ਗੁਲਜ਼ਾਰ ਸਿੰਘ ਸੰਧੂ
ਮੇਰੇ ਸਾਹਮਣੇ ਰਤਨ ਸਿੰਘ ਭੰਗੂ ਰਚਿਤ ‘ਸ੍ਰੀ ਗੁਰ ਪੰਥ ਪ੍ਰਕਾਸ਼’ ਦਾ ਨਵਾਂ ਰੂਪ ਪਿਆ ਹੈ-ਦੋ ਜਿਲਦਾਂ ਵਿਚ। ਪਹਿਲੀ ਜਿਲਦ ਦੇ 570 ਪੰਨਿਆਂ ਵਿਚ 81 ਅਤੇ ਦੂਜੀ ਦੇ 922 ਪੰਨਿਆਂ ਵਿਚ 88 ਉਪ-ਕਥਾਵਾਂ ਹਨ। ਹਰ ਪੰਨੇ ਦੇ ਖੱਬੇ ਪਾਸੇ ਮੂਲ ਪੰਜਾਬੀ ਦੇ ਨਾਲ ਰੋਮਨ ਅੱਖਰਾਂ ਵਿਚ ਲਿਪੀਅੰਤਰ ਹੈ ਤੇ ਸੱਜੇ ਪਾਸੇ ਅੰਗਰੇਜ਼ੀ ਅਨੁਵਾਦ। ਅਨੁਵਾਦਕ ਪ੍ਰੋ. ਕੁਲਵੰਤ ਸਿੰਘ ਦੋਹਾਂ ਭਾਸ਼ਾਵਾਂ ਦਾ ਗਿਆਤਾ ਤੇ ਕਾਵਿਕ ਵਿਧੀਆਂ ਦਾ ਮਾਹਰ ਹੈ।
ਹੁਣ ਗੁਰਮੁਖੀ ਲਿਪੀ ਅਤੇ ਧਾਰਮਿਕ ਸ਼ਬਦਾਵਲੀ ਤੋਂ ਜਾਣੂ ਨਾ ਹੋਣ ਵਾਲੇ ਪਾਠਕ ਖਾਲਸੇ ਦੀ ਸਾਜਨਾ ਤੋਂ ਪਿੱਛੋਂ ਦੇ ਸਿੱਖੀ ਕਾਰਨਾਮਿਆਂ ਦਾ ਅਧਿਐਨ ਬਾਖੂਬੀ ਕਰ ਸਕਦੇ ਹਨ। ਅਨੁਵਾਦ ਦੀ ਸ਼ਬਦਾਵਲੀ ਤੇ ਕਾਵਿਕ ਬੰਦਿਸ਼ਾਂ ਸਰਲ ਹੀ ਨਹੀਂ, ਭਾਸ਼ਾ ਗਿਆਨ ਦੀ ਕਸਵੱਟੀ ‘ਤੇ ਵੀ ਪੂਰੀਆਂ ਉਤਰਦੀਆਂ ਹਨ। ਜੇ ਸੱਚ ਪੁੱਛੋਂ ਤਾਂ ਮੇਰੇ ਵਰਗੇ ਧਾਰਮਿਕ ਸ਼ਬਦਾਵਲੀ ਤੋਂ ਅਣਜਾਣ ਪਾਠਕਾਂ ਲਈ ਇਹ ਰੂਪ ਇੱਕ ਤੋਹਫਾ ਹੈ।
ਉਪ-ਕਥਾਵਾਂ ਵਿਚ ਬਾਬਾ ਬੰਦਾ ਸਿੰਘ ਬਹਾਦਰ, ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ ਵਰਗਿਆਂ ਦੀਆਂ ਜਿੱਤਾਂ, ਪ੍ਰਾਪਤੀਆਂ ਤੇ ਸ਼ਹੀਦੀਆਂ ਦਾ ਵਧੀਆ ਵਰਣਨ ਹੈ। ਇਥੇ ਹੀ ਬੱਸ ਨਹੀਂ, ਸਿੱਖ ਗੁਰੂ ਸਾਹਿਬਾਨ ਤੇ ਪਹਿਲਾਂ ਵਾਲੇ ਸਿੰਘ ਸੂਰਮਿਆਂ ਦੀਆਂ ਵਾਰਦਾਤਾਂ ਵਲ ਵੀ ਥਾਂ ਪੁਰ ਥਾਂ ਸੰਕੇਤ ਹਨ। ਮਝੈਲਾਂ ਤੇ ਬਰਾੜਾਂ ਦਾ ਚਰਿਤਰ ਹੀ ਨਹੀਂ, ਭੱਟੀ ਰਾਜਪੂਤਾਂ ਤੇ ਮਲੇਰਕੋਟਲਾ ਦੇ ਪਠਾਣਾਂ ਦੀ ਵੀ ਚਰਚਾ ਹੈ। ਸਿੱਖ ਇਤਿਹਾਸ ਦੇ ਖੋਜੀ ਇਸ ਵਿਚ ਅਨੰਦਪੁਰ ਸਾਹਿਬ, ਚਮਕੌਰ ਸਾਹਿਬ, ਮੁਕਤਸਰ ਤੋਂ ਬਿਨਾ ਬੰਦਾ ਬਹਾਦਰ ਵਲੋਂ ਸਰਹਿੰਦ ਦੇ ਨਵਾਬ ਵਜ਼ੀਰ ਖਾਂ ਨਾਲ ਸਬੰਧਤ ਜਿੱਤਾਂ ਤੇ ਸਢੌਰਾ, ਬੰਨੂੜ, ਸਮਾਣਾ ਵਿਖੇ ਟੱਕਰਾਂ ਦਾ ਵੀ ਵਰਣਨ ਮਿਲਦਾ ਹੈ। ਲੇਖਕ ਹੈਂਕੜ ਵਿਚ ਆ ਕੇ ਬੰਦਾ ਬਹਾਦਰ ਵਲੋਂ ਕੀਤੀਆਂ ਆਪਹੁਦਰੀਆਂ ਕਾਰਵਾਈਆਂ ਨੂੰ ਆਪਣੀ ਮੌਤੇ ਮਰਦੀਆਂ ਦਿਖਾਉਂਦਾ ਹੈ। ਕੁਝ ਆਪਹੁਦਰੀਆਂ ਸਿੱਖ ਜਥੇਬੰਦੀਆਂ ਦਾ ਨਿਘਾਰ ਵੀ ਏਸ ਹੀ ਧਾਗੇ ਨਾਲ ਪਰੋਇਆ ਮਿਲਦਾ ਹੈ।
ਦੂਜੀ ਜਿਲਦ ਵਿਚ ਤਾਰਾ ਸਿੰਘ, ਕਪੂਰ ਸਿੰਘ, ਜੱਸਾ ਸਿੰਘ ਆਹਲੂਵਾਲੀਆ ਦੇ ਕਾਰਨਾਮਿਆਂ ਤੋਂ ਬਿਨਾ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਦੀ ਅਦੁਤੀ ਦਲੇਰੀ ਦਰਸਾਈ ਗਈ ਹੈ। ਭਾਈ ਮਨੀ ਸਿੰਘ ਤੇ ਭਾਈ ਤਾਰੂ ਸਿੰਘ ਦੀ ਸ਼ਹੀਦੀ ਵਿਚ ਪਰੋ ਕੇ ਘੱਟ ਜਾਣੇ ਜਾਂਦੇ ਸੁਬੇਗ ਸਿੰਘ ਜਾਂਬਰ ਤੇ ਉਸ ਦੇ ਨੰਨ੍ਹੇ ਬੇਟੇ ਦੀ ਸ਼ਹੀਦੀ ਦਾ ਵਰਣਨ ਵੀ ਕਮਾਲ ਦਾ ਹੈ। ਜਿਥੋਂ ਤੱਕ ਮਹਿਤਾਬ ਸਿੰਘ ਤੇ ਸੁੱਖਾ ਸਿੰਘ ਦੀ ਦਲੇਰੀ ਦਾ ਸਬੰਧ ਹੈ, ਲੇਖਕ ਨੇ ਆਪਣੀ ਕੁੱਲ ਦੇ ਵਡੇਰੇ ਮਹਿਤਾਬ ਸਿੰਘ ਦੀ ਸੂਰਮਗਤੀ ਤੇ ਸਿਰੜ ਨਾਲੋਂ, ਆਮ ਧਾਰਨਾ ਦੇ ਉਲਟ, ਸੁੱਖਾ ਸਿੰਘ ਦੀ ਬਹਾਦਰੀ ਤੇ ਦ੍ਰਿੜ੍ਹਤਾ ਉਤੇ ਪਹਿਰਾ ਦਿੱਤਾ ਹੈ। ਖਾਸ ਕਰਕੇ ਉਸ ਦੀ ਅਹਿਮਦ ਸ਼ਾਹ ਅਬਦਾਲੀ ਨਾਲ ਭੇਟ ਸਬੰਧੀ। ਨਵਾਬ ਦੀਨਾ ਬੇਗ ਨਾਲ ਸਮਝੌਤਾ ਅਤੇ ਮਰਾਠਿਆਂ ਤੇ ਰੋਹੇਲਿਆਂ ਦੀ ਗਿਟਮਿਟ ਵੀ ਲੇਖਕ ਦੀ ਪਹੁੰਚ ਵਿਚ ਹੈ ਤੇ ਤਰਨਾ ਦਲ ਤੇ ਬੁੱਢਾ ਦਲ ਦੇ ਆਪੋ ਵਿਚ ਸਬੰਧ ਵੀ।
ਦੂਜੀ ਜਿਲਦ ਬਘੇਲ ਸਿੰਘ ਵਲੋਂ ਦਿੱਲੀ ਫਤਿਹ ਕਰਨ ਤੱਕ ਖਾਲਸਾ ਪੰਥ ਦੀ ਪੂਰਨ ਮਰਯਾਦਾ ਨੂੰ ਉਜਾਗਰ ਕਰਦੀ ਹੈ, ਬਘੇਲ ਸਿੰਘ ਵਲੋਂ ਦਿੱਲੀ ਵਿਚ ਉਸਾਰੇ ਸੱਤ ਗੁਰਦੁਆਰਿਆਂ ਅਤੇ ਜਮਨਾ ਪਾਰ ਦੇ ਸਈਅਦ ਵਲੋਂ ਉਧਾਲੀਆਂ ਬ੍ਰਾਹਮਣ ਕੁੜੀਆਂ ਦੀ ਰਿਹਾਈ ਸਮੇਤ। ਲੇਖਕ ਹਰਿਮੰਦਰ ਸਾਹਿਬ ਵਿਚ ਕੰਚਨੀ ਦਾ ਨਾਚ ਕਰਾਉਣ ਵਾਲੇ ਮੱਸਾ ਰੰਘੜ ਦੀ ਹਤਿਆ ਕਰਨ ਵਾਲੇ ਬਾਬਾ ਮਹਿਤਾਬ ਸਿੰਘ ਮੀਰਾਂ ਕੋਟੀਏ ਦਾ ਪੋਤਰਾ ਸੀ। ਉਸ ਨੇ ਆਪਣੀ ਰਚਨਾ ਦਾ ਆਧਾਰ ਲਿਖਤੀ ਦਸਤਾਵੇਜਾਂ ਤੱਕ ਹੀ ਸੀਮਤ ਨਹੀਂ ਰੱਖਿਆ। ਆਪਣੇ ਪਿਤਾ ਰਾਇ ਸਿੰਘ ਤੇ ਹੋਰਨਾਂ ਪੁਰਖਿਆਂ ਵਲੋਂ ਦੱਸੇ ਬਿਰਤਾਂਤ ਦਾ ਆਸਰਾ ਲੈ ਕੇ ਉਸ ਨੇ ਖਾਲਸਾ ਇਤਿਹਾਸ ਨੂੰ ਬਹੁਤ ਹੀ ਰੌਚਕ ਢੰਗ ਨਾਲ ਪੇਸ਼ ਕੀਤਾ ਹੈ। ਇਥੋਂ ਤੱਕ ਕਿ ਘਟਨਾਵਾਂ ਤੇ ਪ੍ਰਸੰਗ ਕਥਾਵਾਂ ਦੀ ਤਰਤੀਬ ਅੱਗੇ ਪਿੱਛੇ ਹੋਣ ਦੀ ਉਕਾ ਪਰਵਾਹ ਨਹੀਂ ਕੀਤੀ। ਲੋੜ ਪੈਣ ‘ਤੇ ਮਿਥਿਹਾਸ ਦਾ ਸਹਾਰਾ ਲੈਣ ਤੋਂ ਵੀ ਗੁਰੇਜ਼ ਨਹੀਂ ਕੀਤਾ।
