‘ਮਨੁਖੀ ਜੀਵਨ: ਬਰਕਤਾਂ ਤੇ ਵਪਾਰ ਦੀਆਂ ਤਹਿਆਂ ਫਰੋਲਦਿਆਂ’

ਪਿਆਰੇ ਸੰਪਾਦਕ ਜੀਓ,
‘ਪੰਜਾਬ ਟਾਈਮਜ਼’ ਦੀ ਜਿੰਨੀ ਤਾਰੀਫ ਕੀਤੀ ਜਾਵੇ, ਓਨੀ ਥੋੜੀ। ਜਿੰਨੀ ਭੁੱਲੀ ਵਿਸਰੀ ਪਾਏਦਾਰ ਸਾਹਿਤਕ ਸਮਗਰੀ ਇਸ ਪਰਚੇ ਵਿਚ ਪੜ੍ਹਨ ਨੂੰ ਮਿਲਦੀ ਹੈ, ਅਮਰੀਕਾ ਦੇ ਕਿਸੇ ਹੋਰ ਪੰਜਾਬੀ ਪਰਚੇ ਵਿਚ ਨਹੀਂ। ਜਤਿੰਦਰ ਪੰਨੂ ਦਾ ਰਾਜਨੀਤਕ ਵਿਸ਼ਲੇਸ਼ਣ ਹਮੇਸ਼ਾ ਪਾਇਦਾਰ ਹੁੰਦਾ ਹੈ। 2 ਜੂਨ ਦੇ ਅੰਕ ਵਿਚ ਡਾ. ਹਰਿਭਜਨ ਸਿੰਘ ਦਾ ਲੇਖ ‘ਚੌਰਾਸੀ: ਜੜ੍ਹਾਂ ਵਾਲਾ ਫੋੜਾ’ ਤੇ ਕਾਨਾ ਸਿੰਘ ਦੀ ਕਹਾਣੀ ‘ਜਿੰਦੂਆ’ ਕਮਾਲ ਦੀਆਂ ਲਿਖਤਾਂ ਹਨ। ਜਿੰਦੂਆ ਬਾਰੇ ਤਾਂ ਕਈਆਂ ਦੀ ਰਾਏ ਹੈ ਕਿ ਇਹ ਲੇਖਿਕਾ ਦਾ ਮਾਸਟਰਪੀਸ ਹੈ। ਪਰ ਕਈ ਇਸ ਦੇ ਮੁੱਖ ਪਾਤਰ ਨੂੰ ਬਹੁਤਾ ਯਥਾਰਥਿਕ ਨਹੀਂ ਸਮਝਦੇ। ਪਰ ਅਜਿਹੀ ਵੀ ਕੋਈ ਗੱਲ ਨਹੀਂ। ਕਾਨਾ ਸਿੰਘ ਜਿਹੀ ਤੇਜ ਤਰਾਰ ਅੱਖ ਤੇ ਸੋਧੀ ਹੋਈ ਕਲਮ ਚਾਹੀਦੀ ਹੈ। ਫਿਰ ਅਜਿਹਾ ਟੇਢੇ ਤੋਂ ਟੇਢਾ ਪਾਤਰ ਵੀ ਸਹਿਜੇ ਹੀ ਕਹਾਣੀ ਵਿਚ ਸੂਤਿਆ ਜਾ ਸਕਦਾ ਹੈ।

ਇਸੇ ਅੰਕ ਵਿਚ ਛਪਿਆ ਪ੍ਰਿੰ. ਬ੍ਰਿਜਿੰਦਰ ਸਿੰਘ ਸਿੱਧੂ ਦਾ ਲੇਖ ‘ਮੱਨੁਖੀ ਜੀਵਨ: ਬਰਕਤਾਂ ਤੇ ਵਪਾਰ ਦੀਆਂ ਤਹਿਆਂ ਫਰੋਲਦਿਆਂ’ ਬੜਾ ਚੰਗਾ ਲੱਗਾ। ਇਸ ਲੇਖ ਵਿਚ ਉਹ ਆਪਣੇ ਪੁਰਾਣੇ ਜ਼ਮਾਨੇ ਤੇ ਆਧੁਨਿਕ ਜ਼ਮਾਨੇ ਦਾ ਟਾਕਰਾ ਕਰਦਿਆਂ ਦੱਸਦੇ ਹਨ ਕਿ ਹਰ ਖੇਤਰ ਵਿਚ ਕੰਮ ਕਾਰ ਤੇ ਸੋਚਣ ਦੇ ਮਿਆਰ ਦਿਨ-ਬ-ਦਿਨ ਢਹਿੰਦੀਆਂ ਕਲਾਂ ਵੱਲ ਜਾ ਰਹੇ ਹਨ। ਲੋਭ-ਲਾਲਚ, ਸਵਾਰਥ ਤੇ ਅਮਿਟ ਲਾਲਸਾ ਦਾ ਬੋਲਬਾਲਾ ਵਧ ਰਿਹਾ ਹੈ। ਹਰ ਪਾਸੇ ਸਮਾਜਕ ਸੋਚ ਤੇ ਇਨਸਾਨੀ ਜਜ਼ਬਾ ਖੁਰਦੇ ਜਾ ਰਹੇ ਹਨ। ਹੁਣ ਇਸ ਦੀ ਥਾਂ ਅਨੈਤਿਕ ਤਜ਼ਾਰਤ ਨੇ ਲੈ ਲਈ ਹੈ।
ਉਨ੍ਹਾਂ ਦੀ ਇਸ ਗੱਲ ਵਿਚ ਕਿੰਨਾ ਵਜ਼ਨ ਹੈ ਕਿ ਅੱਜ ਦੇ ਸਮੇਂ ਵਿਚ ਚਿਕਿਤਸਕਾਂ ਵਲੋਂ ਬਿਮਾਰ ਦੀ ਸਿਹਤਯਾਬੀ ਦੀ ਥਾਂ ਉਸ ਦੀ ਜੇਬ ਤੇ ਵਧੇਰੇ ਨਜ਼ਰ ਰੱਖੀ ਜਾਂਦੀ ਹੈ। ਉਨ੍ਹਾਂ ਨੇ ਆਯੁਰਵੈਦਿਕ ਤੇ ਹੋਮਿਓਪੈਥੀ ਦੇ ਡਾਕਟਰਾਂ ਨੂੰ ਵੀ ਇਸ ਘੇਰੇ ਵਿਚ ਲਿਆਂਦਾ ਹੈ। ਮੰਡੀਕਰਣ ਦਾ ਪ੍ਰਭਾਵ ਸਭ ਪਾਸੇ ਬਰਾਬਰ ਹੈ। ਪਰ ਫਿਰ ਵੀ ਇਨ੍ਹਾਂ ਗੱਲਾਂ ਦਾ ਠੀਕ ਜਾਪਣਾ ਇਕ ਸੱਤਹੀ ਅਨੁਭਵ ਵਾਂਗ ਹੈ। ਅੰਦਰੋਂ ਮਾਜ਼ਰਾ ਕੁਝ ਅਜਿਹਾ ਹੈ ਕਿ ਇਸ ਵਿਚ ਕਿਸੇ ਇਕ ਦਾ ਵਿਅਕਤੀਗਤ ਕਸੂਰ ਨਹੀਂ ਲਗਦਾ। ਸ਼ਰਮਾਏਦਾਰੀ ਨੇ ਹਰ ਇਕ ਚੀਜ਼ ਤੇ ਹਰ ਇਕ ਰਿਸ਼ਤੇ ਦਾ ਮੁੱਲ ਪਾ ਕੇ ਉਸ ਨੂੰ ਜਿਣਸੀ ਰੂਪ ਦੇ ਦਿੱਤਾ ਹੈ। ਅਜਿਹੀ ਹਾਲਤ ਵਿਚ ਸਭ ਲੋਕਾਂ ਕੋਲ ਦੋ ਹੀ ਬਦਲ ਰਹਿ ਜਾਂਦੇ ਹਨ, ਜਾਂ ਇਸ ਪ੍ਰਣਾਲੀ ਦੇ ਨਿਯਮਾਂ ਅਨੁਸਾਰ ਚੱਲਣ ਲਈ ਰਾਜੀ ਹੋਵੋ ਜਾਂ ਇਸ ਤੋਂ ਅਲੱਗ ਹੋ ਕੇ ਮਿਟ ਜਾਣ ਲਈ ਤਿਆਰ ਰਹੋ।
