ਦੋ ਵਿਚਾਰੇ

ਅਵਤਾਰ ਸਿੰਘ (ਪ੍ਰੋ.)
ਫੋਨ: 91-94175-18384
‘ਵਿਕਟੋਰੀਆ ਨੰਬਰ 203’ ਫਿਲਮ ਦਾ ਗਾਣਾ ਨਹੀਂ ਹੈ, ਬਲਕਿ ਉਨ੍ਹਾਂ ਦੋ ਵਿਚਾਰਿਆਂ ਦੀ ਕਹਾਣੀ ਹੈ, ਜੋ ਪੰਜਾਬ ਯੂਨੀਵਰਸਿਟੀ ‘ਚ ਪੜ੍ਹਨ ਨਹੀਂ, ਕੜ੍ਹਨ ਆਏ ਸਨ। ਉਹ ਪੜ੍ਹੇ ਲਿਖੇ ਸਨ। ਬੇਸ਼ੱਕ ਉਹ ਪਾਗਲ ਨਹੀਂ ਸਨ, ਪਰ ਕਮਲੇ ਸਨ। ਠੇਠ ਪੰਜਾਬੀ ‘ਚ ਕਹਿਣਾ ਹੋਵੇ ਤਾਂ ਉਹ ਕਮਲੇ-ਰਮਲੇ ਸਨ।

ਇਕ ਦਾ ਨਾਂ ਸੀ ਰੇਸ਼ਮ ਸਿੰਘ ਤੇ ਦੂਜੇ ਦਾ ਗੁਰਦੇਵ ਸਿੰਘ। ਇਕ ਜਣਾ ਹੋਰ ਤਰ੍ਹਾਂ ਕਮਲਾ ਸੀ, ਦੂਜਾ ਹੋਰ ਤਰ੍ਹਾਂ। ਦੋਹਾਂ ਦੇ ਦਿਮਾਗਾਂ ਦੇ ਕੁਝ ਪੇਚ ਢਿੱਲੇ ਸਨ ਤੇ ਕੁਝ ਲੋੜੋਂ ਵੱਧ ਕੱਸੇ ਹੋਏ। ਪਰ ਮੁਹੱਬਤ ਦਾ ਪੇਚ ਉਨੀ-ਇੱਕੀ ਦੇ ਫਰਕ ਨਾਲ ਦੋਹਾਂ ਦਾ ਬਰਾਬਰ ਢਿੱਲਾ ਸੀ। ਦੋਹਾਂ ਦੀ ਖਾਸ ਗੱਲ ਇਹ ਸੀ ਕਿ ਕਿਸੇ ਨੇ ਵੀ ਕਦੇ ਦੋਵੇਂ ਜਣੇ ਇਕੱਠੇ ਨਹੀਂ ਸਨ ਦੇਖੇ। ਜਿਸ ਦਿਨ ਇਕ ਆਉਂਦਾ, ਉਸ ਦਿਨ ਦੂਜਾ ਨਾ ਆਉਂਦਾ। ਜੇ ਇੱਕ ਸਵੇਰੇ ਆਉਂਦਾ, ਦੂਜਾ ਸ਼ਾਮ ਨੂੰ ਆਉਂਦਾ। ਦੋਹਾਂ ਦਾ ਕਿਸੇ ਨੂੰ ਪਤਾ ਨਹੀਂ ਸੀ ਕਿ ਉਹ ਕਿੱਥੋਂ ਆਉਂਦੇ ਹਨ ਤੇ ਕਿੱਥੇ ਨੂੰ ਜਾਂਦੇ ਹਨ। ਉਹ ਹਮੇਸ਼ਾ ਪੰਛੀਆਂ ਵਾਂਗ ਆਉਂਦੇ ਤੇ ਪੰਛੀਆਂ ਵਾਂਗ ਚਲੇ ਜਾਂਦੇ।
ਗੁਰਦੇਵ ਸਿੰਘ ਪੱਗ ਬੰਨ੍ਹਦਾ ਤੇ ਪੈਂਟ ਕਮੀਜ਼ ਪਾਉਂਦਾ ਸੀ। ਪੈਂਟ ਨੂੰ ਬੇਸ਼ੱਕ ਬੈਲਟ ਲੱਗੀ ਹੁੰਦੀ, ਪਰ ਕਮੀਜ਼ ਦਾ ਬਿਲਕੁਲ ਪਤਾ ਨਾ ਲੱਗਦਾ ਕਿ ਵਿਚ ਦਿੱਤੀ ਹੈ ਕਿ ਬਾਹਰ ਰੱਖੀ ਹੋਈ ਹੈ। ਦਾਹੜੀ ਸਦਾ ਪੁੱਠੀ ਚਾੜ੍ਹ ਕੇ ਰੱਖਦਾ। ਕਹਿੰਦੇ ਸਨ, ਉਹ ਫੌਜ ‘ਚੋਂ ਆਇਆ ਸੀ; ਰਿਟਾਇਰ ਹੋ ਕੇ ਜਾਂ ਛੱਡ ਛੁਡਾ ਕੇ-ਕੋਈ ਨਹੀਂ ਸੀ ਜਾਣਦਾ; ਨਾ ਉਹ ਦੱਸਦਾ ਸੀ। ਉਹ ਹਮੇਸ਼ਾ ਤਸਮਿਆਂ ਵਾਲੇ ਕਾਲੇ ਬੂਟ ਪਾਉਂਦਾ ਤੇ ਉਸ ਦੀਆਂ ਜੁਰਾਬਾਂ ਦੀ ਇਲਾਸਟਿਕ ਏਨੀ ਮੁਰਦਲ ਜਿਹੀ ਹੁੰਦੀ ਕਿ ਉਹ ਗਿੱਟਿਆਂ ‘ਤੇ ਵੀ ਮਸਾਂ ਟਿਕਦੀਆਂ।
ਹਾਂ, ਚੇਤੇ ਆਇਆ, ਮੀਂਹ ਜਾਵੇ ਹਨੇਰੀ ਜਾਵੇ, ਉਹ ਟਾਈ ਲਾਉਣੀ ਕਦੇ ਨਾ ਭੁੱਲਦਾ। ਪਲਾਸਟਿਕ ਦੇ ਫਰੇਮ ਵਾਲੀ ਐਨਕ ਉਸ ਦੇ ਹਮੇਸ਼ਾ ਲੱਗੀ ਰਹਿੰਦੀ। ਉਸ ਕੋਲ ਇਕ ਕਿਤਾਬ ਹਮੇਸ਼ਾ ਹੁੰਦੀ, ਜੋ ਅੰਗਰੇਜ਼ੀ ‘ਚ ਲਿਖੀ ਹੋਈ ਸੀ, ਜਿਸ ‘ਤੇ ਲਿਖਿਆ ਹੋਇਆ ਸੀ: ਆਇਡਿਆਲੋਜੀ ਆਫ ਸਿੱਖ ਗੁਰੂ’ਜ਼, ਜਿਸ ਨੂੰ ਉਹ “ਅਡਿਔਲਜੀ ਔਫ ਸਿੱਖ ਗੁਰੂ’ਜ” ਬੋਲਦਾ; ਜਿਵੇਂ ਭਾਈ ਲਾਲ ਜੀ ਕਹੀਦਾ ਹੈ। ਆਪਣੀ ਉਸ ਕਿਤਾਬ ਦੀ ਤਾਰੀਫ ਵਿਚ ਉਹ ਸਿਰਫ ਇੱਕੋ ਲਫਜ਼ ਆਖਦਾ, ‘ਬੰਬ।’ ਸੁਣਦੇ ਸਾਰ ਹਰ ਕੋਈ ਹੱਸ ਪੈਂਦਾ। ਮਸਖਰੇ ਉਸ ਨੂੰ ਅਕਸਰ ਆਖ ਦਿੰਦੇ, “ਸੁੱਟ ਨਾ ਦੇਈਂ, ਚੱਲ ਜਾਊ ਕਿਤੇ।” ਇਹ ਸੁਣ ਕੇ ਉਹ ਏਨਾ ਕੁ ਹੱਸਦਾ ਕਿ ਸਿਰਫ ਉਸੇ ਨੂੰ ਪਤਾ ਲੱਗਦਾ ਕਿ ਉਹ ਹੱਸਿਆ ਹੈ। ਤੇ ਇਸ ਤਰ੍ਹਾਂ ਲੱਗਦਾ ਜਿਵੇਂ ਉਹ ਮਨ ਹੀ ਮਨ ਕਹਿ ਰਿਹਾ ਹੋਵੇ, ‘ਬਾਂਦਰ ਕਿਆ ਜਾਣੇ ਅਦਰਕ ਦਾ ਸੁਆਦ!’
ਉਹ ਕਦੀ ਕਿਸੇ ਨੂੰ ਮੰਦਾ ਨਹੀਂ ਸੀ ਬੋਲਦਾ, ਗਾਲ੍ਹ ਨਹੀਂ ਸੀ ਕੱਢਦਾ ਤੇ ਨਾ ਕਿਸੇ ‘ਤੇ ਕਦੀ ਹੱਸਦਾ ਸੀ। ਪੱਗ ਦਾ ਨੁਕਸ ਉਸ ਦੀ ਸ਼ਕਲ ‘ਚ ਦਾਖਲ ਹੋ ਗਿਆ ਸੀ ਤੇ ਸ਼ਕਲ ਦਾ ਨੁਕਸ ਉਸ ਦੇ ਜ਼ਿਹਨ ‘ਚ ਧਸ ਗਿਆ ਸੀ। ਇਸੇ ਕਰਕੇ ਉਸ ‘ਤੇ ਹਰ ਕੋਈ ਹੱਸ ਛੱਡਦਾ ਸੀ। ਉਹ ਯੂਨੀਵਰਸਿਟੀ ‘ਚ ਕਿਸੇ ਨੂੰ ਵੀ ਮਿਲਣ ਨਹੀਂ ਸੀ ਆਉਂਦਾ; ਬੱਸ ਆਉਂਦਾ ਸੀ! ਚੁਟਕਲੇਬਾਜ ਉਸ ਨੂੰ ਖਾਹਮਖਾਹ ਮਿਲ ਪੈਂਦੇ ਤੇ ਉਸ ਨੂੰ ਪ੍ਰੇਸ਼ਾਨ ਕਰਦੇ।
ਉਸ ਨੇ ਪੀਐਚ.ਡੀ. ਭਲੇ ਵੇਲਿਆਂ ‘ਚ ਕਰ ਲਈ ਸੀ, ਉਹ ਵੀ ਰਾਜਨੀਤੀ ਸ਼ਾਸਤਰ ‘ਚ। ਉਸ ਦੀ ਕਿਤਾਬ ਦਰਅਸਲ ਉਸ ਦਾ ਥੀਸਿਸ ਹੀ ਸੀ, ਜਿਸ ਨੂੰ ਉਹ ਸਿਰਫ ਨਹਾਉਣ ਲੱਗਿਆਂ ਹੀ ਸਰੀਰ ਤੋਂ ਅਲੱਗ ਕਰਦਾ। ਕਿਤਾਬ ਕਾਹਦੀ, ਉਸ ਲਈ ਕੱਕਾਰ ਹੀ ਸੀ। ਉਹ ਆਪਣੇ ਆਪ ਨੂੰ ਬਹੁਤ ਵੱਡਾ ਚਿੰਤਕ ਸਮਝਦਾ। ਪਰ ਲੋਕ ਉਸ ਨੂੰ ਬੱਸਾਂ ‘ਚ ਵਿਕਣ ਵਾਲੀ ਕਿਤਾਬ ‘ਹਾਸੇ ਦੇ ਘੋਟਣੇ’ ਤੋਂ ਵੱਧ ਤਰਜੀਹ ਨਾ ਦਿੰਦੇ। ਉਸ ‘ਤੇ ਹਾਸਾ ਵੀ ਆਉਂਦਾ, ਤਰਸ ਵੀ।
ਹਰਿਆਣੇ ‘ਚ ਵੋਟਾਂ ਪੈ ਰਹੀਆਂ ਸਨ। ਸਟੂਡੈਂਟਸ ਸੈਂਟਰ ‘ਚ ਬੈਠਿਆਂ ਗੱਲ ਚੱਲ ਪਈ, ‘ਜਿੱਤੂ ਕੌਣ?’ ਜੀਓ ਪੋਲੀਟੀਕਲ ਸਾਇੰਸ ਦੇ ਧੁਰੰਤਰ ਡਾ. ਢੱਲ ਨੇ ਹਾਸੇ ‘ਚ ਗੱਲ ਟਾਲ ਦਿੱਤੀ। ਐਡਵੋਕੇਟ ਗਿੱਲ ਨੇ ਨਾਲ 4-5 ਗਾਲ੍ਹਾਂ ਠੋਕ ਦਿੱਤੀਆਂ। ਮੇਰੇ ਦੋਸਤ ਗੁਰਮੇਜ ਨੇ ਸੰਜ਼ੀਦਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ। ਸ਼ਾਮ ਸਿੰਘ ਨੇ ਦੇਖਿਆ ਕਿ ਡਾ. ਗੁਰਦੇਵ ਸਿੰਘ ਆ ਰਹੇ ਹਨ। ਪ੍ਰੋ. ਹਰਪਾਲ ਸਿੰਘ ਕਹਿਣ ਲੱਗੇ, “ਇਨ੍ਹਾਂ ਨੂੰ ਪੁੱਛਦੇ ਹਾਂ, ਕੌਣ ਜਿੱਤੂ?”
ਡਾ. ਗੁਰਦੇਵ ਸਿੰਘ ਨੇ ਕੁਰਸੀ ਖਿੱਚੀ ਤੇ ਬੈਠ ਗਏ। ਸਭ ਦੇ ਮੂੰਹ ਵੱਲ ਦੇਖਿਆ ਤੇ ਏਨਾ ਕੁ ਹੀ ਬੋਲਿਆ, “ਹਾਂ ਬਈ, ਹੈਪੀ?” ਕਿਸੇ ਨੂੰ ਬੁਲਾਉਣ ਤੇ ਹਾਲ-ਚਾਲ ਪੁੱਛਣ ਦਾ, ਉਸ ਦਾ ਇਹੀ ਤਰੀਕਾ ਸੀ। ਡਾ. ਢੱਲ ਦੀ ਮੁਸਕਰਾਹਟ ਉਸ ਦੇ ਚਿਹਰੇ ‘ਤੇ ਫੈਲ ਗਈ ਤੇ ਐਡਵੋਕੇਟ ਗਿੱਲ ਦੀ ਟਿੱਚਰ ਉਸ ਦੀਆਂ ਅੱਖਾਂ ਅਤੇ ਮੁੱਛਾਂ ‘ਤੇ ਸਵਾਰ ਹੋ ਗਈ।
ਸ਼ਾਮ ਸਿੰਘ ਨੇ ਸਵਾਲ ਕੀਤਾ, “ਡਾ. ਸਾਹਿਬ, ਹਰਿਆਣੇ ਦੀ ਚੋਣ ਕੌਣ ਜਿੱਤੂ?” ਗੁਰਦੇਵ ਸਿੰਘ ਨੇ ਪੈਂਟ ਦੀ ਜੇਬ ‘ਚੋਂ ਰੁਮਾਲ ਕੱਢਿਆ, ਐਨਕ ਉਤਾਰੀ, ਸਾਫ ਕੀਤੀ, ਅੱਖਾਂ ਝਪਕੀਆਂ ਤੇ ਐਨਕ ਲਾ ਕੇ ਕਹਿਣ ਲੱਗਾ, “ਜਿਹਨੂੰ ਵੋਟਾਂ ਵੱਧ ਪੈ ਗਈਆਂ।” ਸਾਰੇ ਏਨਾ ਕੁ ਹੱਸੇ, ਜਿਵੇਂ ਸਭ ਨੂੰ ਪਤਾ ਸੀ ਕਿ ਗੁਰਦੇਵ ਸਿੰਘ ਕੀ ਜਵਾਬ ਦੇਵੇਗਾ। ਢੱਲ ਏਦਾਂ ਹੱਸਿਆ, ਜਿੱਦਾਂ ਸਿਰਫ ਉਹੀ ਹੱਸਦਾ ਸੀ। ਗਿੱਲ ਆਪਣੀ ਆਦਤ ਦੇ ਖਿਲਾਫ ਜ਼ਰਾ ਨਾ ਹੱਸਿਆ, ਪਰ ਉਸ ਦੇ ਅੰਦਰ ਚੱਲ ਰਿਹਾ ਗਾਲ੍ਹਾਂ ਦਾ ਅਨੰਤ ਜਾਪ ਸਭ ਨੂੰ ਸੁਣ ਰਿਹਾ ਸੀ। ਗੁਰਦੇਵ ਸਿੰਘ ਨੂੰ ਕੁਝ ਪਤਾ ਨਹੀਂ ਸੀ, ਕੀ ਹੋਇਆ ਹੈ।
