ਅਧਿਆਪਕ ਦਿਵਸ ਮੌਕੇ ਮਿਲਦਾ ਸਨਮਾਨ ਬਣਿਆ ਅਪਮਾਨ

ਰੌਸ਼ਨ ਖੈੜਾ
ਫੋਨ: 91-98766-33216
ਮਹਾਨ ਸਿਖਿਆ ਸ਼ਾਸਤਰੀ ਸਰਵਪਲੀ ਡਾ. ਰਾਧਾ ਕ੍ਰਿਸ਼ਨਨ ਜਦੋਂ ਦੂਸਰੇ ਰਾਸ਼ਟਰਪਤੀ ਬਣੇ ਤਾਂ ਉਨ੍ਹਾਂ ਦੇ ਵਿਦਿਆਰਥੀਆਂ ਅਤੇ ਸਾਥੀ ਅਧਿਆਪਕਾਂ ਨੇ ਉਨ੍ਹਾਂ ਦੇ ਜਨਮ ਦਿਨ ‘ਤੇ ਜਸ਼ਨ ਮਨਾਉਣ ਦਾ ਤਰਲਾ ਕੀਤਾ ਤਾਂ ਉਨ੍ਹਾਂ ਕਿਹਾ ਕਿ ਭਾਰਤ ਸਿੱਖਿਆ ਦੇ ਖੇਤਰ ‘ਚ ਬਹੁਤ ਪਿਛੜਿਆ ਹੋਇਆ ਹੈ। ਇਸ ਲਈ ਰਾਸ਼ਟਰ ਦੇ ਨਵ-ਨਿਰਮਾਣ ਲਈ ਜਰੂਰੀ ਹੈ ਕਿ ਕੌਮ ਦੇ ਉਸਰੱਈਏ ਅਧਿਆਪਕਾਂ ਦਾ ਸਨਮਾਨ ਹੋਵੇ। ਜੋ ਅਧਿਆਪਕ ਆਪਣੀ ਮਿਹਨਤ ਸਦਕਾ ਵਿਦਿਆਰਥੀਆਂ ਅਤੇ ਸਮਾਜਕ ਸੇਵਾਵਾਂ ਬਦਲੇ ਆਦਰਸ਼ ਸਥਾਪਤ ਕਰਦੇ ਹਨ, ਉਨ੍ਹਾਂ ਦੇ ਸਨਮਾਨ ਲਈ ਮੇਰਾ ਜਨਮ ਦਿਨ ਸਮਰਪਿਤ ਕੀਤਾ ਜਾਵੇ।

ਡਾ. ਰਾਧਾ ਕ੍ਰਿਸ਼ਨਨ ਦਾ ਜਨਮ 5 ਸਤੰਬਰ 1888 ਨੂੰ ਹੋਇਆ ਸੀ ਅਤੇ ਪਹਿਲੀ ਵਾਰ 5 ਸਤੰਬਰ 1962 ਦਾ ਮੁਬਾਰਕ ਦਿਹਾੜਾ ਦੇਸ਼ ਦੇ ਅਧਿਆਪਕਾਂ ਦੇ ਨਾਮ ਹੋ ਗਿਆ। ਉਸ ਪਿਛੋਂ ਹਰ ਸਾਲ 5 ਸਤੰਬਰ ਨੂੰ ਅਧਿਆਪਕ ਦਿਵਸ ਦਾ ਨਾਂ ਦਿੱਤਾ ਗਿਆ। ਸਰਵੋਤਮ ਸੇਵਾਵਾਂ ਨਿਭਾਉਣ ਵਾਲੇ ਅਧਿਆਪਕਾਂ ਨੂੰ ਹਰ ਰਾਜ ਦੇ ਗਵਰਨਰ ਹਾਊਸ ‘ਚ ਅਧਿਆਪਕ ਦਿਵਸ ਮੌਕੇ ਰਾਜ ਪੱਧਰੀ ਸਮਾਗਮ ‘ਚ ਰਾਜ ਪੁਰਸਕਾਰ ਦੇਣਾ ਸ਼ੁਰੂ ਹੋ ਗਿਆ ਜਦਕਿ ਹੋਰ ਸਰਵਉਚ ਸੇਵਾਵਾਂ ਨਿਭਾਉਣ ਵਾਲੇ ਅਧਿਆਪਕਾਂ ਨੂੰ ਰਾਸ਼ਟਰਪਤੀ ਭਵਨ ‘ਚ ਦੇਸ਼ ਦੇ ਰਾਸ਼ਟਰਪਤੀ ਦੇ ਕਰ ਕਮਲਾਂ ਰਾਹੀਂ ਕੌਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਣ ਲੱਗ ਪਿਆ। ਬੇਸ਼ਕ ਪੂਰੇ ਵਿਸ਼ਵ ‘ਚ 5 ਅਕਤੂਬਰ ਨੂੰ ਹੀ ਵਿਸ਼ਵ ਅਧਿਆਪਕ ਦਿਵਸ ਵਜੋਂ ਮਨਾਇਆ ਜਾਂਦਾ ਹੈ ਪਰ ਆਦਰਸ਼ ਅਧਿਆਪਕ ਡਾ. ਰਾਧਾ ਕ੍ਰਿਸ਼ਨਨ, ਜੋ ਅਧਿਆਪਨ ਦੇ ਖੇਤਰ ‘ਚੋਂ ਨਿਕਲ ਕੇ ਰਾਸ਼ਟਰਪਤੀ ਬਣੇ ਪਰ ਉਹ ਦੇਸ਼ ‘ਚ ਸਾਖਰਤਾ ਅਤੇ ਸਿੱਖਿਆ ਦੇ ਮਿਸ਼ਨ ਨੂੰ ਹੀ ਸਮਰਪਿਤ ਰਹੇ। ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਤੱਕ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਜਗਿਆਸੂ ਬਣਾ ਕੇ ਖੁਦ ਦੀ ਤਾਕਤ ਪਛਾਣਨ ਵਾਲਾ ਨਹੀਂ ਬਣਾ ਦਿੰਦਾ, ਉਦੋਂ ਤੱਕ ਉਸ ਨੂੰ ਅਧਿਆਪਕ ਕਹਾਉਣ ਦਾ ਹੱਕ ਹੀ ਨਹੀਂ।
ਸੱਚੀਆਂ ਸਾਖੀਆਂ ਹਨ ਕਿ ਰੂਸ ਦੇ ਰਾਸ਼ਟਰਪਤੀ ਮਿਖਾਇਲ ਗੋਰਬਾਚੌਵ ਸੇਵਾ ਮੁਕਤੀ ਪਿਛੋਂ ਕਿਸੇ ਸਕੂਲ ‘ਚ ਅਧਿਆਪਕ ਦੀ ਨੌਕਰੀ ਕਰਨ ਲਈ ਬਿਨੈ-ਪੱਤਰ ਦਿੰਦੇ ਹਨ। ਉਨ੍ਹਾਂ ਦੇ ਬਿਨੈ-ਪਤੱਰ ਨੂੰ ਦੇਖ ਕੇ ਸਕੂਲ ਪ੍ਰਬੰਧਕ ਨੇ ਹੈਰਾਨੀ ਨਾਲ ਮਿਖਾਇਲ ਗੌਰਬਾਚੌਵ ਨੂੰ ਪੁੱਛ ਹੀ ਲਿਆ ਕਿ ਸਰ ਤੁਸੀਂ ਰਾਸ਼ਟਰਪਤੀ ਤੋਂ ਅਧਿਆਪਕ? ਤਾਂ ਉਨ੍ਹਾਂ ਬਹੁਤ ਹੀ ਹਲੀਮੀ ਨਾਲ ਜਵਾਬ ਦਿੱਤਾ ਕਿ ਮੈਂ ਰਾਸ਼ਟਰਪਤੀ ਦੇ ਅਹੁਦੇ ਉਤੇ ਬੈਠ ਕੇ ਹੀ ਅਹਿਸਾਸ ਕੀਤਾ ਹੈ, ਇਸ ਦੇਸ਼ ਜਾਂ ਸਮਾਜ ਨੂੰ ਰਾਸ਼ਟਰਪਤੀ ਦੀ ਨਹੀਂ ਬਲਕਿ ਇੱਕ ਚੰਗੇ ਅਧਿਆਪਕ ਦੀ ਹੀ ਲੋੜ ਹੈ।
