ਸੁਰ ਤੇ ਸੰਗੀਤ ਵਿਚ ਬਰਕਤ ਸਿੱਧੂ ਦੀਆਂ ਬਰਕਤਾਂ

ਸੂਫੀਆਨਾ ਕਲਾਮ ਗਾਉਣ ਵਾਲਿਆਂ ਵਿਚ ਬਰਕਤ ਸਿੱਧੂ ਦਾ ਨਾਂ ਬੜੇ ਮਾਣ ਨਾਲ ਲਿਆ ਜਾਂਦਾ ਹੈ। ਜਲੰਧਰ ਜ਼ਿਲ੍ਹੇ ਦੇ ਸ਼ਾਹਕੋਟ ਨੇੜਲੇ ਪਿੰਡ ਕੰਨੀਆਂ ਵਿਚ ਜਨਮੇ ਬਰਕਤ ਦਾ ਬਚਪਨ ਬਹੁਤ ਤੰਗੀਆਂ ਤੁਰਸ਼ੀਆਂ ਵਾਲਾ ਸੀ। ਫਿਰ ਇਕ ਦਿਨ ਉਹ ਆਪਣੇ ਨਾਨਕੇ ਪਿੰਡ ਸ਼ਾਹਕੋਟ ਪਹੁੰਚ ਗਿਆ। ਉਹਦੇ ਨਾਨਕੇ ਕਸਬੀ ਗਵੱਈਏ ਸਨ। ਉਘਾ ਗਾਇਕ ਪੂਰਨ ਸ਼ਾਹਕੋਟੀ ਉਸ ਦੇ ਮਾਮੇ ਦਾ ਪੁੱਤ, ਭਰਾ ਹੈ।

ਛੇਤੀ ਹੀ ਉਸ ਨੇ ਵੀ ਸੁਰਾਂ ਨਾਲ ਸਾਂਝ ਪਾ ਲਈ। -ਸੰਪਾਦਕ

ਹਰਦਿਆਲ ਸਿੰਘ ਥੂਹੀ
ਫੋਨ: 91-84271-00341

ਜਿਵੇਂ ਸੂਫੀ ਕਾਵਿ, ਪੰਜਾਬੀ ਕਾਵਿ ਦਾ ਅਹਿਮ ਪੱਖ ਹੈ, ਇਸੇ ਤਰ੍ਹਾਂ ਸੂਫੀਆਨਾ ਗਾਇਕੀ, ਪੰਜਾਬੀ ਗਾਇਕੀ ਦਾ ਮਹੱਤਵਪੂਰਨ ਰੂਪ ਹੈ। ਇਬਾਦਤ ਵਰਗੀ ਇਸ ਗਾਇਕੀ ਵਿਚ ਚਮਕ ਦਮਕ ਨਾ ਹੋਣ ਕਾਰਨ ਬਹੁਤ ਘੱਟ ਗਾਇਕ ਇਸ ਪਾਸੇ ਆਏ ਹਨ। ਕੇਵਲ ਉਹ ਦਰਵੇਸ਼ ਲੋਕ ਹੀ ਇਸ ਪਾਸੇ ਆਏ ਜਿਨ੍ਹਾਂ ਨੇ ਸੰਗੀਤ ਨੂੰ ਇਬਾਦਤ ਅਤੇ ਰੂਹ ਦੀ ਖੁਰਾਕ ਮੰਨਿਆ। ਇਸ ਲਈ ਇਨ੍ਹਾਂ ਦੀ ਗਿਣਤੀ ਨਾਂ-ਮਾਤਰ ਹੀ ਹੈ। ਅਜਿਹੇ ਦਰਵੇਸ਼ ਗਾਇਕਾਂ ਵਿਚੋਂ ਹੀ ਇਕ ਨਾਂ ਸੀ ਜਨਾਬ ਬਰਕਤ ਸਿੱਧੂ।