ਜਰਾ ਸੋਚੋ, ਸ਼ਰਮਾਏਦਾਰੀ ਵਿਦਿਅਕ ਅਦਾਰਿਆਂ ਵਿਚ ਭਾਰੀ ਫੀਸਾਂ ਦੇ ਕੇ ਤੀਹ ਤੀਹ ਸਾਲ ਪੜ੍ਹਾਈ ਵਿਚ ਜਵਾਨੀ ਗਾਲ ਕੇ ਡਾਕਟਰਾਂ ਲਈ ਜਨਤਾ ਨੂੰ ਇਲਾਜ ਦੀ ਮੁਫਤ ਸੇਵਾ ਦੇਣਾ ਕਿਵੇਂ ਸੰਭਵ ਹੋ ਸਕਦਾ ਹੈ? ਫਿਰ ਇਹ ਸੇਵਾ ਕੋਈ ਪਿੰਗਲਵਾੜੇ ਦੇ ਅਪਾਹਜਾਂ ਨੂੰ ਤਾਂ ਦਿਤੀ ਨਹੀਂ ਜਾਣੀ ਕਿ ਮੁਫਤ ਦੇ ਦੇਣ। ਇਹ ਤਾਂ ਉਸੇ ਸ਼ਰਮਾਏਦਾਰੀ ਸਮਾਜ ਦੇ ਰਈਸ ਖਰੀਦਦਾਰਾਂ ਨੂੰ ਦਿੱਤੀ ਜਾਣੀ ਹੈ ਜੋ ਇਸ ਵਿਚੋਂ ਪਹਿਲਾਂ ਹੀ ਮੋਟੀ ਕਮਾਈ ਕਰਕੇ ਤਣੇ ਬੈਠੇ ਹਨ। ਜੋ ਲੋਕ ਕਿੰਤੂ ਪ੍ਰੰਤੂ ਕਰ ਕੇ ਬੇਵਸੀ ਜਾਹਰ ਕਰਦੇ ਹੋਣ, ਉਹ ਪਰ੍ਹੇ ਜਾਣ। ਇੱਥੇ ਸੇਵਾ ਦਾ ਲਾਭ ਲੈਣਾ ਹੈ ਤਾਂ ਖਰੀਦਦਾਰ ਬਣ ਕੇ ਆਉਣਾ ਪਵੇਗਾ, ਭਿਖਾਰੀ ਬਣ ਕੇ ਨਹੀਂ। ਸ਼ਰਮਾਏਦਾਰੀ ਨੇ ਜਿੱਥੇ ਵਸਤਾਂ ਤੇ ਸੇਵਾਵਾਂ ਨੂੰ ਵਿਕਰੀਯੋਗ ਚੀਜ਼ਾਂ ਬਣਾ ਦਿੱਤਾ ਹੈ, ਉਥੇ ਇਨ੍ਹਾਂ ਦੀ ਉਪਲਭਦੀ ਵੀ ਸਿਸਟਮ-ਬੱਧ ਕੀਤੀ ਹੋਈ ਹੈ। ਇਹ ਸੇਵਾਵਾਂ ਬਾਕਾਇਦਾ ਅਪੁਆਇੰਟਮੈਂਟ ਅਨੁਸਾਰ ਹੀ ਮਿਲਦੀਆਂ ਹਨ, ਲੈਣ ਵਾਲਾ ਭਾਵੇਂ ਜੀਵੇ ਜਾਂ ਮਰੇ। ਕਾਹਲ ਵਾਲਿਆਂ ਲਈ ਮਹਿੰਗੇ ਵਿਕਲਪ ਹਨ।
ਇਸ ਹਾਲਤ ਵਿਚ ਕੋਈ ਇਕ ਡਾਕਟਰ ਕੀ ਕਰੇ? ਜੇ ਉਹ ਪੱਥਰ-ਦਿਲ ਹੈ, ਉਹ ਇਸੇ ਲਈ ਹੈ ਕਿ ਅਜਿਹੀ ਵਿਵਸਥਾ ਵਿਚ ਬੰਦਾ ਪੱਥਰ-ਦਿਲ ਹੋ ਈ ਸਕਦਾ ਹੈ। ਇਹ ਪੱਥਰ-ਦਿਲ ਸਮਾਜ ਹੈ, ਜਿਸ ਨੂੰ ਵਿਵਸਥਾ ਨੇ ਸਿਰਜਿਆ ਹੈ। ਇਸ ਦਾ ਪ੍ਰਕੋਪ ਡਾਕਟਰ ਵਰਗ ਨੂੰ ਆਪ ਵੀ ਭੁਗਤਣਾ ਪੈਂਦਾ ਹੈ। ਪਿਛਲੇ ਦਿਨੀਂ ਇਕ ਐਲੋਪੈਥਿਕ ਡਾਕਟਰ ਨੇ ਦੱਸਿਆ ਕਿ ਉਸ ਦਾ ਇਕ ਦੰਦ ਤਕਲੀਫ ਦੇ ਰਿਹਾ ਹੈ। ਸਰਜਰੀ ਹੋਣੀ ਹੈ। ਦੰਦਾਂ ਦੇ ਡਾਕਟਰ ਨੇ 14 ਜੁਲਾਈ ਦੀ ਅਪੁਆਇੰਟਮੈਂਟ ਦਿੱਤੀ ਹੈ। ਇੰਸ਼ੋਰੈਂਸ ਤੋਂ ਇਲਾਵਾ ਸੱਤ ਹਜ਼ਾਰ ਡਾਲਰ ਦਾ ਨਿਜ਼ੀ ਖਰਚਾ ਆਉਣਾ ਹੈ। ਉਸ ਨੇ ਦੱਸਿਆ ਕਿ ਇੰਨਾ ਲੰਮਾ ਸਮਾਂ ਦੁਖ ਝੱਲਣ ਤੇ ਇੰਨਾ ਵੱਡਾ ਖਰਚਾ ਕਰਨ ਦੀ ਥਾਂ ਉਹ ਹਫਤੇ ਦੀ ਛੁੱਟੀ ਲੈ ਕੇ ਦੋ ਹਜ਼ਾਰ ਡਾਲਰ ਦੀ ਟਿਕਟ ਤੇ ਪੰਜਾਹ ਡਾਲਰ ਡਾਕਟਰੀ ਫੀਸ ਨਾਲ ਇੰਡੀਆ ਤੋਂ ਇਲਾਜ ਕਰਵਾ ਕੇ ਆਵੇਗਾ। ਜੇ ਇਹ ਡਾਕਟਰ ਇਸ ਸਿਸਟਮ ਦਾ ਸ਼ਿਕਾਰ ਨਾ ਹੁੰਦਾ ਤਾਂ ਉਸ ਦਾ ਲੋੜੀਂਦਾ ਇਲਾਜ ਇੱਥੇ ਹੀ ਹੋ ਜਾਂਦਾ।
ਹੁਣ ਪ੍ਰਿੰਸੀਪਲ ਸਾਹਿਬ ਇਹ ਨਾ ਕਹਿ ਦੇਣ ਕਿ ਇਹ ਦੰਦਾ ਦੇ ਡਾਕਟਰ ਤਾਂ ਹੁੰਦੇ ਹੀ ਅਜਿਹੇ ਹਨ ਪਰ ਦੂਜੇ ਚੰਗੇ ਹੁੰਦੇ ਹਨ। ਅਸਲ ਗੱਲ ਤਾਂ ਇਹ ਹੈ ਕਿ ਮਸ਼ੀਨ ਵਿਚ ਫਿੱਟ ਹਰ ਪੁਰਜ਼ੇ ਨੇ ਮਸ਼ੀਨ ਵਿਚ ਮਸ਼ੀਨ ਦੀ ਗਤੀ ਨਾਲ ਹੀ ਚਲਣਾ ਹੁੰਦਾ ਹੈ। ਕਸੂਰ ਪੁਰਜ਼ੇ ਦਾ ਨਹੀਂ, ਮਸ਼ੀਨ ਦਾ ਹੈ।