ਇਸੇ ਤਰ੍ਹਾਂ ਹੀ ਜਦੋਂ ਅਸੀਂ ਆਪਣੇ ਦੇਸ਼ ਦੇ ਮਹਾਨ ਮਿਜ਼ਾਇਲ ਵਿਗਿਆਨੀ ਡਾ. ਅਬਦੁਲ ਕਲਾਮ ਨੂੰ ਯਾਦ ਕਰਦੇ ਹਾਂ ਤਾਂ ਉਹ ਵੀ ਇਕ ਅਧਿਆਪਕ ਵਾਂਗ ਇੱਕ ਯੂਨੀਵਰਸਿਟੀ ‘ਚ ਵਿਦਿਆਰਥੀਆਂ ਨੂੰ ਜੀਵਨ ਦੀਆਂ ਕਦਰਾਂ ਕੀਮਤਾਂ ਦਾ ਸਬਕ ਦਿੰਦੇ ਹੀ ਮੰਚ ਉਤੇ ਢੇਰੀ ਹੋ ਗਏ ਸਨ। ਡਾ. ਕਲਾਮ ਵੀ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਉਪਰੰਤ ਆਪਣੇ ਉਸ ਬਜੁਰਗ ਅਧਿਆਪਕ ਦੇ ਘਰ ਹੀ ਨਤਮਸਤਕ ਕਰਨ ਗਏ ਸਨ, ਜਿਨ੍ਹਾਂ ਨੇ ਗਰੀਬ ਅਤੇ ਹੋਣਹਾਰ ਬਾਲ ਅਬਦੁਲ ਕਲਾਮ ਨੂੰ ਪਛਾਣਦਿਆਂ ਉਸ ਦੇ ਮੱਥੇ ਵਿਚ ਜ਼ਿੰਦਗੀ ਦੇ ਸੁਪਨੇ ਬੀਜੇ ਸਨ। ਇਸ ਦੇਸ਼ ਦੇ ਮਹਾਨ ਵਿਗਿਆਨੀ, ਅਧਿਆਪਕ ਅਤੇ ਇਨਸਾਨ ਹਮੇਸ਼ਾਂ ਵਿਦਿਆਰਥੀਆਂ ਦੇ ਮੱਥਿਆਂ ‘ਚ ਨਵੇਂ ਵਿਚਾਰ ਤੇ ਸੁਪਨੇ ਬੀਜਣ ਲਈ ਦੇਸ਼ ਦੇ ਅਧਿਆਪਕਾਂ ਨੂੰ ਅਪੀਲਾਂ ਕਰਕੇ ਮੌਜੂਦਾ ਰਾਜਨੀਤਕ ਸਿਸਟਮ ਨੂੰ ਵੀ ਅਧਿਆਪਕ ਦੇ ਮਹਾਨ ਰੁਤਬੇ ਨੂੰ ਸਮਝਣ ਲਈ ਝੰਜੋੜਦੇ ਰਹੇ।
ਪਰ ਅੱਜ ਦੇ ਸਿਆਸਤਦਾਨਾਂ ਨੇ ਤਾਂ ਆਪਣੇ ਸਨਮਾਨਿਤ ਅਧਿਆਪਕਾਂ ਨੂੰ ਅਪਮਾਨਿਤ ਕਰਨ ਦਾ ਹੀ ਜਿਵੇਂ ਬੀੜਾ ਚੁੱਕ ਲਿਆ ਹੈ। ਲੋਕਤੰਤਰੀ ਸਿਸਟਮ ‘ਚ ਚੁਣੀਆਂ ਸਰਕਾਰਾਂ ਲੋਕ ਅਧਿਆਪਕਾਂ ਨੂੰ ਠਿੱਬੀ ਲਾ ਕੇ ਵੀ ਆਪਣੇ ਹੱਕ ‘ਚ ਹਵਾ ਚਲਾਉਣੀ ਸਿੱਖ ਗਏ ਹਨ। ਸਰਸਵਤੀ ਮਾਂ ਨੂੰ ਵਿੱਦਿਆ ਦੀ ਦੇਵੀ ਮੰਨਿਆ ਜਾਂਦਾ ਸੀ, ਸਰਵਪਲੀ ਡਾ. ਰਾਧਾ ਕ੍ਰਿਸ਼ਨਨ ਜਾਂ ਡਾ. ਕਲਾਮ ਦੇ ਆਦਰਸ਼ਾਂ ਨੂੰ ਤਿਲਾਂਜਲੀ ਦੇ ਕੇ ਸਿਆਸਤ ਨੇ ਸਿੱਖਿਆ ਨੂੰ ਵਾਧੂ ਬੋਝ ਮੰਨ ਕੇ ਬਾਜ਼ਾਰ ‘ਚ ਲਛਮੀ ਦੇ ਹੱਥੀਂ ਵਿਕਣ ਵਾਲੀ ਵਸਤੂ ਬਣਾ ਦਿੱਤਾ ਹੈ। ਸਿਆਸਤਦਾਨਾਂ ਦੀ ਸਰਪ੍ਰਸਤੀ ਅਤੇ ਮਾਲਕੀ ਹੇਠ ਸਿੱਖਿਆ ਦੀ ਮਾਂ ਸਰਸਵਤੀ ਦੇ ਮੰਦਿਰ ਢਾਹ ਕੇ ਪੰਜ ਤਾਰਾ ਸਿੱਖਿਆ ਉਦਯੋਗ ਸਥਾਪਤ ਕਰਕੇ ਲੁੱਟ ਮਚਾ ਰੱਖੀ ਹੈ। ਜਿਥੇ ਫਰਜ਼ਾਂ ਦੀ ਕੁਰਬਾਨੀ ਦੇ ਕੇ ਨਿਸ਼ਕਾਮ ਸੇਵਾ ਨਾਲ ਨਿਮਰਤਾ ਦੇ ਫੁੱਲ ਖਿੜਾ ਕੇ ਗੁਣਾਤਮਕ ਮਹਿਕਾਂ ਦਾ ਸਿਰਨਾਵਾਂ ਬਣਨਾ ਸੀ, ਉਥੇ ਤਖਤਾਂ ਦੀ ਹਉਮੈ ਨੇ ਕਦਰਾਂ ਕੀਮਤਾਂ ਰੋਲ ਕੇ ਰੱਖ ਦਿੱਤੀਆਂ। ਅੱਜ ਆਜ਼ਾਦ ਭਾਰਤ ‘ਚ ਹੱਕ ਮੰਗਦੇ ਅਧਿਆਪਕਾਂ ਨੂੰ ਬੰਧੂਆ ਮਜ਼ਦੂਰਾਂ ਵਾਗ ਗੁਲਾਮ ਬਣਾ ਕੇ ਜ਼ਲੀਲ ਕੀਤਾ ਜਾ ਰਿਹਾ ਹੈ, ਬੇਸਲੀਕਾ ਹੋਏ ਮੰਤਰੀਆਂ ਅਤੇ ਉਚ ਅਧਿਕਾਰੀਆਂ ਦੀ ਜੁਗਲਬੰਦੀ ਅਧਿਆਪਕ ਵਿਰੋਧੀ ਬਿਆਨਾਂ ਨਾਲ ਰਜਵਾੜਾਸ਼ਾਹੀ ਨਾਲ ਵਫਾ ਕਮਾ ਰਹੀ ਹੈ।
ਅਧਿਆਪਕਾਂ ਦੇ ਸਨਮਾਨ ‘ਚ ਮਿਲਣ ਵਾਲੇ ਰਾਜ ਅਤੇ ਰਾਸ਼ਟਰੀ ਪੱਧਰ ਦੇ ਸਨਮਾਨਾਂ ਨੂੰ ਵੀ ਸਰਕਾਰਾਂ ਅੱਜ ਸਿੱਖਿਆ ਵਿਭਾਗ ਨੂੰ ਖਤਮ ਕਰਨ ਦੇ ਮਨਸੂਬੇ ‘ਚ ਵੱਡਾ ਅੜਿਕਾ ਮੰਨ ਰਹੀਆਂ ਹਨ। ਪਿਛਲੇ ਵਰ੍ਹੇ ਰਾਸ਼ਟਰਪਤੀ ਕੋਲੋਂ ਰਾਸ਼ਟਰੀ ਐਵਾਰਡ ਹਾਸਲ ਕਰਨ ਵਾਲੇ 8 