ਲਾਹੌਰ ‘ਚ ਮੌਜੂਦ ਹਨ ਸ਼ਹੀਦ ਭਗਤ ਸਿੰਘ ਨਾਲ ਸਬੰਧਤ ਦਸਤਾਵੇਜ਼

ਇਸਲਾਮਾਬਾਦ: ਪਾਕਿਸਤਾਨ ਦੇ ਲਾਹੌਰ ਸ਼ਹਿਰ ਵਿਚ ਪੰਜਾਬ ਪੁਰਾਤਤਵ ਵਿਭਾਗ ਕੋਲ ਸ਼ਹੀਦ ਭਗਤ ਸਿੰਘ ਨਾਲ ਸਬੰਧਤ ਕਈ ਅਜਿਹੇ ਦੁਰਲੱਭ ਦਸਤਾਵੇਜ਼ ਮੌਜੂਦ ਹਨ, ਜਿਨ੍ਹਾਂ ਨੂੰ ਬਾਰੀਕੀ ਨਾਲ ਘੋਖਣ ‘ਤੇ ਕਈ ਮਹੱਤਵਪੂਰਨ ਜਾਣਕਾਰੀਆਂ ਸਾਹਮਣੇ ਆ ਸਕਦੀਆਂ ਹਨ ਤੇ ਇਹ ਦਸਤਾਵੇਜ਼ ਪ੍ਰਮੁੱਖਤਾ ਨਾਲ ਭਾਰਤੀ ਇਤਿਹਾਸ ਦੀਆਂ ਪੁਸਤਕਾਂ ਦਾ ਹਿੱਸਾ ਬਣ ਸਕਦੇ ਹਨ। ਸ਼ਹੀਦ ਭਗਤ ਸਿੰਘ ਦੇ ਭਣੇਵੇਂ ਪ੍ਰੋ. ਜਗਮੋਹਨ ਸਿੰਘ ਸਮੇਤ ਇਤਿਹਾਸ ਦੇ ਜਾਣਕਾਰਾਂ ਵੱਲੋਂ ਭਾਰਤੀ ਵਿਦੇਸ਼ ਮੰਤਰਾਲਾ ਦੀ ਮਾਰਫਤ ਇਹ ਦਸਤਾਵੇਜ਼ ਭਾਰਤ ਮੰਗਵਾਉਣ ਲਈ ਮੰਗ ਕੀਤੀ ਜਾ ਰਹੀ ਹੈ ਤਾਂ ਕਿ ਇਨ੍ਹਾਂ ਦੀ ਜਾਂਚ ਕਰ ਕੇ ਸ਼ਹੀਦ ਭਗਤ ਸਿੰਘ ਨਾਲ ਸਬੰਧਤ ਮਹੱਤਵਪੂਰਨ ਜਾਣਕਾਰੀਆਂ ਨੂੰ ਪੁਸਤਕਾਂ ਰਾਹੀਂ ਜਨਤਕ ਕੀਤਾ ਜਾ ਸਕੇ।

ਜਾਣਕਾਰੀ ਅਨੁਸਾਰ ਉਕਤ ਵਿਭਾਗ ਕੋਲ ਸ਼ਹੀਦ ਭਗਤ ਸਿੰਘ ਵੱਲੋਂ ਲਾਹੌਰ ਸੈਂਟਰਲ ਜੇਲ੍ਹ ਵਿਚੋਂ ਰਾਜਸੀ ਕੈਦੀ ਐਲਾਨੇ ਜਾਣ ਉਪਰੰਤ ਏ-ਕਲਾਸ ਦੀ ਸਹੂਲਤ ਲੈਣ ਲਈ ਲਿਖੇ ਪੱਤਰ ਵੀ ਮੌਜੂਦ ਹਨ। ਇਨ੍ਹਾਂ ਪੱਤਰਾਂ ਦੇ ਅੰਤ ‘ਚ ਭਗਤ ਸਿੰਘ ਨੇ ਤੁਹਾਡਾ ਸ਼ੁਭਚਿੰਤਕ ਜਾਂ ਤੁਹਾਡਾ ਵਿਸ਼ਵਾਸਪਾਤਰ ਵਰਗੇ ਸ਼ਬਦ ਇਸਤੇਮਾਲ ਕਰਨ ਦੇ ਸਥਾਨ ‘ਤੇ ਸਿਰਫ ‘ਤੁਹਾਡਾ ਆਦਿ ਆਦਿ’ ਹੀ ਲਿਖਿਆ ਹੈ ਜਿਨ੍ਹਾਂ ਤੋਂ ਸਾਫ ਹੋ ਜਾਂਦਾ ਹੈ ਕਿ ਸ਼ਹੀਦ ਭਗਤ ਸਿੰਘ ਨੇ ਜੇਲ੍ਹ ਦੀ ਸਜ਼ਾ ਦੇ ਦੌਰਾਨ ਵੀ ਅੰਗਰੇਜ਼ ਹਾਕਮਾਂ ਨੂੰ ਕੋਈ ਸਨਮਾਨ ਨਹੀਂ ਦਿੱਤਾ। ਇਸ ਤੋਂ ਇਲਾਵਾ ਵਿਭਾਗ ਦੇ ਕੋਲ ਕ੍ਰਾਂਤੀਕਾਰੀਆਂ ਦੇ ਹੱਥੋਂ ਮਾਰੇ ਗਏ ਪੁਲਿਸ ਅਧਿਕਾਰੀ ਜਾਹਨ ਪੀ. ਸਾਂਡਰਸ ਅਤੇ ਸਿਪਾਹੀ ਚਰਨ ਸਿੰਘ ਦੀਆਂ ਪੋਸਟਮਾਰਟਮ ਰਿਪੋਰਟਾਂ ਸਮੇਤ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਰਾਜਗੁਰੂ ਤੇ ਸੁਖਦੇਵ ਨੂੰ ਦੋਸ਼ੀ ਠਹਿਰਾਉਣ ਬਾਰੇ ਅਦਾਲਤ ਦਾ ਹੁਕਮ, ਕਾਲੇ ਵਾਰੰਟ ਤੇ ਉਨ੍ਹਾਂ ਨੂੰ ਫਾਂਸੀ ‘ਤੇ ਲਟਕਾਉਣ ਦੀ ਪੁਸ਼ਟੀ ਬਾਰੇ ਜੇਲ੍ਹ ਦੇ ਦਰੋਗਾ ਦੀ ਰਿਪੋਰਟ ਵੀ ਸੁਰੱਖਿਅਤ ਹੈ।
