ਸੁਪਨੇ ਦਾ ਸੱਚ

ਬਲਜੀਤ ਬਾਸੀ
ਕਹਾਵਤ ਹੈ, ਸੁਪਨੇ ਵੀ ਕਦੀ ਸੱਚੇ ਹੁੰਦੇ ਹਨ! ਸੁਪਨਾ ਨੀਂਦ ਦੇ ਹਨੇਰੇ ਵਿਚ ਅਜਿਹਾ ਚਲਚਿੱਤਰ ਹੈ, ਜਿਸ ਵਿਚ ਸੌਂ ਰਿਹਾ ਵਿਅਕਤੀ ਖੁਦ ਕਾਗਜ਼ੀ ਨਾਇਕ ਜਾਂ ਖਲਨਾਇਕ ਬਣਿਆ ਹੁੰਦਾ ਹੈ। ਸੁਪਨੇ ਦੁਖਾਂਤਕ, ਸੁਖਾਂਤਕ, ਮਿਲੇ-ਜੁਲੇ, ਊਲ-ਜਲੂਲ, ਇਥੋਂ ਤੱਕ ਕਿ ਵੀਭਤਸੀ ਵੀ ਹੋ ਸਕਦੇ ਹਨ। ਫਿਲਮਾਂ ਵਾਂਗ ਹੀ ਸੁਪਨਾ ਅਜਿਹਾ ਅਨੁਭਵ ਹੈ, ਜਿਸ ਦੀ ਸੱਚਾਈ ਦਾ ਭਰਮ ਨੀਂਦ ਟੁੱਟਣ ਦੇ ਝਟ ਪਿੱਛੋਂ ਮਿਟ ਜਾਂਦਾ ਹੈ। ਸੁਪਨੀਲਾ ਅਨੁਭਵ ਨੀਂਦ ਅਵਸਥਾ ਵਿਚ ਮਨ ਦੀ ਉਧੇੜ-ਬੁਣ ਹੈ, ਜਿਸ ਰਾਹੀਂ ਦਿਮਾਗ ਆਪਣੇ ਅੰਦਰ ਜਮ੍ਹਾਂ ਹੋਏ ਕੂੜ-ਕਬਾੜ ਦੀ ਛਾਂਟੀ ਕਰਦਾ ਰਹਿੰਦਾ ਹੈ, ਐਨ ਕੰਪਿਊਟਰ ਵਾਂਗ, ਜੋ ਫਾਲਤੂ ਡਾਟੇ ਨੂੰ ਬਿਲੇ ਲਾਉਂਦਾ ਰਹਿੰਦਾ ਹੈ।

ਸਮਝੋ ਸੁਪਨੇ ਮਨ ਦਾ ਜੁਲਾਬ ਹਨ। ਇੰਜ ਸਾਫ ਹੋ ਗਏ ਦਿਮਾਗ ਨਾਲ ਮਨ ਸੰਤੁਲਤ ਤੇ ਚੁਸਤ-ਫੁਰਤ ਰਹਿੰਦਾ ਹੈ। ਕਈ ਸੁਪਨੇ ਬੇਸਿਰ-ਪੈਰ, ਟੁੱਟਵੇਂ ਅਤੇ ਥੋੜ੍ਹ ਚਿਰੇ ਹੁੰਦੇ ਹਨ ਪਰ ਕਈ ਸੁਸੰਗਤ, ਰਵਾਂ ਅਤੇ ਨਾਵਲੀ ਵਿਸਤਾਰ ਵਾਲੇ ਵੀ ਹੁੰਦੇ ਹਨ। ਕਹਿੰਦੇ ਹਨ, ਸਮੁੱਚੀ ਨੀਂਦ ਦੌਰਾਨ ਮਨੁੱਖ ਲਗਾਤਾਰ ਅਨੇਕਾਂ ਸੁਪਨੇ ਲੈਂਦਾ ਹੈ ਪਰ ਜਾਗਣ ‘ਤੇ ਉਨ੍ਹਾਂ ਨੂੰ ਯਾਦ ਨਹੀਂ ਰੱਖ ਸਕਦਾ।