ਇਕ ਦਫਾ ਉਸ ਨੇ ਪਰਚਾ ਲਿਖ ਲਿਆ, ਜੋ ਕਿਤੇ ਪ੍ਰਵਾਨ ਵੀ ਹੋ ਗਿਆ। ਵਿਸ਼ਾ ਉਹੀ, ‘ਅਡਿਔਲਜੀ।’ ਬੜੀ ਹੈਰਾਨੀ ਦੀ ਗੱਲ ਸੀ ਕਿ ਗੁਰਦੇਵ ਸਿੰਘ ਕਿਸੇ ਬਾਹਰਲੇ ਮੁਲਕ ‘ਚ ਪੇਪਰ ਪੜ੍ਹਨ ਚੱਲਿਆ ਹੈ। ਅਖੀਰ ਚਲਾ ਗਿਆ ਤੇ ਪੂਰੇ ਵੀਹ ਦਿਨ ਯੂਨੀਵਰਸਿਟੀ ‘ਚ ਨਜ਼ਰ ਨਾ ਆਇਆ। ਸਟੂਡੈਂਟਸ ਸੈਂਟਰ ‘ਚ ਗੱਲ ਛਿੜ ਪਈ, ‘ਗੁਰਦੇਵ ਸਿੰਘ ਕਿਥੇ ਗਿਆ?’ ਢੱਲ ਨੇ ਪੋਲੇ ਜਿਹੇ ਮੂੰਹ ਨਾਲ ਦੱਸਿਆ, ਉਹ ਕਿੱਥੇ ਗਿਆ ਹੈ। ਢੱਲ ਦੇ ਢਿੱਲੇ ਜਿਹੇ ਚਿਹਰੇ ‘ਤੇ ਸ਼ਰਾਰਤ ਚਮਕ ਰਹੀ ਸੀ। ਸੁਣਦੇ ਸਾਰ ਸਾਰੇ ਹੀ ਯੱਕਲਖਤ ਹੱਸ ਪਏ ਕਿ ਪੂਰੇ ਸੈਂਟਰ ਵਿਚ ਹਾਸਾ ਛਿੜ ਗਿਆ। ਇਸ ਕਰਕੇ ਨਹੀਂ ਕਿ ਗੁਰਦੇਵ ਸਿੰਘ ਪੇਪਰ ਪੜ੍ਹਨ ਗਿਆ ਹੈ, ਸਗੋਂ ਇਸ ਕਰਕੇ ਕਿ ਉਹ ਗਿਆ ਵੀ ਤਾਂ ਗਿਆ ਕਿੱਥੇ; ਜਿੱਥੇ ਸ਼ਾਇਦ, ਪਹਿਲਾ ਸਿੱਖ, ਗੁਰਦੇਵ ਸਿੰਘ ਹੀ ਗਿਆ ਹੋਵੇ।
ਦਰਅਸਲ ਉਹ ਟਾਪੂ ਅਮਰੀਕੀ ਸੂਬੇ ਹਵਾਈ ਦੀ ਰਾਜਧਾਨੀ ਹੈ, ਜਿਸ ਦਾ ਨਾਂ ਪੰਜਾਬੀ ਧੀਆਂ-ਭੈਣਾਂ ਤੇ ਬੱਚਿਆਂ ਦੇ ਸਾਹਮਣੇ ਲੈਣਾ ਮੁਸ਼ਕਿਲ ਹੈ। ਡਾ. ਗੁਰਦੇਵ ਸਿੰਘ ਨੂੰ ਜਣਾ ਖਣਾ ਪੁੱਛਣ ਲੱਗ ਪਿਆ, “ਡਾ. ਸਾਹਿਬ ਕਿੱਥੇ ਗਏ ਸੀ?” ਗੁਰਦੇਵ ਸਿੰਘ ਕਿਸੇ ਨੂੰ ਵੀ ਦੱਸ ਨਹੀਂ ਸੀ ਸਕਦਾ। ਬੱਸ ਏਨਾ ਹੀ ਕਹਿੰਦਾ, “ਬਦਮਾਸ਼ ਕਿਤੋਂ ਦੇ।”
ਗੁਰਦੇਵ ਸਿੰਘ ਜਿੱਥੇ ਵੀ ਹੁੰਦਾ, ਆਸ-ਪਾਸ ਕੁੜੀਆਂ ਦੇਖਦਾ ਰਹਿੰਦਾ। ਉਸ ਦੇ ਕੰਨ ਸਾਹਮਣੇ ਵਾਲੇ ਦੀ ਥਾਂ ਕੁੜੀਆਂ ਦੀਆਂ ਆਵਾਜ਼ਾਂ ਸੁਣਨ ‘ਚ ਬਿਜ਼ੀ ਰਹਿੰਦੇ। ਯੂਨੀਵਰਸਿਟੀ ਦੀਆਂ ਕੁੜੀਆਂ ਦੇਖ ਕੇ ਉਸ ਦੇ ਚਿਹਰੇ ‘ਤੇ ਇੱਕ ਮਾਸੂਮ ਜਿਹੀ ਖਾਮੋਸ਼ੀ ਛਾ ਜਾਂਦੀ, ਜਿਸ ਦਾ ਅਰਥ ਇਹੀ ਪ੍ਰਤੀਤ ਹੁੰਦਾ ਕਿ ਉਸ ਨੇ ਆਪਣੀ ਘਰ ਵਾਲੀ ਤੋਂ ਬਿਨਾ ਕਿਸੇ ਔਰਤ ਨਾਲ ਬੈਠ ਕੇ ਕਦੀ ਚਾਹ ਦਾ ਕੱਪ ਵੀ ਨਹੀਂ ਪੀਤਾ। ਇਹ ਉਸ ਦੇ ਮਨ ਅੰਦਰਲਾ ਇੱਕੋ ਇੱਕ ਵਿਰਲਾਪ ਅਤੇ ਸੰਤਾਪ ਸੀ। ਇਸੇ ਨੇ ਉਸ ਨੂੰ ਚੰਗੇ ਭਲੇ ਨੂੰ ਕਮਲਾ ਕੀਤਾ ਹੋਇਆ ਸੀ ਤੇ ਇਹੀ ਉਸ ਦੀ ਤੇ ਰੇਸ਼ਮ ਸਿੰਘ ਦੀ ਸਾਂਝੀ, ਦੁਖਦੀ ਅਤੇ ਧੁਖਦੀ ਰਗ ਸੀ। ਉਸ ਦੇ ਚਿਹਰੇ ਦੀ ਬੇਚਾਰਗੀ ਦੇਖ ਕੇ ਹੈਰਾਨੀ ਹੁੰਦੀ, ‘ਕੋਈ ਇੰਨਾ ਵਿਚਾਰਾ ਵੀ ਹੋ ਸਕਦਾ ਹੈ!’