ਬਰਕਤ ਸਿੱਧੂ ਦਾ ਜਨਮ 1940 ਦੇ ਨੇੜੇ ਤੇੜੇ ਜਲੰਧਰ ਜ਼ਿਲ੍ਹੇ ਦੇ ਸ਼ਾਹਕੋਟ ਨੇੜਲੇ ਪਿੰਡ ਕੰਨੀਆਂ ਵਿਖੇ ਪਿਤਾ ਲਾਲ ਚੰਦ ਤੇ ਮਾਤਾ ਪਠਾਣੀ ਦੇ ਘਰ ਹੋਇਆ। ਉਸ ਦਾ ਬਚਪਨ ਬਹੁਤ ਤੰਗੀਆਂ ਤੁਰਸ਼ੀਆਂ ਵਿਚ ਬੀਤਿਆ। ਕੰਮ ਕਾਰ ਦੇ ਸਿਲਸਿਲੇ ਵਿਚ ਪਿਤਾ ਪਰਿਵਾਰ ਸਮੇਤ ਕੰਨੀਆਂ ਤੋਂ ਸੁਲਤਾਨਪੁਰ ਲੋਧੀ ਆ ਗਏ। ਕੁਝ ਸਮੇਂ ਬਾਅਦ ਇਸ ਇਲਾਕੇ ਵਿਚ ਹੜ੍ਹ ਆ ਗਿਆ। ਚਾਰੇ ਪਾਸੇ ਪਾਣੀ ਭਰ ਗਿਆ। ਬਰਕਤ ਦਾ ਪਰਿਵਾਰ ਉਥੋਂ ਤੁਰ ਕੇ ਨਾਨਕੇ ਪਿੰਡ ਸ਼ਾਹਕੋਟ ਪਹੁੰਚ ਗਿਆ। ਇਸ ਤਰ੍ਹਾਂ ਉਸ ਦੇ ਬਚਪਨ ਦਾ ਜ਼ਿਆਦਾ ਸਮਾਂ ਇਥੇ ਹੀ ਬੀਤਿਆ। ਨਾਨਕੇ ਕਸਬੀ ਗਵੱਈਏ ਸਨ। ਬਰਕਤ ਦਾ ਨਾਨਾ ਸਰਦਾਰੀ ਲਾਲ ਅਤੇ ਮਾਮਾ ਨਿਰੰਜਣ ਦਾਸ ਕੱਵਾਲੀਆਂ ਗਾਉਂਦੇ ਸਨ। ਪੂਰਨ ਸ਼ਾਹਕੋਟੀ ਉਸ ਦੇ ਮਾਮੇ ਦਾ ਪੁੱਤ, ਭਰਾ ਹੈ। ਬਰਕਤ ਵੀ ਉਨ੍ਹਾਂ ਨਾਲ ਜਾਣ ਲੱਗਾ। ਇਸ ਤਰ੍ਹਾਂ ਉਸ ਅੰਦਰ ਗਾਇਕੀ ਦਾ ਅਵੱਲਾ ਸ਼ੌਕ ਪੈਦਾ ਹੋ ਗਿਆ। ਚੰਗੀ ਆਵਾਜ਼ ਅਤੇ ਗਾਇਕੀ ਪ੍ਰਤੀ ਰੁਚੀ ਨੂੰ ਦੇਖ ਕੇ ਪਿਤਾ ਲਾਲ ਚੰਦ ਨੇ ਉਸ ਨੂੰ ਸੰਗੀਤ ਉਸਤਾਦ ਜਨਾਬ ਕੇਸਰ ਚੰਦ ਨਕੋਦਰ ਵਾਲਿਆਂ ਦੇ ਚਰਨੀਂ ਲਾ ਦਿੱਤਾ। ਇਥੇ ਉਸ ਨੇ ਅੱਠ ਸਾਲ ਉਸਤਾਦ ਦੀ ਸੰਗਤ ਵਿਚ ਰਹਿ ਕੇ ਸਖਤ ਘਾਲਣਾ ਘਾਲੀ। ਰਾਗਾਂ ਅਤੇ ਸੁਰਾਂ ਦੀਆਂ ਬਾਰੀਕੀਆਂ ਬਾਰੇ ਜਾਣਿਆ। ਇਸ ਸਮੇਂ ਦੌਰਾਨ ਉਸ ਨੇ ਉਸਤਾਦ ਦੇ ਲੜਕੇ ਨਾਰੰਗ ਨਾਲ ਜਗਰਾਤਿਆਂ ਅਤੇ ਹੋਰ ਧਾਰਮਿਕ ਪ੍ਰੋਗਰਾਮਾਂ ‘ਤੇ ਗਾਇਆ। ਇਸ ਤੋਂ ਬਾਅਦ ਲਗਾਤਾਰ ਬਾਰਾਂ ਸਾਲ ਭਾਰਤ ਸੇਵਕ ਸਮਾਜ ਡਰਾਮੈਟਿਕ ਕਲੱਬ ਲਈ ਸੰਗੀਤ ਦਿੱਤਾ ਅਤੇ ਗਾਇਆ। ਇਸ ਤਰ੍ਹਾਂ ਹੌਲੀ-ਹੌਲੀ ਬਰਕਤ ਦੀ ਬਤੌਰ ਗਾਇਕ ਲੋਕਾਂ ਵਿਚ ਪਛਾਣ ਬਣ ਗਈ ਅਤੇ ਉਹ ਅਜ਼ਾਦਾਨਾ ਤੌਰ ‘ਤੇ ਪ੍ਰੋਗਰਾਮ ਕਰਨ ਲੱਗਾ।
ਬਰਕਤ ਸਿੱਧੂ ਦੀ ਬਹੁਤੀ ਰਿਕਾਰਡਿੰਗ ਰੇਡੀਓ ‘ਤੇ ਹੀ ਹੋਈ। ਉਹ ਰੇਡੀਓ ਦਾ ਬੀ ਹਾਈ ਗਰੇਡ ਗਾਇਕ ਸੀ। ਉਸ ਨੇ ਪਹਿਲੀ ਵਾਰ ਰੇਡੀਓ ‘ਤੇ ਉਸ ਸਮੇਂ ਗਾਇਆ ਜਦੋਂ ਦੂਰਦਰਸ਼ਨ ਦੀ ਨੀਂਹ ਰੱਖੀ ਜਾ ਰਹੀ ਸੀ। ਦੂਰਦਰਸ਼ਨ ਤੋਂ ਉਸ ਨੇ ਪਹਿਲੀ ਵਾਰ ਇਸ ਦੇ ਉਦਘਾਟਨੀ ਸਮਾਰੋਹ ਸਮੇਂ ਗਾਇਆ। ਇਹ ਸਾਰੀ ਰਿਕਾਰਡਿੰਗ ਦਿੱਲੀ ਹੀ ਹੋਈ ਸੀ। ਰੇਡੀਓ ਅਤੇ ਦੂਰਦਰਸ਼ਨ ‘ਤੇ ਗਾਏ ਉਸ ਦੇ ਕਲਾਮਾਂ ਦੀ ਗਿਣਤੀ ਸੈਂਕੜਿਆਂ ਵਿਚ ਹੈ।
ਸਰਕਾਰ ਦਾ ਰਜਿਸਟਰਡ ਕਲਾਕਾਰ ਹੋਣ ਕਾਰਨ ਬਰਕਤ ਸਿੱਧੂ ਨੇ ਬਹੁਤ ਸਾਰੇ ਸਰਕਾਰੀ ਪ੍ਰੋਗਰਾਮ ਕੀਤੇ। ਸਾਊਂਡ ਐਂਡ ਡਰਾਮਾ ਡਵੀਜ਼ਨ, ਭਾਰਤ ਸਰਕਾਰ ਲਈ ਉਸ ਨੇ ਸਤਾਰਾਂ ਸਾਲ ਕੰਮ ਕੀਤਾ। ਖਾਸ ਤੌਰ ‘ਤੇ ਫੌਜੀਆਂ ਲਈ ਦੇਸ਼ ਭਗਤੀ ਦੇ ਗੀਤ ਗਾਏ। ਇਨ੍ਹਾਂ ਪ੍ਰੋਗਰਾਮਾਂ ਰਾਹੀਂ ਦੇਸ਼ ਭਰ ਵਿਚ ਨਾਂ ਕਮਾਇਆ।
ਬਰਕਤ ਸਿੱਧੂ ਨੂੰ ਇਹ ਮਾਣ ਹਾਸਲ ਸੀ ਕਿ ਉਸ ਨੂੰ ਦੇਸ਼ ਭਰ ਦੇ ਚੋਟੀ ਦੇ ਕਲਾਕਾਰਾਂ ਨਾਲ ਸਟੇਜਾਂ ਸਾਂਝੀਆਂ ਕਰਨ ਦੇ ਮੌਕੇ ਮਿਲੇ। 2003 ਵਿਚ ਮੁੰਬਈ ਵਿਖੇ ਵੱਡਾ ਸੰਗੀਤ ਸਮਾਗਮ ਹੋਇਆ। ਇਸ ਵਿਚ ਭਾਰਤ ਭਰ ਦੇ ਸੰਗੀਤ ਘਰਾਣਿਆਂ ਦੇ ਕਲਾਕਾਰਾਂ ਨੂੰ ਬੁਲਾਇਆ ਗਿਆ। ਨਾਮਵਰ ਫਿਲਮੀ ਹਸਤੀਆਂ ਨੇ ਵੀ ਸ਼ਮੂਲੀਅਤ ਕੀਤੀ। ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼, ਹਰਿਆਣਾ, ਰਾਜਸਥਾਨ, ਕੇਰਲਾ, ਤਾਮਿਲਨਾਡੂ ਆਦਿ ਰਾਜਾਂ ਤੋਂ ਪਹੁੰਚੇ ਕਲਾਕਾਰਾਂ ਨੇ ਪ੍ਰਸਿਧ ਸੰਗੀਤਕਾਰਾਂ, ਕਲਾਕਾਰਾਂ ਹਰੀ ਪ੍ਰਸ਼ਾਦ ਚੌਰਸੀਆ, ਜਨਾਬ ਜ਼ਾਕਿਰ ਹੁਸੈਨ, ਉਸਤਾਦ ਬਿਸਮਿੱਲਾ ਖਾਨ, ਹਰੀ ਹਰਨ, ਅਨੁਰਾਧਾ ਪੌਡਵਾਲ ਆਦਿ ਸਾਹਮਣੇ ਆਪੋ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਇਸ ਪ੍ਰੀਖਿਆ ਵਿਚੋਂ ਬਰਕਤ ਸਿੱਧੂ ਨੂੰ ਦੇਸ਼ ਦਾ ਟੌਪ ਗਰੇਡ ਕਲਾਕਾਰ ਐਲਾਨਿਆ ਗਿਆ। ਇਸੇ ਤਰ੍ਹਾਂ ਮਿਊਜ਼ਿਕ ਟੂਡੇ ਵਾਲਿਆਂ ਨੇ ਦਿੱਲੀ ਵਿਖੇ ਇੰਡੀਆ ਗੇਟ ‘ਤੇ ਸੰਗੀਤ ਪ੍ਰੋਗਰਾਮ ਕਰਾਇਆ ਸੀ ਜਿਸ ਵਿਚ ਬਰਕਤ ਸਿੱਧੂ ਨੇ ਦੇਸ਼ ਦੇ ਪ੍ਰਸਿਧ ਫਨਕਾਰਾਂ ਗੁਲਾਮ ਅਲੀ, ਅਜੇ ਚੱਕਰਵਰਤੀ, ਪੰਡਤ ਹਰੀ ਹਰਨ, ਪ੍ਰਸਿਧ ਸ਼ਹਿਨਾਈ ਵਾਦਕ ਉਸਤਾਦ ਬਿਸਮਿੱਲਾ ਖਾਨ ਆਦਿ ਨਾਲ ਸਾਂਝੀ ਸਟੇਜ ‘ਤੇ ਗਾਇਆ।
ਬਰਕਤ ਸਿੱਧੂ ਨੇ ਜਿਥੇ ਬਾਬਾ ਫਰੀਦ, ਸ਼ਾਹ ਹੁਸੈਨ, ਸੁਲਤਾਨ ਬਾਹੂ, ਬੁੱਲ੍ਹੇ ਸ਼ਾਹ, ਹਾਸ਼ਮ ਸ਼ਾਹ ਆਦਿ ਸੂਫੀ ਕਵੀਆਂ ਦੇ ਕਲਾਮਾਂ ਨੂੰ ਗਾਇਆ, ਉਥੇ ਡਾæ ਜਗਤਾਰ, ਸ਼ਿਵ ਕੁਮਾਰ ਬਟਾਲਵੀ, ਸੁਰਜੀਤ ਪਾਤਰ ਆਦਿ ਆਧੁਨਿਕ ਕਵੀਆਂ ਦੀਆਂ ਰਚਨਾਵਾਂ ਨੂੰ ਵੀ ਆਪਣੀ ਆਵਾਜ਼ ਦਿੱਤੀ। ਇਸ ਤੋਂ ਇਲਾਵਾ ਉਸ ਨੇ ਸੱਸੀ ਦੀ ਲੋਕ ਗਾਥਾ ਨੂੰ ਆਪ ਕਿੱਸਾ ਰੂਪ ਵਿਚ ਰਚਿਆ।
