ਗੁਲਜ਼ਾਰ ਸਿੰਘ ਸੰਧੂ
30 ਮਾਰਚ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿਚ ਇਸ ਦੇ ਪੁਰਾਣੇ ਵਿਦਿਆਰਥੀਆਂ ਦਾ ਇੱਕਠ ਹੋ ਰਿਹਾ ਹੈ। ਮੈਨੂੰ ਵੀ ਸੱਦਾ ਮਿਲਿਆ ਹੈ। ਮੈਂ ਸਠ ਸਾਲ ਪਹਿਲਾਂ 1953 ਵਿਚ ਇਥੋਂ ਬੀ ਏ ਪਾਸ ਕੀਤੀ ਸੀ। ਸਾਡੀ ਕਨਵੋਕੇਸ਼ਨ ਸਮੇਂ ਪੰਜਾਬ ਦੇ ਵਿਕਾਸ ਮੰਤਰੀ ਪ੍ਰਤਾਪ ਸਿੰਘ ਕੈਰੋਂ ਮੁਖ ਮਹਿਮਾਨ ਸਨ। ਉਸ ਦੇ ਸ਼ਕਤੀਸ਼ਾਲੀ ਨੇਤਾ ਹੋਣ ਬਾਰੇ ਦੱਸਣ ਦੀ ਲੋੜ ਨਹੀਂ। ਇਲਾਕੇ ਦੇ ਲੋਕਾਂ ਨੇ ਉਸ ਵੇਲੇ ਦੇ ਪ੍ਰਿੰਸੀਪਲ ਹਰਭਜਨ ਸਿੰਘ ਰਾਹੀਂ ਸ਼ ਕੈਰੋਂ ਨੂੰ ਦੋ ਗੱਲਾਂ ਦੀ ਮੰਗ ਪਾਈ ਸੀ। ਮਾਹਿਲਪੁਰ ਨੂੰ ਬਹਿਰਾਮ ਤੇ ਫਗਵਾੜਾ ਰਾਹੀਂ ਜੀ ਟੀ ਰੋਡ ਨਾਲ ਜੋੜਨ ਵਾਲੀ ਕੱਚੀ ਸੜਕ ਨੂੰ ਪੱਕੀ ਕਰਵਾਉਣ ਅਤੇ ਸ਼ਹੀਦ ਭਗਤ ਸਿੰਘ ਨਗਰ ਉਰਫ ਨਵਾਂ ਸ਼ਹਿਰ ਨੂੰ ਸੈਲਾ ਖੁਰਦ ਰਾਹੀਂ ਹੁਸ਼ਿਆਰਪੁਰ ਨਾਲ ਜੋੜਨ ਲਈ ਨਵੀਂ ਰੇਲਵੇ ਲਾਈਨ ਵਿਛਾਉਣ ਦੀ। ਸ਼ ਕੈਰੋਂ ਨੇ ਰੇਲਵੇ ਲਾਈਨ ਦਾ ਕੰਮ ਕੇਂਦਰ ਸਰਕਾਰ ਰਾਹੀਂ ਨੇਪਰੇ ਚਾੜ੍ਹਨ ਦਾ ਵਿਸ਼ਵਾਸ ਦਿਵਾ ਕੇ ਮਾਹਿਲਪੁਰ-ਬਹਿਰਾਮ ਦੇ ਕੱਚੇ ਮਾਰਗ ਨੂੰ ਪੱਕਿਆਂ ਕਰਨ ਲਈ ਇਲਾਕੇ ਦੇ ਲੋਕਾਂ ਤੋਂ ਸਹਿਯੋਗ ਮੰਗਿਆ ਸੀ ਕਿ ਮਿੱਟੀ ਲੋਕ ਪੁਆ ਦੇਣ ਤੇ ਉਸ ਉਤੇ ਬਜਰੀ ਤੇ ਲੁੱਕ ਦੀ ਸੇਵਾ ਰਾਜ ਸਰਕਾਰ ਤੋਂ ਕਰਵਾ ਦੇਣਗੇ। ਉਨ੍ਹਾਂ ਆਪਣੇ ਅੰਦਾਜ਼ ਵਿਚ ਇਹ ਵੀ ਕਿਹਾ ਕਿ ਉਹ ਜੱਟਾਂ ਦੇ ਗੱਡਿਆਂ ਨੂੰ ਲਾਲਿਆਂ ਦੀਆਂ ਕਾਰਾਂ ਦੇ ਬਰਾਬਰ ਭਜਦਾ ਵੇਖਣ ਦੇ ਇੰਨੇ ਚਾਹਵਾਨ ਹਨ ਕਿ ਜੇ ਕਿਸੇ ਹੋਰ ਸੜਕ ਉਤੇ ਵੀ ਮਿੱਟੀ ਪੈਂਦੀ ਹੈ ਤਾਂ ‘ਲੁਕ ਪਰਤਾਪ ਸਿੰਘ ਪੁਆਵੇਗਾ।’
ਮੈਨੂੰ ਆਪਣਾ ਪਿੰਡ ਸੂਨੀ ਅਤੇ ਮਾਹਿਲਪੁਰ ਵਾਲਾ ਕਾਲਜ ਛੱਡਿਆਂ ਸੱਠ ਸਾਲ ਹੋ ਗਏ ਹਨ। ਮਾਹਿਲਪੁਰ ਤੋਂ ਬਹਿਰਾਮ ਮਾਰਗ ਉਤੇ ਲੁੱਕ ਫਿਰਨ ਵਾਲੀ ਗੱਲ ਤਾਂ ਹੋ ਚੁੱਕੀ ਹੈ ਪਰ ਰੇਲਵੇ ਲਾਈਨ ਹਾਲੀ ਵੀ ਨਹੀਂ ਬਣੀ। ਮੈਂ ਚਾਹਾਂਗਾ ਕਿ ਮੇਰੇ ਕਾਲਜ ਦੇ ਪੁਰਾਣੇ ਵਿਦਿਆਰਥੀ ਵਰਤਮਾਨ ਪ੍ਰਿੰਸੀਪਲ ਸੁਰਜੀਤ ਸਿੰਘ ਰੰਧਾਵਾ ਰਾਹੀਂ ਅੱਜ ਦੇ ਰੇਲ ਮੰਤਰੀ ਪਵਨ ਕੁਮਾਰ ਬਾਂਸਲ ਤੋਂ ਇਲਾਕੇ ਦੀ ਇਹ ਮੰਗ ਵੀ ਮੰਨਵਾਉਣ ਦਾ ਯਤਨ ਕਰਨ। ਮੈਂ ਤਾਂ ਉਨ੍ਹਾਂ ਦੇ ਨਾਲ ਹੈ ਹੀ ਹਾਂ।
ਇੱਕ ਗੱਲ ਹੋਰ। ਇਸ ਮਹੀਨੇ ਮੈਂ ਆਪਣੀ ਉਮਰ ਦੇ ਅਸੀਵਿਆਂ ਵਿਚ ਪ੍ਰਵੇਸ਼ ਕਰ ਜਾਣਾ ਹੈ। ਮੇਰੇ ਵਿਆਹ ਦੀ ਵਰ੍ਹੇਗੰਢ ਵੀ ਇਸੇ ਹੀ ਮਹੀਨੇ ਪੈਂਦੀ ਹੈ। ਉਮਰ ਵਾਲੀ ਗੱਲ ਨੂੰ ਵਿਆਹ ਨਾਲ ਜੋੜ ਕੇ ਇਸ ਲਈ ਕਰ ਰਿਹਾ ਹਾਂ ਕਿ 47 ਸਾਲ ਪਹਿਲਾਂ ਨੁਸ਼ਹਿਰਾਂ ਪਨੂੰਆਂ ਪਹੁੰਚਣ ਵਾਲੇ ਮੇਰੇ ਬਰਾਤੀਆਂ ਵਿਚੋਂ ਮਾਤਾ-ਪਿਤਾ, ਮਾਮੇ ਮਾਸੀਆਂ ਤੇ ਦੂਜੇ ਬਜ਼ੁਰਗਾਂ ਤੋਂ ਬਿਨਾ ਕਵੀ ਮੋਹਨ ਸਿੰਘ, ਪੱਤਰਕਾਰ ਸਾਧੂ ਸਿੰਘ ਹਮਦਰਦ ਤੇ ਸ਼ਾਦੀ ਸਿੰਘ, ਸਾਹਿਤਕਾਰ ਤੇ ਚਿੰਤਕ ਸੰਤ ਸਿੰਘ ਸੇਖੋਂ, ਪ੍ਰੋæ ਦੀਵਾਨ ਸਿੰਘ, ਕਹਾਣੀਕਾਰ ਕੁਲਵੰਤ ਸਿੰਘ ਵਿਰਕ, ਗਾਇਕ ਹਰਭਜਨ ਸਿੰਘ ਰਤਨ, ਬਲਵੰਤ ਗਾਰਗੀ ਦਾ ਚੇਲਾ ਕ੍ਰਿਸ਼ਨਜੀਤ ਤੇ ਕਵੀ ਜਨ ਸ਼ਿਵ ਬਟਾਲਵੀ, ਐਸ ਐਸ ਮੀਸ਼ਾ ਤੇ ਅਜਾਇਬ ਕਮਲ ਤੁਰ ਗਏ ਹਨ ਅਤੇ ਰਵਿੰਦਰ ਰਵੀ, ਮੋਹਨ ਕਾਹਲੋਂ, ਗੁਰੂਮੇਲ ਸਿੱਧੂ ਤੇ ਮੇਰਾ ਮਿਤਰ ਐਮ ਆਰ ਰਾਜਾਗੋਪਾਲਨ ਕ੍ਰਮਵਾਰ ਕੈਨੇਡਾ, ਕਲਕੱਤਾ, ਅਮਰੀਕਾ ਤੇ ਮਦੁਰਾਏ ਜਾ ਵੱਸੇ ਹਨ। ਜੰਜ ਦੇ ਢੁਕਾਅ ਸਮੇਂ ਆਪਣਾ ਕੋਟ ਮੈਨੂੰ ਪੁਆਉਣ ਵਾਲਾ ਦੇਸ ਰਾਜ ਗੋਇਲ ਵੀ ਪਿਛਲੇ ਮਹੀਨੇ ਚੱਲ ਵੱਸਿਆ ਹੈ। ਹਾਲਤ ਆਪਣੀ ਵੀ ਪੌਣ ਦੇ ਬੁਲ੍ਹੇ ਨਾਲ ਝੜਨ ਵਾਲੇ ਪੱਕੇ ਫਲ ਵਾਲੀ ਹੋ ਚੁੱਕੀ ਹੈ। ਤੁਰ ਗਿਆਂ ਤੇ ਆਪਣੇ ਵਰਗਿਆਂ ਦੀਆਂ ਗੱਲਾਂ ਹੋਰ ਵੀ ਹਨ ਪਰ ਕਾਲਮ ਦੀ ਲਪੇਟ ਵਿਚ ਲਿਆਉਣੀਆਂ ਮੁਸ਼ਕਲ ਹਨ। ਮੈਂ ਮਾਹਿਲਪੁਰੀਆਂ ਦਾ ਧੰਨਵਾਦੀ ਹਾਂ ਕਿ ਉਹ ਮੈਨੂੰ ਆਪਣੇ ਵਰਗੇ ਕੁੱਝ ਸਾਥੀਆਂ ਨਾਲ ਮਿਲਣ ਦਾ ਮੌਕਾ ਦੇ ਰਹੇ ਹਨ।
ਕਰਮ ਯੋਗੀ ਕਾਮਰੇਡ ਗੰਧਰਵ ਸੈਨ ਕੋਛੜ
‘ਅਨੁਭਵ ਤੇ ਅਧਿਐਨ’ ਨਾਂ ਦੀ ਰਚਨਾ ਰਾਹੀਂ ਦੇਸ਼ ਭਗਤ ਯਾਦਗਾਰ ਹਾਲ ਦੇ ਸਾਬਕਾ ਜਨਰਲ ਸਕੱਤਰ ਕਾਮਰੇਡ ਗੰਧਰਵ ਸੈਨ ਨੇ ਆਪਣੀਆਂ ਯਾਦਾਂ ਰਾਹੀਂ ਆਪਣੇ ਜੀਵਨ ਦੇ ਮੰਤਵ ਤੇ ਪਹੁੰਚ ਨੂੰ ਸਪਸ਼ਟ ਕੀਤਾ ਹੈ। ਜਾਤ-ਪਾਤ ਤੇ ਸਮਾਜ ਦੀਆਂ ਗੁੰਝਲਾਂ ਨੂੰ ਕਸਬਾ ਨੂਰ ਮਹਿਲ ਦੇ ਵਸਨੀਕਾਂ ਦੀ ਰਹਿਣੀ-ਸਹਿਣੀ ਤੇ ਖੱਬੇਪੱਖੀ ਜਥੇਬੰਦੀਆਂ ਵਿਚ ਸਮੇਂ ਸਮੇਂ ਆਏ ਬਦਲਾਓ ਦਾ ਨਿਤਾਰਾ ਕਰਕੇ 95 ਸਾਲਾ ਕਾਮਰੇਡ ਨੇ ਕਿਰਤ, ਲੋਕਾਈ ਤੇ ‘ਆਮ ਵਰਕਰ’ ਦੇ ਫਰਜ਼ਾਂ ਤੇ ਜ਼ਿੰਮੇਵਾਰੀਆਂ ਨੂੰ ਇੱਕ ਸਹਿਜ ਚਿੰਤਕ ਦੀ ਦ੍ਰਿਸ਼ਟੀ ਨਾਲ ਵੇਖਿਆ ਤੇ ਪਹਿਚਾਣਿਆਂ ਹੈ। ਖਾਸ ਕਰਕੇ ਭਾਰਤ ਵਿਚ ਇਨਕਲਾਬ ਦੀ ਪ੍ਰਾਪਤੀ ਲਈ ਯੋਜਨਾਬੱਧ ਸਿਧਾਂਤਕ ਤੇ ਵਿਹਾਰਕ ਢਾਂਚੇ ਦੀ ਅਣਹੋਂਦ ਨੂੰ। ਇਨ੍ਹਾਂ ਤਰੁਟੀਆਂ ਨੂੰ ਦੂਰ ਕਰਕੇ ਇੱਕ ਲੁੱਟ-ਖਸੁੱਟ ਰਹਿਤ ਸਮਾਜ ਦੀ ਸਿਰਜਣਾ ਦੀ ਤਾਂਘ ਉਸ ਦੇ ਮਨ ਵਿਚੋਂ ਹਾਲੀ ਵੀ ਗਈ ਨਹੀਂ। ਪਿਛਲੇ ਦਿਨੀਂ ਚੰਡੀਗੜ੍ਹ ਵਿਚ ਹੋਈ ਇੱਕ ਮਿਲਣੀ ਦੇ ਆਧਾਰ ‘ਤੇ ਮੈਂ ਕਹਿ ਸਕਦਾ ਹਾਂ ਕਿ ਉਸ ਦਾ ਉਤਸ਼ਾਹ ਹਾਲੀ ਵੀ ਕਾਇਮ ਹੈ ਤੇ ਇਸ ਨੂੰ ਬਣਾਈ ਰੱਖਣ ਵਿਚ ਉਨ੍ਹਾਂ ਦੀ ਧੀ ਸੁਰਿੰਦਰ ਕੋਛੜ ਦਾ ਵੱਡਾ ਹੱਥ ਹੈ ਜਿਹੜੀ ਛੇ ਦਹਾਕਿਆਂ ਤੋਂ ਕਾਮਰੇਡ ਦੇ ਦੁਖ-ਸੁਖ ਵਿਚ ਉਹਦੇ ਨਾਲ ਖੜ੍ਹੀ ਰਹੀ ਹੈ। ਪੁਸਤਕ ਨੂੰ ਪੜ੍ਹਨਾ ਭਾਰਤ ਵਿਚ ਪਾਰਟੀ ਦੇ ਇਤਿਹਾਸ ਵਿਚੋਂ ਲੰਘਣਾ ਹੈ।
ਅੰਤਿਕਾ: (ਮੀਰ ਤਕੀ ਮੀਰ)
ਅਹਿਦ-ਏ-ਜਵਾਨੀ ਰੋ ਰੋ ਕਾਟਾ
ਪੀਰੀ ਮੇਂ ਲੀ ਆਂਖੇਂ ਮੂੰਦ।
ਯਾਨਿ ਰਾਤ ਬਹੁਤ ਥੇ ਜਾਗੇ
ਸੁਬਹ ਹੂਈ ਆਰਾਮ ਕੀਆ।
Leave a Reply