ਪ੍ਰੋ. ਜਗਮੋਹਨ ਸਿੰਘ ਅਨੁਸਾਰ ਪਾਕਿ ਦੇ ਪੰਜਾਬ ਪੁਰਾਤਤਵ ਵਿਭਾਗ ਦੇ ਰਿਕਾਰਡ ‘ਚ ਭਗਤ ਸਿੰਘ ਦੁਆਰਾ ਜੇਲ੍ਹ ਦੀ ਸਜ਼ਾ ਦੌਰਾਨ ਮੰਗਵਾਈਆਂ ਗਈਆਂ ਕਿਤਾਬਾਂ, ਨਾਵਲ, ਕ੍ਰਾਂਤੀਕਾਰੀ ਸਾਹਿਤ ਸਮੇਤ ਪੰਜਾਬ ਟਰੈਜਿਡੀ (ਤ੍ਰਾਸਦੀ), ਜ਼ਖਮੀ ਪੰਜਾਬ, ਗੰਗਾ ਦਾਸ ਡਾਕੂ, ਸੁਲਤਾਨਾ ਡਾਕੂ ਆਦਿ ਪੁਸਤਕਾਂ ਤੇ ਲਾਹੌਰ ਦੀ ਰਾਵੀ ਰੋਡ ‘ਤੇ ਸਥਿਤ ਫੈਕਟਰੀ, ਗਵਾਲ ਮੰਡੀ ਆਬਾਦੀ ਤੇ ਮੁਜੰਗ ਚੁੰਗੀ ਦੇ ਕਿਰਾਏ ਦੇ ਘਰ ਤੇ ਮਿਕਲਿਓਡ ਰੋਡ ਸਥਿਤ ਕਸ਼ਮੀਰ ਬਿਲਡਿੰਗ ਸਮੇਤ ਉਨ੍ਹਾਂ ਹੋਟਲਾਂ ਦਾ ਰਿਕਾਰਡ ਵੀ ਮੌਜੂਦ ਹੈ ਜਿਥੇ ਭਗਤ ਸਿੰਘ ਅਤੇ ਉਨ੍ਹਾਂ ਦੇ ਦੂਸਰੇ ਸਾਥੀ ਰੂਪੋਸ਼ ਰਹਿਣ ਸਮੇਂ ਰਹੇ। ਲਾਹੌਰ ਤੋਂ ਸੰਨ 1930 ‘ਚ ਪ੍ਰਕਾਸ਼ਿਤ ਹੋਈਆਂ ਉਰਦੂ ਅਖਬਾਰਾਂ ਦੀਆਂ ਉਹ ਖਬਰਾਂ ਵੀ ਉਕਤ ਵਿਭਾਗ ਪਾਸ ਮੌਜੂਦ ਹਨ ਜਿਨ੍ਹਾਂ ‘ਚ ਭਗਤ ਸਿੰਘ ਦੀ ਫਾਂਸੀ ਜਾਂ ਟਰਾਇਲ ਬਾਰੇ ਜਾਣਕਾਰੀ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤੀ ਗਈ ਸੀ।
____________________
ਪਾਕਿਸਤਾਨ ‘ਚ ਭਗਤ ਸਿੰਘ ਨੂੰ ਵੱਡਾ ਮਾਣ
ਲਾਹੌਰ: ਪਾਕਿਸਤਾਨ ਦੀ ਇਕ ਅਦਾਲਤ ਨੇ ਲਾਹੌਰ ਦੀ ਸੂਬਾ ਸਰਕਾਰ ਨੂੰ ਹਦਾਇਤ ਕੀਤੀ ਹੈ ਕਿ ਉਹ ਸ਼ਾਦਮਾਨ ਚੌਕ ਦਾ ਨਾਂ ਬਦਲ ਕੇ ਆਜ਼ਾਦੀ ਘੁਲਾਟੀਏ ਸ਼ਹੀਦ ਭਗਤ ਸਿੰਘ ਦੇ ਨਾਂ ‘ਤੇ ਰੱਖਣ ਬਾਰੇ ਫੈਸਲਾ ਕਰੇ। ਯਾਦ ਰਹੇ ਕਿ ਅੰਗਰੇਜ਼ ਹਕੂਮਤ ਦੇ ਕਾਰਜਕਾਲ ਦੌਰਾਨ 87 ਸਾਲ ਪਹਿਲਾਂ ਆਜ਼ਾਦੀ ਘੁਲਾਟੀਏ ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਇਥੇ ਫਾਂਸੀ ਦਿੱਤੀ ਗਈ ਸੀ ਤੇ ਸ਼ਾਦਮਾਨ ਚੌਕ ਉਸੇ ਥਾਂ ‘ਤੇ ਬਣਿਆ ਹੋਇਆ ਹੈ।