ਬਰਕਤ ਸਿੱਧੂ ਨੇ ਭਾਵੇਂ ਆਮ ਗਾਇਕਾਂ ਵਾਂਗ ਕਿਸੇ ਰਿਕਾਰਡਿੰਗ ਕੰਪਨੀ ਵਿਚ ਰਿਕਾਰਡਿੰਗ ਨਹੀਂ ਕਰਵਾਈ, ਪਰ ਇਕ ਵਾਰ ਭੁੱਲ ਭੁਲੇਖੇ ਉਹ ਐਚæਐਮæਵੀæ ਕੰਪਨੀ ਦੀਆਂ ਪੌੜੀਆਂ ਜ਼ਰੂਰ ਚੜ੍ਹ ਗਿਆ ਸੀ। ਕੰਪਨੀ ਨੇ 1985 ਵਿਚ ਇਕ ਐਲ਼ਪੀæ ਰਿਕਾਰਡ ਰਿਲੀਜ਼ ਕੀਤਾ ਸੀ ਜਿਸ ਦੀ ਇਕ ਸਾਈਡ ‘ਤੇ ਉਸ ਦੇ ਜਮੀਲਾ ਬਾਨੋ ਨਾਲ ਛੇ ਦੋਗਾਣੇ ਸਨ। ਇਹ ਉਸ ਦੀ ਕੋਈ ਮਜਬੂਰੀ ਰਹੀ ਹੋਵੇਗੀ, ਕਿਉਂਕਿ ਇਹ ਗਾਇਕੀ ਉਸ ਦੇ ਫੱਕਰ ਦਰਵੇਸ਼ੀ ਸੁਭਾਅ ਦੇ ਅਨੁਕੂਲ ਨਹੀਂ ਸੀ। ਇਸ ਉਕਾਈ ਦਾ ਉਸ ਨੂੰ ਜ਼ਿੰਦਗੀ ਭਰ ਅਫਸੋਸ ਰਿਹਾ। ਇਸ ਬਾਰੇ ਅਕਸਰ ਉਹ ਕਿਹਾ ਕਰਦਾ ਸੀ, “ਇੱਕ ਵਾਰ ਮੈਥੋਂ ਗ਼ਲਤੀ ਹੋ ਗਈ ਸੀ, ਪਰ ਉਹ ਮੇਰੀ ਗਾਇਕੀ ਨਹੀਂ ਸੀ। ਮੈਂ ਮੂਲ ਰੂਪ ਵਿਚ ਸੂਫੀਆਨਾ ਤੇ ਕਲਾਸਿਕ ਗਾਇਕ ਹਾਂ।” ਇਸ ਤੋਂ ਇਲਾਵਾ ਲੋਕ ਸੰਗੀਤ ਮੰਡਲੀ ਭਦੌੜ ਵੱਲੋਂ ਮਾਸਟਰ ਰਾਮ ਕੁਮਾਰ ਦੇ ਯਤਨਾਂ ਨਾਲ ਉਸਾਰੂ ਗੀਤਾਂ ਦੀ ਕੈਸੇਟ ‘ਜ਼ਿੰਦਗੀ ਦੇ ਗੀਤ’ ਰਿਕਾਰਡ ਹੋਈ ਜਿਸ ਵਿਚ ਬਰਕਤ ਸਿੱਧੂ ਦੇ ਕੁਝ ਗੀਤ ਸ਼ਾਮਲ ਸਨ। ਉਸ ਦੀ ਇਕੋ ਇਕ ਸੰਪੂਰਨ ਕੈਸੇਟ ਹੈ ‘ਸ੍ਵਰ ਉਤਸਵ’। ਇਸ ਨੂੰ ਮਿਊਜ਼ਿਕ ਟੂਡੇ ਕੰਪਨੀ ਨੇ ਰਿਲੀਜ਼ ਕੀਤਾ।