ਸੁਪਨੇ ਅਤੇ ਨੀਂਦ ਦੀ ਪ੍ਰਕ੍ਰਿਆ ਦੇ ਪ੍ਰਕਾਰਜ ਤੇ ਮਨੋਰਥ ਬਾਰੇ ਅਜੇ ਬਹੁਤੀ ਸਮਝ ਨਹੀਂ ਬਣੀ। ਪਿਛਲੀ ਸਦੀ ਦੇ ਮਨੋਚਿਕਿਤਸਕ ਸਿਗਮੰਡ ਫਰਾਇਡ ਅਤੇ ਜੁੰਗ ਦਾ ਵਿਚਾਰ ਸੀ ਕਿ ਸੁਪਨਿਆਂ ਦੁਆਰਾ ਅਸੀਂ ਗੁਪਤ ਖਾਹਿਸ਼ਾਂ ਨੂੰ ਸੁਖਦਾਇਕ ਪ੍ਰਤੀਕਾਂ ਦਾ ਬਦਲ ਦੇ ਦਿੰਦੇ ਹਾਂ। ਇਸ ਤਰ੍ਹਾਂ ਅਸੀਂ ਆਪਣੇ ਮਨ ਨੂੰ ਸਤਾ ਰਹੀਆਂ ਬਿਰਤੀਆਂ ਨੂੰ ਛੁਪਾ ਲੈਂਦੇ ਹਾਂ। ਉਸ ਨੇ ਸੁਪਨਿਆਂ ਨੂੰ ਦੱਬੀਆਂ ਖਾਹਿਸ਼ਾਂ ਦੀ ਪੂਰਤੀ ਦੱਸਿਆ। ਮਨੁੱਖ ਦੀ ਜ਼ਿੰਦਗੀ ਵਿਚ ਕਾਮ ਬਿਰਤੀ ਦਾ ਹੀ ਸਭ ਤੋਂ ਵੱਡਾ ਦਮਨ ਹੁੰਦਾ ਹੈ ਤੇ ਸੁਪਨੇ ਇਨ੍ਹਾਂ ਦੀ ਅਭਿਵਿਅਕਤੀ ਕਰਦੇ ਹਨ। ‘ਸੁਪਨੇ ਵੀ ਕਦੀ ਸੱਚੇ ਹੁੰਦੇ ਹਨ’, ਵਾਲੀ ਉਕਤੀ ਵਿਚ ਫਰਾਇਡ ਦੇ ਇਸੇ ਵਿਚਾਰ ਦੀ ਪੁਸ਼ਟੀ ਹੁੰਦੀ ਹੈ। ‘ਬਿੱਲੀਆਂ ਨੂੰ ਚੂਹਿਆਂ ਦੇ ਸੁਪਨੇ’ ਐਵੇਂ ਨਹੀਂ ਆਉਂਦੇ!
ਸੁਪਨਾ ਸ਼ਬਦ ਤੋਂ ਕਈ ਹੋਰ ਮੁਰਾਦਾਂ ਵੀ ਹਨ। ਜ਼ਿੰਦਗੀ ਜਾਂ ਸਮਾਜ ਲਈ ਚਿਤਵੇ ਆਦਰਸ਼ ਜਾਂ ਨਿਸ਼ਾਨੇ ਵੀ ਸੁਪਨਾ ਹੁੰਦੇ ਹਨ। ਕੋਈ ਡਾਕਟਰ ਤੇ ਕੋਈ ਡਾਕੂ ਬਣਨ ਦੇ ਸੁਪਨੇ ਲੈਂਦਾ ਹੈ। ‘ਸੁਪਨੇ ਲੈਣੇ’ ਤੋਂ ਭਾਵ ਹੈ ਦਾਈਏ ਬਣਾਉਣੇ ਜਾਂ ਆਸਾਂ ਬੰਨ੍ਹਣੀਆਂ। ਅਚਾਨਕ ਨੀਂਦ ਖੁਲ੍ਹਣ ਨਾਲ ਜਦ ਸੁਖਾਂਤਮਈ ਸੁਪਨਾ ਟੁੱਟ ਜਾਂਦਾ ਹੈ ਤਾਂ ਮਨੁੱਖ ਦੀ ਤੜਪ ਦੇਖਣ ਵਾਲੀ ਹੁੰਦੀ ਹੈ। ‘ਸੁਪਨੇ ਟੁੱਟਣੇ’ ਉਕਤੀ ਵਿਚ ਏਹੀ ਭਾਵ ਹੈ। ਇੰਜ ਸੁਪਨਾ ਇੱਕ ਤਰ੍ਹਾਂ ਕਲਪਨਾ ਮਾਤਰ ਵੀ ਹੈ। ‘ਸੁਪਨਿਆਂ ਦੀ ਦੁਨੀਆਂ’ ਖਿਆਲੀ ਪੁਲਾਓ ਦੀ ਤਰ੍ਹਾਂ ਹੁੰਦੀ ਹੈ। ਇਨ੍ਹਾਂ ਲਈ ਜਾਗ੍ਰਿਤ ਸੁਪਨੇ ਜਾਂ ਦਿਨ ਦੇ ਸੁਪਨੇ ਉਕਤੀਆਂ ਵੀ ਚਲਦੀਆਂ ਹਨ। ਕਈ ਪਿਆਰੇ ਸੁਪਨੇ ਹੀ ਹੋ ਜਾਂਦੇ ਹਨ, ਮਤਲਬ ਉਨ੍ਹਾਂ ਦੇ ਮੁੜ ਮਿਲਣ ਦੀ ਆਸ ਘਟ ਜਾਂਦੀ ਜਾਂ ਖਤਮ ਹੀ ਹੋ ਜਾਂਦੀ ਹੈ,
ਇਕ ਦਿਨ ਤੈਨੂੰ ਸੁਪਨਾ ਥੀਸਣ
ਗਲੀਆਂ ਬਾਬਲ ਵਾਲੀਆਂ।
ਉਡ ਗਏ ਭੌਰ ਫੁੱਲਾਂ ਦੇ ਕੋਲੋਂ,
ਸਣ ਪੱਤਰਾਂ ਸਣ ਡਾਲੀਆਂ।
ਅਧਿਆਤਮਕ ਪ੍ਰਸੰਗ ਵਿਚ ਇਸ ਮੋਹ ਮਾਇਆ ਵਾਲੇ ਸੰਸਾਰ ਨੂੰ ਝੂਠਾ ਮੰਨਦਿਆਂ ਇਸ ਦੀ ਸੁਪਨੇ ਨਾਲ ਉਪਮਾ ਕੀਤੀ ਜਾਂਦੀ ਹੈ,
ਰਾਮੁ ਗਇਓ ਰਾਵਨੁ ਗਇਓ
ਜਾ ਕਉ ਬਹੁ ਪਰਵਾਰੁ॥
ਕਹੁ ਨਾਨਕ ਥਿਰੁ ਕਛੁ ਨਹੀ
ਸੁਪਨੇ ਜਿਉ ਸੰਸਾਰੁ॥
ਹੋਰ ਦੇਖੋ,
ਝੂਠੈ ਮਾਨੁ ਕਹਾ ਕਰੈ
ਜਗੁ ਸੁਪਨੇ ਜਿਉ ਜਾਨੁ॥
ਇਨ ਮੈ ਕਛੁ ਤੇਰੋ ਨਹੀ
ਨਾਨਕ ਕਹਿਓ ਬਖਾਨਿ॥
ਵਾਰਸ ਸ਼ਾਹ ਵੀ ਏਹੀ ਸਮਝਾਉਂਦਾ ਹੈ,
ਰਾਂਝਾ ਆਖਦਾ ਇਹ ਜਹਾਨ ਸੁਫਨਾ,
ਪਰ ਜਾਵਣਾ ਹੈ ਮਤਵਾਲੀਏ ਨੀ।
ਸੁਪਨੇ ਚਾਹੇ ਭਰਮ ਹੋਣ ਜਾਂ ਇਨ੍ਹਾਂ ਦੇ ਪ੍ਰਤੀਕ ਸਾਰਥਕ, ਇਨ੍ਹਾਂ ਵਿਚੋਂ ਗੁਜ਼ਰਨਾ ਆਪਣੇ ਆਪ ਵਿਚ ਇੱਕ ਯਥਾਰਥਕ ਅਨੁਭਵ ਹੈ, ਜੋ ਹਰ ਕੋਈ, ਹਰ ਰੋਜ਼ ਹੰਢਾਉਂਦਾ ਹੈ। ਸੁਪਨ-ਵਿਚਾਰ ਅਨੁਸਾਰ ਸੁਪਨੇ ਵਿਚ ਆਈਆਂ ਗੱਲਾਂ ਭਵਿੱਖਵਾਣੀ ਸਮਾਨ ਹਨ। ਮਾਨਤਾ ਹੈ ਕਿ ਜੋ ਕੁਝ ਸੁਪਨੇ ਵਿਚ ਦੇਖਿਆ, ਸੱਚਾ ਹੋਵੇਗਾ। ਦੁਹ-ਸੁਪਨਾ ਅਰਥਾਤ ਅਮੰਗਲਕ ਜਾਂ ਖੋਟੇ ਸੁਪਨੇ ਨੂੰ ਕਿਸੇ ਆ ਰਹੀ ਬਿਪਤਾ ਦੀ ਚਿਤਾਵਨੀ ਮੰਨਿਆ ਜਾਂਦਾ ਹੈ। ਸੁਪਨੇ ਵਿਚ ਕਿਸੇ ਕਰੀਬੀ ਦੀ ਮੌਤ ਜਾਂ ਦੁਰਘਟਨਾ ਨੂੰ ਕਈ ਵਾਰੀ ਗੰਭੀਰਤਾ ਨਾਲ ਲਿਆ ਜਾਂਦਾ ਹੈ। ਪਰ ਹਰ ਰਵਾਇਤੀ ਸਮਝ ਵਿਗਿਆਨਕ ਕਸਵੱਟੀ ‘ਤੇ ਪੂਰੀ ਨਹੀਂ ਉਤਰਦੀ। ਸੁਪਨਦੋਸ਼ ਅਰਥਾਤ ਸੁਪਨੇ ਵਿਚ ਧਾਂਤ ਪੈਣ ਨੂੰ ਵੈਦ ਹਕੀਮ ਗੱਭਰੂ ਨੂੰ ਕਮਜ਼ੋਰ ਕਰਨ ਵਾਲੀ ਭਿਆਨਕ ਬੀਮਾਰੀ ਸਮਝਦੇ ਹਨ, ਪਰ ਵਿਗਿਆਨਕ ਤੌਰ ‘ਤੇ ਇਹ ਇਕ ਤਰ੍ਹਾਂ ਮਾਨਸਿਕ ਬੋਝ ਹਲਕਾ ਕਰਨ ਦਾ ਵਸੀਲਾ ਹੈ, ਇਸ ਲਈ ਸਿਹਤਮੰਦ ਕ੍ਰਿਆ ਹੈ।
ਜ਼ਰਾ ਸੁਪਨਾ ਸ਼ਬਦ ਦਾ ਆਪਣਾ ਸੱਚ ਜਾਣੀਏ। ਪੰਜਾਬੀ ਵਿਚ ਅੱਜ ਅਸੀਂ ਸੁਪਨਾ ਸ਼ਬਦ ਨੂੰ ਬਹੁਤਾ ਸੁਫਨਾ ਵਜੋਂ ਉਚਾਰਦੇ ਤੇ ਲਿਖਦੇ ਹਾਂ। ਮੈਂ ਨਿਆਣਪੁਣੇ ਵਿਚ ਇਸ ਨੂੰ ਸੁਖਨਾ ਕਿਹਾ ਕਰਦਾ ਸਾਂ। ਸ਼ਾਇਦ ਹੋਰ ਬੱਚੇ ਵੀ ਅਜਿਹਾ ਕਹਿੰਦੇ ਹੋਣ, ਇਹ ਬਾਲ ਭਾਸ਼ਾ ਦਾ ਸ਼ਬਦ ਹੈ। ਸੁਪਨੇ ਦਾ ਮੁਢਲਾ ਅਰਥ ਨੀਂਦ ਲੈਣਾ ਜਾਂ ਸੌਣਾ ਹੀ ਹੈ, “ਜਾਗਨ ਤੇ ਸੁਪਨਾ ਭਲਾ॥” (ਗੁਰੂ ਅਰਜਨ ਦੇਵ), ਭਾਵੇਂ ਅੱਜ ਇਹ ਨੀਂਦ ਨਾਲੋਂ ਟੁੱਟ ਕੇ ਵੱਖਰੀ ਹਸਤੀ ਅਖਤਿਆਰ ਕਰ ਚੁਕਾ ਹੈ। ਸੁਪਨੇ ਸੌਣ ਪ੍ਰਕ੍ਰਿਆ ਦਾ ਅਨਿੱਖੜ ਹਿੱਸਾ ਹਨ।