ਰੇਸ਼ਮ ਸਿੰਘ ਦੀ ਦਿੱਖ ਉਸ ਦੇ ਨਾਂ ਦੇ ਅਸਲੋਂ ਹੀ ਵਿਰੁਧ ਸੀ। ਉਹ ਪੱਗ ਬੰਨਦਾ, ਪੈਂਟ ਪਾਉਂਦਾ ਤੇ ਹਮੇਸ਼ਾ ਟਾਈਟ ਫਿੱਟ ਟੀ-ਸ਼ਰਟ ਪਹਿਨਦਾ। ਗਲ ਵਿਚ ਪਤਾ ਨਹੀਂ ਕਾਹਦਾ ਗੁਲੂਬੰਦ ਜਿਹਾ ਪਾਉਂਦਾ, ਜਿਸ ਦਾ ਲਾਲ ਰੰਗ ਦੂਰੋਂ ਲਿਸ਼ਕਾਂ ਮਾਰਦਾ। ਦਾਹੜੀ ਇਸ ਤਰ੍ਹਾਂ ਕੱਟਦਾ ਜਿਵੇਂ ਚੌਟਾਲੇ ਦਾ ਆਖਰੀ ਲੌ ਹੋਵੇ। ਉਸ ਦੀ ਟੀ-ਸ਼ਰਟ ਅਜਿਹੇ ਭੂਸਲੇ ਰੰਗ ਦੀ ਹੁੰਦੀ ਕਿ ਕਈ ਵਾਰ ਐਂ ਲੱਗਦਾ ਜਿਵੇਂ ਨੰਗਾ ਹੀ ਤੁਰਿਆ ਫਿਰਦਾ ਹੋਵੇ। ਗੋਲ ਅੱਖਾਂ ਜਿਵੇਂ ਕੱਚ ਦੇ ਬਾਂਟੇ ਹੋਣ। ਦਰਮਿਆਨਾ ਕੱਦ, ਚੁਸਤ ਅਤੇ ਫਿੱਟ ਦੇਹ।
ਉਹ ਸਾਇਕਾਲੌਜੀ ਦੀ ਐਮ. ਏ. ਸੀ। ਅੰਗਰੇਜ਼ੀ ਬੋਲਦਾ ਉਹ ਕਦੀ ਨਹੀਂ ਸੀ ਦੇਖਿਆ, ਪਰ ਉਹ ਅੰਗਰੇਜ਼ੀ ਜਾਣਦਾ ਸੀ। ਮੈਂ ਅਕਸਰ ਉਸ ਨੂੰ ਅੰਗਰੇਜ਼ੀ ਸ਼ਬਦਾਂ ਦੇ ਮਾਇਨੇ ਪੁੱਛਦਾ ਤੇ ਉਹ ਹਮੇਸ਼ਾ ਹਰ ਸ਼ਬਦ ਦਾ ਠੀਕ ਅਰਥ ਦੱਸਦਾ। ਉਸ ਤੋਂ ਕੋਈ ਸਲਾਹ ਪੁੱਛਣੀ ਤਾਂ ਬੜੀ ਹੀ ਨੇਕ ਹੁੰਦੀ।
ਗੁਰਦੇਵ ਸਿੰਘ ਦੇ ਉਲਟ ਉਹ ਖਾਣ-ਪੀਣ ਦਾ ਸ਼ੌਕੀਨ ਸੀ। ਉਸ ਦੇ ਸਾਈਕਲ ਦੇ ਪਿਛਲੇ ਚੱਕੇ ਦੀਆਂ ਤਾਰਾਂ ਇਸ ਤਰ੍ਹਾਂ ਤਰੀ ਨਾਲ ਲਿੱਬੜੀਆਂ ਰਹਿੰਦੀਆਂ ਜਿਵੇਂ ਦੋਧੀਆਂ ਦੀਆਂ ਦੁੱਧ ਨਾਲ ਲਿੱਬੜੀਆਂ ਹੁੰਦੀਆਂ ਹਨ। ਅਸਲ ਵਿਚ ਉਹ ਹਰ ਰੋਜ ਕਿਸੇ ਨਾ ਕਿਸੇ ਤਰ੍ਹਾਂ ਮੁਰਗੇ ਦੀ ਪਲੇਟ ਤੇ ਪਊਏ ਦਾ ਜੁਗਾੜ ਕਰ ਲੈਂਦਾ। ਚੰਡੀਗੜ੍ਹ ਦੇ ਸਭ ਤੋਂ ਚਾਲੂ ਅਤੇ ਸਸਤੇ ਠੇਕੇ ਤੋਂ ਦੇਸੀ ਦਾ ਪਊਆ ਲੈਂਦਾ, ਜਿਸ ਵਿਚ ਬਿਸਲੇਰੀ ਦੀ ਬੋਤਲ ਜਿੰਨਾ ਨਸ਼ਾ ਹੁੰਦਾ। ਕਿਸੇ ਸਲੰਮ ਦੇ ਢਾਬੇ ਤੋਂ ਚਿਕਨ ਦਾ ਭੋਰਾ ਲਿਫਾਫੇ ‘ਚ ਪਾ ਕੇ ਸਾਈਕਲ ਦੇ ਪਿੱਛੇ ਕੈਰੀਅਰ ‘ਤੇ ਰੱਖ ਲੈਂਦਾ। ਸਪਰਿੰਗ ਦੀ ਦਾਬ ਨਾਲ ਲਿਫਾਫਾ ਛਿੱਜ ਜਾਂਦਾ ਤੇ ਉਸ ਦੀ ਸਾਰੀ ਤਰੀ ਚੱਕੇ ਦੀਆਂ ਤਾਰਾਂ ਧੋਣ ਦੇ ਕੰਮ ਆਉਂਦੀ। ਅਖੀਰ ਇੱਕ ਸੈਂਖੀ ਬਚਦੀ, ਜਿਸ ਨਾਲ ਉਹ ਪੂਰਾ ਪਊਆ ਪੀਂਦਾ ਤੇ ਸੌਂ ਜਾਂਦਾ। ਉਸ ਦੀ ਸਾਰੀ ਥਕਾਵਟ ਲੱਥ ਜਾਂਦੀ।