ਮੰਨ ਲਵੋ ਜੇ ਕੋਈ ਡਾਕਟਰ ਸੁਹਿਰਦ ਹੋ ਕੇ ਕਿਸੇ ਲੋੜਵੰਦ ਦੀ ਮਦਦ ਕਰਨ ਦੀ ਕੋਸ਼ਿਸ਼ ਵੀ ਕਰੇ ਤਾਂ ਵੀ ਉਹ ਬੁਰੀ ਤਰ੍ਹਾਂ ਨਾਕਾਮਯਾਬ ਹੋਵੇਗਾ। ਇਨ੍ਹਾਂ ਸਤਰਾਂ ਦੇ ਲੇਖਕ ਨੂੰ ਸੌ ਮੀਲ ਪਰ੍ਹੇ ਰਹਿੰਦੇ ਕਿਸੇ ਲਾਚਾਰ ਮਰੀਜ ਨੇ ਐਮਰਜੈਂਸੀ ਮਦਦ ਲਈ ਕਾਲ ਕੀਤੀ। ਉਸ ਨੂੰ ਬਿਨਾ ਦੇਰੀ ਤੇ ਨਿ-ਸ਼ੁਲਕ ਇਕ ਦਵਾਈ ਸਟੋਰ ਤੋਂ ਲੈ ਕੇ ਤੁਰੰਤ ਸੇਵਨ ਕਰਨ ਦੀ ਸਲਾਹ ਦਿਤੀ ਗਈ। ਉਸ ਤੋਂ ਥੋੜੀ ਥੋੜੀ ਦੇਰ ਬਾਅਦ ਉਸ ਦੇ ਚਾਰ ਫੋਨ ਆ ਗਏ। ਕਦੇ ਉਹ ਸਟੋਰ ਦਾ ਨਾਂ ਪੁੱਛਦਾ, ਕਦੇ ਦਵਾਈ ਦਾ ਬ੍ਰਾਂਡ ਤੇ ਕਦੇ ਮਾਤਰਾ। ਭਾਵੁਕਤਾ ਵਸ ਅਜਿਹੇ ਰੋਗੀਆਂ ਦੀ ਮਦਦ ਕਰ ਕੇ ਡਾਕਟਰ ਖੁਸਿਆ ਖੁਸਿਆ ਮਹਿਸੂਸ ਕਰਦਾ ਹੈ।
ਸਿਹਤ ਬਾਰੇ ਤਾਂ ਵੱਡੀ ਗੱਲ ਇਹ ਵੀ ਹੈ ਕਿ ਇਹ ਮੁਢਲੇ ਤੌਰ ‘ਤੇ ਮਨੁੱਖ ਦਾ ਨਿੱਜੀ ਮਸਲਾ ਹੈ। ਸ਼ੁਰੂ ਵਿਚ ਜਦੋਂ ਬਿਮਾਰੀ ਛੋਟੇ ਰੂਪ ਵਿਚ ਹੁੰਦੀ ਹੈ ਤਾਂ ਉਸ ਨੂੰ ਸਾਧਾਰਨ ਪਰਹੇਜ਼ ਨਾਲ ਸੰਭਾਲਿਆ ਜਾ ਸਕਦਾ ਹੈ। ਪਰ ਇਸ ਕਾਰਜ ਲਈ ਸਹੀ ਉਪਚਾਰਾਂ ਦੀ ਛੋਟੀ ਮੋਟੀ ਜਾਣਕਾਰੀ ਅਤਿ ਜਰੂਰੀ ਹੈ। ਜੋ ਲੋਕ ਮੁਢਲੇ ਠੰਡ ਬੁਖਾਰ ਤੋਂ ਛੁਟਕਾਰਾ ਪਾਉਣ ਲਈ ਟਾਈਨਾਲ (ਪੇਨ ਕਿੱਲਰ) ਵਲ ਭਜਦੇ ਹਨ, ਉਹ ਪੱਕੇ ਇਲਾਜ ਲਈ ਐਕੋਨਾਈਟ ਤੇ ਬੈਲਾਡੋਨਾ ਵਰਗੀਆਂ ਲਗਦੀਆਂ ਦਵਾਈਆਂ ਵੱਲ ਕਿਉਂ ਨਹੀਂ ਜਾਂਦੇ? ਇਸ ਦਾ ਬਹੁਤਾ ਕਾਰਨ ਅਗਿਆਨ ਹੈ। ਬਿਮਾਰ ਹੋਣ ਤੇ ਆਪਣਾ ਇਲਾਜ ਦੂਜਿਆਂ ਦੇ ਸਹਾਰੇ ਛੱਡ ਦਿੰਦੇ ਹਨ। ਸਰਜਨ ਅੱਗੇ ਬਲੀ ਦੇ ਬੱਕਰੇ ਬਣ ਕੇ ਪੈ ਜਾਂਦੇ ਹਨ। ਖੁਸ਼ ਹੋ ਹੋ ਅੰਗ ਕਟਵਾਉਣਾ ਹੀ ਇਲਾਜ ਸਮਝਦੇ ਹਨ।
ਮਹੀਨਾ ਪਹਿਲਾਂ ਕੇਰਲ ਪ੍ਰਾਂਤ ਵਿਚ ਨਿਪਾਹ ਵਾਇਰਸ ਫੈਲਣ ਦੀਆਂ ਖਬਰਾਂ ਆਈਆਂ। ਇਸ ਲੇਖਕ ਦੇ ਮੀਡੀਆ ਤੇ ਪੁੱਛਣ ਤੇ ਵੀ ਕਿਸੇ ਨੇ ਇਸ ਰੋਗ ਦੀਆਂ ਅਲਾਮਤਾਂ ਬਾਰੇ ਕੋਈ ਜਾਣਕਾਰੀ ਨਾ ਦਿਤੀ। ਅਚਾਨਕ ਦਿੱਲੀ ਦੇ ਕਿਸੇ ਡਾਕਟਰ ਨੇ ਇਸ ਦੇ ਲਛਣਾਂ ਬਾਰੇ ਇਕ ਇਤਲਾਹ ਛਾਪੀ ਜਿਸ ਦੇ ਆਧਾਰ ਤੇ ਇਸ ਲੇਖਕ ਨੇ ਤਕਰੀਬਨ ਅੱਧੀ ਦਰਜਨ ਹੋਮਿਓਪੈਥੀ ਦਵਾਈਆਂ ਦੀ ਵੇਰਵੇ-ਸਹਿਤ ਸੂਚੀ ਫੇਸਬੁਕ ਅਤੇ ਵੱਟਸ-ਐਪ ‘ਤੇ ਪਾਈ। ਮੇਰੇ ਹਜ਼ਾਰਾਂ ਦੋਸਤਾਂ ‘ਚੋਂ ਕੇਵਲ ਇਕ ਦੀ ਹੀ ਧੰਨਵਾਦ ਦੀ ਟਿੱਪਣੀ ਆਈ। ਜੋ ਮਿੱਤਰ ਹਰ ਕਿਸੇ ਦੀ ਨਿੱਕੀ ਮੋਟੀ ਨਜ਼ਮ ਦੀ ਬੱਲੇ ਬੱਲੇ ਕਰਦੇ ਰਹਿੰਦੇ ਹਨ, ਉਨ੍ਹਾਂ ਵਿਚੋਂ ਕਿਸੇ ਨੇ ਵੀ ਇਸ ਨੂੰ ਅੱਗੇ ‘ਸ਼ੇਅਰ’ ਨਾ ਕੀਤਾ। ਅਜਿਹੇ ਪੜ੍ਹੇ ਲਿਖੇ ਲੋਕਾਂ ਦਾ ਇਹੀ ਰਵਈਆ ਉਦੋਂ ਵੀ ਹੁੰਦਾ ਹੈ ਜਦੋਂ ਕੈਂਸਰ ਤੇ ਡੈਂਗੂ ਵਰਗੇ ਭਿਆਨਕ ਰੋਗ ਅਤੇ ਡੱਰਗ-ਐਡਿਕਸ਼ਨ ਤੇ ਆਤਮਘਾਤ ਜਿਹੀਆਂ ਮਨੋ-ਵਿਰਤੀਆਂ ਚੁਫੇਰੇ ਦਨਦਨਾਉਂਦੀਆਂ ਫਿਰਦੀਆਂ ਹਨ। ਜੇ ਇਹੀ ਲੋਕ ਉਦੋਂ ਮਜਬੂਰੀ ਵਿਚ ਡਾਕਟਰਾਂ ਦੇ ਧੱਕੇ ਚੜ੍ਹਨ ਤਾਂ ਡਾਕਟਰਾਂ ਦਾ ਕੀ ਕਸੂਰ?
ਸਿਆਣਪ ਦੇ ਜ਼ਾਵੀਏ ਦਾ ਹਾਲ ਇਹ ਹੈ ਕਿ ਖੁਸ਼ਵੰਤ ਸਿੰਘ ਤੋਂ ਲੈ ਕੇ ਬਲਜੀਤ ਬਾਸੀ ਤੀਕ ਤੇ ਹੁਣ ਪ੍ਰਿੰਸੀਪਲ ਸਿੱਧੂ ਤੀਕ ਸਾਰੇ ਵਿਦਵਾਨ ਹੋਮਿਓਪੈਥੀ ਨੂੰ ਮਿੱਠੀਆਂ ਗੋਲੀਆਂ ਦੀ ਪਟਾਰੀ ਕਹਿ ਕੇ ਠਿੱਠਦੇ ਆ ਰਹੇ ਹਨ। ਹਜ਼ਾਰਾਂ ਲੱਖਾਂ ਹੋਰ ਵਿਦਵਾਨ ਵੀ ਇਸ ਨੂੰ ਬੇਅਸਰ ਸਾਬਤ ਕਰਨ ‘ਤੇ ਜੋਰ ਲਾ ਰਹੇ ਹਨ। ਕਈ ਤਾਂ ਵੱਡੇ ਵੱਡੇ ਅਦਾਰਿਆਂ ਤੋਂ ਫੰਡ ਲੈ ਕੇ ਉਨ੍ਹਾਂ ਦੇ ਮਨਪਸੰਦ ਸਿੱਟੇ ਪ੍ਰਕਾਸ਼ਿਤ ਕਰੀ ਜਾਂਦੇ ਹਨ। ਪਰ ਕਦੇ ਕਿਸੇ ਇਕ ਨੇ ਵੀ ਇਸ ਬਾਰੇ ਘੋਖ ਪੜਤਾਲ ਕਰਨ ਦੀ ਗੱਲ ਕੀਤੀ? ਦੁਨੀਆਂ ਦੀ ਸਭ ਤੋਂ ਵਿਗਿਆਨਕ ਦਵਾ-ਪ੍ਰਣਾਲੀ ਇਹ, ਸਭ ਤੋਂ ਸਸਤੀ ਪ੍ਰਣਾਲੀ ਇਹ, ਸਭ ਤੋਂ ਘੱਟ ਦਵਾ-ਪਦਾਰਥ ਵਰਤਣ ਵਾਲੀ ਪ੍ਰਣਾਲੀ ਇਹ, ਸਭ ਤੋਂ ਤੇਜ਼ ਅਸਰ ਕਰਨ ਵਾਲੀ ਪ੍ਰਣਾਲੀ ਇਹ! ਇਸ ਨੂੰ ਅਪਨਾ ਕੇ ਤਾਂ ਕਦੇ ਕੋਈ ਭਿਆਨਕ ਤੌਰ ‘ਤੇ ਬੀਮਾਰ ਹੋ ਹੀ ਨਹੀਂ ਸਕਦਾ। ਪਰ ਸਾਡੇ ਵਿਦਵਾਨਾਂ ਵਿਚ ਵਿਗਿਆਨਕ ਟੈਂਪਰ ਨਾਂ ਦੀ ਕੋਈ ਚੀਜ਼ ਨਹੀਂ। ਉਨ੍ਹਾਂ ਦਾ ਕੁਝ ਕਰਨ ਕਰਾਵਣ ਵਿਚ ਕੋਈ ਵਿਸ਼ਵਾਸ ਨਹੀਂ, ਹਾਂ ਗੱਲੀਂ ਬਾਤੀਂ ਇਨ੍ਹਾਂ ਦਾ ਕੋਈ ਸਾਨੀ ਨਹੀਂ।
-ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310