ਆਰਥਿਕ ਮੰਦਹਾਲੀ ਤੇ ਘਰੇਲੂ ਹਾਲਾਤ ਕਾਰਨ ਬਰਕਤ ਨੂੰ ਕਦੇ ਸਕੂਲ ਦਾ ਮੂੰਹ ਦੇਖਣਾ ਨਸੀਬ ਨਹੀਂ ਹੋਇਆ। ਇਸ ਦੇ ਬਾਵਜੂਦ ਉਸ ਨੇ ਆਪਣੀ ਲਗਨ ਤੇ ਮਿਹਨਤ ਸਦਕਾ ਘਰ ਹੀ ਧਰਤੀ ‘ਤੇ ਸੁਆਹ ਖਿਲਾਰ ਕੇ ਪੈਂਤੀ ਸਿੱਖੀ। ਇਕ ਮਹੀਨੇ ਵਿਚ ਗੁਰਮੁਖੀ ਅੱਖਰ ਉਠਾਲਣ ਲੱਗ ਪਿਆ, ਬਾਅਦ ਵਿਚ ਹਿੰਦੀ ਸਿੱਖੀ ਤੇ ਫੇਰ ਉਰਦੂ।
ਗਾਇਕੀ ਜਿਥੇ ਉਸ ਦੀ ਰੋਜ਼ੀ ਰੋਟੀ ਦਾ ਵਸੀਲਾ ਬਣੀ, ਉਥੇ ਹੀ ਇਹ ਉਸ ਨੂੰ ਜੀਵਨ ਸਾਥੀ ਮਿਲਾਉਣ ਦਾ ਜ਼ਰੀਆ ਵੀ ਬਣੀ। ਕਿਸੇ ਪ੍ਰੋਗਰਾਮ ‘ਤੇ ਮੋਗੇ ਨੇੜਲੇ ਪਿੰਡ ਤਾਰੇਵਾਲਾ ਨਿਵਾਸੀ ਮੀਰ ਆਲਮ ਕਰਮ ਸਿੰਘ ਨੇ ਬਰਕਤ ਨੂੰ ਗਾਉਂਦਿਆਂ ਸੁਣਿਆ ਸੀ। ਆਪਸ ਵਿਚ ਜਾਣ ਪਛਾਣ ਹੋਈ ਤੇ ਬਾਅਦ ਵਿਚ ਇਹ ਜਾਣ ਪਛਾਣ ਰਿਸ਼ਤੇਦਾਰੀ ਵਿਚ ਬਦਲ ਗਈ। ਇਸ ਤਰ੍ਹਾਂ ਕਰਮ ਸਿੰਘ ਦੀ ਧੀ ਹੰਸੋ ਨਾਲ ਬਰਕਤ ਦਾ ਵਿਆਹ ਹੋ ਗਿਆ। ਇਹ ਗੱਲ 1968 ਦੇ ਨੇੜੇ ਤੇੜੇ ਦੀ ਹੈ। ਬਰਕਤ ਸਿੱਧੂ ਦੇ ਪੁੱਤਰ ਵੀ ਕਿਸੇ ਨਾ ਕਿਸੇ ਰੂਪ ਵਿਚ ਸੰਗੀਤ ਨਾਲ ਹੀ ਜੁੜੇ ਹੋਏ ਹਨ।
ਬਰਕਤ ਸਿੱਧੂ ਤੋਂ ਸੰਗੀਤ ਜਗਤ ਨੂੰ ਅਜੇ ਵੱਡੀਆਂ ਆਸਾਂ ਸਨ, ਪਰ ਅੱਲਾ ਤਾਲਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਉਸ ਨੂੰ ਕੈਂਸਰ ਨੇ ਘੇਰ ਲਿਆ। ਕੁਝ ਸਮਾਂ ਉਹ ਸੀæਐਮæਸੀæ ਹਸਪਤਾਲ ਲੁਧਿਆਣਾ ਵਿਖੇ ਜ਼ੇਰੇ ਇਲਾਜ ਰਿਹਾ। ਆਖੀਰ 17 ਅਗਸਤ 2014 ਨੂੰ ਉਸ ਦੀ ਰੂਹ ਮਾਹੀ ਦਾ ਦੀਦਾਰ ਕਰਨ ਲਈ ਇਸ ਫਾਨੀ ਜਹਾਨ ਨੂੰ ਅਲਵਿਦਾ ਕਹਿ ਗਈ। ਉਸ ਦੀ ਸਾਫ ਸੁਥਰੀ ਗਾਇਕੀ ਨਵੀਂ ਪੀੜ੍ਹੀ ਲਈ ਹਮੇਸ਼ਾਂ ਰਾਹ ਦਿਸੇਰਾ ਬਣੀ ਰਹੇਗੀ।