ਉਸ ਦਾ ਵਿਆਹ ਨਹੀਂ ਸੀ ਹੋਇਆ, ਮੁਹੱਬਤ ਹੋਈ ਸੀ। ਉਹ ਕੌਣ ਸੀ, ਕੋਈ ਨਹੀਂ ਸੀ ਜਾਣਦਾ। ਜਿਸ ਦਾ ਨਾਂ ਉਹ ਸਿਰਫ ‘ਐਮ’ ਦੱਸਦਾ। ਏਨਾ ਕੁ ਇਸ਼ਾਰਾ ਦਿੰਦਾ ਸੀ ਕਿ ਉਹ ਕਿਸੇ ਕੈਂਪਾ-ਕੋਲਾ ਵਾਲੇ ਦੀ ਕੁੜੀ ਸੀ, ਜਿਸ ਦੀਆਂ ਗੱਲਾਂ ਸੁਣਾਉਣ ਦਾ, ਉਸ ਦਾ ਜਨੂੰਨ ਸੀ। ਲੱਗਦਾ ਉਹ ਪੈਦਾ ਹੀ ਉਸ ਦੀਆਂ ਗੱਲਾਂ ਸੁਣਾਉਣ ਲਈ ਹੋਇਆ ਸੀ।
ਉਸ ਨੇ ਐਮ. ਬੀ. ਏ. ਕੀਤੀ ਤਾਂ ਨੌਕਰੀ ਲਈ ਅਪਲਾਈ ਕਰ ਦਿੱਤਾ। ਇੰਟਰਵਿਊ ਦਿੱਤੀ ਤਾਂ ਹਰ ਸਵਾਲ ਦੇ ਬੇਹੱਦ ਸਹੀ, ਢੁਕਵੇਂ ਤੇ ਫੱਬਵੇਂ ਜਵਾਬ ਦਿੱਤੇ। ਉਨ੍ਹਾਂ ਪੁੱਛਿਆ, ‘ਕਦੋਂ ਜੁਆਇਨ ਕਰੋਗੇ?’ ਕਹਿਣ ਲੱਗਾ, ‘ਐਮ. ਨੂੰ ਪੁੱਛ ਕੇ ਦੱਸਾਂਗਾ।’ ਉਹ ਕਹਿਣ ਲੱਗੇ, ‘ਐਮ ਕੌਣ ਹੈ?’ ਇਸ ਨੇ ‘ਐਮ’ ਦੀ ਕਹਾਣੀ ਸ਼ੁਰੂ ਕਰ ਲਈ। ਉਨ੍ਹਾਂ ਨੂੰ ਸਮਝ ਆ ਗਈ ਤੇ ਇਸ ਨੂੰ ਤੋਰ ਦਿੱਤਾ। ਰੇਸ਼ਮ ਸਿੰਘ ਦੱਸਦਾ ਫਿਰੇ, “ਮੈਂ ਕਿਹੜਾ ਨੌਕਰੀ ਕਰਨੀ ਸੀ, ਮੈਂ ਤਾਂ ‘ਐਮ’ ਦੀ ਗੱਲ ਸੁਣਾਉਣੀ ਸੀ।”
ਇਸ ਨੂੰ ਗੁਰਦੇਵ ਸਿੰਘ ਵਾਂਗ ਕੁੜੀਆਂ ਦੇਖਣ ਜਾਂ ਤਾੜਨ ਦੀ ਆਦਤ ਸੀ। ਫਰਕ ਇਹ ਸੀ ਕਿ ਗੁਰਦੇਵ ਸਿੰਘ ਨੂੰ ਕੋਈ ਕੁੜੀ ਕਦੀ ਨੇੜੇ ਨਹੀਂ ਸੀ ਫਟਕਣ ਦਿੰਦੀ, ਪਰ ਇਹ ਫਟਕ ਲੈਂਦਾ ਸੀ। ਦੂਰੋਂ ਹੀ ਕੁੜੀ ਦੀ ਕਦਮ-ਚਾਲ ਨਾਪ ਲੈਂਦਾ ਤੇ ਅੰਦਾਜ਼ਾ ਲਾ ਲੈਂਦਾ ਕਿ ਉਹ ਕਿੱਥੇ ਤੱਕ ਕਿਤਨੇ ਸਕਿੰਟਾਂ ‘ਚ ਪਹੁੰਚ ਜਾਵੇਗੀ। ਇਹ ਉਸੇ ਕਦਮ-ਚਾਲ ਚੱਲ ਪੈਂਦਾ ਤੇ ਉਸੇ ਥਾਂ ‘ਤੇ ਕੁੜੀ ‘ਚ ਠਾਹ ਕਰਕੇ ਵੱਜਦਾ। ਕੁੜੀ ਅੰਗਰੇਜ਼ੀ ਗਾਲ੍ਹਾਂ ਕੱਢਦੀ ਪਰੇ ਹੋ ਜਾਂਦੀ ਤੇ ਰੇਸ਼ਮ ਸਿੰਘ ‘ਸਵਰਗ ਦਾ ਧੱਕਾ’ ਖਾ ਕੇ ਅਤੇ ਲਾ ਕੇ ਆਪਣੇ ਟਿਕਾਣੇ ‘ਤੇ ਖੁਸ਼ੀ ਖੁਸ਼ੀ ਵਾਪਸ ਪਰਤ ਆਉਂਦਾ। ਉਹ ਆਪਣੀ ਬਾਜ-ਨਜ਼ਰ ਦਾ ਇਹੀ ਲਾਭ ਲੈਂਦਾ। ਇਹੀ ਉਸ ਦਾ ਵਿਭਚਾਰ ਸੀ।
