, “ਸ਼ੁਕਰੀਆ ਮਹਾਰਾਜਾ ਸਾਹਿਬ। ਉਸ ਪਵਿੱਤਰ ਆਤਮਾ ਵਾਲੇ ਪੁਰਸ਼ ਦੀਆਂ ਅੱਖਾਂ ਵਿਚ ਮੈਂ ਆਪਣੀਆਂ ਭੈੜੀਆਂ ਅੱਖਾਂ ਪਾ ਕੇ ਅੰਨ੍ਹੀ ਨਹੀਂ ਹੋਣਾ।” ਫਕੀਰ ਭਰਾ ਚਾਲ ਚਲਨ ਦੇ ਉਚੇ ਸੁੱਚੇ ਹੋਣ ਕਰਕੇ ਹਰਮ ਵਿਚ ਆ-ਜਾ ਸਕਦੇ ਸਨ।