ਭਾਰਤ ਦਾ 18ਵੀਆਂ ਏਸ਼ਿਆਈ ਖੇਡਾਂ ‘ਚ ਇਤਿਹਾਸਕ ਪ੍ਰਦਰਸ਼ਨ

ਭਾਰਤ ਨੇ ਜਕਾਰਤਾ ਵਿਚ 18ਵੀਆਂ ਏਸ਼ਿਆਈ ਖੇਡਾਂ ਵਿਚ 69 ਤਗਮੇ ਜਿੱਤ ਕੇ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ ਹੈ। ਭਾਰਤ ਨੇ ਏਸ਼ਿਆਈ ਖੇਡਾਂ ਵਿਚ ਕੁੱਲ 15 ਸੋਨੇ, 24 ਚਾਂਦੀ ਤੇ 30 ਕਾਂਸੀ ਦੇ ਤਗਮੇ ਹਾਸਲ ਕੀਤੇ ਹਨ। ਕੁੱਲ ਤਗਮਿਆਂ ਦੇ ਮਾਮਲੇ ਵਿਚ ਵੀ ਭਾਰਤ ਨੇ 2010 ਏਸ਼ਿਆਈ ਖੇਡਾਂ ਨੂੰ ਪਿੱਛੇ ਛੱਡ ਦਿੱਤਾ ਹੈ। 2010 ਵਿਚ ਭਾਰਤ ਨੇ ਕੁੱਲ 65 ਤਗਮੇ ਜਿੱਤੇ ਸਨ।

ਇਸ ਵਾਰ ਤਗਮਿਆਂ ਦੀ ਗਿਣਤੀ 69 ਹੈ। ਆਖਰੀ ਦਿਨ ਅਮਿਤ ਨੇ ਗੋਲਡ ਤੇ ਮਹਿਲਾ ਸਕਵੈਸ਼ ਟੀਮ ਨੇ ਸਿਲਵਰ ਮੈਡਲ ਭਾਰਤ ਦੀ ਝੋਲੀ ਪਾਇਆ। ਭਾਰਤ ਨੇ 2010 ਵਿਚ ਚੀਨ ਦੇ ਗਵਾਂਗਜੂ ਵਿਚ ਹੋਈਆਂ ਏਸ਼ੀਆਈ ਖੇਡਾਂ ਵਿਚ 65 ਮੈਡਲ ਹਾਸਲ ਕਰ ਕੇ ਸਭ ਤੋਂ ਬਿਹਤਰੀਨ ਪ੍ਰਦਰਸ਼ਨ ਕੀਤਾ ਸੀ।
ਟੂਰਨਾਮੈਂਟ ਵਿਚ 123 ਗੋਲਡ ਮੈਡਲਾਂ ਦੇ ਨਾਲ ਕੁੱਲ 273 ਤਗਮੇ ਹਾਸਲ ਕਰਕੇ ਚੀਨ ਪਹਿਲੇ ਸਥਾਨ ਉਤੇ ਰਿਹਾ, ਉਥੇ ਹੀ ਜਾਪਾਨ 70 ਗੋਲਡ ਮੈਡਲ ਜਿੱਤ ਕੇ 195 ਤਗਮਿਆਂ ਦੇ ਨਾਲ ਦੂਜੇ ਸਥਾਨ ਉਤੇ ਹੈ। ਰਿਪਬਲਿਕ ਆਫ ਕੋਰੀਆ 45 ਗੋਲਡ ਮੈਡਲ ਜਿੱਤ ਕੇ 165 ਤਗਮਿਆਂ ਦੇ ਨਾਲ ਤੀਸਰੇ ਨੰਬਰ ਉਤੇ ਹੈ। ਪਦਕ ਤਾਲਿਕਾ ਵਿਚ ਇੰਡੋਨੇਸ਼ੀਆ ਚੌਥੇ, ਉਜ਼ਬੇਕਿਸਤਾਨ 5ਵੇਂ, ਇਰਾਨ ਛੇਵੇਂ ਅਤੇ ਚੀਨੀ ਤਾਇਪੇ ਸਤਵੇਂ ਸਥਾਨ ਉਤੇ ਹੈ। ਉਜ਼ਬੇਕਿਸਤਾਨ 19 ਗੋਲਡ ਮੈਡਲਾਂ ਦੇ ਨਾਲ 5ਵੇਂ ਸਥਾਨ ਉਤੇ ਹਨ। ਇਸ ਤੋਂ ਪਹਿਲਾਂ 2014 ਵਿਚ ਦੱਖਣ ਕੋਰੀਆ ਦੇ ਇੰਚਯੋਨ ਸ਼ਹਿਰ ਵਿਚ ਹੋਈਆਂ ਏਸ਼ੀਆਈ ਖੇਡਾਂ ਵਿਚ 11 ਗੋਲਡ ਦੇ ਨਾਲ ਭਾਰਤ ਨੇ 57 ਮੈਡਲ ਜਿੱਤੇ ਸਨ। ਪਿਛਲੀ ਵਾਰ ਵੀ ਭਾਰਤ ਅੱਠਵੇਂ ਸਥਾਨ ਉਤੇ ਸੀ।
1951 ਵਿਚ ਜਦੋਂ ਏਸ਼ੀਅਨ ਖੇਡਾਂ ਦੀ ਮੇਜ਼ਬਾਨੀ ਇਬਾਰਤ ਕਰ ਰਿਹਾ ਸੀ, ਉਦੋਂ ਭਾਰਤੀ ਖਿਡਾਰੀਆਂ ਨੇ 15 ਗੋਲਡ, 16 ਸਿਲਵਰ ਅਤੇ 20 ਬਰਾਂਜ ਦੇ ਨਾਲ ਕੁੱਲ 51 ਮੈਡਲ ਜਿੱਤੇ ਅਤੇ ਦੂਜਾ ਸਥਾਨ ਹਾਸਲ ਕੀਤਾ। ਦਸ ਦਈਏ ਕਿ ਵਿਚ ਭਾਰਤ ਲਈ ਸਭ ਤੋਂ ਜ਼ਿਆਦਾ ਮੈਡਲ ਐਥਲੈਟਿਕਸ ਵਿਚ ਮਿਲੇ। ਅਥਲੀਟਾਂ ਨੇ 7 ਗੋਲਡ , 10 ਸਿਲਵਰ ਅਤੇ 2 ਬਰਾਂਜ ਜਿੱਤੇ ਹਨ। 2 ਗੋਲਡ ਸਮੇਤ 9 ਮੈਡਲ ਦੇ ਨਾਲ ਦੂਜੇ ਸਥਾਨ ‘ਤੇ ਸ਼ੂਟਰ ਰਹੇ ਅਤੇ ਤੀਸਰੇ ਨੰਬਰ ‘ਤੇ ਭਾਰਤੀ ਪਹਿਲਵਾਨ ਰਹੇ ਜਿਨ੍ਹਾਂ ਨੇ 2 ਗੋਲਡ ਸਮੇਤ 3 ਮੈਡਲ ਦੇਸ਼ ਲਈ ਜਿੱਤੇ। ਭਾਰਤ ਨੇ 2010 ਏਸ਼ੀਆਈ ਖੇਡਾਂ ਦੇ ਮੁਕਾਬਲੇ ਇਸ ਵਾਰ ਸਭ ਤੋਂ ਜ਼ਿਆਦਾ ਮੈਡਲ ਜਿੱਤੇ।
ਇਸ ਵਾਰ ਭਾਰਤ ਨੇ ਤੀਰਅੰਦਾਜ਼ੀ, ਐਥਲੈਟਿਕਸ, ਬੈਡਮਿੰਟਨ, ਬਾਸਕਟਬਾਲ, ਬਾਕਸਿੰਗ, ਬੋਲਿੰਗ, ਬ੍ਰਿਜ, ਕੈਨੋਇ -ਸਰੀਰਕ, ਸਾਈਕਲਿੰਗ, ਫੇਂਸਿੰਗ, ਜਿਮਨਾਸਟਿਕ, ਗੋਲਫ , ਹੈਂਡਬਾਲ, ਹਾਕੀ, ਜੂਡੋ, ਕਬੱਡੀ, ਕਰਾਟੇ, ਕੁਰਾਸ਼, ਪੇਨਕਾਕ ਸਿਲਾਤ, ਰੋਲਰ ਸਪੋਰਟਸ, ਟੈਨਿਸ, ਤਾਇਕਵਾਂਡੋ, ਸਾਫਟ ਟੈਨਿਸ, ਟੇਬਲ ਟੈਨਿਸ, ਵਾਲੀਬਾਲ, ਵੇਟਲਿਫਟਿੰਗ, ਰੈਸਲਿੰਗ ਅਤੇ ਵੁਸ਼ੂ ਵਿਚ ਖੇਡਾਂ ਵਿਚ ਹਿੱਸਾ ਲਿਆ। 