ਗੁਰਦੇਵ ਸਿੰਘ ਅਕਸਰ ਸਟੂਡੈਂਟਸ ਸੈਂਟਰ ਚੜ੍ਹਿਆ ਰਹਿੰਦਾ। ਉਸ ਨੂੰ ਕਿਸੇ ਕੋਲੋਂ ਚਾਹ ਪੀਣ ਦਾ ਸ਼ੌਕ ਸੀ, ਪਿਲਾਉਣ ਦਾ ਨਹੀਂ। ਉਹ ਹਰ ਰੋਜ ਕੋਈ ਨਾ ਕੋਈ ਸ਼ਿਕਾਰ ਲੱਭ ਲੈਂਦਾ, ਪਰ ਇਸ ਦੇ ਉਲਟ ਰੇਸ਼ਮ ਸਿੰਘ ਨੂੰ ਕਿਸੇ ਕੋਲੋਂ ਚਾਹ ਪੀਣ ਦਾ ਸ਼ੌਕ ਵੀ ਨਹੀਂ ਸੀ ਤੇ ਪਿਲਾਉਣ ਦਾ ਵੀ ਨਹੀਂ ਸੀ। ਜੇ ਕਿਸੇ ਨੇ ਮਜ਼ਾਕ ਵਿਚ ਚਾਹ ਪਿਲਾਉਣ ਲਈ ਕਹਿ ਵੀ ਦੇਣਾ ਤਾਂ ਉਸ ਦਾ ਜਵਾਬ ਹੁੰਦਾ, ‘ਘਰ ਚੱਲੋ’ ਜਿਸ ਦਾ ਕਿਸੇ ਨੂੰ ਪਤਾ ਨਹੀਂ ਸੀ; ਉਸ ਨੂੰ ਵੀ ਨਹੀਂ।
ਯੂਨੀਵਰਸਿਟੀ ਵਿਚ ਮੈਂ ਮਸ਼ਹੂਰ ਸੀ, ਅਜਿਹੇ ਕਮਲਿਆਂ ਰਮਲਿਆਂ ਨੂੰ ਨੇੜੇ ਰੱਖਣ ਲਈ। ਕਈ ਤਾਂ ਮੈਨੂੰ ਵੀ ਅਜਿਹਾ ਹੀ ਸਮਝਣ ਲੱਗ ਪਏ ਸਨ; ਸ਼ਾਇਦ ਉਹ ਠੀਕ ਵੀ ਹੋਣ। ਇਹ ਦੋਵਂੇ ਜਣੇ ਯੂਨੀਵਰਸਿਟੀ ਆ ਕੇ ਮੈਨੂੰ ਜ਼ਰੂਰ ਲੱਭ ਲੈਂਦੇ। ਮੈਂ ਪਿੱਛੇ ਕਹਿ ਬੈਠਾ ਹਾਂ ਕਿ ਗੁਰਦੇਵ ਸਿੰਘ ਤੇ ਰੇਸ਼ਮ ਸਿੰਘ ਕਦੀ ਇਕੱਠੇ ਨਹੀਂ ਸੀ ਹੋਏ। ਪਰ ਮੇਰੇ ਸਾਹਮਣੇ ਉਹ ਸਿਰਫ ਇੱਕ ਵਾਰ ਇਕੱਠੇ ਹੋਏ ਤੇ ਮਿਲੇ। ਜੋ ਉਨ੍ਹਾਂ ‘ਚ ਵਾਰਤਾਲਾਪ ਹੋਈ, ਉਸ ਤੋਂ ਸੰਖੇਪ ਗੱਲਬਾਤ ਸ਼ਾਇਦ ਹੀ ਕਿਤੇ ਹੋਈ ਹੋਵੇ। ਗੁਰਦੇਵ ਸਿੰਘ ਨੇ ਆਪਣੀ ਰਾਜਨੀਤੀ ਸ਼ਾਸਤਰ ਦੀ ਸਾਰੀ ਨਾਲਾਇਕੀ ਇਕ ਨਿੱਕੇ ਜਿਹੇ ਵਾਕ ਵਿਚ ਸਮੇਟਦਿਆਂ ਰੇਸ਼ਮ ਸਿੰਘ ਨੂੰ ਕਿਹਾ, “ਤੂੰ ਮੈਨੂੰ ਚੰਗਾ ਨਹੀਂ ਸਮਝਦਾ।” ਰੇਸ਼ਮ ਸਿੰਘ ਨੇ ਬੇਹੱਦ ਸਰਲ, ਸੰਖੇਪ ਤੇ ਢੁਕਵਾਂ ਉਤਰ ਦਿੱਤਾ। ਅਖੇ, “ਕੋਈ ਕਿਸੇ ਨੂੰ ਬੁਰਾ ਸਮਝਣ ਤੋਂ ਨਹੀਂ ਰੋਕ ਸਕਦਾ, ਜੇ ਕੋਈ ਕਿਸੇ ਨੂੰ ਬੁਰਾ ਕਹੇ ਜਾਂ ਕੁਝ ਬੁਰਾ ਕਰੇ ਤਾਂ ਰੋਕਿਆ ਤੇ ਟੋਕਿਆ ਜਾ ਸਕਦਾ ਹੈ।” ਰੇਸ਼ਮ ਸਿੰਘ ਨੇ ਆਪਣੀ ਸਾਇਕਾਲੌਜੀ ਦਾ ਸਿਖਰਲਾ ਗਿਆਨ ਆਪਣੇ ਇਸ ਇੱਕ ਵਾਕ ਵਿਚ ਸਮੋ ਅਤੇ ਸੰਜੋ ਦਿੱਤਾ ਸੀ।