ਰਤਨ ਸਿੰਘ ਭੰਗੂ ਦਾ ਇਹ ਮਹਾਂ ਕਾਵਿ 18ਵੀਂ ਸਦੀ ਦੀਆਂ ਘਟਨਾਵਾਂ ਦਾ ਬਿਰਤਾਂਤ ਹੈ, ਭਾਵੇਂ ਲੇਖਕ ਨੇ ਲੋੜ ਅਨੁਸਾਰ ਗੁਰੂ ਨਾਨਕ ਤੇ ਬਾਬਰ ਦੇ ਸਮੇਂ ਦੀਆਂ ਘਟਨਾਵਾਂ ਦਾ ਵੀ ਛਿੱਟਾ ਦਿੱਤਾ ਹੈ। ਨਾਦਰ ਸ਼ਾਹ ਤੇ ਅਹਿਮਦ ਸ਼ਾਹ ਅਬਦਾਲੀ ਦੇ ਧਾਵਿਆਂ ਦਾ ਇਹ ਕਾਲ ਪੰਜਾਬ ਦੇ ਇਤਿਹਾਸ ਦਾ ਅਤਿ ਦੁਖਦਾਈ ਸਮਾਂ ਹੈ, ਜਦੋਂ ਇਥੋਂ ਦੇ ਵਸਨੀਕ ਖੁਦ ਵੀ ਲੁੱਟ-ਖਸੁੱਟ ਤੇ ਧੱਕੇਸ਼ਾਹੀ ਵਿਚ ਯਕੀਨ ਰਖਦੇ ਸਨ। ਕਤਲੇਆਮ ਏਨਾ ਅਨਿਸਚਿਤ ਸੀ ਕਿ ਲੋਕਾਂ ਦੀ ਧਾਰਨਾ ਵਿਚ ਇਸ ਨੂੰ ‘ਖਾਧਾ ਪੀਤਾ ਲਾਹੇ ਦਾ, ਰਹਿੰਦਾ ਅਹਿਮਦ ਸ਼ਾਹੇ ਦਾ’ ਕਿਹਾ ਜਾਂਦਾ ਹੈ।
ਇਹ ਸਮਾਂ ਸੀ, ਜਦੋਂ ਸ਼ਕਤੀਸ਼ਾਲੀ ਬਰਤਾਨਵੀ ਸਰਕਾਰ ਆਪਣੇ ਪੈਰ ਪੂਰੀ ਦੁਨੀਆਂ ਵਿਚ ਪਸਾਰਨਾ ਚਾਹੁੰਦੀ ਸੀ। ਉਨ੍ਹਾਂ ਦਾ ਲੁਧਿਆਣਾ ਸਥਿਤ ਪ੍ਰਤੀਨਿਧ ਕੈਪਟਨ ਮੱਰੇ ਪੰਜਾਬ ਉਤੇ ਕਾਬਜ਼ ਹੋਣ ਲਈ ਸਿੱਖ ਸ਼ਕਤੀ ਤੇ ਮਾਨਸਿਕਤਾ ਜਾਣੇ ਬਿਨਾ, ਆਪਣੀ ਸਰਕਾਰ ਦੀ ਅਗਵਾਈ ਨਹੀਂ ਸੀ ਕਰ ਸਕਦਾ। ਰਤਨ ਸਿੰਘ ਨੇ ਇਹ ਸਾਰਾ ਬਿਰਤਾਂਤ ਕੈਪਟਨ ਮੱਰੇ ਲਈ ਲਿਖਿਆ ਸੀ। ਇਸ ਨੇ ਕਿਸੇ ਹੱਦ ਤੱਕ ਗੋਰੀ ਸਰਕਾਰ ਨੂੰ ਸਿੱਖ ਬਹੁਗਿਣਤੀ ਵਾਲੇ ਖੇਤਰਾਂ ਵਲ ਸੰਕੋਚ ਨਾਲ ਵਧਣ ਲਈ ਮਜਬੂਰ ਕੀਤਾ। ਪੰਥ ਪ੍ਰਕਾਸ਼ ਦਾ ਹਥਲਾ ਰੂਪ ਬਾਬਾ ਮਹਿਤਾਬ ਸਿੰਘ ਦੀ ਕੁਲ ਵਿਚੋਂ ਉਭਰੇ ਸੈਦਪੁਰਾ ਨਿਵਾਸੀ ਕਰਨਲ ਦਲਜੀਤ ਸਿੰਘ ਤੇ ਦਿਲਦਾਰ ਸਿੰਘ ਅਤੇ ਪਿੰਡ ਭੜੀ ਦੇ ਜੰਮਪਲ ਦਲਜੀਤ ਸਿੰਘ ਭੰਗੂ ਦੀ ਮਾਇਕ ਮਦਦ ਦਾ ਨਤੀਜਾ ਹੈ।