18 ਅਗਸਤ ਤੋਂ 2 ਸਤੰਬਰ ਤੱਕ ਚੱਲਿਆਂ ਖੇਡਾਂ ਵਿਚ 28 ਉਲੰਪਿਕ ਸਪੋਰਟਸ, 4 ਨਵੇਂ ਉਲੰਪਿਕ ਸਪੋਰਟਸ ਅਤੇ 8 ਨਾਨ ਉਲੰਪਿਕ ਸਪੋਰਟਸ ਖੇਡੇ ਗਏ। ਜਿਸ ਵਿਚ ਭਾਰਤ ਨੇ 34 ਖੇਡਾਂ ਵਿਚ ਹਿੱਸਾ ਲਿਆ।
________
ਕੈਪਟਨ ਨੇ ਤੇਜਿੰਦਰਪਾਲ ਤੂਰ ਨੂੰ ਸੁੱਕੀ ਵਧਾਈ ਦੇ ਕੇ ਸਾਰਿਆ
ਜਕਾਰਤਾ: ਏਸ਼ੀਅਨ ਖੇਡਾਂ ‘ਚ ਪੰਜਾਬ ਦੇ ਇਕਲੌਤੇ ਖਿਡਾਰੀ ਤੇਜਿੰਦਰਪਾਲ ਸਿੰਘ ਤੂਰ ਨੇ ਗੋਲਾ ਸੁੱਟ ਕੇ ਸੋਨ ਤਗਮਾ ਜਿੱਤ ਕੇ ਸੂਬੇ ਤੇ ਦੇਸ਼ ਦਾ ਨਾਂ ਰੌਸ਼ਨ ਕੀਤਾ। ਹੈਰਾਨੀ ਇਸ ਗੱਲ ਦੀ ਹੈ ਕਿ ਅਜੇ ਤੱਕ ਪੰਜਾਬ ਸਰਕਾਰ ਵੱਲੋਂ ਤੇਜਿੰਦਰਪਾਲ ਦੀ ਪ੍ਰਾਪਤੀ ਉਤੇ ਕਿਸੇ ਇਨਾਮੀ ਰਾਸ਼ੀ ਦਾ ਐਲਾਨ ਨਹੀਂ ਕੀਤਾ ਗਿਆ। ਤੇਜਿੰਦਰਪਾਲ ਨੇ ਏਸ਼ੀਅਨ ਖੇਡਾਂ ‘ਚ 20.75 ਮੀਟਰ ‘ਤੇ ਗੋਲਾ ਸੁੱਟ ਕੇ ਰਿਕਾਰਡ ਦਰਜ ਕੀਤਾ ਸੀ। ਏਸ਼ੀਅਨ ਖੇਡਾਂ ‘ਚ ਸੋਨ ਤਗਮਾ ਜਿੱਤਣ ਵਾਲਾ ਤੇਜਿੰਦਰ ਪੰਜਾਬ ਦਾ ਇਕਲੌਤਾ ਖਿਡਾਰੀ ਸੀ ਪਰ ਪੰਜਾਬ ਸਰਕਾਰ ਨੇ ਉਸ ਦੀ ਪ੍ਰਾਪਤੀ ਉਤੇ ਕੋਈ ਇਨਾਮ ਨਹੀਂ ਐਲਾਨਿਆ। ਤੇਜਿੰਦਰਪਾਲ ਦੇ ਕਰੀਬੀ ਰਿਸ਼ਤੇਦਾਰ ਨੇ ਕਿਹਾ ਕਿ ਹਰਿਆਣਾ, ਦਿੱਲੀ ਤੇ ਉੜੀਸਾ ਦੀਆਂ ਸਰਕਾਰਾਂ ਨੇ ਆਪਣੇ ਅਥਲੀਟਾਂ ਦੀ ਪ੍ਰਾਪਤੀ ‘ਤੇ ਤੁਰਤ ਇਨਾਮ ਐਲਾਨੇ ਹਨ ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਰਫ ਟਵਿੱਟਰ ‘ਤੇ ਵਧਾਈ ਦੇ ਕੇ ਹੀ ਕੰਮ ਸਾਰ ਦਿੱਤਾ ਹੈ।