ਇਸ ਵਾਕੇ ਜਾਂ ‘ਸਾਕੇ’ ਤੋਂ ਬਾਅਦ ਉਹ ਮੈਨੂੰ ਕਦੀ ਨਹੀਂ ਮਿਲੇ। ਮੈਂ ਪੜ੍ਹ-ਪੁੜ੍ਹ ਕੇ ਫਗਵਾੜੇ ਰਾਮਗੜ੍ਹੀਆ ਕਾਲਜ ਪੜ੍ਹਾਉਣ ਲੱਗ ਪਿਆ। ਪਤਾ ਲੱਗਾ ਕਿ ਰੇਸ਼ਮ ਸਿੰਘ ਦੋ ਤਿੰਨ ਵਾਰ ਪ੍ਰੋ. ਹਰਪਾਲ ਸਿੰਘ ਕੋਲ ਪਊਏ ਜੋਗੇ ਪੈਸੇ ਲੈਣ ਗਿਆ ਸੀ। ਫਿਰ ਪਤਾ ਲੱਗਾ ਕਿ ਸਤਾਰਾਂ ਸੈਕਟਰ ਵਿਚ ਸੰਤ ਬੂਟ ਹਾਊਸ ਦੇ ਸਾਹਮਣੇ ਕਿਸੇ ਠਰੀ ਰਾਤ ਨੂੰ ਉਹ ਪੂਰਾ ਹੋ ਗਿਆ ਸੀ। ਮੇਰੇ ਲਈ ਇਹ ਖਬਰ ਬੇਹੱਦ ਉਦਾਸ ਕਰਨ ਵਾਲੀ ਸੀ। ਮੈਨੂੰ ਇਸ ਖਬਰ ਤੋਂ ਗੁਰਦੇਵ ਸਿੰਘ ਦਾ ਚੇਤਾ ਆਇਆ। ਉਸ ਦੀ ਮੈਨੂੰ ਕੋਈ ਖਬਰ ਨਹੀਂ ਹੈ। ਇੰਨਾ ਜ਼ਰੂਰ ਲੱਗਦਾ ਹੈ ਕਿ ਉਹ ਉਪਰ ਵਾਲੀ ‘ਯੂਨੀਵਰਸਿਟੀ’ ‘ਚ ਵੀ ਇਕੱਠੇ ਨਹੀਂ ਗਏ ਹੋਣਗੇ।
ਇਸ਼ਕ ਕੀ ਤਾਵੀਲ ਮੇਂ ਅਸਰੇ ਰਵਾਂ ਕੇ ਸਿਵਾ, ਔਰ ਭੀ ਜ਼ਮਾਨੇ ਹੈਂ ਜਿਨ ਕਾ ਕੋਈ ਨਾਮ ਨਹੀਂ। ਸਦਾ ਹੀ ਕਾਟੋ ਫੁੱਲਾਂ ‘ਤੇ ਨਹੀਂ ਰਹਿੰਦੀ ਤੇ ਨਾ ਹੀ ਗੁੱਡੀ ਹਮੇਸ਼ਾ ਅਸਮਾਨ ‘ਚ ਚੜ੍ਹੀ ਰਹਿੰਦੀ ਹੈ। ਚੜ੍ਹਾਉਣ ਵਾਲਾ ਆਪੇ ਲਾਹ ਵੀ ਲੈਂਦਾ ਹੈ। ਅਸਮਾਨ ‘ਚ ਅਣਗਿਣਤ ਤਾਰੇ ਹਨ। ਬਹੁਤੇ ਸਾਨੂੰ ਦਿਸਦੇ ਹਨ, ਉਸ ਤੋਂ ਵੀ ਵੱਧ ਉਹ ਹਨ ਜੋ ਦਿਸਦੇ ਨਹੀਂ। ਵਿਗਿਆਨੀ ਦੱਸਦੇ ਹਨ ਕਿ ਕਈ ਤਾਰੇ ਅਜਿਹੇ ਹਨ, ਜਿਨ੍ਹਾਂ ਦੀ ਰੌਸ਼ਨੀ ਹਾਲੇ ਧਰਤੀ ਤੱਕ ਨਹੀਂ ਅੱਪੜੀ ਤੇ ਕਈ ਅਜਿਹੇ ਹਨ ਜਿਨ੍ਹਾਂ ਦੀ ਲੋਅ ਧਰਤੀ ‘ਤੇ ਕਦੀ ਨਹੀਂ ਅੱਪੜੇਗੀ। ਮੇਰੇ ਖਿਆਲ ਵਿਚ ਗੁਰਦੇਵ ਸਿੰਘ ਤੇ ਰੇਸ਼ਮ ਸਿੰਘ ਧਰਤੀ ਮਾਂ ਦੇ ਉਹ ਸਿਤਾਰੇ ਸਨ, ਜਿਨ੍ਹਾਂ ਦਾ ਧਰਤੀ ਨੂੰ ਵੀ ਪਤਾ ਨਹੀਂ ਤੇ ਜਿਨ੍ਹਾਂ ਦੀ ਲੋਅ ਧਰਤੀ ‘ਤੇ ਕਦੀ ਨਹੀਂ ਪੁੱਜੀ, ਤੇ ਜਿਨ੍ਹਾਂ ਦੀ ਹੋਂਦ ਦਾ ਸੇਕ ਕਿਸੇ ਨੂੰ ਨਹੀਂ ਪੋਹਿਆ। ਸ਼ਾਇਦ ਉਨ੍ਹਾਂ ਲਈ ਕੋਈ ਅੱਥਰੂ ਨਹੀਂ ਸੀ ਬਣਿਆ।