ਕਾਸ਼! ਇਹੋ ਜਿਹਾ ਉਦਮ ਬਰਤਾਨਵੀ ਸਰਕਾਰ ਵੇਲੇ ਹੁੰਦਾ ਤਾਂ ਕਿ ਗੋਰੀ ਸਰਕਾਰ ਨੂੰ ਖਾਲਸਈ ਮਾਨਸਿਕਤਾ ਦੇ ਹੋਰ ਵੀ ਖੁੱਲ੍ਹੇ ਦਰਸ਼ਨ ਹੋ ਸਕਦੇ।
ਤੁਰ ਗਿਆ ਸਰਹੱਦੀ ਮੋਮਬੱਤੀਆਂ ਦਾ ਸਿਪਾਹ ਸਾਲਾਰ: ਲੰਘੀ 23 ਅਗਸਤ ਨੂੰ ਪ੍ਰਸਿੱਧ ਪੱਤਰਕਾਰ ਕੁਲਦੀਪ ਨਈਅਰ 95 ਵਰ੍ਹੇ ਦੀ ਉਸਾਰੂ ਉਮਰ ਭੋਗ ਕੇ ਚੱਲ ਵੱਸਿਆ ਹੈ। ਉਹ ਹਿੰਦ-ਪਾਕਿ ਦੋਸਤੀ ਦਾ ਸਿਪਾਹ ਸਾਲਾਰ ਸੀ। ਉਸ ਨੇ 1996 ਤੋਂ ਭਾਰਤ-ਪਾਕਿ ਸੀਮਾਂ ‘ਤੇ 14 ਅਗਸਤ ਦੀ ਰਾਤ ਨੂੰ ਹਿੰਦ-ਪਾਕਿ ਦੋਸਤੀ ਮੰਚ ਵਲੋਂ ਮੋਮਬੱਤੀਆਂ ਜਗਾ ਕੇ ਆਪਸੀ ਸਾਂਝ ਗੂੜ੍ਹੀ ਕਰਨ ਦਾ ਸਿਲਸਿਲਾ ਸ਼ੁਰੂ ਕੀਤਾ ਸੀ। ਸਹਿਜੇ ਸਹਿਜੇ ਇਸ ਵਿਚ ਅਨੇਕਾਂ ਹੋਰ ਜਥੇਬੰਦੀਆਂ ਵੀ ਸ਼ਾਮਿਲ ਹੋ ਗਈਆਂ ਤੇ ਸਮਾਂ ਪਾ ਕੇ ਪੱਤਰਕਾਰ ਸਤਿਨਾਮ ਸਿੰਘ ਮਾਣਕ ਨੂੰ ਕੋਆਰਡੀਨੇਟਰ ਥਾਪਿਆ ਗਿਆ। ਮੋਮਬੱਤੀਆਂ ਦੇ ਇਸ ਵਰ੍ਹੇ ਵਾਲੇ ਜਸ਼ਨ ‘ਤੇ ਕੁਲਦੀਪ ਨਈਅਰ ਦੀ ਗੈਰ ਹਾਜ਼ਰੀ ਦਾ ਕਾਰਨ ਵੀ ਉਸ ਦੀ ਸਿਹਤ ਵਿਚ ਆਇਆ ਵਿਗਾੜ ਹੀ ਸੀ। ਜਸ਼ਨ ਤੋਂ ਥੋੜ੍ਹੇ ਦਿਨ ਪਿਛੋਂ ਉਹ ਚਾਰ ਪੰਜ ਦਿਨ ਨਮੂਨੀਏ ਦਾ ਸ਼ਿਕਾਰ ਹੋ ਕੇ ਅਲਵਿਦਾ ਕਹਿ ਗਿਆ। ਹੁਣ ਅਮਨ ਦੀਆਂ ਮੋਮਬੱਤੀਆਂ ਦਾ ਸਫਰ ਜਾਰੀ ਰੱਖਣ ਦੀ ਜ਼ਿੰਮੇਵਾਰੀ ਕੋਆਰਡੀਨੇਟਰ ‘ਤੇ ਆ ਪਈ ਹੈ। ਜੀ ਆਇਆ ਨੂੰ!
ਅੰਤਿਕਾ: ਚਾਨਣ ਗੋਬਿੰਦਪੁਰੀ
ਇਸ ਇਸ਼ਕ ਦੀ ਦੁਨੀਆਂ ਦੇ ਕੁਝ ਰੰਗ ਨਿਆਰੇ ਨੇ।
ਜੋ ਜਾਨ ਦੇ ਦੁਸ਼ਮਣ ਨੇ ਉਹ ਜਾਨ ਤੋਂ ਪਿਆਰੇ ਨੇ।