ਸੰਸਕ੍ਰਿਤ ਸ਼ਬਦ ‘ਸਵਪ’ ਦਾ ਅਰਥ ਸੌਣਾ ਹੀ ਹੈ, ‘ਇਤ: ਸਵਪਿਤਿ ਕੇਸ਼ਵ:’ ਅਰਥਾਤ ਸਮੁੰਦਰ ਦੇ ਇਸ ਪਾਸੇ ਕੇਸ਼ਵ (ਭਗਵਾਨ ਵਿਸ਼ਣੂ) ਸੌਂ ਰਹੇ ਸਨ। ਇਸ ਦੇ ਹੋਰ ਅਰਥ ਹਨ-ਲਿਟਣਾ, ਆਰਾਮ ਕਰਨਾ ਤੇ ਮਗਨ ਹੋਣਾ, ਮਾਨੋ ਨੀਂਦ ਵਿਚ ਖੋਏ ਹੋਣਾ। ਸਵਪ ਤੋਂ ਬਣੇ ਸਵਪਨ ਵਿਚ ਸੌਣ ਤੋਂ ਅੱਗੇ ਸੁਪਨਾ ਲੈਣ ਦੇ ਭਾਵ ਆਉਂਦੇ ਹਨ। ਇਸ ਦਾ ਪ੍ਰਾਕ੍ਰਿਤ ਰੂਪ ਸੁੱਪਣੋ ਹੈ। ਪਾਠਕ ਸਮਝ ਗਏ ਹੋਣਗੇ, ਪੰਜਾਬੀ ਸੌਣਾ ਵੀ ਸਵਪਨ ਦਾ ਹੀ ਵਿਕਸਿਤ ਰੂਪ ਹੈ, ‘ਬਾਬਾ ਹੋਰ ਸਉਣਾ ਖੁਸੀ ਖੁਆਰੁ॥’ (ਗੁਰੂ ਨਾਨਕ ਦੇਵ)
ਹਰ ਕਿਸੇ ਨੇ ਅੱਜ-ਭਲਕ ਸਦਾ ਦੀ ਨੀਂਦੇ ਵੀ ਸੌਣਾ ਹੀ ਹੈ। ਬੇਫਿਕਰੀ ਵਿਚ ਲੰਮੀਆਂ ਤਾਣ ਕੇ ਸੋਂਇਆ ਜਾਂਦਾ ਹੈ। ਸਵਪਨ ਦੇ ਭੂਤਕਾਲੀ ਕਾਰਦੰਤਕ ਸੁਪਤ ਦਾ ਅਰਥ ‘ਸੁੱਤਾ ਹੋਇਆ’ ਵੀ ਹੈ ਅਤੇ ਕਿਸੇ ਅੰਗ ਦਾ ਸੁੰਨ ਹੋਣਾ ਵੀ, “ਸੁਖ ਸੋਂ ਸੁਪਤ ਸਿੰਘ ਛੇਰਯੋ ਤੈਂ ਕਰਾਲ ਕੋ।” (ਗੁਰ ਪ੍ਰਕਾਸ਼ ਸੂਰਜ) ਪੰਜਾਬੀ ‘ਸੁੱਤਾ’ ਵਿਚ ਵੀ ਇਹੋ ਭਾਵ ਹਨ। ਸੁੱਤਾ ਸ਼ਬਦ ਸੁਪਤ ਦਾ ਹੀ ਸੰਕੁਚਿਤ ਰੂਪ ਹੈ, ਇਥੇ ‘ਪ’ ਧੁਨੀ ਅਲੋਪ ਹੋ ਗਈ ਹੈ। ਪਾਲੀ ਪ੍ਰਾਕ੍ਰਿਤ ਸੁੱਤ ਦਾ ਅਰਥ ਸੁੱਤਾ ਪਿਆ ਜਾਂ ਸੌਣ ਹਿੱਤ ਪਿਆ ਹੈ। ‘ਸੋਤਾ ਪੈਣਾ’ ਦਾ ਅਰਥ ਸੌਣ ਦਾ ਵੇਲਾ ਹੋ ਜਾਣਾ ਹੈ।
ਹੋਰ ਹਿੰਦ-ਆਰਿਆਈ ਭਾਸ਼ਾਵਾਂ ਵਿਚ ਵੀ ਰਲਦੇ-ਮਿਲਦੇ ਸ਼ਬਦ ਮਿਲਦੇ ਹਨ, ਜਿਨ੍ਹਾਂ ਵਿਚ ਏਹੀ ਭਾਵ ਹਨ। ਦਰਦ ਭਾਸ਼ਾ ਪਰਿਵਾਰ ਵਿਚਲੀ ਪਸ਼ਾਈ ਸ਼ਾਖਾ ਦੀਆਂ ਕੁਝ ਉਪਬੋਲੀਆਂ ਵਿਚ ਅਰੰਭਲੀ ‘ਸ’ ਧੁਨੀ ਅਲੋਪ ਹੋ ਕੇ ਪਲੋਵੋ, ਪਲੋਬੋ ਜਿਹੇ ਸ਼ਬਦ ਸਾਹਮਣੇ ਆਏ ਜਿਨ੍ਹਾਂ ਦਾ ਅਰਥ ਨੀਂਦ ਹੈ। ਇਨ੍ਹਾਂ ਰੂਪਾਂ ਵਿਚ ਸੁਪਨੇ ਵਾਲੇ ਅਰਥ ਕਿਧਰੇ ਘੱਟ ਦਿਖਾਈ ਦਿੰਦੇ ਹਨ। ਸੌਣਾ ਤੋਂ ਹੀ ਅੱਗੇ ਪੰਜਾਬੀ ਵਿਚ ਸੁਆਲਣਾ-ਸੁਲਾਉਣਾ, (ਬਹਿਣਾ ਤੋਂ ਬਹਾਲਣਾ ਦੀ ਤਰ੍ਹਾਂ) ਸੁਆਉਣਾ ਪ੍ਰੇਰਣਾਰਥਕ ਕ੍ਰਿਆਵਾਂ ਬਣੀਆਂ। ਆਪਰੇਸ਼ਨ ਤੋਂ ਪਹਿਲਾਂ ਮਰੀਜ਼ ਨੂੰ ਨਸ਼ਾਵਰ ਦਵਾਈ ਦੇ ਕੇ ਸੁਲਾ ਦਿੱਤਾ ਜਾਂਦਾ ਹੈ।
ਸੁਪਨਾ ਸ਼ਬਦ ਹਿੰਦ-ਯੂਰਪੀ ਹੈ। ਇਸ ਦਾ ਭਾਰੋਪੀ ਮੂਲ ਹੈ ੰੱeਪ ਜਿਸ ਵਿਚ ਸੌਣ ਦਾ ਭਾਵ ਹੈ। ਪ੍ਰਾਕ ਭਾਰੋਪੀ ਸ਼ਬਦ ੰੱáਪਅਟ ਿਵਿਚ ਸੁੱਤੇ ਹੋਣ ਦਾ ਭਾਵ ਹੈ। ਇਸ ਅੱਗੇ ‘ਂੋ’ ਲਾ ਕੇ ਇਸ ਦਾ ਪਿਛੇਤਰੀ ਰੂਪ ਬਣਦਾ ਹੈ, ੁੰਪਨੋ। ਇਸ ਤੋਂ ਸੌਣਾ ਦੇ ਅਰਥਾਂ ਵਾਲਾ ਅਵੇਸਤਨ ਸ਼ਬਦ ਬਣਿਆ, ਖਵਫਨ। ਇਰਾਨੀ ਭਾਸ਼ਾਵਾਂ ਵਿਚ ‘ਸ’ ਧੁਨੀ ‘ਖ’ ਵਿਚ ਵੱਟ ਜਾਂਦੀ ਹੈ। ਫਾਰਸੀ ਸ਼ਬਦ ਖਵਾਬ/ਖਾਬ ਸ਼ਬਦ ਇਥੇ ਥਾਂ ਸਿਰ ਹੈ। ਇਸ ਦਾ ਮੁਢਲਾ ਅਰਥ ਵੀ ਸੌਣਾ ਹੀ ਹੈ। ਫਾਰਸੀ ਖਵਾਬਜਾਮਾ ਦਾ ਅਰਥ ਹੈ, ਸੌਣ ਵਾਲੇ ਕਪੜੇ। ‘ਖਵਾਬੀ ਪਰੇਸ਼ਾਨ’ ਸੰਸਕ੍ਰਿਤ ਦੁਸ਼-ਸਵਪਨ ਅਤੇ ਪੰਜਾਬੀ ਦੁਹ-ਸੁਪਨਾ ਦੀ ਤਰ੍ਹਾਂ ਭਿਆਨਕ ਸੁਪਨਾ ਹੁੰਦਾ ਹੈ। ਅਸਲ ਵਿਚ ਖਾਬ ਸ਼ਬਦ ਵਿਚ ਸੌਣ ਅਤੇ ਸੁਪਨਾ ਲੈਣ ਦੇ-ਦੋਵੇਂ ਅਰਥ ਇੱਕਮਿੱਕ ਹੋ ਜਾਂਦੇ ਹਨ। ਵਾਰਸ ਦੇ ਹੇਠਲੇ ਬੰਦ ਵਿਚ ਖਾਬ ਦੇ ਅਰਥ ਚਾਹੇ ਨੀਂਦ ਕਰ ਲਓ ਚਾਹੇ ਸੁਪਨਾ,
ਗੋਇਆ ਖਾਬ ਦੇ ਵਿਚ ਅਜ਼ਾਜ਼ੀਲ ਡਿੱਠਾ
ਮੈਨੂੰ ਫੇਰ ਮੁੜ ਅਰਸ਼ ‘ਤੇ ਚਾੜ੍ਹਿਆ ਨੇ।
ਵਾਰਸ ਸ਼ਾਹ ਨੂੰ ਤੁਰਤ ਨਹਾਇ ਕੇ ਤੇ
ਬੀਵੀ ਹੀਰ ਦੇ ਪਲੰਗ ‘ਤੇ ਚਾੜ੍ਹਿਆ ਨੇ।
ਬਲੋਚੀ ਭਾਸ਼ਾ ਵਿਚ ਖਵਾਬ ਸ਼ਬਦ ਵਿਚੋਂ ‘ਖ’ ਧੁਨੀ ਉਡ ਗਈ ਤੇ ਰਹਿ ਗਿਆ, ਵਾਬ। ਪੰਜਾਬੀ ਤੇ ਹੋਰ ਭਾਰਤੀ ਭਾਸ਼ਾਵਾਂ ਵਿਚ ਖਾਬ ਸ਼ਬਦ ਆਮ ਤੌਰ ‘ਤੇ ਸੁਪਨੇ ਦੇ ਅਰਥ ਵਜੋਂ ਹੀ ਵਰਤਿਆ ਜਾਂਦਾ ਹੈ ਤੇ ਉਹ ਵੀ ਕਾਵਿਕ ਅੰਦਾਜ਼ ਵਾਲੀ ਭਾਸ਼ਾ ਵਿਚ। ਸੁਰਿੰਦਰ ਗਿੱਲ ਦੀ ਇੱਕ ਕਵਿਤਾ ਦੇ ਬੋਲ ਹਨ,
ਖਾਬ ਤੇਰੇ ਰਾਤ ਭਰ
ਆਉਂਦੇ ਰਹੇ ਜਾਂਦੇ ਰਹੇ।
ਰਾਤ ਭਰ ਪੋਟੇ ਵਫਾ ਦੇ
ਔਂਸੀਆਂ ਪਾਂਦੇ ਰਹੇ।
ੰੱeਪ ਮੂਲ ਤੋਂ ਬਣੇ ਕੁਝ ਹੋਰ ਸ਼ਬਦਾਂ ਦਾ ਥੋੜ੍ਹਾ ਜ਼ਿਕਰ ਕਰ ਲਈਏ। ਰੋਮਨ ਮਿਥਿਹਾਸ ਵਿਚ ਨੀਂਦ ਦੇ ਦੇਵਤੇ ਦਾ ਨਾਂ ੰੋਮਨੁਸ ਹੈ। ਇਸ ਦੇ ਟਾਕਰੇ ਤੇ ਗਰੀਕ ੍ਹੇਪਨੋਸ ਰਾਤ ਦਾ ਪੁੱਤਰ ਅਤੇ ਮੌਤ ਦਾ ਭਰਾ ਹੈ। ਪੁਰਾਣੀ ਅੰਗਰੇਜ਼ੀ ਤੇ ਪੁਰਾਣੀ ਨੌਰਸ ਦੇ ਸ਼ਬਦ ਸਵੈਫਨ ਦਾ ਮਤਲਬ ਹੈ, ਸੁਪਨਾ। ਉਨੀਂਦਰੇ ਦੀ ਬੀਮਾਰੀ ਲਈ ਅੰਗਰੇਜ਼ੀ ਸ਼ਬਦ ੀਨਸੋਮਨਅਿ ਆਮ ਹੀ ਜਾਣਿਆ ਜਾਂਦਾ ਹੈ। ਇਹ ਬਣਿਆ ਹੈ, ਨਿਖੇਧੀਸੂਚਕ ਅਗੇਤਰ ‘ੀਨ’ ਦੇ ਅੱਗੇ ੰੋਮਨੁਸ (ਸੌਣਾ) ਲਾ ਕੇ। ਹੋਰ ਸ਼ਬਦ ਦੇਖੋ, ੰੋਮਨਲੋਤੇ (ਨੀਂਦ ਵਿਚ ਬੋਲਣਾ), ੰੋਮਨੋਲeਨਚe (ਨਿੰਦਰਾਈ ਅਵਸਥਾ, ਊਂਘ), ੰੋਮਨਅਮਬੁਲਸਿਮ (ਨੀਂਦ ਵਿਚ ਤੁਰਨਾ)। ਲਾਤੀਨੀ ੰੋਪੋਰ ਦਾ ਅਰਥ ਹੈ, ਡੂੰਘੀ ਨੀਂਦ ਜਾਂ ਸੁਸਤੀ। ਇਸ ਤੋਂ ਬਣੇ ੰੋਪੋਰਿਚਿ ਦਾ ਅਰਥ ਹੈ, ਨੀਂਦ ਲਿਆਊ (ਦਵਾਈ ਆਦਿ)। ੁੰਪਨੋ ਮੂਲ ਦੇ ਟਾਕਰੇ ‘ਤੇ ਗਰੀਕ ਵਿਚ ੍ਹੇਪਨੋ ਸ਼ਬਦ ਆਉਂਦਾ ਹੈ। ਇਸ ਤੋਂ ਬਣੇ ੍ਹੇਪਨੋਸਸਿ ਅਤੇ ੍ਹੇਪਨੋਟਸਿਮ ਆਮ ਜਾਣੇ-ਪਛਾਣੇ ਸ਼ਬਦ ਹਨ। ਇਨ੍ਹਾਂ ਲਈ ਅਸੀਂ ਸੰਮੋਹਨ ਸ਼ਬਦ ਵਰਤਦੇ ਹਾਂ। ਇਨ੍ਹਾਂ ਸ਼ਬਦਾਂ ਵਿਚ ਮੁਢਲਾ ਅਰਥ ‘ਨੀਂਦ ਆਉਣ’ ਦਾ ਹੈ। ਹਿਪਨੋਟਿਜ਼ਮ ਦੌਰਾਨ ਮਨੁੱਖ ਦੀ ਚੇਤਨਾ ਨੂੰ ਇਸ ਤਰ੍ਹਾਂ ਸੁਆਂ ਦਿੱਤਾ ਜਾਂਦਾ ਹੈ ਕਿ ਉਹ ਆਪਣੇ ਵਲੋਂ ਕੋਈ ਅੰਗ ਹਿਲਾ ਜੁਲਾ ਨਹੀਂ ਸਕਦਾ ਪਰ ਦੂਜੇ ਵਲੋਂ ਦਿੱਤੇ ਸੁਝਾਵਾਂ ਅਨੁਸਾਰ ਹੁੰਘਾਰਾ ਭਰਦਾ ਜਾਂ ਹਰਕਤ ਕਰਦਾ ਰਹਿੰਦਾ ਹੈ। ਮਨੋਚਿਕਿਤਸਕ ਇਸ ਵਿਧੀ ਦੀ ਵਰਤੋਂ ਮਾਨਸਿਕ ਰੋਗੀਆਂ ਦੀਆਂ ਦੱਬੀਆਂ ਖਾਹਿਸ਼ਾਂ ਸਾਹਮਣੇ ਲਿਆਉਣ ਲਈ ਕਰਦੇ ਹਨ।