ਅਧਿਆਪਕ ਦਿੱਲੀਓਂ ਆ ਕੇ ਜਦੋਂ ਪੰਜਾਬ ਦੇ ਸਿੱਖਿਆ ਮੰਤਰੀ ਅਰੁਣਾ ਚੌਧਰੀ ਨੂੰ ਮਿਲੇ ਤਾਂ ਉਨ੍ਹਾਂ ਸਮੇਂ ਦੀ ਘਾਟ ਦੇ ਹੁੰਦਿਆਂ ਵੀ ਵਧਾਈ ਦੇ ਕੇ ਮੂੰਹ ਮਿੱਠਾ ਕਰਵਾਇਆ ਪਰ ਜਦੋਂ ਸਾਰੇ ਅਧਿਆਪਕ ਆਪਣੇ ਚਾਅ ਲੈ ਕੇ ਸਿੱਖਿਆ ਸਕੱਤਰ ਦੇ ਦਫਤਰ ਫੁੱਲਾਂ ਦਾ ਗੁਲਦਸਤਾ ਲੈ ਕੇ ਪਹੁੰਚੇ ਤਾਂ ਸਿੱਖਿਆ ਸਕੱਤਰ ਦਾ ਨਾ ਮਿਲਣ ਵਾਲਾ ਬੇਰੁਖਾ ਜਿਹਾ ਜਵਾਬ ਸੁਣ ਕੇ ਖਿੜਿਆ ਫੁੱਲਾਂ ਦਾ ਗੁਲਦਸਤਾ ਹੱਥਾਂ ‘ਚ ਫੜ੍ਹਿਆ ਹੀ ਮੁਰਝਾ ਗਿਆ ਅਤੇ ਸਾਰੇ ਰਾਸ਼ਟਰ ਐਵਾਰਡੀ ਅਧਿਆਪਕ ਆਪਣੀ ਖੁਦਦਾਰੀ ਨੂੰ ਡਿਗਣੋਂ ਬਚਾਉਂਦੇ ਗੁਲਦਸਤਾ ਸਿੱਖਿਆ ਸਕੱਤਰ ਦੇ ਦਫਤਰ ਦੇ ਬਾਹਰ ਪਏ ਕੂੜਾਦਾਨ ‘ਚ ਸੁੱਟ ਕੇ ਭੱਵਿਖ ‘ਚ ਕਦੇ ਵੀ ਨਾ ਮਿਲਣ ਦਾ ਸੰਕਲਪ ਕਰ ਕੇ ਆਪਣੇ ਫੁੱਲਾਂ ਵਰਗੇ ਵਿਦਿਆਰਥੀਆਂ ਦੇ ਮੱਥੇ ਚੁੰਮਣ ਲਈ ਵਾਪਿਸ ਪਰਤ ਗਏ।
ਦਰਅਸਲ ਪਹਿਲਾਂ ਰਾਜ ਪੁਰਸਕਾਰ ਗਵਰਨਰ ਹਾਊਸ ‘ਚ ਮਾਣ ਨਾਲ ਮਿਲਦੇ ਸਨ ਪਰ ਜਦੋਂ ਦਾ ਇਹ ਸਨਮਾਨ ਸਿਆਸਤਦਾਨਾਂ ਦੇ ਨਾਪਾਕ ਹੱਥਾਂ ‘ਚ ਆਇਆ ਹੈ, ਉਦੋਂ ਦਾ ਹੀ ਪੁਰਸਕਾਰ ਸੜਕਾਂ ਉਤੇ ਆ ਗਿਆ ਹੈ। ਐਵਾਰਡ ਹਾਸਲ ਕਰਨ ਲਈ ਸਿਆਸੀ ਦਖਲਅੰਦਾਜ਼ੀ ਕਾਰਨ ਜੁਗਾੜਬੰਦੀ ਇਸ ਕਦਰ ਵਧ ਗਈ ਹੈ ਕਿ ਐਵਾਰਡ ਸੇਲ ਕਾਊਂਟਰ ਖੁੱਲ੍ਹ ਗਏ ਹਨ। ਸਨਮਾਨ ਹਾਸਲ ਕਰਨਯੋਗ ਅਧਿਆਪਕ ਤਾਂ ਇਸ ਦੌੜ ‘ਚ ਸ਼ਾਮਿਲ ਨਾ ਹੋਣ ਦੇ ਬਾਵਜੂਦ ਸਿਆਸੀ ਅਧਿਆਪਕਾਂ ਨੂੰ ਮਿਲਦੇ ਸਨਮਾਨ ਕਾਰਨ ਵਧੇਰੇ ਅਪਮਾਨਿਤ ਮਹਿਸੂਸ ਕਰ ਰਿਹਾ ਹੈ ਪਰ ਜਿਹੜੇ ਯੋਗ ਅਧਿਆਪਕਾਂ ਨੇ ਆਪਣੀਆਂ ਵੱਡਮੁਲੀਆਂ ਸੇਵਾਵਾਂ ਸਦਕਾ ਐਵਾਰਡ ਹਾਸਿਲ ਕੀਤੇ ਹਨ, ਉਹ ਇਨ੍ਹਾਂ ਕਾਲੀਆਂ ਭੇਡਾਂ ਕਾਰਨ ਅਪਮਾਨਿਤ ਮਹਿਸੂਸ ਕਰਦੇ ਹਨ।
ਇਸ ਸਾਲ ਤਾਂ ਸਟੇਟ ਐਵਾਰਡ ਦੇਣ ਲਈ ਵਿਭਾਗ ਨੇ ਪਾਰਦਰਸ਼ਤਾ ਨੂੰ ਹੋਰ ਸ਼ੱਕੀ ਬਣਾ ਦਿੱਤਾ ਹੈ। ਅਧਿਕਾਰੀਆਂ ਨੇ ਕਿਸੇ ਵੀ ਅਧਿਆਪਕ ਦੇ ਹੱਕ ‘ਚ ਹੱਥ ਲਿਖਤ ਲਿਖੇ ਢਾਈ ਸੋ ਸ਼ਬਦ ਹੀ ਮੈਰਿਟ ਦਾ ਮੁੱਖ ਹਿੱਸਾ ਬਣਾ ਕੇ ਬਣਾਏ ਬੋਰਡ ਸਾਹਮਣੇ ਪੇਸ਼ ਹੋ ਕੇ ਜ਼ਲੀਲ ਹੋਣਾ ਜ਼ਰੂਰੀ ਕਰ ਦਿੱਤਾ ਜਦਕਿ ਸਕੂਲ ‘ਚ ਕੀਤੇ ਕਾਰਜ਼ਾਂ ਨੂੰ ਨਜ਼ਰਅੰਦਾਜ਼ ਕਰਨ ਨਾਲ ਮਨੋਬਲ ਜ਼ਰੂਰ ਡਿੱਗਿਆ ਹੈ।
ਦੂਜਾ ਸਰਕਾਰ ਨੇ ਐਲਾਨ ਕਰ ਦਿੱਤਾ ਕਿ ਪਿਛਲੇ ਸਾਲ ਸਨਮਾਨਿਤ ਅਧਿਆਪਕਾਂ ਨੂੰ ਮਿਲਣ ਵਾਲੀ ਰਕਮ ਵਿਚ ਜੋ ਕਟੌਤੀ ਕੀਤੀ ਗਈ ਸੀ, ਉਹ ਭਵਿੱਖ ‘ਚ ਵੀ ਜਾਰੀ ਰਹੇਗੀ। ਕਾਸ਼! ਸਾਡੇ ਸਿਆਸਤਦਾਨ ਅਤੇ ਅਧਿਕਾਰੀ ਇਸ ਮੁਕੱਦਰ ਦਿਹਾੜੇ ਮੌਕੇ ਡਾ. ਅਬਦੁਲ ਕਲਾਮ ਵਾਂਗੂ ਆਪਣੇ ਗੁਰੂ ਰੂਪੀ ਅਧਿਆਪਕਾਂ ਦੀ ਅਕੀਦਤ ‘ਚ ਇੱਕ ਦਿਨ ਕੱਢ ਕੇ ਉਨ੍ਹਾਂ ਕੋਲੋਂ ਦੁਬਾਰਾ ਮੱਤ ਹਾਸਿਲ ਕਰਕੇ ਸਵੈ-ਪੜਚੋਲ ਕਰਨ ਕਿ ਉਹ ਅਧਿਆਪਕ ਵਰਗ ਦੇ ਸਤਿਕਾਰ ‘ਚ ਕਿਵੇਂ, ਕਿੱਦਾ ਅਤੇ ਕਦੋਂ ਥਿੜਕ ਜਾਂਦੇ ਹਨ।

*ਪ੍ਰਧਾਨ, ਪੰਜਾਬ ਸਟੇਟ
ਨੈਸ਼ਨਲ ਐਵਾਰਡੀ ਟੀਚਰਜ਼ ਐਸੋਸੀਏਸ਼ਨ।