ਜਸਕੰਵਰਬੀਰ ਨੇ ਸਿੱਖੀ ਸਿਧਾਂਤਾਂ ਲਈ ਤਿਆਗਿਆ ਕੌਮਾਂਤਰੀ ਮੁਕਾਬਲਾ

ਅੰਮ੍ਰਿਤਸਰ: ਤਰਨ ਤਾਰਨ ਦਾ ਭਲਵਾਨ ਜਸਕੰਵਰਬੀਰ ਸਿੰਘ ਗਿੱਲ ਕੌਮਾਂਤਰੀ ਫ੍ਰੀਸਟਾਈਲ ਕੁਸ਼ਤੀ ਵਿਚ ਭਾਰਤ ਦੀ ਨੁਮਾਇੰਦਗੀ ਕਰ ਸਕਦਾ ਸੀ, ਜੇਕਰ ਉਹ ਆਪਣਾ ਪਟਕਾ ਉਤਾਰ ਦਿੰਦਾ। ਇਹ ਗਿੱਲ ਦਾ ਪਲੇਠਾ ਕੌਮਾਂਤਰੀ ਮੁਕਾਬਲਾ ਸੀ ਪਰ ਉਸ ਨੇ ਸਿੱਖੀ ਸਿਧਾਂਤਾਂ ਖਾਤਰ ਕੁਰਬਾਨੀ ਦੇ ਦਿੱਤੀ।

ਬੀਤੀ 27 ਤੋਂ 29 ਜੁਲਾਈ ਦਰਮਿਆਨ ਤੁਰਕੀ ਦੇ ਸ਼ਹਿਰ ਇਸਤਾਂਬੁਲ ਵਿਚ ਅੰਬਰੇਲਾ ਆਫ ਯੂਨਾਈਟਿਡ ਵਰਲਡ ਰੈਸਲਿੰਗ ਤਹਿਤ ਯਾਸਰ ਡੋਗੂ ਮੈਮੋਰੀਅਲ ਟੂਰਨਾਮੈਂਟ ਵਿਚ ਹਿੱਸਾ ਲੈਣ ਵਾਲੀ ਭਾਰਤੀ ਟੀਮ ਦਾ ਹਿੱਸਾ ਗਿੱਲ ਵੀ ਸੀ। ਸਿੱਖ ਖਿਡਾਰੀ ਨੂੰ ਆਪਣੇ ਮੁਲਕ ਤੋਂ ਬਾਹਰ ਧਾਰਮਿਕ ਨਿਸ਼ਾਨੀਆਂ ਤੋਂ ਬਿਨਾ ਖੇਡਣ ਲਈ ਕਹਿਣ ਦੇ ਇਸ ਮਾਮਲੇ ਦਾ ਭਾਰਤੀ ਵਿਦੇਸ਼ ਮੰਤਰਾਲੇ ਨੇ ਵੀ ਨੋਟਿਸ ਲਿਆ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਆਪਣੇ ਸਿਆਸੀ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਦੇ ਟਵੀਟ ਦਾ ਜਵਾਬ ਦਿੰਦਿਆਂ ਕਿਹਾ ਕਿ ਤੁਰਕੀ ਵਿਚ ਭਾਰਤੀ ਰਾਜਦੂਤ ਤੋਂ ਮਾਮਲੇ ਦੀ ਜਾਣਕਾਰੀ ਮੰਗੀ ਗਈ ਹੈ।
ਕੌਮਾਂਤਰੀ ਕੁਸ਼ਤੀ ਨਿਯਮਾਂ ਮੁਤਾਬਕ ਭਲਵਾਨ ਆਪਣੇ ਸਿਰ ‘ਤੇ ਸਿਰਫ ਉਹੀ ਚੀਜ਼ਾਂ ਪਹਿਨ ਸਕਦਾ ਹੈ ਜੋ ਵਿਰੋਧੀ ਖਿਡਾਰੀ ਨੂੰ ਨੁਕਸਾਨ ਨਾ ਪਹੁੰਚਾਏ। ਇਹ ਸ਼ਾਇਦ ਪਹਿਲੀ ਵਾਰ ਹੋਇਆ ਹੈ ਕਿ ਕੋਈ ਕੇਸਾਧਾਰੀ ਸਿੱਖ ਕੌਮਾਂਤਰੀ ਕੁਸ਼ਤੀ ਮੁਕਾਬਲੇ ਵਿਚ ਹਿੱਸਾ ਲੈਣ ਲਈ ਗਿਆ ਹੋਵੇ। ਭਲਵਾਨ ਜਸਕੰਵਰਬੀਰ ਸਿੰਘ ਗਿੱਲ ਪੰਜਾਬ ਆਰਮਡ ਪੁਲਿਸ ਦਾ ਜਵਾਨ ਹੈ ਤੇ ਦੇਸ਼ ਪੱਧਰੀ ਅੰਤਰ-ਵਰਸਿਟੀ ਮੁਕਾਬਲਿਆਂ ਦਾ ਸੋਨ ਤਗਮਾ ਤੇ ਕੌਮੀ ਖੇਡਾਂ ਦਾ ਕਾਂਸੇ ਦਾ ਤਗਮਾ ਜੇਤੂ ਹੈ। ਉਹ ਏਸ਼ੀਅਨ ਸੋਨ ਤਗਮਾ ਜੇਤੂ ਭਲਵਾਨ ਸਲਵਿੰਦਰ ਸਿੰਘ ਦਾ ਪੁੱਤਰ ਹੈ। 15 ਜੁਲਾਈ 1993 ਨੂੰ ਜੰਮੇ ਜਸਕੰਵਰਬੀਰ ਨੇ ਯੂਕਰੇਨ ਦੇ ਭਲਵਾਨ ਨਾਲ 125 ਕਿੱਲੋ ਭਾਰ ਵਰਗ ਵਿਚ ਭਿੜਨਾ ਸੀ, ਪਰ ਪ੍ਰਬੰਧਕਾਂ ਨੇ ਉਸ ਦੇ ਪਟਕੇ ‘ਤੇ ਸਵਾਲ ਖੜ੍ਹੇ ਕਰ ਦਿੱਤੇ।
ਭਾਰਤੀ ਟੀਮ ਨਾਲ ਗਏ ਅਧਿਕਾਰੀਆਂ ਤੇ ਖਿਡਾਰੀ ਨੇ ਟੂਰਨਾਮੈਂਟ ਪ੍ਰਬੰਧਕਾਂ ਨੂੰ ਕਈ ਵਾਰ ਬੇਨਤੀ ਕੀਤੀ ਪਰ ਸਭ ਵਿਅਰਥ ਗਿਆ। ਭਾਰਤ ਦੇ ਮੁੱਖ ਕੁਸ਼ਤੀ ਕੋਚ ਜਗਮਿੰਦਰ ਸਿੰਘ ਨੇ ਦੱਸਿਆ ਕਿ ਸਾਲ 1973 ਤੋਂ ਲੈ ਕੇ ਹੁਣ ਤੱਕ ਇਹ ਪਹਿਲਾ ਮਾਮਲਾ ਹੈ ਜਦ ਕਿਸੇ ਨੂੰ ਪਟਕੇ ਕਾਰਨ ਖੇਡਣ ਤੋਂ ਰੋਕਿਆ ਗਿਆ ਹੋਵੇ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਕੈਨੇਡਾ ਵਿਚ ਵੀ ਇਕ ਸਿੱਖ ਭਲਵਾਨ ਨੂੰ ਕੇਸਾਂ ਸਮੇਤ ਖੇਡਣ ਦੀ ਆਗਿਆ ਦਿੱਤੀ ਗਈ ਸੀ। ਹਾਲਾਂਕਿ, ਤੁਰਕੀ ਵਿਚ ਹੋਏ ਮੁਕਾਬਲੇ ਦੇ ਨਿਯਮ ਵਿਸ਼ਵ ਕੁਸ਼ਤੀ ਫੈਡਰੇਸ਼ਨ ਦੇ ਨਿਯਮਾਂ ਨਾਲੋਂ ਵੱਖ ਨਹੀਂ ਹਨ, ਪਰ ਇਸ ਦਾ ਜਸਕੰਵਰਬੀਰ ਸਿੰਘ ਨੂੰ ਕੋਈ ਲਾਭ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਭਾਰਤੀ ਕੁਸ਼ਤੀ ਫੈਡਰੇਸ਼ਨ ਇਸ ਮਸਲੇ ਨੂੰ ਡਬਲਿਊਡਬਲਿਊਐਫ ਕੋਲ ਚੁੱਕੇ ਤਾਂ ਜੋ ਭਵਿੱਖ ਵਿਚ ਅਜਿਹਾ ਨਾ ਵਾਪਰੇ।